ਦਿੱਲੀ/ਪੰਜਾਬ ਪੋਸਟ
ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ 13 ਨਵੰਬਰ ਨੂੰ ਕਰਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਹੋਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਰਦਿਆਂ ਦੱਸਿਆ ਕਿ ਨਤੀਜਿਆਂ ਦਾ ਐਲਾਨ 23 ਨਵੰਬਰ ਨੂੰ ਕੀਤਾ ਜਾਵੇਗਾ, ਜਦੋਂ ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾਵਾਂ ਚੋਣਾਂ ਅਤੇ ਹੋਰ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਐਲਾਨੇ ਜਾਣਗੇ। ਪੰਜਾਬ ਵਿਚ ਇਨ੍ਹਾਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀ ਅਤੇ ਚੋਣਾਂ ਲੜਨ ਦੇ ਚਾਹਵਾਨਾਂ ਤੇ ਸਿਆਸੀ ਪਾਰਟੀਆਂ ਨੇ ਇਨ੍ਹਾਂ ਹਲਕਿਆਂ ਵਿਚ ਪਹਿਲਾਂ ਹੀ ਆਪਣੀਆਂ ਸਰਗਰਮੀਆਂ ਵਿੱਢੀਆਂ ਹੋਈਆਂ ਸਨ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਕਾਂਗਰਸ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਖ਼ਾਲੀ ਕੀਤੀ ਗਈ ਕੇਰਲ ਦੀ ਵਾਇਨਾਡ ਸੰਸਦੀ ਸੀਟ ਅਤੇ ਨਾਲ ਹੀ ਮਹਾਰਾਸ਼ਟਰ ਦੀ ਨਾਂਦੇੜ ਸੰਸਦੀ ਸੀਟ ਅਤੇ ਪੰਜਾਬ ਦੇ ਚਾਰ ਅਸੰਬਲੀ ਹਲਕਿਆਂ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕੁੱਲ 48 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਹੈ।
ਪੰਜਾਬ ਅੰਦਰ 4 ਅਸੰਬਲੀ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦਾ ਹੋ ਗਿਆ ਐਲਾਨ: 13 ਨਵੰਬਰ ਨੂੰ ਵੋਟਾਂ ਪੈਣਗੀਆਂ

Published: