ਅੰਮਿ੍ਤਸਰ/ਪੰਜਾਬ ਪੋਸਟ
ਅੰਮਿ੍ਤਸਰ ਸ਼ਹਿਰ ਦੀ ਇੱਕ ਵਿਸ਼ੇਸ਼ ਮਹੱਤਤਾ ਹੈ, ਜਿਸ ਨੂੰ ਸਮੁੱਚੀ ਦੁਨੀਆਂ ਜਾਣਦੀ ਹੈ ਅਤੇ ਅਜਿਹੇ ਸ਼ਹਿਰ ਨੂੰ ਜਿਸ ਪੱਧਰ ਦਾ ਵਿਕਾਸ ਮਿਲਣਾ ਚਾਹੀਦਾ ਹੈ ਓਹੋ ਜਿਹਾ ਵਿਕਾਸ ਅਤੇ ਪ੍ਰਬੰਧ ਪਿਛਲੇ ਸਮੇਂ ਦੌਰਾਨ, ਚੁਣੇ ਨੁਮਾਇੰਦਿਆਂ ਅਤੇ ਆਗੂਆਂ ਨੇ ਨਹੀਂ ਕਰਵਾਇਆ ਅਤੇ ਬੀਤੇ ਸਮੇਂ ਦੀ ਇਸੇ ਘਾਟ ਨੂੰ ਮੁਕੰਮਲ ਕਰਨ ਲਈ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ। ਲੋਕ ਸਭਾ ਚੋਣਾਂ 2024 ਦੇ ਲਈ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਰਗੇ ਦੇਸ਼ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾਵਾਂ ਨਿਭਾ ਚੁੱਕੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਇਸ ਸ਼ਹਿਰ ਦੇ ਨਾਲ ਆਪਣੇ ਪੁਰਾਣੇ ਨਾਤੇ ਅਤੇ ਲਗਾਓ ਨੂੰ ਬਾਖੂਬੀ ਬਿਆਨ ਕਰਦੇ ਹੋਏ ਇਸ ਸ਼ਹਿਰ ਦੇ ਵਿਕਾਸ ਲਈ ਇੱਕ ਪੱਕਾ ਇਰਾਦਾ ਲੈ ਕੇ ਚੱਲ ਰਹੇ ਹਨ। ਉਨਾਂ ਦੇ ਇਸੇ ਚੋਣ ਪ੍ਰਚਾਰ ਅਤੇ ਲੋਕ ਸੰਪਰਕ ਦਾ ਇਹ ਨਤੀਜਾ ਵਿਖਾਈ ਦੇ ਰਿਹਾ ਹੈ ਕਿ ਅੰਮਿ੍ਰਤਸਰ ਦੀ ਜਨਤਾ ਜਿੱਥੇ ਉਨਾਂ ਦੀ ਮੁਹਿੰਮ ਦੇ ਨਾਲ ਲਗਾਤਾਰ ਜੁੜ ਰਹੀ ਹੈ, ਉੱਥੇ ਹੀ ਅੰਮਿ੍ਰਤਸਰ ਦੇ ਸਰਬਪੱਖੀ ਵਿਕਾਸ ਲਈ ਸ. ਸੰਧੂ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਗੱਲਾਂ ਨੂੰ ਲੋਕੀਂ ਭਰਵਾਂ ਸਮਰਥਨ ਦੇ ਰਹੇ ਹਨ।
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਖੁਦ ਵੀ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਨਾਂ ਦੇ ਵਾਂਗ ਅੰਮਿ੍ਰਤਸਰ ਦੇ ਲੋਕ ਵੀ ਵਿਕਾਸ ਅਤੇ ਤਰੱਕੀ ਦੀਆਂ ਲੀਹਾਂ ਉੱਤੇ ਤੁਰਨ ਲਈ ਤਿਆਰ ਹਨ ਅਤੇ ਇਸੇ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕੀਂ ਉਹਨਾਂ ਦੀ ਚੋਣ ਮੁਹਿੰਮ ਦੇ ਜ਼ਰੀਏ ਭਾਰਤੀ ਜਨਤਾ ਪਾਰਟੀ ਨੂੰ ਵੀ ਸਮਰਥਨ ਦੇ ਰਹੇ ਹਨ। ਉਨ੍ਹਾਂ ਦੀ ਹਰੇਕ ਰੈਲੀ ਵਿੱਚ ਲੋਕਾਂ ਦਾ ਭਰਵਾਂ ਇਕੱਠ ਅਤੇ ਨਾਲ ਦੀ ਨਾਲ ਲੋਕਾਂ ਵੱਲੋਂ ਦਿੱਤੀ ਜਾ ਰਹੀ ਹਮਾਇਤ ਵੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਬਣਦੀ ਹੋਈ ਨਜ਼ਰ ਆ ਰਹੀ ਹੈ। ਇਸੇ ਗੱਲਬਾਤ ਦੌਰਾਨ ਸ. ਸੰਧੂ ਸਮੁੰਦਰੀ ਨੇ ਇੱਕ ਅਹਿਮ ਗੱਲ ਇਹ ਵੀ ਆਖੀ ਕਿ ਅੰਮਿ੍ਰਤਸਰ ਦੀ ਤਰੱਕੀ ਅਤੇ ਸ਼ਹਿਰ ਦੀ ਅਸਲ ਕਾਇਆ ਕਲਪ ਉਦੋਂ ਹੀ ਹੋ ਸਕਦੀ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਦੀਆਂ ਸਕੀਮਾਂ ਪੂਰੀ ਤਰਾਂ ਲਾਗੂ ਹੋਣਗੀਆਂ ਜਦਕਿ ਹੁਣ ਤੱਕ ਕਾਫੀ ਪੈਸਾ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਭੇਜਿਆ ਹੋਇਆ ਹੈ, ਪਰ ਉਸ ਪੈਸੇ ਦੀ ਦੁਰਵਰਤੋਂ ਹੁੰਦੀ ਰਹੀ। ਸ. ਸੰਧੂ ਸਮੁੰਦਰੀ ਨੇ ਮੀਡੀਆ ਨੂੰ ਭਰੋਸਾ ਦੁਆਇਆ ਕਿ ਆਉਣ ਵਾਲੇ ਸਮੇਂ ਵਿੱਚ ਓਹ ਹੋਰ ਪ੍ਰੈੱਸ ਕਾਨਫ੍ਰੰਸਾਂ ਕਰਨਗੇ, ਜਿਨ੍ਹਾਂ ਜ਼ਰੀਏ ਇਸੇ ਮੁੱਦੇ ਉੱਤੇ ਹੋਰ ਤਫਸੀਲੀ ਜਾਣਕਾਰੀ ਸਾਂਝੀ ਕਰਨਗੇ ਕਿ ਕੇਂਦਰ ਵੱਲੋਂ ਪੰਜਾਬ ਨੂੰ ਕਿੰਨਾ ਪੈਸਾ ਭੇਜਿਆ ਜਾ ਚੁੱਕਿਆ ਹੈ। ਅੱਜ ਦੀ ਏਸ ਤਾਜ਼ਾ ਪ੍ਰੈੱਸ ਵਾਰਤਾ ਮੌਕੇ ਸ. ਸੰਧੂ ਸਮੁੰਦਰੀ ਦੇ ਨਾਲ ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਅਤੇ ਸੀਨੀਅਰ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਵੀ ਮੌਜੂਦ ਸਨ।
ਅੰਮਿ੍ਤਸਰ ਦੇ ਸਰਬਪੱਖੀ ਵਿਕਾਸ ਲਈ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਪ੍ਰੈੱਸ ਵਾਰਤਾ ਰਾਹੀਂ ਅਹਿਮ ਨੁਕਤੇ ਪੇਸ਼

Published: