ਨਵੀਂ ਦਿੱਲੀ/ਪੰਜਾਬ ਪੋਸਟ
ਇੰਡੀਆ ਓਪਨ ਸੁਪਰ 750 ਬੈਡਮਿੰਟਨ ਮੁਕਾਬਲਿਆਂ ਵਿੱਚ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਪੈਰਿਸ ਦੀ ਕਾਂਸੇ ਦਾ ਤਗ਼ਮਾ ਜੇਤੂ ਇੰਡੋਨੇਸ਼ੀਆ ਦੀ ਗ੍ਰੇਗੋਰੀਆਮਾ ਰਿਸਕਾਤੁਨਜੁੰਗ ਹੱਥੋਂ ਹਾਰ ਕੇ ਮਹਿਲਾ ਸਿੰਗਲਜ਼ ਕੁਆਰਟਰਫਾਈਨਲ ’ਚੋਂ ਬਾਹਰ ਹੋ ਗਈ। ਸਾਬਕਾ ਚੈਂਪੀਅਨ ਸਿੰਧੂ ਨੇ ਪਹਿਲੀ ਗੇਮ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਪਰ ਫੈਸਲਾ ਕੁੰਨ ਗੇੜ ਵਿੱਚ ਉਹ ਮੁੜ ਲੜਖੜਾ ਗਈ ਅਤੇ 62 ਮਿੰਟ ਤੱਕ ਚੱਲੇ ਇੱਕ ਰੋਮਾਂਚਕ ਮੈਚ ਵਿੱਚ ਉਸ ਨੂੰ 9-21, 21-19, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਧੂ ਨੇ ਕਿਹਾ, ‘ਇਹ ਯਕੀਨੀ ਤੌਰ ’ਤੇ ਦੁਖਦਾਈ ਹੈ ਕਿ ਇੰਨੇ ਸੰਘਰਸ਼ ਤੋਂ ਬਾਅਦ ਮੈਂ ਤੀਜੇ ਸੈੱਟ ਵਿੱਚ ਹਾਰ ਗਈ। ਮੇਰਾ ਖਿਆਲ ਹੈ ਕਿ ਇਹ ਖੇਡ ਇਸੇ ਤਰਾਂ ਦੀ ਹੈ। ਯਕੀਨੀ ਤੌਰ ’ਤੇ ਮੈਨੂੰ ਵਾਪਸੀ ਕਰਨੀ ਪੈਣੀ ਸੀ ਪਰ ਉਸ ਮੌਕੇ ਕੋਈ ਵੀ ਪੁਆਇੰਟ ਜਿੱਤ ਜਾਂ ਹਾਰ ਸਕਦਾ ਸੀ।’ ਇਸ ਮੈਚ ਦੀ ਖਾਸ ਗੱਲ ਇਹ ਸੀ ਕਿ ਇਸ ਦੌਰਾਨ ਲੰਮੀਆਂ ਰੈਲੀਆਂ ਚੱਲੀਆਂ ਪਰ ਸਿੰਧੂ ਦੀ ਲੈਅ ਆਮ ਵਾਂਗ ਬਰਕਰਾਰ ਨਜ਼ਰ ਨਹੀਂ ਆਈ।