ਅੰਮਿ੍ਤਸਰ/ਪੰਜਾਬ ਪੋਸਟ
ਭਾਜਪਾ ਦੇ ਲੋਕ ਸਭਾ ਉਮੀਦਵਾਰ ਅਤੇ ਸਾਬਕਾ ਸ. ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਚੋਣਾਂ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਹੁਣ ਅੰਮਿ੍ਤਸਰ ਵਿੱਚ ਹੀ ਆਪਣਾ ਬਸੇਰਾ ਰੱਖਣਗੇ ਅਤੇ ਉਨਾਂ ਦੇ ਸਮੁੰਦਰੀ ਹਾਊਸ ਦੇ ਦਰਵਾਜ਼ੇ ਅੰਮਿ੍ਤਸਰ ਦੀ ਆਮ ਜਨਤਾ ਲਈ 24 ਘੰਟੇ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ 2 ਲੱਖ 7 ਹਜ਼ਾਰ ਤੋਂ ਵੱਧ ਲੋਕਾਂ ਨੇ ਉਨ੍ਹਾਂ ’ਤੇ ਭਰੋਸਾ ਪ੍ਰਗਟਾਇਆ ਹੈ ਅਤੇ ਉਹ ਇਹ ਭਰੋਸਾ ਹਰ ਹਾਲ ਕਾਇਮ ਰੱਖਣਗੇ। ਜ਼ਿਕਰਯੋਗ ਹੈ ਕਿ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਤੋਂ ਪਹਿਲਾਂ ਭਾਜਪਾ ਦੇ ਸਵ. ਅਰੁਣ ਜੇਤਲੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇੱਥੋਂ ਚੋਣ ਹਾਰਨ ਮਗਰੋਂ ਅੰਮਿ੍ਤਸਰ ਨੂੰ ਵਿਸਾਰ ਦਿੱਤਾ ਸੀ। ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਪਾਰਟੀ ਨੇ ਜਿੱਤ ਲਈ ਪੂਰੀ ਕੋਸ਼ਿਸ਼ ਕੀਤੀ ਅਤੇ ਭਾਜਪਾ ਜਿੱਤ ਦੇ ਬਹੁਤ ਨੇੜੇ ਵੀ ਸੀ। ਉਨ੍ਹਾਂ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਕਿ ਭਾਜਪਾ ਦੀ ਵੋਟ ਫ਼ੀਸਦੀ ਵਿੱਚ ਨਾ ਸਿਰਫ਼ ਅੰਮਿ੍ਤਸਰ ਬਲਕਿ ਪੰਜਾਬ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਪੰਜਾਬ ਸੂਬੇ ਦੀ ਸਿਆਸਤ ਵਿੱਚ ਆਉਂਦੇ ਸਮੇਂ ਦੌਰਾਨ ਸ਼ਮੂਲੀਅਤ ਬਾਰੇ ਗੱਲ ਕਰਦਿਆਂ ਸੰਧੂ ਨੇ ਕਿਹਾ ਕਿ ਇਸ ਵਿੱਚ ਉਨ੍ਹਾਂ ਦੀ ਕੀ ਭੂਮਿਕਾ ਹੋਵੇਗੀ, ਇਹ ਫ਼ੈਸਲਾ ਕਰਨ ਦਾ ਅਧਿਕਾਰ ਹਾਈ ਕਮਾਂਡ ਕੋਲ ਹੈ ਅਤੇ ਭਵਿੱਖ ਵਿੱਚ ਨਰਿੰਦਰ ਮੋਦੀ ਅਤੇ ਪਾਰਟੀ ਵੱਲੋਂ ਉਨਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ, ਪਰ ਉਨ੍ਹਾਂ ਦਾ ਧਿਆਨ ਮੁੱਖ ਤੌਰ ’ਤੇ ਅੰਮਿ੍ਤਸਰ ’ਤੇ ਹੀ ਰਹੇਗਾ।
ਅੰਮਿ੍ਤਸਰ ਦੀ ਸੇਵਾ ਲਈ ਹਰ ਵੇਲੇ ਰਹਾਂਗਾ ਹਾਜ਼ਰ : ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ

Published: