ਬਠਿੰਡਾ/ਪੰਜਾਬ ਪੋਸਟ
ਕੇਂਦਰ ਪੱਧਰ ਉੱਤੇ ਸ਼ੁਰੂ ਹੋਏ ਸੜਕੀ ਪ੍ਰਾਜੈਕਟ ‘ਭਾਰਤ ਮਾਲਾ ਪ੍ਰਾਜੈਕਟ’ ਤਹਿਤ ਬਣਨ ਵਾਲੇ ਐਕਸਪ੍ਰੈਸਵੇਅ ਲਈ ਐਕੁਵਾਇਰ ਕੀਤੀਆਂ ਜ਼ਮੀਨਾਂ ਦਾ ਰੱਫੜ ਅੱਜ ਉਦੋਂ ਬਹੁਤ ਵਧ ਗਿਆ, ਜਦੋਂ ਕਿਸਾਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ’ਚ ਪਿੰਡ ਦੁੱਨੇਵਾਲਾ ਦੀ ਹਦੂਦ ’ਚ ਸਬੰਧਿਤ ਜਗ੍ਹਾ ਵੱਲ ਵਧਣ ਲੱਗੇ ਤਾਂ ਪੁਲੀਸ ਵੱਲੋਂ ਲਾਠੀਚਾਰਜ, ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਜਵਾਬ ’ਚ ਕਿਸਾਨਾਂ ਨੇ ਵੀ ਪੁਲੀਸ ਕਰਮਚਾਰੀਆਂ ’ਤੇ ਝੰਡਿਆਂ ਵਾਲੀਆਂ ਡਾਂਗਾਂ ਵਰ੍ਹਾ ਦਿੱਤੀਆਂ, ਸਿੱਟੇ ਵਜੋਂ ਟਕਰਾਅ ਹੋ ਗਿਆ ਅਤੇ ਦੋਵਾਂ ਧਿਰਾਂ ਦੇ ਬੰਦਿਆਂ ਦੇ ਸੱਟਾਂ ਲੱਗੀਆਂ। ਲੰਘੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਪਿੰਡ ਦੁੱਨੇਵਾਲਾ, ਸ਼ੇਰਗੜ੍ਹ ਅਤੇ ਭਗਵਾਨਗੜ੍ਹ ਦੀ ਕਰੀਬ ਅੱਠ ਕਿਲੋਮੀਟਰ ਜ਼ਮੀਨ ’ਤੇ ਕਬਜ਼ਾ ਕਰ ਲਿਆ ਸੀ। ਕਿਸਾਨ ਇਸ ਜ਼ਮੀਨ ਲਈ ਕਰੀਬ 80 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰ ਰਹੇ ਹਨ, ਜਦ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ 50 ਕੁ ਲੱਖ ਰੁਪਏ ਦਿੱਤੇ ਜਾ ਰਹੇ ਹਨ। ਅੱਜ ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ ਵੱਲੋਂ ਜ਼ਮੀਨ ਤੋਂ ਸਰਕਾਰੀ ਕਬਜ਼ੇ ਨੂੰ ਛੁਡਵਾਉਣ ਲਈ ਕੂਚ ਕੀਤਾ ਗਿਆ ਤਾਂ ਅੱਗੇ ਭਾਰੀ ਪੁਲੀਸ ਨਫ਼ਰੀ ਨੇ ਉਨ੍ਹਾਂ ਨੂੰ ਰਾਹ ਵਿੱਚ ਰੋਕ ਲਿਆ ਅਤੇ ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਹਿੰਸਕ ਆਹਮੋ-ਸਾਹਮਣਾ ਹੋਇਆ।
ਸੜਕੀ ਪ੍ਰਾਜੈਕਟ ਲਈ ਜ਼ਮੀਨਾਂ ਐਕੁਵਾਇਰ ਕਰਨ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਦਰਮਿਆਨ ਹੋਇਆ ਟਕਰਾਅ

Published: