ਰਾਏਕੋਟ/ਪੰਜਾਬ ਪੋਸਟ
ਲੁਧਿਆਣਾ ਲਾਗਲੇ ਰਾਏਕੋਟ ਦੇ ਪਿੰਡ ਆਂਡਲੂ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿੰਡ ਵਾਸੀਆਂ ਨੂੰ ਬੀਤੇ ਦਿਨੀਂ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਧਮਕੀਆਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਪਿੰਡ ’ਚ ਦਹਿਸ਼ਤ ਤੇ ਰੋਹ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪਿੰਡ ਵਾਸੀਆਂ ਵੱਲੋਂ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਦੀ ਦੇਖ-ਰੇਖ ਹੇਠ ਇਕੱਠ ਕਰਕੇ ਅਗਲੀ ਰਣਨੀਤੀ ਉਲੀਕੀ ਗਈ। ਨਾਲ ਹੀ ਰਾਏਕੋਟ ਸਦਰ ਪੁਲਿਸ ਨੂੰ ਸ਼ਿਕਾਇਤ ਦੇ ਕੇ ਉਕਤ ਪ੍ਰਵਾਸੀ ਮਜ਼ਦੂਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦਰਅਸਲ ਪਿੰਡ ਆਂਡਲੂ ਵਿਚ ਆਪਣੇ ਮਾਪਿਆਂ ਨਾਲ ਲੰਮੇ ਸਮੇਂ ਤੋਂ ਰਹਿੰਦਾ ਇੱਕ ਪ੍ਰਵਾਸੀ ਮਜ਼ਦੂਰ ਕਿਸੇ ਹੋਰ ਪਿੰਡ ਦੀ ਲੜਕੀ ਨੂੰ ਭਜਾ ਕੇ ਪਿੰਡ ਲੈ ਆਇਆ ਸੀ, ਜਿਸ ਤੋਂ ਬਾਅਦ ਪੰਚਾਇਤ ਤੇ ਪਿੰਡਵਾਸੀਆਂ ਨੇ ਸਮਾਜ ਸੇਵੀ ਆਗੂ ਜਸਵਿੰਦਰ ਸਿੰਘ ਜੱਸੀ ਦੀ ਅਗਵਾਈ ’ਚ ਉਕਤ ਪ੍ਰਵਾਸੀ ਮਜ਼ਦੂਰ ਪਰਿਵਾਰ ਪਾਸੋਂ ਲੜਕੀ ਨੂੰ ਉਸ ਦੇ ਘਰ ਵਾਪਸ ਭੇਜ ਦਿੱਤਾ, ਉਥੇ ਹੀ ਗ੍ਰਾਮ ਪੰਚਾਇਤ ਨੇ ਉਕਤ ਮਜ਼ਦੂਰ ਪਰਿਵਾਰ ਨੂੰ ਪਿੰਡ ’ਚੋਂ ਕੱਢ ਦਿੱਤਾ। ਇਸ ਤੋਂ ਭੜਕੇ ਪ੍ਰਵਾਸੀ ਮਜ਼ਦੂਰ ਲੜਕੇ ਮੋਹਿਤ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪਾ ਕੇ ਜਸਵਿੰਦਰ ਸਿੰਘ ਜੱਸੀ ਸਮੇਤ ਸਾਰੇ ਪਿੰਡ ਵਾਸੀਆਂ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਹੈ।






