ਪੰਜਾਬ ਪੋਸਟ/ਬਿਓਰੋ
ਗੈਰ ਕਾਨੂਨੀ ਪ੍ਰਵਾਸ ਅਤੇ ਮਨੁੱਖੀ ਤਸਕਰੀ ਦਾ ਇੱਕ ਹੋਰ ਵੱਡਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਕੁਝ ਘੰਟਿਆਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੁਬਈ ਤੋਂ ਚਾਰਟਰਡ ਉਡਾਣ ਰਾਹੀਂ ਜਮਾਇਕਾ ਪੁੱਜੇ 200 ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਹੈ। ਜਮਾਇਕਾ ਦੇ ਪੰਜ ਦਿਨਾ ਟੂਰ ’ਤੇ ਆਏ ਇਨ੍ਹਾਂ ਭਾਰਤੀਆਂ ਦੇ ਦਸਤਾਵੇਜ਼ ਚੈੱਕ ਕਰਨ ਮੌਕੇ ਅਧਿਕਾਰੀਆਂ ਨੂੰ ਜਦੋਂ ਪਤਾ ਲੱਗਿਆ ਕਿ ਇਹ ਸੈਲਾਨੀ ਨਹੀਂ ਹਨ ਤਾਂ ਉਨ੍ਹਾਂ ਯਾਤਰੀਆਂ ਸਣੇ ਜਹਾਜ਼ ਮੋੜ ਦਿੱਤਾ ਗਿਆ। ਇਸ ਘਟਨਾ ਨੇ ਪਿਛਲੇ ਸਾਲ ਫਰਾਂਸ ਵਿੱਚ ਘਟੀ ਇਹੋ ਜਿਹੀ ਮਿਲਦੀ ਜੁਲਦੀ ਘਟਨਾ ਚੇਤੇ ਕਰਵਾ ਦਿੱਤੀ। ਸਥਾਨਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਕਿ ਭਾਰਤੀ ਨਾਗਰਿਕ, ਜਿਨ੍ਹਾਂ ਵਿੱਚੋਂ ਬਹੁਤੇ ਪੁਰਸ਼ ਸਨ, ਪੰਜ ਦਿਨਾ ਟੂਰ ਲਈ ਜਮਾਇਕਾ ਪੁੱਜੇ ਸਨ, ਪਰ ਜਦੋਂ ਉਨ੍ਹਾਂ ਦੇ ਕਾਗਜ਼ ਪੱਤਰ ਦੇਖੇ ਤਾਂ ਪਤਾ ਲੱਗਾ ਕਿ ਉਨਾਂ ਦਾ ਟੂਰ ਸਿਰਫ ਇੱਕ ਦਿਨ ਦਾ ਸੀ। ਕੁਝ ਭਾਰਤੀਆਂ ਦੇ ਯਾਤਰਾ ਦਸਤਾਵੇਜ਼ਾਂ ਵਿੱਚ ਵੀ ਗੜਬੜ ਪਾਈ ਗਈ ਦੱਸੀ ਜਾਂਦੀ ਹੈ। ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਭਾਰਤੀ ਨਾਗਰਿਕਾਂ ਨੂੰ ਮੁਲਕ ਵਿੱਚ ਦਾਖ਼ਲੇ ਤੋਂ ਨਾਂਹ ਕਰ ਦਿੱਤੀ, ਪਰ ਅਥਾਰਿਟੀਜ਼ ਨੇ ਉਨ੍ਹਾਂ ਨੂੰ ਵਾਪਸ ਭੇਜਣ ਲਈ ਜ਼ਰੂਰੀ ਪ੍ਰਬੰਧ ਕੀਤੇ ਜਾਣ ਤੱਕ ਮਾਨਵੀ ਅਧਾਰ ’ਤੇ ਕਿੰਗਸਟਨ ਦੇ ਹੋਟਲ ਵਿੱਚ ਰੁਕਣ ਦੀ ਖੁੱਲ੍ਹ ਦਿੱਤੀ। ਦੁਬਈ ਤੋਂ ਆਈ ਚਾਰਟਰਡ ਉਡਾਣ ਵਿੱਚ 253 ਭਾਰਤੀ, ਜਰਮਨ ਚਾਲਕ ਦਲ ਦੇ ਮੈਂਬਰ ਅਤੇ ਫਰਾਂਸ, ਉਜ਼ਬੇਕਿਸਤਾਨ ਤੇ ਰੂਸ ਦਾ ਇੱਕ-ਇੱਕ ਨਾਗਰਿਕ ਸਵਾਰ ਸਨ। ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਯੂਰਪੀ ਦੇਸ਼ ਫਰਾਂਸ ਨੇ ਮਾਨਵੀ ਤਸਕਰੀ ਦੇ ਸ਼ੱਕ ਕਰਕੇ 303 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਵਿੱਚੋਂ ਬਹੁ-ਗਿਣਤੀ ਭਾਰਤੀਆਂ ਦੀ ਸੀ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਡੰਕੀ ਉਡਾਣ ਰਾਹੀਂ ਦੁਬਈ ਤੋਂ ਜਮਾਇਕਾ ਪੁੱਜੇ 200 ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜਿਆ

Published: