ਅੰਮਿ੍ਤਸਰ/ਪੰਜਾਬ ਪੋਸਟ
ਅੰਮਿ੍ਤਸਰ ਦੇ ਲੋਕ ਸਭਾ ਹਲਕਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਆਪਣੀ ਚੋਣ ਮੁਹਿੰਮ ਦੌਰਾਨ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਬਰਾਬਰ ਤਰਜੀਹ ਦੇ ਰਹੇ ਹਨ ਅਤੇ ਹਰੇਕ ਵਰਗ ਦੀਆਂ ਸਮੱਸਿਆਵਾਂ ਨੂੰ ਡੂੰਘਾਈ ਨਾਲ ਸੁਣਦੇ ਹੋਏ ਵਿਖਾਈ ਦੇ ਰਹੇ ਹਨ। ਇਸੇ ਤਹਿਤ ਹੁਣ ਉਨਾਂ ਨੇ ਉਦੋਗਿਕ ਖੇਤਰ ਨਾਲ ਸਬੰਧਤ ਲੋਕਾਂ ਦੇ ਨਾਲ ਇੱਕ ਵਿਸ਼ੇਸ਼ ਮਿਲਣੀ ਕੀਤੀ ਅਤੇ ਅੰਮਿ੍ਰਤਸਰ ਦੇ ਉਦਯੋਗਪਤੀਆਂ ਅਤੇ ਵਪਾਰਕ ਕਾਰਖਾਨਿਆਂ ਦੇ ਕੰਮਕਾਜ ਅਤੇ ਮੌਜੂਦਾ ਹਾਲਾਤ ਸਬੰਧੀ ਉਨਾਂ ਕੋਲੋਂ ਤਫਸੀਲੀ ਜਾਣਕਾਰੀ ਹਾਸਿਲ ਕੀਤੀ। ਹਾਜ਼ਰ ਲੋਕਾਂ ਦੀ ਗੱਲਬਾਤ ਸੁਣਨ ਦੇ ਨਾਲ-ਨਾਲ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਵਿਦੇਸ਼ਾਂ ਵਿੱਚ ਹਾਸਲ ਕੀਤੇ ਤਜਰਬੇ ਜ਼ਰੀਏ ਇਸ ਉੱਦਮੀ ਖੇਤਰ ਸਬੰਧੀ ਆਪਣੇ ਵਿਚਾਰ ਵੀ ਦੱਸੇ ਅਤੇ ਨਾਲ ਦੀ ਨਾਲ ਉਦਯੋਗਿਕ ਵਿਕਾਸ ਲਈ ਲੋੜੀਂਦੇ ਹਾਲਾਤ ਅਤੇ ਆਪਣੇ ਵੱਲੋਂ ਮੁਕੰਮਲ ਸਮਰਥਨ ਦਾ ਵੀ ਭਰੋਸਾ ਦਵਾਇਆ।
ਇਸ ਸਮੁੱਚੀ ਗੱਲਬਾਤ ਦੌਰਾਨ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੰਮਿ੍ਰਤਸਰ ਦੇ ਉਦਯੋਗ ਅਤੇ ਵਪਾਰਕ ਇਕਾਈਆਂ ਨੂੰ ਵਿਸ਼ਵ ਪੱਧਰ ਉੱਤੇ ਲੈ ਕੇ ਜਾਣ ਸਬੰਧੀ ਆਪਣੀ ਇੱਛਾ ਅਤੇ ਨੀਤੀ ਨੂੰ ਬਾਖੂਬੀ ਬਿਆਨ ਕੀਤਾ ਤਾਂ ਜੋ ਇਸ ਕਾਰੋਬਾਰ ਨੂੰ ਕੌਮਾਂਤਰੀ ਸਰਹੱਦਾਂ ਤੋਂ ਪਾਰ ਮੁਨਾਫੇ ਦੇ ਇੱਕ ਨਵੇਂ ਮੁਕਾਮ ਤੱਕ ਪਹੁੰਚਾਇਆ ਜਾ ਸਕੇ। ਇਸ ਤੋਂ ਬਾਅਦ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੰਮਿ੍ਰਤਸਰ ਦੇ ਤਹਿਸੀਲਪੁਰਾ ਇਲਾਕੇ ਵਿੱਚ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ ਅਤੇ ਚੋਣਾਂ ਦੇ ਮਾਹੌਲ ਵਿੱਚ ਅੰਮਿ੍ਰਤਸਰ ਸ਼ਹਿਰ ਸਬੰਧੀ ਉਨਾਂ ਵੱਲੋਂ ਆਪਣੀ ਰਣਨੀਤੀ ਸਾਂਝੀ ਕੀਤੀ ਗਈ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਸਮਾਜ ਦੇ ਹਰੇਕ ਉਮਰ ਵਰਗ ਦੇ ਬਾਸ਼ਿੰਦੇ ਨੇ ਉਨਾਂ ਦੇ ਵਿਚਾਰਾਂ ਦੀ ਪ੍ਰੋੜਤਾ ਕੀਤੀ।
