ਦਿੱਲੀ/ਪੰਜਾਬ ਪੋਸਟ
ਦਿੱਲੀ ਨਗਰ ਨਿਗਮ ਦੀਆਂ ਮੇਅਰ ਚੋਣਾਂ ਦੇ ਨਤੀਜੇ ਐਲਾਨੇ ਗਏ ਹਨ ਜਿਨਾਂ ਤਹਿਤ ਭਾਜਪਾ ਕੌਂਸਲਰ ਰਾਜਾ ਇਕਬਾਲ ਸਿੰਘ ਦਿੱਲੀ ਦੇ ਨਵੇਂ ਮੇਅਰ ਚੁਣੇ ਗਏ ਹਨ। ਇਸ ਚੋਣ ਵਿੱਚ ਉਨ੍ਹਾਂ ਨੇ ਕਾਂਗਰਸ ਦੇ ਮਨਦੀਪ ਸਿੰਘ ਨੂੰ 125 ਵੋਟਾਂ ਨਾਲ ਹਰਾਇਆ। ਚੋਣਾਂ ਵਿੱਚ 142 ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਇੱਕ ਵੋਟ ਰੱਦ ਪਾਈ ਗਈ। ਕਾਂਗਰਸ ਨੂੰ ਆਪਣੇ ਕੌਂਸਲਰਾਂ ਦੀ ਗਿਣਤੀ ਦੇ ਹਿਸਾਬ ਨਾਲ ਅੱਠ ਵੋਟਾਂ ਮਿਲੀਆਂ, ਜਦੋਂ ਕਿ ਰਾਜਾ ਇਕਬਾਲ ਸਿੰਘ ਨੂੰ 133 ਵੋਟਾਂ ਮਿਲੀਆਂ। ਇਸ ਵਾਰ ਚੋਣ ਖਾਸ ਤੌਰ ‘ਤੇ ਦਿਲਚਸਪ ਸੀ ਕਿਉਂਕਿ ‘ਆਪ’ ਨੇ ਇਨ੍ਹਾਂ ਅਹੁਦਿਆਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਅਤੇ ਨਾਲ ਹੀ, ਉਨ੍ਹਾਂ ਨੇ ਚੋਣ ਪ੍ਰਕਿਰਿਆ ਦਾ ਬਾਈਕਾਟ ਕੀਤਾ। ਦੋਵਾਂ ਅਹੁਦਿਆਂ ਲਈ ਵਿਰੋਧੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਦੇ ਕੌਂਸਲਰਾਂ ਵਿਚਕਾਰ ਮੁਕਾਬਲਾ ਸੀ। ਐਮਸੀਡੀ ਹਾਊਸ ਵਿੱਚ ਭਾਜਪਾ ਕੋਲ 135 ਵੋਟਾਂ ਹਨ, ਜਦੋਂ ਕਿ ਕਾਂਗਰਸ ਕੋਲ ਸਿਰਫ਼ ਅੱਠ ਵੋਟਾਂ ਹਨ। ਨੇਮ ਮੁਤਾਬਕ, ਸਾਰੇ ਸੱਤ ਲੋਕ ਸਭਾ ਸੰਸਦ ਮੈਂਬਰ, ਤਿੰਨ ਰਾਜ ਸਭਾ ਸੰਸਦ ਮੈਂਬਰ, ਅਤੇ ਵਿਧਾਨ ਸਭਾ ਦੁਆਰਾ ਨਾਮਜ਼ਦ 20 ਪ੍ਰਤੀਸ਼ਤ (14) ਵਿਧਾਇਕਾਂ ਨੂੰ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ।






