ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਪੰਜਾਬੀ ਗਲਪ ਦਾ ਹਾਸਲ ਸਨ। ਉਨਾਂ ਦਾ ਜਨਮ ਇੰਦਰ ਰਾਮ ਦੇ ਘਰ ਮਾਤਾ ਸੋਧਾਂ ਦੀ ਕੁੱਖੋਂ 28 ਅਗਸਤ 1932 ਨੂੰ ਪਿੰਡ ਧੌਲਾ ਤਹਿਸੀਲ ਤਪਾ ਜ਼ਿਲਾ ਬਰਨਾਲਾ ਵਿਖੇ ਹੋਇਆ। ਅਣਖੀ ਜੀ ਨੇ ਆਪਣੀ ਚੌਥੀ ਤੱਕ ਦੀ ਪੜਾਈ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਕੀਤੀ। ਉਨਾਂ ਬਾਕੀ ਦੀ ਪੜਾਈ ਹੰਡਆਇਆ, ਬਰਨਾਲਾ ਅਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ। ਉਨਾਂ ਨੇ ਸਾਹਿੱਤਿਕ ਸਫ਼ਰ ਕਵਿਤਾ ਨਾਲ ਸ਼ੁਰੂ ਕੀਤਾ। ਉਨਾਂ ਦੇ 2 ਕਾਵਿ-ਸੰਗ੍ਰਹਿ, 250 ਤੋਂ ਵੱਧ ਕਹਾਣੀਆਂ ਪ੍ਰਕਾਸ਼ਿਤ ਹੋਈਆਂ। ਸ੍ਰੀ ਅਣਖੀ ਦਾ ਪਹਿਲਾ ਨਾਵਲ ਪਰਦਾ ਤੇ ਰੌਸ਼ਨੀ ਲੋਕ ਕਚਹਿਰੀ ਵਿਚ ਆਇਆ। ਪਰ ਅਣਖੀ ਹੋਰਾਂ ਦੀ ਨਾਵਲਕਾਰ ਦੇ ਤੌਰ ’ਤੇ ਪਛਾਣ ‘ਕੋਠੇ ਖੜਕ ਸਿੰਘ” ਨਾਲ ਹੋਈ। ਇਸੇ ਨਾਵਲ ਨੂੰ ਹੀ ਸਾਹਿੱਤ ਅਕਾਦਮੀ ਦਾ ਪੁਰਸਕਾਰ ਮਿਲਿਆ। ਪੰਜਾਬੀ ਸਾਹਿੱਤ ਦੀ ਝੋਲੀ 16 ਨਾਵਲ ਤੇ 14 ਕਹਾਣੀ ਸੰਗ੍ਰਹਿ ਅਤੇ ਕਈ ਵਾਰਤਕ ਪੁਸਤਕਾਂ ਪਾਉਣ ਵਾਲੇ ਅਣਖੀ ਦੇ ਨਾਵਲ “ਸਲਫਾਸ”, ਕਣਕਾਂ ਦਾ ਕਤਲੇਆਮ, ਢਿੱਡ ਦੀ ਆਂਦਰ, ਅੱਛਰੂ ਦਾਂਦੂ, ‘ਪ੍ਰਤਾਪੀ’, ‘ਦੁੱਲੇ ਦੀ ਢਾਬ’, ‘ਭੀਮਾ’, ‘ਜ਼ਮੀਨਾਂ ਵਾਲੇ’, ‘ਬੱਸ ਹੋਰ ਨਹੀਂ’ ਆਦਿ ਨਾਵਲ ਸਾਹਿੱਤਿਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਰਹੇ ਹਨ। ਪਿੰਡਾਂ ਬਾਰੇ ਉਨਾਂ ਦੀ ਕਿਤਾਬ ‘ਹੱਡੀਂ ਬੈਠੇ ਪਿੰਡ’ ਅਤੇ ਵਿੱਛੜ ਚੁੱਕੇ ਦੋਸਤਾਂ ਬਾਰੇ ਲਿਖੀ ਕਿਤਾਬ ‘ਮੋਏ ਮਿੱਤਰਾਂ ਦੀ ਸ਼ਖਾਨਤ’ ਵੀ ਕਾਫੀ ਚਰਚਾ ’ਚ ਹਨ। ਅਣਖੀ ਜੀ ਉੱਘੇ ਨਾਵਲਕਾਰ ਹੋਣ ਦੇ ਨਾਲ ਚੰਗੇ ਕਾਲਮ ਨਵੀਸ ਵੀ ਸਨ। ਪੰਜਾਬੀ ਦੇ ਚਰਚਿਤ ਅਖ਼ਬਾਰਾਂ ’ਚ ਉਨਾਂ ਦੇ ਕਾਲਮ ਛਪਦੇ ਰਹੇ। ਲੇਖਕ ਦੋਸਤਾਂ ਦੀਆਂ ਪਤਨੀਆਂ ਬਾਰੇ ਉਨਾਂ ਦਾ ਬਹੁਚਰਚਿਤ ਕਾਲਮ “ਮੈਂ ਤਾਂ ਬੋਲਾਂਗੀ” ਨੇ ਕਾਫੀ ਨਾਮਣਾ ਖੱਟਿਆ। ਉਨਾਂ ਨੇ ‘ਕਹਾਣੀ ਪੰਜਾਬ’ ਦੀ ਪ੍ਰਕਾਸ਼ਨਾ 1993 ਤੋਂ ਸ਼ੁਰੂ ਕੀਤੀ। ਅਣਖੀ ਜੀ ਦੀ ਆਪਣੇ ਪਿੰਡ ਨਾਲ ਹਮੇਸ਼ਾਂ ਡੂੰਘੀ ਸਾਂਝ ਰਹੀ। ਪਿੰਡ ਧੌਲਾ ਦਾ ਜ਼ਿਕਰ ਕਿਸੇ ਨਾ ਕਿਸੇ ਰੂਪ ਵਿਚ ਉਨਾਂ ਦੀ ਕਹਾਣੀਆਂ ਤੇ ਨਾਵਲਾਂ ਦਾ ਹਿੱਸਾ ਬਣਿਆ। ਹਥਲੇ ਲੇਖ ਵਿਚ ਉਨਾਂ ਦੇ ਸਾਹਿਤਕ ਜੀਵਨ ਦੇ ਨਾਲ ਨਾਲ ਉਨਾਂ ਦੀ ਜ਼ੁਬਾਨੀ ਕਹੀਆਂ ਗੱਲਾਂ, ਉਨਾਂ ਦੀ ਪਿੰਡ ਪ੍ਰਤੀ ਖਿੱਚ ਬਾਰੇ ਝਾਤ ਪਾਵਾਂਗੇ।
ਅਣਖੀ ਜੀ ਦੀਆਂ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਕਹੀਆਂ ਕੁੱਝ ਗੱਲਾਂ:
ਸ੍ਰੀ ਅਣਖੀ ਜੀ ਆਪਣੇ ਬਚਪਨ ਸਮੇਂ ਬਾਰੇ ਦੱਸਦੇ ਹੋਏ ਕਹਿੰਦੇ ਹਨ:
ਸੰਤਾਲੀ ਤੋਂ ਕੁਝ ਸਾਲ ਪਹਿਲਾਂ ਅਤੇ ਸੰਤਾਲੀ ਤੋਂ ਕੁਝ ਸਾਲ ਬਾਅਦ ਤੱਕ ਇਹ ਮੇਰੇ ਬਚਪਨ ਦਾ ਅਜਿਹਾ ਸਮਾਂ ਸੀ, ਜਦੋਂ ਕਿਸੇ ਬੱਚੇ ਦੀ ਸੁਰਤ ਪੂਰੀ ਤਰਾਂ ਸੰਭਲ ਚੁੱਕੀ ਹੁੰਦੀ ਹੈ। ਸੰਤਾਲੀ ਵਿਚ ਮੈਂ ਪੰਦਰਾਂ ਸਾਲਾਂ ਦਾ ਸੀ। ਮੇਰੇ ਯਾਦ ਕੀ, ਮੇਰੇ ਹੱਡਾਂ ਵਿਚ ਇਹ ਗੱਲਾਂ ਪਾਰੇ ਵਾਂਗ ਬੈਠੀਆਂ ਹੋਈਆਂ ਹਨ ਕਿ ਧੌਲਾ ਡਾਕੂਆਂ ਅਤੇ ਬਦਮਾਸ਼ਾਂ ਦਾ ਇੱਕ ਪਿੰਡ ਸੀ। ਧੌਲਾ ਅਰਜਣ ਨੰਬਰਦਾਰ ਅਤੇ ਸ਼ਗਨੇ ਨੰਬਰਦਾਰ ਜਿਹੇ ਹਰੀਸ਼ ਚੰਦਰਾਂ ਦਾ ਪਿੰਡ ਸੀ। ਧੌਲਾ ਸੰਪੂਰਨ ਸਿੰਘ ਧੌਲਾ ਜਿਹੇ ਪਰਜਾ ਮੰਡਲੀਏ ਅਤੇ ਆਜ਼ਾਦੀ ਘੁਲਾਟੀਏ ਦਾ ਪਿੰਡ ਸੀ। ਧੌਲਾ ਮਨੀ ਰਾਮ ਕਵੀਸ਼ਰ ਦਾ ਪਿੰਡ ਸੀ। ਚਾਹੇ ਕਿੰਨੀਆਂ ਵੀ ਹਨੇਰੀਆਂ ਝੁੱਲੀਆਂ, ਧੌਲੇ ਪਿੰਡ ਵਿਚ ਰੱਬ ਵਸਦਾ ਸੀ। ਧੌਲੇ ਪਿੰਡ ਦੀਆਂ ਐਨੀਆਂ ਕਹਾਣੀਆਂ ਮੇਰੇ ਧੁਰ ਅੰਦਰ ਜਮਾਂ ਹੋਈਆਂ ਪਈਆਂ, ਜੇ ਮੈਂ ਇੱਕ ਜਨਮ ਹੋਰ ਵੀ ਇਨਾਂ ਨੂੰ ਲਿਖਦਾ ਰਹਾਂ ਤਾਂ ਵੀ ਇਹ ਖਜ਼ਾਨਾ ਖਤਮ ਨਹੀਂ ਹੋਵੇਗਾ। ਹੇ ਬਾਬਾ ਭਾਰਥੀ, ਹੇ ਬਾਬਾ ਸਨੂਰ ਗਾਜ਼ੀ (ਸ਼ਾਹ ਨੂਰ ਗਾਜ਼ੀ), ਹੇ ਸੰਤ ਅਤਰ ਸਿੰਘ ਜੀ ਘੁੰਨਸਾਂ ਵਾਲੇ, ਹੇ ਪਿੰਡ ਦੇ ਸ਼ਿਵਦੁਆਲਿਆ ਤੁਸੀਂ ਸਾਰੇ ਮੈਨੂੰ ਹੁਣੇ ਮਾਰ ਦਿਉ ਅਤੇ ਫੇਰ ਅਗਲੇ ਸਾਲ ਹੀ ਧੌਲਾ ਪਿੰਡ ਵਿਚ ਮੇਰਾ ਜਨਮ ਹੋਵੇ। ਮੈਂ ਤਾਂ ਜੰਮਦਾ ਵੀ ਲਿਖਣ ਲੱਗ ਪਵਾਂਗਾ। ਪਿੰਡ ਦੀਆਂ ਸਾਰੀਆਂ ਗੱਲਾਂ ਮੈਂ ਲਿਖਣੀਆਂ ਚਾਹੁੰਦਾ ਹਾਂ।ਇਹ ਸਾਰੀਆਂ ਗੱਲਾਂ ਲਿਖਣ ਲਈ ਬੱਸ ਇੱਕ ਹੋਰ ਜਨਮ।
1947 ਵਿਚ ਦੇਸ਼ ਆਜ਼ਾਦ ਹੋ ਚੁੱਕਿਆ ਸੀ, ਪਰ ਨਾਭਾ ਮੋਰਚੇ ਵਿਚ ਕੈਦ ਹੋਏ ਪਰਜਾਮੰਡਲੀਏ ਜੇਲ ਅੰਦਰ ਬੰਦ ਸਨ।1948 ਵਿਚ ਜਦੋਂ ਸਰਦਾਰ ਪਟੇਲ ਨੇ ਰਿਆਸਤਾਂ ਤੋੜੀਆਂ ਤਾਂ ਕਿਤੇ ਜਾ ਕੇ ਉਹ ਜੇਲੋਂ ਛੁੱਟ ਕੇ ਆਏ। ਧੌਲੇ ਆ ਕੇ ਉਨਾਂ ਨੇ ਰਾਤ ਨੂੰ ਬਾਣੀਆਂ ਦੀ ਹਥਾਈ (ਅਗਰਵਾਲ ਧਰਮਸ਼ਾਲਾ) ਵਿਚ ਜਲਸਾ ਕੀਤਾ। ਮੈਂ ਉਸ ਜਲਸੇ ਵਿਚ ਸ਼ਾਮਲ ਸੀ।ਸਾਡੇ ਸੰਪੂਰਨ ਸਿੰਘ ਨੂੰ ਤਾਂ ਮੈਂ ਜਾਣਦਾ ਹੀ ਸੀ, ਬਾਕੀ ਸਨ-ਹੀਰਾ ਸਿੰਘ ਭੱਠਲ, ਉਨਾਂ ਦੀ ਪਤਨੀ ਹਰਨਾਮ ਕੌਰ ਅਤੇ ਛੋਟੀ ਬੱਚੀ ਰਾਜਿੰਦਰ, ਜਿਹੜੀ ਵੱਡੀ ਹੋ ਕੇ ਰਾਜਿੰਦਰ ਕੌਰ ਭੱਠਲ ਬਣੀ ਅਤੇ ਇੱਕ ਸਮੇਂ ਪੰਜਾਬ ਦੀ ਮੁੱਖ ਮੰਤਰੀ ਵੀ ਰਹੀ। ਹੋਰ ਕਿੰਨੇ ਸਾਰੇ ਪਰਜਾਮੰਡਲੀਏ ਸਨ। ਬਚਪਨ ਤੋਂ ਹੀ ਮੈਂ ਸੰਪੂਰਨ ਸਿੰਘ ਧੌਲਾ ਦੀ ਸੰਗਤ ਵਿਚ ਰਿਹਾ ਹਾਂ। ਪਰਜਾ ਮੰਡਲ ਦਾ ਉਹ ਇੱਕ ਸਰਗਰਮ ਵਰਕਰ ਸੀ। ਫਿਰੋਜ਼ਪੁਰ ਆਰ ਐੱਸ ਡੀ ਕਾਲਜ ਵਿਚ ਪੜਦਾ ਸੀ। ਅਜਿਹੀ ਲਗਨ ਲੱਗੀ ਕਿ ਪੜਾਈ ਵਿਚੋਂ ਹੀ ਛੱਡ ਦਿੱਤੀ ਅਤੇ ਪਰਜਾ ਮੰਡਲ ਵਿਚ ਸ਼ਾਮਲ ਹੋ ਗਿਆ। ਸੰਪੂਰਨ ਸਿੰਘ ਕਰਕੇ ਉਹ ਦੇ ਸਾਥੀ ਹਰਦੇਵ ਸਿੰਘ ਐਡਵੋਕੇਟ, ਸਿਰੀ ਰਾਮ ਸਿੰਗਲ, ਰਣਜੀਤ ਸਿੰਘ ਨੈਣੇਵਾਲੀਆਂ ਨੂੰ ਬਹੁਤ ਨੇੜੇ ਤੋਂ ਜਾਣਦਾ ਸੀ। ਇਹ ਸਾਰੇ ਪੜੇ ਲਿਖੇ ਨੌਜਵਾਨ ਸਨ। ਰਿਆਸਤਾਂ ਦੀ ਦੂਹਰੀ ਗੁਲਾਮੀ ਨੂੰ ਸਮਝਦੇ ਅਤੇ ਅੱਤਿਆਚਾਰ ਵਿਰੁੱਧ ਮਰ ਮਿਟਣ ਵਾਲੇ।
ਮਾਲਵੇ ਦੇ ਬ੍ਰਾਹਮਣਾਂ ਬਾਰੇ:
ਅਣਖੀ ਜੀ ਦੇ ਮੁਤਾਬਕ ਸਵਰਨ ਤੋਂ ਮਤਲਬ ਜਾਤੀ ਤੋਂ ਹੰੁਦਾ, ਆਰਥਿਕਤਾ ਤੋਂ ਨਹੀਂ। ਮਲਵਈ ਪਿੰਡਾਂ ਦੇ ਬ੍ਰਾਹਮਣਾਂ ਕੋਲ ਲਗਭਗ ਸਾਰਿਆਂ ਕੋਲ ਜ਼ਮੀਨਾਂ ਹਨ। ਜਿਹਨਾਂ ਕੋਲ ਜੱਟਾਂ ਵਾਂਗ ਵੱਧ ਜ਼ਮੀਨਾਂ ਹਨ, ਉਹ ਆਰਥਿਕ ਤੌਰ ’ਤੇ ਵੀ ਤਕੜੇ ਹਨ। ਇੱਕ-ਇੱਕ, ਦੋ-ਦੋ ਕਿੱਲਿਆਂ ਵਾਲੇ ਭੁੱਖੇ ਮਰਦੇ ਹਨ ਅਤੇ ਜੱਟਾਂ ਦੇ ਹੱਥਾਂ ਵੱਲ ਝਾਕਦੇ ਰਹਿੰਦੇ ਹਨ। ਜੱਟ ਉਹਨਾਂ ਦੇ ਜਜ਼ਮਾਨ ਹਨ। ਬ੍ਰਾਹਮਣ ਹਮੇਸ਼ਾ ਜੱਟਾਂ ਦਾ ਭਲਾ ਚਾਹੰੁਦੇ ਹਨ ਤਾਂ ਕਿ ਉਹਨਾਂ ਦਾ ਭਲਾ ਵੀ ਹੰੁਦਾ ਰਹੇ। ਮਲਵਈ ਪਿੰਡਾਂ ਦੇ ਬ੍ਰਾਹਮਣ ਹਿੰਦੂ-ਕਰਮ-ਕਾਂਡ ਤਾਂ ਅਪਣਾਉਦੇ ਹਨ, ਪਰ ਕੱਟੜ ਨਹੀਂ। ਮੈਂ ਇਹਨਾਂ ਦੇ ਬਹੁਤ ਖ਼ਿਲਾਫ਼ ਲਿਖਦਾ ਰਿਹਾ ਹਾਂ, ਮਸਲਨ : ‘ਕੋਠੇ ਖੜਕ ਸਿੰਘ’ ਨਾਵਲ ਦਾ ਗੋਂਦੀ ਬਾਮਣ।
ਮੇਰਾ ਬਾਪ ਮੈਨੂੰ ਇਸ ਲਈ ਪੜਾਉਣਾ ਚਾਹੰੁਦਾ ਸੀ ਕਿ ਮੈਂ ਚਾਰ ਜਮਾਤਾਂ ਪਾਸ ਕਰਕੇ ਮਾਲ-ਪਟਵਾਰੀ ਬਣ ਜਾਵਾਂ। ਛਾਂ ਵਿੱਚ ਬੈਠਿਆਂ ਕਰਾਂ। ਜੱਟਾਂ ਨੂੰ ਲੁੱਟ-ਲੁੱਟ ਖਾਵਾਂ। ਉਹਦੀ ਗਹਿਣੇ-ਬੈਅ ਕੀਤੀ ਸਾਰੀ ਜ਼ਮੀਨ ਛੁਡਵਾ ਲਵਾਂ। ਸਾਡੇ ਪਿੰਡ ਵਿੱਚ ਚੌਥੀ ਜਮਾਤ ਤੱਕ ਦਾ ਸਰਕਾਰੀ ਪ੍ਰਾਇਮਰੀ ਸਕੂਲ ਸੀ। ਛੇਵੀਂ ਜਮਾਤ ਹੰਢਿਆਇਆ ਲੋਇਰ-ਮਿਡਲ ਸਕੂਲ ਵਿੱਚੋ ਪਾਸ ਕੀਤੀ। ਓਥੇ ਮੈਂ ਚਰੰਜੀ ਲਾਲ ਦੇ ਘਰ ਰਹਿੰਦਾ ਸੀ। ਮੇਰੇ ਚਾਚੇ ਦੀ ਉਹਦੇ ਨਾਲ ਕਬੂਤਰ ਰੱਖਣ ਦੀ ਲਿਹਾਜ਼ ਸੀ। ਸੱਤਵੀਂ ਤੋਂ ਦਸਵੀਂ ਤੱਕ ਬਰਨਾਲੇ ਸਰਕਾਰੀ ਹਾਈ ਸਕੂਲ ਵਿੱਚ ਪੜਿਆ। ਬਾਜਵਾ ਪੱਤੀ ਵਿੱਚ ਪੰਡਿਤ ਮਿਹਰ ਚੰਦ ਦੇ ਘਰ ਰਹਿੰਦਾ ਸੀ। ਉਹਨਾਂ ਨਾਲ ਸਾਡੇ ਬੁੜਿਆਂ ਦੀ ਕੋਈ ਰਿਸ਼ਤੇਦਾਰੀ ਸੀ। ਜੇ ਮੈਨੂੰ ਚਰੰਜੀ ਲਾਲ ਅਤੇ ਮਿਹਰ ਚੰਦ ਨਾ ਸਾਂਭਦੇ ਤਾਂ ਮੇਰਾ ਦਸਵੀਂ ਜਮਾਤ ਪਾਸ ਕਰਨਾ ਵੀ ਮੁਸ਼ਕਿਲ ਸੀ। ਦਸਵੀਂ ਤੋਂ ਬਾਅਦ ਸੰਪੂਰਨ ਸਿੰਘ ਧੌਲਾ ਨੇ ਮੈਨੂੰ ਮਹਿੰਦਰਾ ਕਾਲਜ, ਪਟਿਆਲਾ ਵਿੱਚ ਪੜਾਇਆ ਸੀ। ਬਾਪੂ ਨੇ ਜ਼ਮੀਨ ਵੇਚ ਕੇ ਮੈਨੂੰ ਓ.ਟੀ. (ਪੰਜਾਬੀ) ਦਾ ਕੋਰਸ ਕਰਵਾਇਆ ਸੀ ਅਤੇ ਮੈਂ ਸਕੂਲ ਮਾਸਟਰ ਬਣ ਗਿਆ। ਐੱਫ.ਏ. ਗਿਆਨੀ ਅਤੇ ਫੇਰ ਓ.ਟੀ. ਤੱਕ ਮੈਂ ਬਹੁਤ ਮੁਸ਼ਕਿਲ ਨਾਲ ਪਹੰੁਚਿਆ। ਸਾਡੇ ਘਰਦਿਆਂ ਵਿੱਚ ਨਾ ਤਾਂ ਪੜਾਈ ਕਰਵਾਉਣ ਦੀ ਆਰਥਿਕ ਪਹੰੁਚ ਸੀ ਅਤੇ ਨਾ ਓਦੋਂ ਐਨੀਆਂ ਸਹੂਲਤਾਂ ਸਨ। ਮੇਰੇ ਵਿੱਚ ਪੜਾਈ ਦੀ ਬੱਸ ਇੱਕ ਲਗਨ ਸੀ, ਜੋ ਮੈਨੂੰ ਅੱਗੇ ਹੀ ਅੱਗੇ ਤੋਰੀ ਗਈ।
ਪਿੰਡ ਧੌਲਾ ਨਾਲ ਸਾਂਝ ਤੇ ਯਾਦਾਂ ਬਾਰੇ:
ਪੈਪਸੂ ਦੀ ਪਹਿਲੀ ਵਜ਼ਾਰਤ ਟੁੱਟਣ ਬਾਅਦ ਜਦੋਂ ਸੰਪੂਰਨ ਸਿੰਘ ਪਿੰਡ ਆ ਕੇ ਟਿਕ ਗਿਆ ਤਾਂ ਪਿੰਡ ਦੀ ਰਾਜਨੀਤੀ ਵਿੱਚ ਵੀ ਪੈਣ ਲੱਗਿਆ। ਪੰਚਾਇਤ ਚੋਣਾਂ ਹੋਈਆਂ ਤਾਂ ਉਹਨੇ ਸਰਪੰਚ ਦੀ ਚੋਣ ਲਈ ਮੈਨੂੰ ਖੜਾ ਕਰ ਦਿੱਤਾ। ਆਜ਼ਾਦੀ ਮਿਲਣ ਤੋਂ ਬਾਅਦ ਇਹ ਪਹਿਲੀਆਂ ਪੰਚਾਇਤ ਚੋਣਾਂ ਸਨ। ਮੈਂ ਹਾਰ ਗਿਆ। ਪਿੰਡ ਦੇ ਇਕੱਠ ਵਿੱਚ ਵੋਟਾਂ ਹੱਥ ਖੜੇ ਕਰਵਾ ਕੇ ਪਈਆਂ ਸਨ। ਪਿੰਡ ਦੇ ਪਟਵਾਰੀ ਨੇ ਚੋਣ ਕਰਾਈ ਸੀ। ਮੇਰਾ ਨਾਂ ਰਾਮ ਸਰੂਪ ਲਿਆ ਗਿਆ।ਜੇ ਅਣਖੀ ਆਖਿਆ ਜਾਂਦਾ ਤਾਂ ਸ਼ਾਇਦ ਮੈਂ ਜਿੱਤ ਜਾਂਦਾ। ਓਦੋਂ ਤੱਕ ਪਿੰਡ ਵਿੱਚ ਮੈਂ ਅਣਖੀ ਰਾਮ ਕਰਕੇ ਖਾਸਾ ਜਾਣਿਆ ਜਾਣ ਲੱਗਿਆ ਸੀ। ਸੰਪੂਰਨ ਸਿੰਘ ਨੇ ਤਾਂ ਮੈਨੂੰ ਵਿਹਾਰਕ ਰਾਜਨੀਤੀ ਵੱਲ ਤੋਰਨਾ ਚਾਹਿਆ ਸੀ, ਪਰ ਜੇ ਮੈਂ ਸਰਪੰਚ ਬਣ ਜਾਂਦਾ ਤਾਂ ਅਗਲੇ ਸਮੇਂ ਵਿੱਚ ਫੀਮ ਵੇਚਦਾ ਹੰੁਦਾ। ਇੱਕ ਕਰਜ਼ਾਈ ਕਿਸਾਨ ਦੀ ਜ਼ਿੰਦਗੀ ਭੋਗਦਾ ਅਤੇ ਸ਼ਾਇਦ ਕਦੋਂ ਦਾ ਸਲਫ਼ਾਸ ਖਾ ਕੇ ਖ਼ੁਦਕੁਸ਼ੀ ਕਰ ਗਿਆ ਹੰੁਦਾ।
ਇੱਕ ਸਮੇਂ ਸੰਪੂਰਨ ਸਿੰਘ ਨੇ ਕਾਂਗਰਸ ਛੱਡਣੀ ਚਾਹੀ ਸੀ। ਮੈਂ ਜਾਣਦਾ ਹਾਂ, ਉਹ ਮੁੱਢ ਤੋਂ ਹੀ ਸਮਾਜਵਾਦੀ ਵਿਚਾਰਾਂ ਦਾ ਧਾਰਨੀ ਸੀ। ਉਹ ਮੈਨੂੰ ਕਦੇ ਪੰਜ ਸੌ, ਕਦੇ ਹਜ਼ਾਰ ਰੁਪਿਆ ਫੜਾਉਦਾ ਅਤੇ ਮੈਂ ਜਲੰਧਰ, ਦਿੱਲੀ ਜਾਂ ਲੁਧਿਆਣੇ ਤੋਂ ਉਹਦੇ ਲਈ ਰੂਸੀ ਕਿਤਾਬਾਂ ਦੇ ਪੰਜਾਬੀ ਅਨੁਵਾਦ ਲਿਆ ਕੇ ਦਿੰਦਾ। ਇਹ ਨਾਵਲ ਹੁੰਦੇ ਜਾਂ ਮਾਰਕਸਵਾਦ ਬਾਰੇ ਸਿਧਾਂਤਕ ਕਿਤਾਬਾਂ। ਸੰਪੂਰਨ ਸਿੰਘ ਕਾਂਗਰਸ ਛੱਡ ਕੇ ਮਾਰਕਸੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਇਹ ਜਨਤਾ ਪਾਰਟੀ ਦੇ ਰਾਜ ਤੋਂ ਪਹਿਲਾਂ ਦੀਆਂ ਗੱਲਾਂ ਹਨ।
ਸਮਕਾਲੀ ਲੇਖਕਾਂ ਬਾਰੇ:
ਸਾਡੀ ਪੀੜੀ ਦੇ ਲਗਭਗ ਸਾਰੇ ਲੇਖਕ ਪ੍ਰਗਤੀਵਾਦੀ ਲਹਿਰ ਦੀ ਪੈਦਾਵਾਰ ਸਨ। ਅਸੀਂ ਰੂਸੀ ਕਿਤਾਬਾਂ ਪੜਦੇ ਅਤੇ ਅੱਖਾਂ ਵਿੱਚ ਕਿਸੇ ਅਕਤੂਬਰ ਇਨਕਲਾਬ ਦਾ ਸੁਪਨਾ ਲਟਕਾਈ ਰੱਖਦੇ। ਆਪਣੀਆਂ ਕਹਾਣੀਆਂ ਵਿੱਚ ਅਸੀਂ ਅਜਿਹੇ ਪਾਤਰ ਸਿਰਜਦੇ ਜਿਹੜੇ ਆਮ ਜ਼ਿੰਦਗੀ ਵਿੱਚ ਹੁੰਦੇ ਨਹੀਂ ਸੀ।1980-85 ਤੱਕ ਲਿਖੀਆਂ ਮੇਰੀਆਂ ਬਹੁਤ ਕਹਾਣੀਆਂ ਅਜਿਹੀਆਂ ਹੀ ਸਨ। ਅਸਲ ਵਿੱਚ ਇਹ ਸਾਹਿਤ ਇੱਕ ਚੌਖਟੇ ਦਾ ਸਾਹਿਤ ਸੀ। ਪ੍ਰਗਤੀਵਾਦ ਨੇ ਪੰਜਾਬੀ ਸਾਹਿਤ ਦਾ ਬਹੁਤ ਨੁਕਸਾਨ ਕੀਤਾ। ਜ਼ਿੰਦਗੀ ਦੀ ਸਹੀ ਤਸਵੀਰ ਪੇਸ਼ ਨਹੀਂ ਕਰ ਸਕੇ ਅਸੀਂ। ਐਵੇਂ ਹਵਾ ਵਿੱਚ ਲੱਤਾਂ ਮਾਰਨ ਵਾਲੀ ਗੱਲ ਸੀ। ਅਣਖੀ ਜੀ ਆਖਦੇ ਹਨ ਕਿ ਪ੍ਰਗਤੀਵਾਦ ਦੀ ਦੇਣ ਇੱਕ ਗੱਲੋਂ ਬਹੁਤ ਵੱਡੀ ਹੈ।1984 ਤੋਂ 1992 ਤੱਕ ਦਾ ਸਮਾਂ ਜਿਸ ਨੂੰ ਪੰਜਾਬ ਦਾ ਕਾਲਾ ਦੌਰ ਆਖਿਆ ਜਾ ਸਕਦਾ ਹੈ, ਉਦੋਂ ਪੰਜਾਬੀ ਲੇਖਕ ਸਮੂਹਿਕ ਤੌਰ ’ਤੇ ਕਿਧਰੇ ਡੋਲੇ ਨਹੀਂ। ਇਹ ਪ੍ਰਗਤੀਵਾਦੀ ਸੋਚ ਦਾ ਹੀ ਪ੍ਰਭਾਵ ਸੀ। ਇਸ ਸਮੇਂ ਦੌਰਾਨ ਪੰਜਾਬੀ ਲੇਖਕ ਦੁਚਿੱਤੀ ਵਿੱਚ ਜ਼ਰੂਰ ਰਿਹਾ ਕਿ ਉਹ ਕੀ ਲਿਖੇ ਤੇ ਕੀ ਨਾ ਲਿਖੇ। ਉਹਨਾਂ ਵਿੱਚ ਮੈਂ ਇੱਕ ਛੋਟਾ ਨਾਵਲ ਲਿਖਿਆ ਸੀ- ‘ਜਿਨ ਸਿਰ ਸੋਹਨਿ ਪਟੀਆਂ’। ਇਹ ਹਿੰਦੀ ਵਿੱਚ ‘ਜਨ ਸੱਤਾ’ ਅਖ਼ਬਾਰ ਨੇ ਲੜੀਵਾਰ ਛਾਪਿਆ ਸੀ ਅਤੇ ਫੇਰ ਗੁਜਰਾਤੀ ਵਿੱਚ ਕਿਤਾਬ ਵੀ ਛਪੀ।
ਸੋਵੀਅਤ ਯੂਨੀਅਨ ਟੁੱਟਣ ਨਾਲ ਪੰਜਾਬੀ ਲੇਖਕਾਂ ਉੱਤੇ ਬੁਰਾ ਪ੍ਰਭਾਵ ਪਿਆ। ਉਹਨਾਂ ਦੀਆਂ ਅੱਖਾਂ ਦਾ ਸੁਪਨਾ ਧੰੁਦਲਾ ਪੈ ਗਿਆ। ਪਰ ਪੰਜਾਬੀ ਕਹਾਣੀ, ਕਵਿਤਾ ਅਤੇ ਨਾਵਲ ਵਿੱਚ ਵੀ ਜ਼ਿੰਦਗੀ ਦੀ ਅਸਲੀ ਤਸਵੀਰ ਪੇਸ਼ ਹੋਣ ਲੱਗੀ। ਅਜੋਕੇ ਸਮੇਂ ਵਿੱਚ ਹਾਲ ਇਹ ਹੈ ਕਿ ਪ੍ਰਗਤੀਵਾਦੀ ਸੋਚ ਦੀ ਰਚਨਾ ਨੂੰ ਇੱਕ ਦੋਸ਼ ਮੰਨਿਆ ਜਾਂਦਾ ਹੈ। ਕਿਉਕਿ ਉਹ ਯਥਾਰਥ ਤੋਂ ਦੂਰ ਦੀ ਚੀਜ਼ ਹੁੰਦੀ ਹੈ।
ਅਣਖੀ ਜੀ ਦਾ ਗ੍ਰਹਿਸਥੀ ਜੀਵਨ ਬਾਰੇ:
ਅਣਖੀ ਜੀ ਦੱਸਦੇ ਸਨ ਕਿ ਮੇਰਾ ਪਹਿਲਾਂ ਵਿਆਹ ਮੇਰੀ ਬੇਸੁਰਤੀ ਦੀ ਉਮਰ ਵਿੱਚ ਹੋਇਆ ਸੀ। ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਉਹ ਕਿਹੋ ਜਿਹੀ ਸੀ ਜਾਂ ਕਿਹੋ ਜਿਹੀ ਨਹੀਂ ਸੀ। ਪਰ ਜੇ ਓਹੀ ਜਿਉਦੀ ਰਹਿੰਦੀ, ਉਹਦੇ ਇੱਕ-ਦੋ ਜੁਆਕ ਹੋ ਜਾਂਦੇ ਤਾਂ ਮੈਨੂੰ ਕਿਸੇ ਹੋਰ ਤੀਵੀਂ ਦੀ ਲੋੜ ਨਹੀਂ ਸੀ। ਦੂਜਾ ਵਿਆਹ ਤਾਂ ਕਿਸੇ ਕਰਮਾਂ-ਮਾਰੇ ਦਾ ਹੰੁਦਾ ਹੈ। ਦੂਜੀ ਪਤਨੀ ਸੁਭਾਅ ਦੀ ਬਹੁਤ ਚੰਗੀ ਸੀ, ਸਿਆਣੀ ਵੀ ਸੀ, ਦੂਰ ਦੀ ਸੋਚਣ ਵਾਲੀ। ਸਿਰਫ਼ ਬਾਈ ਸਾਲ ਵਸੀ ਉਹ ਮੇਰੇ ਘਰ।ਦਿਮਾਗ਼ ਦਾ ਕੈਸ਼ਰ ਸੀ, ਜਿਸ ਕਰਕੇ ਫਾਨੀ ਸੰਸਾਰ ਤੋਂ ਚੱਲ ਵਸੀ। ਉਹਦੀ ਮੌਤ ਬਾਅਦ ਮੈਨੂੰ ਔਰਤ ਚਾਹੀਦੀ ਸੀ, ਕੋਈ ਵੀ ਹੰੁਦੀ। ਔਰਤ ਨਾਲ ਹੀ ਘਰ ਹੰੁਦਾ ਹੈ। ਔਰਤ ਦਾ ਹੀ ਦੂਜਾ ਨਾਂ ਘਰ ਹੈ।ਸ਼ੋਭਾ ਮੇਰਾ ਘਰ ਬਣ ਕੇ ਆਈ। ਇਸ ਲਈ ਇਹ ਮੁੱਢ ਤੋਂ ਹੀ ਮੇਰੀ ਜ਼ਰੂਰਤ ਹੈ। ਘਰ ਦਾ ਬੰਨ ਹੈ ਇਹ।ਮੈਨੂੰ ਹੋਰ ਕਿਸੇ ਔਰਤ ਦੀ ਕਦੇ ਵੀ ਤਮੰਨਾ ਨਹੀਂ ਰਹੀ। ਇਹੀ ਜਿਉਦੀ ਵਸਦੀ ਰਹੇ।
ਅਣਖੀ ਜੀ ਜੁਬਾਨੀ ਉਨਾਂ ਦੀ ਰਚਨਾ ਬਾਰੇ:
ਇੰਟਰਵਿਊ ਦੌਰਾਨ ਉਨਾਂ ਨੇ ਆਪਣੇ ਸ਼ਾਹਕਾਰ ਨਾਵਲ ਬਾਰੇ ਆਖਦਿਆਂ ਕਿ:‘ਕੋਠੇ ਖੜਕ ਸਿੰਘ’ ਦਾ ਵਧੀਆ ਨੋਟਿਸ ਸਭ ਤੋਂ ਪਹਿਲਾਂ ਕਾਮਰੇਡ ਸੁਰਜੀਤ ਗਿੱਲ ਨੇ ਲਿਆ। ਥੋੜੇ ਦਿਨਾਂ ਬਾਅਦ ਹੀ ਡਾ. ਤੇਜਵੰਤ ਮਾਨ ਨੇ ਇਸ ਨਾਵਲ ਬਾਰੇ ਇੱਕ ਭਰਵਾਂ ਖੋਜ-ਪੱਤਰ ਲਿਖਿਆ ਅਤੇ ਪ੍ਰਸੰਸਾ ਕੀਤੀ। ਇਹ ਦੋਵੇਂ ਉਸ ਸਮੇਂ ਦੇ ਖਾੜਕੂ ਆਲੋਚਕ ਸਨ। ਜਣੇ-ਖਣੇ ਲੇਖਕ ਦੀ ਰਚਨਾ ਇਹਨਾਂ ਦੇ ਨੱਕ ਥੱਲੇ ਨਹੀਂ ਆਉਦੀ ਸੀ। ਮੈਂ ਹੌਸਲਾ ਫੜ ਲਿਆ। ਜਦੋਂ ਇਹਨਾਂ ਦੋ ਕਾਮਰੇਡਾਂ ਨੇ ਨਾਵਲ ਦੀ ਤਾਰੀਫ਼ ਕਰ ਦਿੱਤੀ, ਹੁਣ ਆਪਾਂ ਮਾਰ ਨਹੀਂ ਖਾਂਦੇ। ਇੱਕ ਪਰਚਾ ਰਘਬੀਰ ਸਿੰਘ ਸਿਰਜਣਾ ਨੇ ਵੀ ਬਠਿੰਡੇ ਪੜਿਆ ਸੀ। ਪਰ ‘ਸਿਰਜਣਾ’ ਵਿੱਚ ਓਦੋਂ ਛਾਪਿਆ ਜਦੋਂ ਇਹਨੂੰ ਸਾਹਿਤ ਅਕਾਦਮੀ ਇਨਾਮ ਮਿਲ ਗਿਆ। ਇਹ ਪਤਾ ਨਹੀਂ ਕਿਉ? ਟੀ. ਆਰ. ਵਿਨੋਦ ਨੇ ਵੀ ਇਨਾਮ ਮਿਲਣ ਬਾਅਦ ਹੀ ਲਿਖਿਆ। ‘ਕੋਠੇ ਖੜਕ ਸਿੰਘ’ ਦੇ ਖ਼ਿਲਾਫ਼ ਦੋ ਪਰਚੇ ਹੋਰ ਵੀ ਲਿਖੇ ਗਏ ਸਨ। ਮੈਂ ਉਹ ਪੜੇ ਤਾਂ ਸਨ, ਪਰ ਕਿਧਰੇ ਛਪੇ ਨਹੀਂ ਦੇਖੇ। ਇੱਕ ਸੀ ਕੁਲਜੀਤ ਸ਼ੈਲੀ ਅਤੇ ਦੂਜਾ ਨਛੱਤਰ ਸਿੰਘ ਖੀਵਾ।
‘ਕੋਠੇ ਖੜਕ ਸਿੰਘ’ ਤੋਂ ਬਾਅਦ ‘ਪਰਤਾਪੀ’, ‘ਦੁੱਲੇ ਦੀ ਢਾਬ’, ‘ਜ਼ਮੀਨਾਂ ਵਾਲੇ’, ‘ਬੱਸ ਹੋਰ ਨਹੀਂ’, ‘ਗੇਲੋ’, ‘ਬਾਰਾਂ ਤਾਲੀ’ ਤੇ ‘ਕਣਕਾਂ ਦਾ ਕਤਲਾਮ’ ਨਾਵਲਾਂ ਬਾਰੇ ਕਈ-ਕਈ ਲੇਖ ਲਿਖੇ ਜਾਂਦੇ ਰਹੇ ਹਨ। ਜਿਹੜੇ ਆਲੋਚਕ ਇਹਨਾਂ ਨਾਵਲਾਂ ਸਬੰਧੀ ਸਹੀ ਸੇਧ ਵਿੱਚ ਲਿਖਦੇ ਹਨ, ਉਹਨਾਂ ਵਿੱਚੋਂ ਕੁਝ ਇੱਕ ਦੇ ਨਾਂ ਲੈਣਾ ਚਾਹਾਂਗਾ-ਡਾ. ਰਜਨੀਸ਼ ਬਹਾਦਰ ਸਿੰਘ, ਡਾ. ਜਸਵਿੰਦਰ ਕੌਰ ਬਿੰਦਰਾ, ਡਾ. ਗੁਰਪਾਲ ਸਿੰਘ ਸੰਧੂ, ਡਾ. ਸੁਖਪਾਲ ਸਿੰਘ ਥਿੰਦ, ਕੇ.ਐੱਲ. ਗਰਗ, ਡਾ. ਲਾਭ ਸਿੰਘ ਖੀਵਾ, ਡਾ. ਦੇਵਿੰਦਰ ਸਿੰਘ ਬੋਹਾ ਅਤੇ ਡਾ. ਸੁਰਜੀਤ ਬਰਾੜ ਆਦਿ। ਸ਼ਾਇਦ ਕੁਝ ਨਾਂ ਰਹਿ ਗਏ। ਮੇਰਾ ਨਵਾਂ ਨਾਵਲ ‘ਭੀਮਾ’ ਇਹਨਾਂ ਦਿਨਾਂ ਵਿੱਚ ਹੀ ਛਪ ਕੇ ਸਾਹਮਣੇ ਆਇਆ ਸੀ। ਇਸ ਬਾਰੇ ਡਾ. ਪਰਮਜੀਤ ਕੌਰ ਸਿੱਧੂ ਦਾ ਆਰਟੀਕਲ ਬਹੁਤ ਕਮਾਲ ਹੈ। ਇਹ ਬੜੀ ਮਿਹਨਤ ਨਾਲ ਲਿਖਿਆ ਗਿਆ ਹੈ। ਮੈਂ ਜੋ ਨਾਵਲ ਵਿੱਚ ਕਹਿਣਾ ਚਾਹਿਆ, ਓਹੀ ਪਰਮਜੀਤ ਨੇ ਨਚੋੜ ਕੱਢ ਦਿੱਤਾ।
ਪੰਜਾਬੀ ਆਲੋਚਕਾਂ ਬਾਰੇ ਅਣਖੀ ਜੀ ਨਜ਼ਰੀਆ:
ਗੱਲ ਕਹਿਣ ਦਾ ਤਰੀਕਾ ਅਤੇ ਸਲੀਕਾ ਹੁੰਦਾ ਹੈ। ਸਾਡੇ ਪੰਜਾਬੀ ਆਲੋਚਕ ਸਿੱਧਾ ਵਾਰ ਕਰਦੇ ਹਨ। ਇੱਕ ਵਾਰ ਮੋਗੇ ਡਾ. ਸੁਤਿੰਦਰ ਸਿੰਘ ਨੂਰ ਨੇ ਬਿਆਨ ਦਾਗ ਦਿੱਤਾ ਕਿ ਬਲਦੇਵ ਸਿੰਘ ਦਾ ਨਾਵਲ ‘ਅੰਨਦਾਤਾ’ ਪੰਜਾਬੀ ਦਾ ‘ਗੋਦਾਨ’ ਹੈ। ਇਵੇਂ ਹੀ ਕਦੇ ਬਾਬਾ ਬੋਹੜ ਸੰਤ ਸਿੰਘ ਸੇਖੋਂ ਨੇ ਫਲਾਹ-ਸੋਟਾ ਮਾਰਿਆ ਸੀ, ਅਖੇ-ਮੋਹਨ ਕਾਹਲੋਂ ਪੰਜਾਬੀ ਦਾ ਸ਼ੋਲੋਖੋਵ ਹੈ। ਦੱਸੋ ਬਈ ਤਾਂ ਫੇਰ ਕੀ ਇਹ ਲੇਖਕ ਅੱਗੇ ਜਾਣੋਂ ਰੁਕ ਜਾਣ। ਦਿੱਲੀ ਯੂਨੀਵਰਸਿਟੀ ਦੇ ਸੇਵਾ ਮੁਕਤ ਹਿੰਦੀ ਆਲੋਚਕ ਡਾ. ਵਿਸ਼ਵ ਨਾਥ ਤਿ੍ਰਪਠੀ ਨੇ ਹਿੰਦੀ ਵਿੱਚ ਮੇਰਾ ਛੋਟਾ ਨਾਵਲ ‘ਸਲਫਾਸ’ ਪੜ ਕੇ ਦੋ ਕੁ ਸਾਲ ਪਹਿਲਾਂ ਆਖਿਆ, ‘ਜੇ ਪ੍ਰੇਮ ਚੰਦ ਸਾਡੇ ਜ਼ਮਾਨੇ ਵਿੱਚ ਲਿਖਦੇ ਅਤੇ ਬਰਨਾਲੇ ਵਿੱਚ ਰਹਿੰਦੇ ਹੰੁਦੇ ਤਾਂ ਮੇਰੇ ਵਿਚਾਰ ਵਿੱਚ ਅਜਿਹੀ ਹੀ ਰਚਨਾ ਕਰਦੇ।’ ਇਹ ਸ਼ਬਦਾਂ ਦਾ ਸਲੀਕਾ ਹੈ। ਇਹ ਹੈ ਗੱਲ ਕਰਨ ਦਾ ਤਰੀਕਾ।
ਭਾਰਤੀ ਭਾਸ਼ਾ ਪ੍ਰੀਸ਼ਦ, ਕੋਲਕਾਤਾ ਦੀ ਸੈਕਰੇਟਰੀ ਡਾ. ਕੁਸੁਮ ਖੇਮਾਨੀ ਨੇ ‘ਕੋਠੇ ਖੜਕ ਸਿੰਘ, ਦਾ ਹਿੰਦੀ ਅਨੁਵਾਦ ਪੜ ਕੇ ਲਿਖਿਆ ਸੀ, ‘‘ਜਹਾਂ ਸੀਧੀ ਸਰਲ ਬਾਤੇਂ ਮਹਾਂਕਾਵਯ ਬਨ ਜਾਏਂ, ਸਮਝ ਲੋ-ਅਣਖੀ ਜੀ ਯਹੀਂ-ਕਹੀਂ ਹੈਂ।’
ਅਣਖੀ ਜੀ ਬਾਰੇ ਉਨਾਂ ਦੇ ਸਪੁੱਤਰ ਡਾ. ਕਰਾਂਤੀ ਦਾ ਨਜ਼ਰੀਆ ਤੇ ਯਾਦਾਂ:
ਪਿੱਛੇ ਜਿਹੇ ਮੈਂ ਤੇ ਪਿਤਾ ਜੀ ਪੰਜ ਸੈਕਟਰ ਪੰਜ ਨੰਬਰ ਕੋਠੀ ਚੰਡੀਗੜ ਭੱਠਲ ਅੰਕਲ ਦੇ ਘਰ ਗਏ। ਰਾਤ ਰੁਕੇ ਤੇ ਸਵੇਰੇ ਨਾਸ਼ਤਾ ਕਰਕੇ ਉੱਥੋਂ ਚੱਲੇ, ਭੱਠਲ ਅੰਕਲ ਦੇ ਤਿੰਨੇ ਮੰੁਡਿਆਂ ਤੇ ਆਂਟੀ ਨਾਲ ਵੀ ਮੇਲ ਹੋ ਗਿਆ, ਛੋਟੇ ਮੰੁਡੇ ਦੀ ਘਰਵਾਲੀ ਤੇ ਬੱਚੇ ਵੀ ਅਮਰੀਕਾ ਤੋਂ ਆਏ ਹੋਏ ਸਨ। ਚੱਲਣ ਲੱਗਿਆਂ ਮੈਂ ਪਿਤਾ ਜੀ ਦੇ ਕੰਨ ’ਚ ਕਿਹਾ ਇਨਾਂ ਬੱਚਿਆਂ ਨੂੰ ਸ਼ਗਨ ਦੇ ਦਿਓ। ਪਿਤਾ ਜੀ ਕਹਿਣ ਲੱਗੇ ਹਾਂ-ਯਾਰ, ਮੈਂ ਤਾਂ ਭੁੱਲ ਹੀ ਗਿਆ ਸੀ ਤੇ ਬਰਨਾਲੇ ਆਉਦਿਆਂ ਤੱਕ ਇਹੀ ਕਹਿੰਦੇ ਰਹੇ, ਚੰਗਾ ਕੀਤਾ ਤੂੰ ਯਾਦ ਕਰਵਾ ਦਿੱਤਾ। ਮੈਂ ਕਿਹਾ ਉਹ ਤਾਂ ਠੀਕ ਹੈ, ਪਰ ਜੇ ਇਹੀ ਦਿ੍ਰਸ਼ ਤੁਹਾਡੇ ਨਾਵਲਾਂ ’ਚ ਪੇਸ਼ ਹੰੁਦਾ ਤੁਸੀਂ ਉਨਾਂ ਬੱਚਿਆਂ ਨੂੰ ਸ਼ਗਨ ਦਿਵਾਉਣਾ ਕਦੇ ਨਾ ਭੁੱਲਦੇ।
ਮੈਂ ਜਦੋਂ ਵੀ ਅਲੀਗੜ ਤੋਂ ਆਉਦਾ ਸੀ ਤਾਂ ਸਮਾਂ ਕੱਢ ਕੇ ਇਨਾਂ ਦੇ ਲਿਖਣ, ਸੌਣ ਵਾਲੇ ਕਮਰੇ ’ਚ ਜਾ ਕੇ ਮਿਲਦਾ ਸੀ, ਗੱਲਾਂ ਸਾਹਿਤ ਤੇ ਸਾਹਿਤਕਾਰਾਂ ਦੀਆਂ ਕਰਦਿਆਂ ਅਖੀਰ ਇਸ ਗੱਲ ’ਤੇ ਪਹੰੁਚ ਜਾਂਦੇ ਹਨ ਕਿ ਲੇਖਕ ਬੜੇ ਹਰਾਮੀ ਨੇ। ਉਹ ਸਾਲਾ ਇੰਜ ਕਰ ਰਿਹਾ ਹੈ, ਉਹ ਇਹ ਕਰੀ ਜਾਂਦਾ ਹੈ, ਸਾਲਿਆਂ ਨੂੰ ਮੂੰਹ ਲਾਉਣ ਦੀ ਲੋੜ ਨਹੀਂ…। ਕੁੱਝ ਦਿਨਾਂ ਬਾਅਦ ਮੈਂ ਫਿਰ ਅਲੀਗੜ ਤੋਂ ਬਰਨਾਲੇ ਆਉਦਾ ਹਾਂ ਤਾਂ ਪਤਾ ਲਗਦਾ ਹੈ ਕਿ ਜਿਸ ਲੇਖਕ ਨੂੰ ਹਰਾਮੀ ਕਹਿ ਰਹੇ ਸੀ, ਉਸੇ ਦੀ ਕਿਤਾਬ ਰਲੀਜ਼ ਕਰ ਰਹੇ ਹਨ।
ਇੱਕ ਵਾਰੀ ਇਨਾਂ ਨੇ ਆਪਣਾ ਆਪ੍ਰੇਸ਼ਨ ਕਰਵਾਇਆ, ਕੁਝ ਚੇਲਿਆਂ ਨੇ ਇਨਾਂ ਦੀ ਸੇਵਾ ਕੀਤੀ। ਮੈਂ ਕਿਹਾ, ‘ਜਦੋਂ ਮੈਂ ਹਾਂ, ਮੇਰੇ ਕੁੱਝ ਮਿੱਤਰ ਹਨ ਤਾਂ ਇਨਾਂ ਦੀ ਕੀ ਲੋੜ ਹੈ?’’ ਕਹਿਣ ਲੱਗੇ, ‘ਤੇਰਾ ਕੀ ਪਤਾ, ਤੂੰ ਕਿੱਧਰ ਚਲਾ ਜਾਵੇਂ ? ਇਨਾਂ ਨੇ ਹੀ ਮੇਰੇ ਕੰਮ ਆਉਣਾ ਹੈ।’ ਪਰ ਹੋਇਆ ਇਹ ਕਿ ਆਪ੍ਰੇਸ਼ਨ ਵੀ ਸਹੀ ਨਹੀਂ ਹੋਇਆ ਤੇ ਚੇਲੇ ਵੀ ਉਡਾਰੀ ਮਾਰ ਗਏ।
ਕਦੇ ਕਦੇ ਮੈਨੂੰ ਆਖਦੇ ਸੀ ਕਿ ਫਲਾਣਾ ਬੱਚਾ (ਉਹ ਬੰਦਾ ਨਹੀਂ ਲੇਖਕ ਹੰੁਦਾ ਹੈ) ਗ਼ਲਤ ਨਿੱਕਲ ਗਿਆ ਜਾਂ ਆਖਦੇ ਨੇ ਮੈਂ ਸਾਰੀ ਉਮਰ ਉਸ ਨੂੰ ਆਪਣਾ ਸਮਝਦਾ ਰਿਹਾ ਤੇ ਹੁਣ ਜਾ ਕੇ ਪਤਾ ਲੱਗਿਆ ਹੈ ਕਿ ਉਹ ਸਾਲਾ ਮੇਰੇ ਨਾਲ ਖਾਰ ਖਾਂਦਾ ਸੀ। ਮੈਂ ਆਖਣਾ ਖਾਰ ਕਾਹਦੀ ਖਾਣੀ ਹੈ, ਲੋਕਾਂ ਦਾ ਸੁਭਾਅ ਹੰੁਦਾ ਹੈ। ਫਿਰ ਆਖਦੇ ਹਨ, ਤੈਨੂੰ ਪਤਾ ਨਹੀਂ, ਮੈਂ ਆਪਣੀ ਮਿਹਨਤ ਦੇ ਦਮ ’ਤੇ ਵਿਕਾਸ ਕੀਤਾ ਹੈ, ਅਸੀਂ ਇਕੱਠੇ ਲਿਖਣ ਲੱਗੇ ਸੀ, ਮੇਰਾ ਕੁਝ ਨਾਂ ਬਣ ਗਿਆ ਉਹ ਸਾਲਾ ਪਿੱਛੇ ਰਹਿ ਗਿਆ, ਇਹ ਲੋਕ ਇਹ ਨਹੀਂ ਸੋਚਦੇ ਕਿ ਸਾਹਿਤ ’ਚ ਕੁਝ ਪਾਉਣ ਲਈ ਸਾਧਨਾ ਕਰਨੀ ਪੈਂਦੀ ਹੈ।
‘ਕਹਾਣੀ ਪੰਜਾਬ’ ’ਚ ਕਦੇ ਕਿਸੇ ਦੀ ਕਿਤਾਬ ਦਾ ਰੀਵਿਊ ਨਹੀਂ ਛਾਪਦਾ। ਮੈਂ ਕਹਿ ਦਿੰਦਾ ਹਾਂ, ਠੀਕ ਹੈ। ਇੱਕ ਸੂਚਨਾ ਜਾਰੀ ਕਰ ਦੇਵੋ, ਕਹਾਣੀ ਪੰਜਾਬ ਨੂੰ ਰੀਵਿਊ ਲਈ ਕਿਤਾਬਾਂ ਨਾ ਭੇਜੀਆਂ ਜਾਣ। ਜਦੋਂ ਅਗਲੇ ਪਰਚੇ ਲਈ ਮੈਟਰ ਤਿਆਰ ਹੰੁਦਾ ਹੈ ਤਾਂ ਦੋ-ਚਾਰ ਕਿਤਾਬਾਂ ਦੇ ਰੀਵਿਊ ਹੰੁਦੇ ਹਨ। ਮੈਂ ਆਖਦਾ ਹਾਂ, ‘ਤੁਸੀਂ ਤਾਂ ਕਹਿ ਰਹੇ ਸੀ, ਰੀਵਿਊ ਛਾਪਣੇ ਨਹੀਂ, ਫਿਰ ਆਹ ਕੀ ਐ?’’ ਬੜੇ ਪਿਆਰ ਨਾਲ ਕਹਿਣਗੇ, ‘‘ਕੀ ਕਰੀਏ, ਮੂੰਹ ਮੱਥੇ ਲਗਦੇ ਨੇ।’
ਜਦੋਂ ਕਿਤੇ ਆਲੋਚਕਾਂ ਬਾਰੇ ਗੱਲ ਛਿੜਦੀ ਤਾਂ ਉਹ ਅਕਸਰ ਕਹਿ ਦਿੰਦੇ ਕਿ ਇਹ ਆਲੋਚਕ ਅਲੂਚਕ ਸਾਲੇ ਹਰਾਮੀ ਹੰੁਦੇ ਨੇ, ਇਨਾਂ ਦੀ ਪ੍ਰਵਾਹ ਨੀ ਕਰਨੀ ਚਾਹੀਦੀ, ਮੈਂ ਕਿਸੇ ਆਲੋਚਕ ਦੀ ਢੂਹੀ ਨਹੀਂ ਮਾਰਦਾ। ਅਗਲੇ ਦਿਨ ਮੋਬਾਈਲ ’ਤੇ ਉੱਚੀ-ਉੱਚੀ ਕਹਿ ਰਹੇ ਹੰੁਦੇ ਹਨ… ‘ਤੂੰ ਮੇਰਾ ‘ਭੀਮਾ’ ਪੜ ਲਿਆ ਤਾਂ ਲਿਖ ਦੇ ਦੋ ਲਾਈਨਾਂ, ਚਰਚਾ ਹੋ ਜਾਵੇਗੀ। ਤੁਸੀਂ ਆਲੋਚਕ ਲੇਖਕ ਲਈ ਰੱਬ ਹੰੁਦੇ ਹੋ।’
ਪੰਜਾਬ ਤੋਂ ਬਾਹਰਲੇ ਲੇਖਕਾਂ ਨਾਲ ਕਦੇ ਇਨਾਂ ਦਾ ਮਿਲਾਪ ਹੰੁਦਾ ਸੀ ਤਾਂ ਬਹੁਤ ਖ਼ੁਸ਼ ਹੰੁਦੇ ਹਨ, ਖ਼ਾਸ ਕਰਕੇ ਉਸ ਸਮੇਂ ਜਦੋਂ ਦੂਜੀ ਭਾਸ਼ਾ ਦੇ ਲੇਖਕ-ਪਾਠਕ ਆਖਦਾ ਹੈ ਮੈਂ ਤੁਹਾਨੂੰ ਪੜਿਆ ਹੈ ਜਾਂ ਇਹ ਕਿ ਅਸੀਂ ਤੁਹਾਡੀਆਂ ਕਹਾਣੀਆਂ ਪੜ ਕੇ ਹੀ ਕਹਾਣੀਆਂ ਲਿਖਣ ਲੱਗੇ ਹਾਂ।’ ਫਿਰ ਆਖਦੇ ਨੇ ‘ਦੇਖ ਪੰਜਾਬੀਆਂ ਨਾਲੋਂ, ਮੈਨੂੰ ਵੱਧ ਪਿਆਰ ਦੂਜੀਆਂ ਭਾਸ਼ਾਵਾਂ ਵਾਲੇ ਕਰਦੇ ਹਨ। ਦੂਜੀਆਂ ਭਾਸ਼ਾਵਾਂ ਵਾਲੇ ਪੜਦੇ ਬਹੁਤ ਹਨ।’ ਮੈਂ ਆਖਦਾ ਹਾਂ ਪੜਦੇ ਤਾਂ ਸਾਡੇ ਵੀ ਬਹੁਤ ਹਨ ਪਰ ਚਰਚਾ ਨਹੀਂ ਕਰਦੇ।’ ਪਰ ਸਾਲੇ ਚਰਚਾ ਕਿਉ ਨਹੀਂ ਕਰਦੇ…? ਮੈਂ ਫਿਰ ਆਖਦਾ ਹਾਂ ‘ਚਰਚਾ ਇਸ ਕਰਕੇ ਨਹੀਂ ਕਰਦੇ ਕਿਉਕਿ ਤੁਸੀਂ ਉਨਾਂ ਦੇ ਵਿੱਚ ਰਹਿੰਦੇ ਹੋ।’ ਉਨਾਂ ਤੋਂ ਦੂਰ ਰਹੋ ਫਿਰ ਹੀ ਚਰਚਾ ਕਰਨਗੇ। ਕਦੇ-ਕਦੇ ਕਹਿਣਗੇ ਮੈਂ ਘੋੜਾ ਹਾਂ, ਪਰ ਦੁੱਖ ਇਸ ਗੱਲ ਦਾ ਹੈ ਕਿ ਗਧਿਆਂ ’ਚ ਖੜਾ ਹਾਂ।
ਅਣਖੀ ਜੀ ਸਾਹਿਤਕ ਖੇਤਰ ਦੇ ਇਨਾਮਾਂ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਆਖਦੇ ਸਨ ਕਿ ‘ਇਨਾਮਾਂ ਸਨਮਾਨਾਂ ’ਚ ਕੁਝ ਨਹੀਂ ਰੱਖਿਆ। ਲੇਖਕ ਦਾ ਸਭ ਤੋਂ ਵੱਡਾ ਇਨਾਮ ਉਸਦੇ ਪਾਠਕ ਹੰੁਦੇ ਨੇ।’ ਅਗਲੇ ਦਿਨ ਸੁਖਦੇਵ ਸਰਸੇ ਨੂੰ ਟੈਲੀਫੋਨ ਕਰਕੇ ਪੁੱਛਣਗੇ, ‘ਸੁਖਦੇਵ, ਲੁਧਿਆਣੇ ਅਕਾਡਮੀ ਵਾਲਾ ਇਨਾਮ ਘੋਸ਼ਿਤ ਹੋਏ ਨੂੰ ਤਿੰਨ ਸਾਲ ਹੋ ਗਏ। ਲੱਖ ਰੁਪਇਆ ਕਦੋਂ ਦੇਵੋਂਗੇ?’
ਧੌਲਾ ਪਿੰਡ ਦੇ ਲੋਕਾਂ ਦਾ ਅਣਖੀ ਜੀ ਬਾਰੇ ਨਜ਼ਰੀਆ:
ਜਿੱਥੇ ਰਾਮ ਸਰੂਪ ਅਣਖੀ ਨੇ ਧੌਲਾ ਪਿੰਡ ਨੂੰ ਆਪਣੇ ਦਿਲ ਅਤੇ ਰਚਨਾਵਾਂ ਵਿਚ ਹਮੇਸ਼ਾਂ ਵਸਾਈ ਰੱਖਿਆ, ਉਥੇ ਹੀ ਪਿੰਡ ਦੇ ਲੋਕਾਂ ਦੇ ਮਨਾਂ ਵਿਚ ਉਹ ਹਮੇਸ਼ਾਂ ਚਿੱਤਰਿਆ ਰਿਹਾ ਤੇ ਅੱਜ ਵੀ ਹੈ। ਲੋਕ ਅਣਖੀ ਦੇ ਨਾਲ ਨਾਲ ਉਨਾਂ ਦੇ ਸਾਹਿਤ ਨੂੰ ਵੀ ਉੱਚ ਦਰਜੇ ਦਾ ਮਾਣ ਸਤਿਕਾਰ ਦਿੱਤਾ। ਪਿੰਡ ਦੇ ਪੁਰਾਣੇ ਬਜ਼ੁਰਗਾਂ ਤੋਂ ਲੈ ਕੇ ਨਵੀਂ ਪੀੜੀ ਉਨਾਂ ਦੀ ਸ਼ਖਸੀਅਤ ਅਤੇ ਉਸ ਦੇ ਸਾਹਿਤ ਤੋਂ ਭਲੀਭਾਂਤ ਜਾਣੂ ਹੈ। ਅੱਜ ਵੀ ਪਿੰਡ ਦੇ ਲੋਕ ਉਨਾਂ ਦੇ ਪਿੰਡ ਧੌਲਾ ਦੀ ਖੁੱਡੀ ਪੱਤੀ ਅਗਵਾਂੜ ਵਿਚ ਜੱਦੀ ਘਰ ਜਾ ਕੇ ਨਮਸਕਾਰ ਕਰਦੇ ਹੋਏ ਕਹਿੰਦੇ ਹਨ ਕਿ ਅਣਖੀ ਜੀ ਨੇ ਪਿੰਡ ਧੌਲਾ ਦੇ ਨਾਮ ਨੂੰ ਆਪਣੀ ਸਾਹਿਤਕ ਸਿਰਜਣਾ ਰਾਹੀਂ ਸੰਸਾਰ ਪ੍ਰਸਿੱਧ ਪਿੰਡ ਬਣਾ ਦਿੱਤਾ ਹੈ।
ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ:
ਅਜੋਕੀ ਨੌਜਵਾਨ ਪੀੜੀ ਨੇ ਰਾਮ ਸਰੂਪ ਅਣਖੀ ਜੀ ਦੇ ਨਾਮ ਤੇ ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:) ਧੌਲਾ ਦਾ ਗਠਨ ਕੀਤਾ ਹੋਇਆ ਹੈ। 35 ਸਾਲ ਦੀ ਉਮਰ ਤੱਕ ਦੇ ਨੌਜਵਾਨ ਇਸ ਸਭਾ ਦੇ ਮੈਂਬਰ ਹਨ ਤੇ ਬਹੁਤ ਕਾਰਜ਼ਸ਼ੀਲ ਹਨ। ਸਭਾ ਹਰ ਸਾਲ ਰਾਮ ਸਰੂਪ ਅਣਖੀ ਦਾ ਜਨਮ ਦਿਨ ਅਤੇ ਬਰਸੀ ਸਮਾਗਮ ਨੈਸ਼ਨਲ ਪੱਧਰ ਤੇ ਕਰਦੀ ਹੈ। ਜਿਸ ਵਿਚ ਪੰਜਾਬ ਤੋਂ ਇਲਾਵਾ ਦੇਸ਼ ਦੇ ਕੋਨੇ ਕੋਨੇ ਤੇ ਹਰ ਪ੍ਰਾਂਤ ਚੋਂ ਲੇਖਕ ਸ਼ਿਰਕਤ ਕਰਦੇ ਹਨ। ਸਭਾ ਦੇ ਪ੍ਰਧਾਨ ਨੌਜਵਾਨ ਨਾਵਲਕਾਰ ਬੇਅੰਤ ਬਾਜਵਾ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੇ ਪੂਰੇ ਇਕੱਠ ਨੇ ਇਸ ਸਭਾ ਨੂੰ ਹੋਂਦ ਵਿਚ ਲਿਆਂਦਾ ਸੀ। ਪਿੰਡ ਵਾਸੀਆਂ ਦੀ ਸਾਹਿਤਕ ਰੁਚੀ ਸਦਕਾ ਸਾਡੀ ਸਭਾ ਇੱਕ ਸਾਲ ਵਿਚ ਦਰਜਨ ਦੇ ਕਰੀਬ ਵੱਡੇ ਸਾਹਿਤਕ ਸਮਾਗਮ ਆਲੇ ਦੁਆਲੇ ਪਿੰਡਾਂ ਵਿਚ ਕਰਦੀ ਹੈ। ਜਿਸ ਨਾਲ ਨੌਜਵਾਨ ਪ੍ਰੇਰਿਤ ਹੁੰਦੇ ਹਨ। ਸ੍ਰੀ ਅਣਖੀ ਦੇ ਬਦੌਲਤ ਅੱਜ ਪਿੰਡ ਧੌਲਾ ਵਿਚ ਹੀ 35 ਦੇ ਕਰੀਬ ਨੌਜਵਾਨ ਸਾਹਿਤ ਨਾਲ ਜੁੜੇ ਹੋਏ ਹਨ। ਜੋ ਵੱਡੀ ਗੱਲ ਹੈ।ਇਸ ਤੋਂ ਪਿੰਡ ਵਿਚ ਰਾਮ ਸਰੂਪ ਅਣਖੀ ਯਾਦਗਰੀ ਲਾਇਬਰੇਰੀ ਵੀ ਹੈ, ਜਿਸ ਦਾ ਪ੍ਰਬੰਧ ਵੀ ਸਭਾ ਦੇਖਦੀ ਹੈ। ਇਸ ਵਾਰ 22 ਫਰਵਰੀ 2020 ਨੂੰ ਵਾਈ ਐਸ ਕਾਲਜ ਹੰਡਿਆਇਆ ਵਿਖੇ ਰਾਮ ਸਰੂਪ ਅਣਖੀ ਜੀ ਉਨਾਂ ਦੀ ਬਰਸੀ ਮੌਕੇ ਯਾਦ ਕਰਦਿਆਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਇੱਕ ਨੈਸ਼ਨਲ ਪੱਧਰ ਦਾ ਸਮਾਗਮ ਕੀਤਾ ਜਾ ਰਿਹਾ ਹੈ। ਜਿਸ ਵਿਚ ਦੇਸ਼ ਵਿਦੇਸ਼ ਦੇ ਨਾਮੀ ਲੇਖਕ ਸ਼ਿਰਕਤ ਕਰਨਗੇ।