ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ ਅੰਦਰ ਆਉਂਦੇ ਮਹੀਨਿਆਂ ਦੌਰਾਨ ਇੱਕ ਵਾਰ ਫੇਰ ਚੋਣਾਂ ਦਾ ਮਾਹੌਲ ਬਣੇਗਾ ਕਿਉਂਕਿ ਪੰਜਾਬ ਅੰਦਰ ਹੁਣ ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਦਾ ਆਖਰਕਾਰ ਐਲਾਨ ਹੋ ਗਿਆ ਹੈ। ਇਸ ਸਬੰਧੀ ਹੋਏ ਅਧਿਕਾਰਤ ਐਲਾਨ ਮੁਤਾਬਕ, ਪੰਜਾਬ ਦੀਆਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 31 ਮਈ ਨੂੰ ਹੋਣਗੀਆਂ। ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇਸ ਸੰਬੰਧੀ ਅੱਜ ਬਾਕਾਇਦਾ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਸਥਾਨਕ ਪੱਧਰ ਉੱਤੇ ਬਾਕੀ ਸਾਰੀਆਂ ਚੋਣਾਂ ਦਾ ਅਮਲ ਮੁਕੰਮਲ ਹੋ ਚੁੱਕਾ ਹੈ ਜਿਵੇਂ ਕਿ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਅਤੇ ਉਸ ਤੋਂ ਪਹਿਲਾਂ ਪੰਚਾਇਤਾਂ ਦੀਆਂ ਚੋਣਾਂ ਦਾ ਬਹੁ-ਚਰਚਿਤ ਅਮਲ ਵੀ ਨਿੱਬੜ ਚੁੱਕਾ ਹੈ ਜਦਕਿ ਹੁਣ ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਲਈ ਵੀ ਤਿਆਰੀ ਹੋਣ ਲੱਗੀ ਹੈ।