- ਆਲਮੀ ਚੁਣੌਤੀਆਂ ਖਿਲਾਫ਼ ਮਿਲ ਕੇ ਕੰਮ ਕਰਨ ਦਾ ਲਿਆ ਅਹਿਦ
ਵਾਸ਼ਿੰਗਟਨ/ਪੰਜਾਬ ਪੋਸਟ
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅਮਰੀਕਾ ਦੇ ਆਪਣੇ ਹਮਰੁਤਬਾ ਐਂਟਨੀ ਬਲਿੰਕਨ ਨਾਲ ਇੱਕ ਅਹਿਮ ਬੈਠਕ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ, ਇਸ ਬੈਠਕ ਰਾਹੀਂ ਦੋਵਾਂ ਆਗੂਆਂ ਨੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ, ਪੱਛਮੀ ਏਸ਼ੀਆ ਦੇ ਹਾਲਾਤ, ਭਾਰਤੀ ਉਪ ਮਹਾਦੀਪ ਦੀਆਂ ਹਾਲੀਆ ਘਟਨਾਵਾਂ, ਹਿੰਦ ਪ੍ਰਸ਼ਾਂਤ ਅਤੇ ਯੂਕਰੇਨ ਬਾਰੇ ਤਫਸੀਲੀ ਚਰਚਾ ਕੀਤੀ। ਭਾਰਤ ਵਿਚ ਮੋਦੀ ਸਰਕਾਰ ਦੇ ਤੀਜੀ ਵਾਰ ਸੱਤਾ ਵਿਚ ਆਉਣ ਮਗਰੋਂ ਜੈਸ਼ੰਕਰ ਦੀ ਅਮਰੀਕੀ ਰਾਜਧਾਨੀ ਦੀ ਇਹ ਪਲੇਠੀ ਫੇਰੀ ਹੈ। ਇਸ ਤੋਂ ਪਹਿਲਾਂ, ਜੈਸ਼ੰਕਰ ਮੰਗਲਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਦੇ ਫੌਗੀ ਬੌਟਮ ਹੈੱਡਕੁਆਰਟਰਜ਼ ਵਿਖੇ ਬਲਿੰਕਨ ਨੂੰ ਮਿਲੇ ਸਨ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੈਥਿਊ ਮਿੱਲਰ ਨੇ ਕਿਹਾ ਕਿ ਜੈਸ਼ੰਕਰ ਅਤੇ ਬਲਿੰਕਨ ਨੇ ਖੇਤਰੀ ਅਤੇ ਆਲਮੀ ਚੁਣੌਤੀਆਂ ਖਿਲਾਫ਼ ਮਿਲ ਕੇ ਕੰਮ ਕਰਨ ਅਤੇ ਆਧੁਨਿਕ ਅਤੇ ਉਭਰਦੀਆਂ ਤਕਨਾਲੋਜੀਆਂ ਵਿਚ ਸਹਿਯੋਗ ਬਾਰੇ ਚਰਚਾ ਕੀਤੀ ਅਤੇ ਇਨਾਂ ਸਾਰੇ ਖੇਤਰਾਂ ‘ਚ ਮਿਲ ਕੇ ਚੱਲਣ ਦਾ ਅਹਿਦ ਲਿਆ ਹੈ।