(ਮੁੰਬਈ/ਪੰਜਾਬ ਪੋਸਟ)
ਦੇਸ਼ ਦੇ ਉੱਘੇ ਸਨਅਤਕਾਰ ਰਤਨ ਟਾਟਾ ਦਾ ਅੱਜ ਸ਼ਾਮ ਮੁੰਬਈ ਦੇ ਵਰਲੀ ਇਲਾਕੇ ’ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਅੰਤਿਮ ਸਸਕਾਰ ਤੋਂ ਪਹਿਲਾਂ ਮ੍ਰਿਤਕ ਦੇਹ ਸ਼ਮਸ਼ਾਨਘਾਟ ’ਚ ਲਿਆਂਦੇ ਜਾਣ ਮਗਰੋਂ ਮੁੰਬਈ ਪੁਲੀਸ ਦੀ ਟੁਕੜੀ ਵੱਲੋਂ ਟਾਟਾ ਨੂੰ ਸਲਾਮੀ ਦਿੱਤੀ ਗਈ। ਰਤਨ ਟਾਟਾ ਦਾ ਬੀਤੀ ਦੇਰ ਰਾਤ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ, ਜਿੱਥੇ ਉਹ ਕਾਫੀ ਸਮੇਂ ਤੋਂ ਦਾਖਲ ਸਨ। ਇਸ ਤੋਂ ਪਹਿਲਾਂ ਅੱਜ ਸਵੇਰੇ ਰਤਨ ਟਾਟਾ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਤੋਂ ਸਫ਼ੈਦ ਫੁੱਲਾਂ ਵਿਚ ਸਜੇ ਵਾਹਨ ਰਾਹੀਂ ਦੱਖਣੀ ਮੁੰਬਈ ਸਥਿਤ ਐੱਨਸੀਪੀਏ (ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ) ਵਿਖੇ ਲਿਜਾਈ ਗਈ। ਇਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿਨ੍ਹਾਂ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹੋਰ ਕੇਂਦਰੀ ਤੇ ਸੂਬਾਈ ਆਗੂ, ਸਿਆਸਤਦਾਨ, ਬਾਲੀਵੁੱਡ ਦੇ ਸਿਤਾਰੇ, ਸਨਅਤਕਾਰ, ਵਪਾਰੀ-ਕਾਰੋਬਾਰੀ ਅਤੇ ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਵੀ ਸ਼ਾਮਲ ਸਨ।