ਰਿਸ਼ੀਕੇਸ਼/ਪੰਜਾਬ ਪੋਸਟ
ਉੱਤਰਾਖੰਡ ਸੂਬੇ ਦੇ ਰਿਸ਼ੀਕੇਸ਼ ਦੇ ਸਰਵਹਰਾ ਨਗਰ ਵਿੱਚ ਇੱਕ ਬਾਈਕ ਸ਼ੋਅਰੂਮ ਦੇ ਮਾਲਕ ਅਤੇ ਕੌਂਸਲਰ ਵਿਚਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਧਿਰਾਂ ਵਿਚਕਾਰ ਜ਼ਬਰਦਸਤ ਲੜਾਈ ਹੋ ਗਈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਆਈ ਭੀੜ ਦੋ ਸਿੱਖ ਭਰਾਵਾਂ ਉੱਤੇ ਹਮਲਾ ਬੋਲਦੀ ਹੋਈ ਅਤੇ ਦਸਤਾਰਾਂ ਦੀ ਬੇਅਦਬੀ ਕਰਦੀ ਹੋਈ ਨਜ਼ਰ ਆਉਂਦੀ ਹੈ। ਪੁਲਿਸ ਨੇ ਦੋਵਾਂ ਧਿਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਸਰਵਹਰਾ ਨਗਰ ਵਿੱਚ ਸਥਿਤ ਇੱਕ ਬਾਈਕ ਸ਼ੋਅਰੂਮ ਦੇ ਬਾਹਰ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਰਿਹਾ ਹੈ। ਸ਼ੋਅਰੂਮ ਦੇ ਮਾਲਕ ਰਣਜੀਤ ਸਿੰਘ ਨੇ ਕੌਂਸਲਰ ਵੀਰਪਾਲ ਸਿੰਘ ਅਤੇ ਹੋਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦੇ ਸ਼ੋਅਰੂਮ ਉਤੇ ਕੌਂਸਲਰ ਤੇ ਉਸ ਦੇ ਨਾਲ ਆਈ ਭੀੜ ਨੇ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਪਹਿਲਾਂ ਕੁੱਟਮਾਰ ਕੀਤੀ ਤੇ ਕੇਸਾਂ ਤੇ ਦਸਤਾਰਾਂ ਦੀ ਬੇਅਦਬੀ ਕੀਤੀ ਗਈ। ਭੀੜ ਨੇ ਬਾਈਕ ਸ਼ੋਅਰੂਮ ‘ਤੇ ਪੱਥਰਬਾਜ਼ੀ ਕੀਤੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ। ਇਸ ਤੋਂ ਬਾਅਦ ਦੋਵੇਂ ਧਿਰਾਂ ਥਾਣੇ ਪਹੁੰਚ ਗਈਆਂ। ਇੱਥੇ ਵੀ ਦੋਵੇਂ ਧਿਰਾਂ ਇੱਕ ਦੂਜੇ ਨਾਲ ਬਹਿਸ ਕਰਨ ਲੱਗ ਪਈਆਂ। ਬਾਅਦ ਵਿੱਚ ਦੋਵਾਂ ਧਿਰਾਂ ਨੇ ਇੱਕ ਦੂਜੇ ਵਿਰੁੱਧ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।