- ਲੰਮੇ ਸਮੇਂ ਤੋਂ ਲਟਕੀਆਂ ਚੋਣਾਂ ਤੈਅ ਸਮੇਂ ਅੰਦਰ ਕਰਾਉਣ ਦੀ ਮੰਗ ਉਠਾਈ
ਅੰਮ੍ਰਿਤਸਰ/ਪੰਜਾਬ ਪੋਸਟ
ਪਿਛਲੇ ਇੱਕ ਦਹਾਕੇ ਤੋਂ ਵੀ ਵਧੇਰੇ ਸਮੇਂ ਤੋਂ ਲਟਕ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਇੱਕ ਤੈਅ ਸਮੇਂ ਅੰਦਰ ਕਰਾਏ ਜਾਣ ਦੀ ਮੰਗ ਕਰਦੇ ਹੋਏ ਭਾਜਪਾ ਦੇ ਸਿੱਖ ਆਗੂ ਅਤੇ ਪੰਜਾਬ ਭਾਜਪਾ ਇਕਾਈ ਦੇ ਬੁਲਾਰੇ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿੱਜੀ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਚੋਣਾਂ ਪ੍ਰਤੀ ਸਮੇਂ ਦੀਆਂ ਸਰਕਾਰਾਂ ਦੀ ਬੇਰੁਖ਼ੀ ਦਾ ਜ਼ਿਕਰ ਕੀਤਾ ਹੈ ਅਤੇ ਇਹ ਨੁਕਤਾ ਵੀ ਉਠਾਇਆ ਹੈ ਕਿ ਜੇਕਰ ਲੋਕ ਸਭਾ, ਰਾਜ ਵਿਧਾਨ ਸਭਾਵਾਂ ਅਤੇ ਇੱਥੋਂ ਤੱਕ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵੀ ਨਿਰਧਾਰਿਤ ਸਮੇਂ ਸਿਰ ਹੁੰਦੀਆਂ ਹਨ ਤਾਂ ਫਿਰ ਸਿੱਖਾਂ ਦੀ ‘ਮਿੰਨੀ ਪਾਰਲੀਮੈਂਟ’ ਮੰਨੀ ਜਾਂਦੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਕਿਉਂ ਨਹੀਂ ਹੋ ਸਕਦੀਆਂ?
ਉਨਾਂ ਇਹ ਗੱਲ ਵੀ ਉਭਾਰੀ ਕਿ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਅਤੇ ਤਖ਼ਤ ਸਾਹਿਬਾਨ ਦੇ ਸਹੀ ਪ੍ਰਬੰਧ ਲਈ ਸਹੀ ਨੁਮਾਇੰਦੇ ਚੁਣਨ ਦਾ ਸੰਵਿਧਾਨਕ ਅਧਿਕਾਰ ਹੈ ਅਤੇ ਓਹ ਇਸ ਪ੍ਰਤੀ ਜਾਗਰੂਕ ਵੀ ਹਨ, ਪਰ ਸਰਕਾਰਾਂ ਦੀ ਉਦਾਸੀਨਤਾ ਕਾਰਨ ਚੋਣਾਂ ਸਮੇਂ ਸਿਰ ਨਾ ਹੋਣ ਕਾਰਨ ਸਿੱਖਾਂ ਵਿੱਚ ਭਾਰੀ ਨਿਰਾਸ਼ਾ ਵੇਖੀ ਜਾਂਦੀ ਹੈ। ਪ੍ਰੋ. ਸਰਚਾਂਦ ਸਿੰਘ ਨੇ ਇਹ ਵੀ ਬਿਆਨ ਕੀਤਾ ਕਿ ਇੱਕ ਸਾਲ ਚਾਰ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਵੋਟਰ ਸੂਚੀਆਂ ਪੂਰੀਆਂ ਨਹੀਂ ਹੋਈਆਂ ਅਤੇ ਗੈਰ- ਸਿੱਖਾਂ ਨੂੰ ਵੋਟਰਾਂ ਵਜੋਂ ਸ਼ਾਮਲ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਉਨਾਂ ਨੇ ਇਹ ਗੱਲ ਵੀ ਜੋੜੀ ਕਿ ਸ਼੍ਰੋਮਣੀ ਕਮੇਟੀ ਦਾ ਕਾਰਜਕਾਲ 5 ਸਾਲ ਹੈ, ਪਰ ਮੌਜੂਦਾ ਕਮੇਟੀ 14ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਅਤੇ ਤਖਤ ਸਾਹਿਬ ਤੋਂ ਧਾਰਮਕ ਸਜ਼ਾ ਲਗਵਾ ਚੁੱਕੇ ਆਗੂ ਹੁਣ ਵੀ ਅਹੁਦੇ ’ਤੇ ਬਿਰਾਜਮਾਨ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਨੂੰ ਚਲਾ ਰਹੇ ਹਨ। ਪ੍ਰੋ: ਸਰਚਾਂਦ ਸਿੰਘ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਗੁੰਝਲਦਾਰ ਪ੍ਰਕਿਰਿਆਂ ਨੂੰ ਸੌਖਾ ਬਣਾਉਣ ਲਈ ਵੀ ਸੁਝਾਅ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ ਗੁਰਦੁਆਰਾ ਐਕਟ 1925 ਨੂੰ ਇਸ ਦੇ ਅਸਲ ਮੂਲ ਰੂਪ ਵਿੱਚ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਲਿਆਉਣ ਦਾ ਪ੍ਰਬੰਧ ਕਰਦੀ ਹੈ, ਤਾਂ ਹਰ ਪੰਜ ਸਾਲਾਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਕੇਂਦਰ ਵੱਲ ਦੇਖਣ ਦੀ ਲੋੜ ਨਹੀਂ ਰਹੇਗੀ।