ਅਹਿਮਦਾਬਾਦ/ਪੰਜਾਬ ਕਿੰਗਜ਼
ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈ.ਪੀ.ਐਲ ਦੇ ਬੀਤੀ ਰਾਤ ਹੋਏ ਫਾਈਨਲ ’ਚ ਰੌਇਲ ਚੈਲੇਂਜਰਜ਼ ਬੰਗਲੂਰੂ ਦੀ ਟੀਮ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਚੈਂਪੀਅਨ ਬਣ ਗਈ ਹੈ। ਵਿਰਾਟ ਕੋਹਲੀ ਅਤੇ ਉਸ ਦੀ ਟੀਮ ਨੇ 18 ਸਾਲਾਂ ਵਿਚ ਪਹਿਲੀ ਵਾਰ ਆਈਪੀਐਲ ਵਿਚ ਖਿਤਾਬੀ ਜਿੱਤ ਦਰਜ ਕੀਤੀ ਹੈ। ਬੰਗਲੂਰੂ ਵੱਲੋਂ ਜਿੱਤ ਲਈ ਮਿਲੇ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਟੀਮ ਨਿਰਧਾਰਿਤ 20 ਓਵਰਾ ਵਿਚ 7 ਵਿਕਟਾਂ ਦੇ ਨੁਕਸਾਨ ਨਾਲ 184 ਦੌੜਾਂ ਹੀ ਬਣਾ ਸਕੀ। ਟੀਮ ਨੂੰ ਮਿਲੀ ਜਿੱਤ ਮਗਰੋਂ ਵਿਰਾਟ ਕੋਹਲੀ ਮੈਦਾਨ ‘ਤੇ ਕਾਫੀ ਭਾਵੁਕ ਨਜ਼ਰ ਆਏ ਕਿਉਂਕਿ ਇਹ ਉਨ੍ਹਾਂ ਦਾ ਪਹਿਲਾ ਖਿਤਾਬ ਹੈ। ਦੂਜੇ ਬੰਨੇ, ਪੰਜਾਬ ਦੀ ਟੀਮ 11 ਸਾਲਾਂ ਬਾਅਦ ਆਈਪੀਐੱਲ ਦੇ ਫਾਈਨਲ ਵਿਚ ਪਹੁੰਚੀ ਸੀ ਜਦੋਂਕਿ ਆਰਸੀਬੀ ਦਾ ਇਹ ਚੌਥਾ ਖਿਤਾਬੀ ਮੁਕਾਬਲਾ ਸੀ। ਦੋਵਾਂ ਟੀਮਾਂ ਨੇ ਆਈਪੀਐੱਲ ਦੇ 18 ਸਾਲਾਂ ਦੇ ਇਤਿਹਾਸ ਵਿਚ ਹੁਣ ਤੱਕ ਆਈਪੀਐੱਲ ਦਾ ਖਿਤਾਬ ਨਹੀਂ ਜਿੱਤਿਆ ਸੀ ਪਰ ਰੌਇਲ ਚੈਲੇਂਜਰਜ਼ ਬੰਗਲੂਰੂ ਨੇ ਆਪਣਾ ਸੋਕਾ ਖਤਮ ਕਰ ਲਿਆ ਹੈ ਜਦਕਿ ਪੰਜਾਬ ਕਿੰਗਜ਼ ਦੀ ਉਡੀਕ ਇੱਕ ਸਾਲ ਹੋਰ ਲੰਮੀ ਹੋ ਗਈ ਹੈ।






