ਛੇਹਰਟਾ/ਰਾਜ-ਤਾਜ ਰੰਧਾਵਾ
ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ, ਮੁੱਖੀ ਸੰਪਰਦਾ ‘ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ’ ਗੁਰੂ ਕੀ ਵਡਾਲੀ-ਛੇਹਰਟਾ ਵਲੋਂ ਸੰਗਤਾਂ ਨੂੰ ਤੀਸਰੇ ਅਤੇ ਚੌਥੇ ਪਾਤਸ਼ਾਹਾਂ ਦੀਆਂ 450 ਸਾਲਾ ਸ਼ਤਾਬਦੀਆਂ ਹਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਦੋਵਾਂ ਗੁਰੂ ਸਾਹਿਬਾਨ ਦੀਆਂ ਪ੍ਰਸਿੱਧ ਬਾਣੀਆਂ ਦਾ ਨਿੱਤਨੇਮ ਤੋਂ ਇਲਾਵਾ ਰੋਜ਼ਾਨਾ ਵੱਖਰਾ ਇਕ ਇਕ ਪਾਠ ਕਰਨ ਲਈ ਬੇਨਤੀ ਕੀਤੀ ਗਈ ਹੈ । ਯਾਦ ਰਹੇ ਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ 16 ਤੋ 18 ਸਤੰਬਰ ਤਕ ਸ਼੍ਰੋਮਣੀ ਗੁ: ਪ੍ਰੋ: ਕਮੇਟੀ ਵਲੋਂ ਚੌਥੇ ਗੁਰੂ ਜੀ ਦੇ 450 ਸਾਲਾ ਗੁਰਤਾਗੱਦੀ ਦਿਵਸ ਅਤੇ ਤੀਸਰੇ ਗੁਰੂ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਵੱਡੇ ਪੱਧਰ ‘ਤੇ ਮਨਾਏ ਜਾ ਰਹੇ ਹਨ ।
ਪ੍ਰੋ: ਬਾਬਾ ਰੰਧਾਵਾ ਦੇ ਵਿਚਾਰ ਅਨੁਸਾਰ ਸੰਗਤਾਂ ਨੂੰ ਜਿਥੇ ਚੌਥੇ ਪਾਤਸ਼ਾਹ ਜੀ ਦੀ ਲਾਵਾਂ ਸਾਹਿਬ ਦੀ ਬਾਣੀ ਦਾ ਪਾਠ ਕਰਨ ਨਾਲ ਚੌਥੇ ਪਾਤਸ਼ਾਹ ਜੀ ਦੇ 450 ਸਾਲਾ ਗੁਰਤਾਗੱਦੀ ਦਿਵਸ ਅਤੇ ਤੀਸਰੇ ਪਾਤਸ਼ਾਹ ਜੀ ਦੀ ਅਨੰਦੁ ਸਾਹਿਬ ਦੀ ਬਾਣੀ ਦਾ ਪਾਠ ਕਰਨ ਨਾਲ ਤੀਸਰੇ ਪਾਤਸ਼ਾਹ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ‘ਤੇ ਗੁਰੂ ਸਾਹਿਬਾਨਾਂ ਦੀਆਂ ਮਿਹਰਾਂ ਮਿਲਣਗੀਆਂ ਓਥੇ ਸਾਰੀ ਉਮਰ ਦੋਵਾਂ ਗੁਰੂ ਸਾਹਿਬਾਨ ਦੀਆਂ 450 ਸਾਲਾ ਸ਼ਤਾਬਦੀਆਂ ਵੀ ਯਾਦ ਰਹਿਣਗੀਆਂ ।