ਅਟਾਰੀ/ਪੰਜਾਬ ਪੋਸਟ
ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਅਟਾਰੀ ਸਰਹੱਦ ਆਵਾਜਾਈ ਲਈ ਬੰਦ ਕਰਨ ਦੇ ਫੈਸਲੇ ਤਹਿਤ ਦੂਜੇ ਦਿਨ ਵੀ ਦੋਵਾਂ ਦੇਸ਼ਾਂ ਵਿੱਚੋਂ ਇੱਕ ਦੂਜੇ ਮੁਲਕਾਂ ਦੇ ਨਾਗਰਿਕਾਂ ਦਾ ਆਪੋ ਆਪਣੇ ਦੇਸ਼ ਪਰਤਣ ਦਾ ਸਿਲਸਿਲਾ ਜਾਰੀ ਰਿਹਾ। ਭਾਰਤ ਸਰਕਾਰ ਨੇ ਪਾਕਿ ਨਾਗਰਿਕਾਂ ਨੂੰ ਵਾਪਸ ਪਰਤਣ ਲਈ 48 ਘੰਟੇ ਦਾ ਸਮਾਂ ਦਿੱਤਾ ਸੀ ਜਾਣਕਾਰੀ ਮੁਤਾਬਕ ਅਟਾਰੀ ਸਰਹੱਦ ’ਤੇ ਪਿਛਲੇ 24 ਘੰਟਿਆਂ ਦੌਰਾਨ ਸਵੇਰ ਤੋਂ ਹੀ ਦੋਵਾਂ ਮੁਲਕਾਂ ਦੇ ਨਾਗਰਿਕਾਂ ਦੀ ਆਵਾਜਾਈ ਦਾ ਸਿਲਸਿਲਾ ਸਾਰਾ ਦਿਨ ਜਾਰੀ ਰਿਹਾ। ਸੂਤਰਾਂ ਮੁਤਾਬਕ ਪਾਕਿਸਤਾਨ ਵਿੱਚੋਂ ਕਰੀਬ 250 ਤੋਂ ਵੱਧ ਭਾਰਤੀ ਨਾਗਰਿਕ ਅਟਾਰੀ ਸਰਹੱਦ ਰਸਤੇ ਭਾਰਤ ਵਾਪਸ ਪੁੱਜੇ ਹਨ ਜਦਕਿ ਭਾਰਤ ਵਿੱਚੋਂ ਲਗਪਗ 190 ਪਾਕਿਸਤਾਨੀ ਨਾਗਰਿਕ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਵਾਪਸ ਗਏ ਹਨ। ਪਾਕਿਸਤਾਨ ਤੋਂ ਵਾਪਸ ਪਰਤ ਰਹੇ ਭਾਰਤੀ ਨਾਗਰਿਕਾਂ ਨੇ ਦੱਸਿਆ ਕਿ ਉਹ ਆਪਣੀ ਯਾਤਰਾ ਵਿਚਾਲੇ ਹੀ ਛੱਡ ਕੇ ਵਾਪਸ ਪਰਤ ਆਏ ਹਨ। ਇਸ ਦੌਰਾਨ ਭਾਰਤ ਤੋਂ ਪਾਕਿਸਤਾਨ ਵਾਪਸ ਪਰਤਣ ਵਾਲਿਆਂ ਵਿੱਚ ਕਈ ਅਜਿਹੇ ਜੋੜੇ ਵੀ ਸ਼ਾਮਲ ਸਨ ਜਿਨਾਂ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ ਅਤੇ ਅਜਿਹਾ ਹੀ ਇੱਕ ਜੋੜਾ ਪੰਜਾਬ ਨਾਲ ਸਬੰਧਤ ਏ। ਇਸ ਦਰਮਿਆਨ ਬਦਲੇ ਹਾਲਾਤ ਕਰਕੇ ਕਈ ਲੋਕਾਂ ਨੂੰ ਕਾਫੀ ਦਿੱਕਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।






