ਚੰਡੀਗੜ੍ਹ/ਪੰਜਾਬ ਪੋਸਟ
ਇੱਕ ਸਾਲ ਬਾਅਦ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਗੱਲਬਾਤ ’ਚ ਖੜੋਤ ਟੁੱਟੀ ਹੈ ਅਤੇ ਅੱਜ ਚੰਡੀਗੜ੍ਹ ’ਚ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ, ਕੇਂਦਰੀ ਅਧਿਕਾਰੀਆਂ ਨਾਲ ਕਿਸਾਨ ਆਗੂਆਂ ਦੀ ਤਿੰਨ ਘੰਟੇ ਤਕ ਚੱਲੀ ਮੀਟਿੰਗ ਸੁਖਾਵੇਂ ਮਾਹੌਲ ’ਚ ਖ਼ਤਮ ਹੋਈ ਹੈ। ਇਹ ਕਿਸਾਨਾਂ ਅਤੇ ਕੇਂਦਰ ਵਿਚਕਾਰ ਪੰਜਵੇਂ ਗੇੜ ਦੀ ਗੱਲਬਾਤ ਸੀ। ਅਗਲੇ ਗੇੜ ਦੀ ਮੀਟਿੰਗ ਹੁਣ 22 ਫ਼ਰਵਰੀ ਨੂੰ ਰੱਖੀ ਗਈ ਹੈ। ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਜੋਸ਼ੀ ਨੇ ਦਸਿਆ ਕਿ ਅਗਲੀ ਮੀਟਿੰਗ ’ਚ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਸਮੇਤ ਤਿੰਨ ਤਿੰਨ ਮੰਤਰੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਬੜੇ ਹੀ ਸਾਕਾਰਾਤਮਕ ਮਾਹੌਲ ’ਚ ਹੋਈ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਬਾਰੇ ਚਰਚਾ ਹੋਣੀ ਹੈ। ਮੀਟਿੰਗ ਤੋਂ ਬਾਅਦ ਬਾਹਰ ਆਏ ਜਗਜੀਤ ਸਿੰਘ ਡੱਲੇਵਾਲ ਨੇ ਵੀ ਕਿਹਾ ਕਿ ਅੱਜ ਦੀ ਗੱਲਬਾਤ ਕਾਫ਼ੀ ਵਧੀਆ ਮਾਹੌਲ ’ਚ ਹੋਈ ਹੈ। ਖਨੌਰੀ ਮੋਰਚੇ ਦੇ ਪ੍ਰਮੁੱਖ ਆਗੂ ਅਭਿਮਨਿਊ ਕੋਹਾੜ ਨੇ ਦਸਿਆ ਕਿ ਕਿਸਾਨ ਆਗੂਆਂ ਨੇ ਮੀਟਿੰਗ ’ਚ ਐਮ.ਐਸ.ਪੀ. ਦੇ ਗਾਰੰਟੀ ਕਾਨੂੰਨ ਬਾਰੇ ਪੂਰੇ ਤੱਥਾਂ ਅਤੇ ਦਸਤਾਵੇਜ਼ਾਂ ਨਾਲ ਪੱਖ ਰਖਿਆ ਹੈ। ਉਨ੍ਹਾਂ ਇਹ ਵੀ ਦਸਿਆ ਕਿ ਕੇਂਦਰੀ ਮੰਤਰੀ ਨੇ ਡੱਲੇਵਾਲ ਦੀ ਸਿਹਤ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ ਕੀਤੀ ਪਰ ਡੱਲੇਵਾਲ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਉਨਾਂ ਦਾ ਮਰਨ ਵਰਤ ਐਮ.ਐਸ.ਪੀ. ਦੀ ਗਾਰੰਟੀ ਦਾ ਕਾਨੂੰਨ ਬਣਨ ਤਕ ਜਾਰੀ ਰਹੇਗਾ।
ਇੱਕ ਸਾਲ ਬਾਅਦ ਕਿਸਾਨਾਂ ਅਤੇ ਸਰਕਾਰ ਦਰਮਿਆਨ ਹੋਈ ਗੱਲਬਾਤ: ਅਗਲੀ ਮੀਟਿੰਗ 22 ਫਰਵਰੀ ਨੂੰ

Published: