ਦੇਸ਼ ਦੇ ਹੋਰਨਾਂ ਖੇਤਰਾਂ ਵਾਂਗ ਅੰਮਿ੍ਰਤਸਰ ਨੂੰ ਵੀ ਵਿਕਾਸ ਦੇ ਮਾਰਗ ਉੱਤੇ ਲਿਜਾਣ ਲਈ ਸੰਧੂ ਸਮੁੰਦਰੀ ਦਾ ਜਿੱਤਣਾ ਜਰੂਰੀ : ਧਾਮੀ
ਅੰਮਿ੍ਤਸਰ/ਪੰਜਾਬ ਪੋਸਟ
ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਤੇ ਇਸ ਉਪਰੰਤ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਵਿੱਚ ਅੰਮਿ੍ਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਵਿੱਚ ਸਮੁੱਚੇ ਦੇਸ਼ ਤੋਂ ਲਗਾਤਾਰ ਵੱਡੇ ਆਗੂ ਹਾਜ਼ਰੀ ਲਵਾਉਣ ਲਈ ਪਹੁੰਚ ਰਹੇ ਹਨ ਅਤੇ ਉਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕਰ ਰਹੇ ਹਨ। ਇਸੇ ਲੰਮੀ ਲੜੀ ਤਹਿਤ ਉੱਤਰਾਖੰਡ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਬੀਤੀ ਰਾਤ ਉਚੇਚੇ ਤੌਰ ’ਤੇ ਅੰਮਿ੍ਤਸਰ ਪਹੁੰਚੇ ਅਤੇ ਉਨ੍ਹਾਂ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਆਪਣੇ ਪੱਧਰ ਉੱਤੇ ਚੋਣ ਪ੍ਰਚਾਰ ਕੀਤਾ। ਉਨਾਂ ਦੀ ਅੰਮਿ੍ਤਸਰ ਫੇਰੀ ਦੀ ਖਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਅੰਮਿ੍ਤਸਰ ਵਿਖੇ ਪਹੁੰਚ ਕੇ ਉੱਤਰਾਖੰਡੀ ਸਮਾਜ ਦੇ ਲੋਕਾਂ ਨਾਲ ਵਿਸ਼ੇਸ਼ ਤੌਰ ’ਤੇ ਬੈਠਕ ਕੀਤੀ ਅਤੇ ਇਸ ਦਰਮਿਆਨ ਖੇਤਰ ਦੇ ਲੋਕਾਂ ਨੂੰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਵੱਡੀ ਗਿਣਤੀ ਵਿੱਚ ਉੱਤਰਾਖੰਡੀ ਸਮਾਜ ਦੇ ਲੋਕੀਂ ਇਸ ਇਕੱਤਰਤਾ ਵਿੱਚ ਸ਼ਾਮਿਲ ਹੋਏ ਅਤੇ ਨਾਲ ਦੀ ਨਾਲ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਆਗੂ ਵੀ ਮੌਜੂਦ ਸਨ। ਵਿਦੇਸ਼ਾਂ ਵਿੱਚ ਭਾਰਤ ਦੀ ਸ਼ਾਨਦਾਰ ਪ੍ਰਤੀਨਿਧਤਾ ਕਰਨ ਉਪਰੰਤ ਹੁਣ ਇੱਕ ਜਨਤਕ ਨੁਮਾਇੰਦੇ ਵਜੋਂ ਵਿਚਰ ਰਹੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਭਰਵੀਂ ਸ਼ਲਾਘਾ ਕਰਦਿਆਂ ਪੁਸ਼ਕਰ ਸਿੰਘ ਧਾਮੀ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੱਟ ਕੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਸਾਥ ਦੇਣ ਤਾਂ ਜੋ ਉਹ ਦੇਸ਼ ਦੇ ਹੋਰਨਾਂ ਖੇਤਰਾਂ ਵਾਂਗ ਅੰਮਿ੍ਤਸਰ ਨੂੰ ਵੀ ਵਿਕਾਸ ਤੇ ਮਾਰਗ ਉੱਤੇ ਲਿਜਾ ਸਕਣ। ਇਸ ਦੇ ਨਾਲ ਨਾਲ ਪੁਸ਼ਕਰ ਸਿੰਘ ਧਾਮੀ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਵਾਰ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਸਾਰੀਆਂ 13 ਲੋਕ ਸਭਾ ਸੀਟਾਂ ਉੱਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇੱਕ ਨਵਾਂ ਇਤਿਹਾਸ ਬਣਾਵੇਗੀ।