ਹੈਦਰਾਬਾਦ/ਪੰਜਾਬ ਪੋਸਟ
ਭਾਰਤ ਦੇਸ਼ ਅੰਦਰ ਖ਼ਬਰਾਂ ਅਤੇ ਮਨੋਰੰਜਨ ਦੀ ਦੁਨੀਆਂ ਵਿੱਚ ਵੱਡੇ ਪੱਧਰ ’ਤੇ ਬਦਲਾਅ ਲਿਆਉਣ ਵਾਲੇ ਮਸ਼ਹੂਰ ਮੀਡੀਆ ਸ਼ਖਸੀਅਤ ਅਤੇ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਦਾ ਅੱਜ ਸਵੇਰੇ ਹੈਦਰਾਬਾਦ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਆਂਧਰਾ ਪ੍ਰਦੇਸ਼ ਦੇ ‘ਈਨਾਡੂ’ ਅਖ਼ਬਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਰਾਓ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ 5 ਜੂਨ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਅੱਜ ਤੜਕੇ 4:50 ਵਜੇ ਉਨ੍ਹਾਂ ਦੀ ਮੌਤ ਹੋ ਗਈ। ਰਾਓ ਦੀ ਦੇਹ ਨੂੰ ਸ਼ਹਿਰ ਦੇ ਬਾਹਰਵਾਰ ਰਾਮੋਜੀ ਫਿਲਮ ਸਿਟੀ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਲਿਆਂਦਾ ਗਿਆ। ਰਾਮੋਜੀ ਰਾਓ ਨੇ ਅਣਵੰਡੇ ਆਂਧਰਾ ਪ੍ਰਦੇਸ਼ ਵਿੱਚ ਅਖ਼ਬਾਰ ਈਨਾਡੂ ਅਤੇ ਈ. ਟੀ. ਵੀ. ਚੈਨਲ ਸਮੂਹ ਸ਼ੁਰੂ ਕਰਕੇ ਮੀਡੀਆ ਉਦਯੋਗ ਵਿੱਚ ਕ੍ਰਾਂਤੀ ਲਿਆ ਦਿੱਤੀ। ਤਮਾਮ ਪ੍ਰਾਪਤੀਆਂ ਬਦਲੇ ਉਨ੍ਹਾਂ ਨੂੰ ਪਦਮ ਵਿਭੂਸ਼ਣ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਅਤੇ ਪੁੱਤਰ ਹੈ। ਰਾਓ ਦੇ ਦਿਹਾਂਤ ਉੱਤੇ ਦੇਸ਼ ਦੀਆਂ ਉੱਘੀਆਂ ਸਿਆਸੀ ਅਤੇ ਮੀਡੀਆ ਸ਼ਖਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਨਾਮਵਰ ਮੀਡੀਆ ਹਸਤੀ ਅਤੇ ਰਾਮੋਜੀ ਸਮੂਹ ਦੇ ਚੇਅਰਮੈਨ ਰਾਮੋਜੀ ਰਾਓ ਦਾ ਦੇਹਾਂਤ

Published: