ਜਲੰਧਰ/ਪੰਜਾਬ ਪੋਸਟ
ਸੂਬੇ ਅੰਦਰ ਜ਼ਿਮਨੀ ਚੋਣਾਂ ਦਾ ਆਲਮ ਹਾਲੇ ਬਣਿਆ ਰਹਿਣ ਦੀ ਸੰਭਾਵਨਾ ਹੈ, ਪਰ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੇ ਨਤੀਜਿਆਂ ਮਗਰੋਂ ਸੂਬਾ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਫੇਰਬਦਲ ਦੀ ਤਿਆਰੀ ਵੀ ਹੋ ਰਹੀ ਦੱਸੀ ਜਾਂਦੀ ਹੈ ਹਾਲਾਂਕਿ ਇਸ ਬਾਰੇ ਕੋਈ ਵੀ ਮੰਤਰੀ ਜਾਂ ਪਾਰਟੀ ਆਗੂ ਬੋਲਣ ਲਈ ਤਿਆਰ ਨਹੀਂ, ਪਰ ਆਮ ਆਦਮੀ ਪਾਰਟੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਕੈਬਨਿਟ ’ਚ ਫੇਰਬਦਲ ਦੀ ਚਰਚਾ ਦੀਆਂ ਕਨਸੋਆਂ ਜ਼ੋਰਾਂ ’ਤੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੂਬਾ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਹਾਰਨ ਵਾਲੇ ਕਈ ਮੰਤਰੀਆਂ ਦਾ ਤਬਾਦਲਾ ਕੀਤਾ ਜਾ ਸਕਦਾ ਹੈ ਅਤੇ ਕੁੱਲ ਅੱਧਾ ਦਰਜਨ ਦੇ ਕਰੀਬ ਕੈਬਨਿਟ ਮੰਤਰੀ ਬਦਲੇ ਜਾ ਸਕਦੇ ਹਨ।
‘ਆਪ’ ਵੱਲੋਂ ਲੋਕ ਸਭਾ ਚੋਣਾਂ ਵਿੱਚ ਪੰਜ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ, ਜਿਨਾਂ ਵਿੱਚੋਂ ਸਿਰਫ਼ ਲੋਕ ਸਭਾ ਹਲਕਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਹੀ ਜਿੱਤ ਹਾਸਲ ਕਰ ਸਕੇ, ਜਦਕਿ ਬਾਕੀ ਚਾਰ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦਰਮਿਆਨ, ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਐਲਾਨ ਕਰ ਚੁੱਕੇ ਹਨ ਕਿ ਜਲੰਧਰ ਪੱਛਮੀ ਤੋਂ ‘ਆਪ’ ਦੀ ਜਿੱਤ ’ਤੇ ਮਹਿੰਦਰ ਭਗਤ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ। ਮੁੱਖ ਮੰਤਰੀ ਦੇ ਇਨਾਂ ਐਲਾਨਾਂ ਤੋਂ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਜਲੰਧਰ ਪੱਛਮੀ ਦੇ ਚੋਣ ਨਤੀਜਿਆਂ ਤੋਂ ਬਾਅਦ ਸੂਬਾ ਸਰਕਾਰ ਮੰਤਰੀ ਮੰਡਲ ਵਿੱਚ ਫੇਰਬਦਲ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਵੱਡਾ ਫੇਰਬਦਲ ਹੋ ਸਕਦਾ ਹੈ। ਸੂਬਾ ਸਰਕਾਰ ਜਿੱਥੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਨਿਯੁਕਤ ਕਰਨ ਵਾਲੇ ਪਾਸੇ ਤੇਜ਼ੀ ਨਾਲ ਕੰਮ ਕਰ ਰਹੀ ਹੈ, ਉੱਥੇ ਹੀ ਪਹਿਲਾਂ ਲੱਗੇ ਚੇਅਰਮੈਨ ਵੀ ਬਦਲੇ ਜਾ ਸਕਦੇ ਹਨ। ਇਹ ਗੱਲ ਵੀ ਚਰਚਾ ਵਿੱਚ ਹੈ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਹੀ ਸੂਬਾ ਸਰਕਾਰ ਨੇ ਮੰਤਰੀ ਮੰਡਲ ਵਿੱਚ ਫੇਰਬਦਲ ਦੀ ਤਿਆਰੀ ਕਰ ਲਈ ਸੀ, ਪਰ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦਾ ਐਲਾਨ ਹੋਣ ਕਰਕੇ ਮੰਤਰੀ ਮੰਡਲ ਵਿੱਚ ਫੇਰਬਦਲ ਓਸ ਵੇਲੇ ਟਾਲ ਦਿੱਤਾ ਗਿਆ ਸੀ, ਪਰ ਹੁਣ ਜਲੰਧਰ ਪੱਛਮੀ ਦੇ ਨਤੀਜੇ ਆਉਣ ਦੇ ਨਾਲ ਹੀ ਫੇਰਬਦਲ ਦੀ ਚਰਚਾ ਤੇਜ਼ ਹੋ ਗਈ ਹੈ।
ਪੰਜਾਬ ਅੰਦਰ ਚੱਲੀਆਂ ਸਿਆਸੀ ਕਨਸੋਆਂ; ਸੂਬਾ ਸਰਕਾਰ ਦੇ ਮੰਤਰੀ ਮੰਡਲ ਵਿੱਚ ਹੋ ਸਕਦੈ ਵੱਡਾ ਫੇਰਬਦਲ

Published: