ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਪੰਜਾਬੀ ਖਿਡਾਰੀਆਂ ਨੂੰ ਇੱਕ-ਇੱਕ ਕਰੋੜ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ। ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਮੌਕਾ ਹੈ ਕਿਉਂਕਿ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਕੀ ਖਿਡਾਰੀਆਂ ਦੀ ਇਹ ਸ਼ਾਨਦਾਰ ਜਿੱਤ ਪੂਰੇ ਦੇਸ਼ ਲਈ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਟੀਮ ਦਾ ਹਰ ਮੈਚ ਨਿੱਜੀ ਤੌਰ ‘ਤੇ ਦੇਖਿਆ ਹੈ ਅਤੇ ਇਨ੍ਹਾਂ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ 52 ਸਾਲਾਂ ਦੇ ਵਕਫ਼ੇ ਤੋਂ ਬਾਅਦ ਭਾਰਤੀ ਟੀਮ ਨੂੰ ਆਸਟਰੇਲੀਆ ਨੂੰ ਹਰਾ ਕੇ ਬਹੁਤ ਖ਼ੁਸ਼ੀ ਹੋਈ ਹੈ ਅਤੇ ਸਪੇਨ, ਇੰਗਲੈਂਡ ਅਤੇ ਹੋਰ ਟੀਮਾਂ ਵਿਰੁੱਧ ਮੈਚ ਵੀ ਸ਼ਾਨਦਾਰ ਸਨ। ਉਨ੍ਹਾਂ ਕਿਹਾ ਕਿ ਟੀਮ ਵੱਲੋਂ ਤਗ਼ਮਾ ਜਿੱਤਣਾ ਹਰ ਦੇਸ਼ ਵਾਸੀ ਲਈ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ ਅਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਕਪਤਾਨ ਹਰਮਨਪ੍ਰੀਤ ਨੇ ਅੱਗੇ ਵਧ ਕੇ ਟੀਮ ਦੀ ਅਗਵਾਈ ਕੀਤੀ, ਜਿਸ ਨਾਲ ਟੀਮ ਜਿੱਤ ਵੱਲ ਸੇਧਿਤ ਹੋਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੀਡਰਸ਼ਿਪ ਕਾਬਲੀਅਤ ਬੇਮਿਸਾਲ ਸੀ, ਜਿਸ ਕਾਰਨ ਟੀਮ ਨੇ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।