ਅੰਮਿ੍ਤਸਰ/ਪੰਜਾਬ ਪੋਸਟ
ਲੋਕ ਸਭਾ ਹਲਕਾ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਇੱਕ ਹੋਰ ਕੌਮੀ ਪੱਧਰ ਦੇ ਆਗੂ ਨੇ ਸ਼ਿਰਕਤ ਕੀਤੀ ਅਤੇ ਇਸ ਪ੍ਰਭਾਵਸ਼ਾਲੀ ਮੁਹਿੰਮ ਨੂੰ ਹੋਰ ਹੁਲਾਰਾ ਦਿੱਤਾ। ਚੋਣ ਪ੍ਰਚਾਰ ਤਹਿਤ ਅੱਜ ਅੰਮਿ੍ਰਤਸਰ ਦੇ ਅਜਨਾਲਾ ਵਿਖੇ ਇੱਕ ਭਰਵਾਂ ਇਕੱਠ ਕੀਤਾ ਗਿਆ ਜੋ ਵੇਖਦਿਆਂ ਹੀ ਵੇਖਦਿਆਂ ਇੱਕ ਰੈਲੀ ਦਾ ਰੂਪ ਧਾਰਨ ਕਰ ਗਿਆ। ਇਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਅਤੇ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਨੀ ਉਚੇਚੇ ਤੌਰ ’ਤੇ ਤਰਨਜੀਤ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ। ਅਜਨਾਲਾ ਵਿਖੇ ਹੋਈ ਅੱਜ ਦੀ ਇਸ ਰੈਲੀ ਦੀ ਖਾਸ ਗੱਲ ਇਹ ਵੀ ਨਜ਼ਰ ਆਈ ਕਿ ਇਸ ਰੈਲੀ ਵਿੱਚ ਨੌਜਵਾਨ ਵਰਗ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ, ਜਦਕਿ ਬੀਬੀਆਂ ਅਤੇ ਬਜ਼ੁਰਗਾਂ ਵੱਲੋਂ ਵੀ ਵਧ ਚੜ੍ਹ ਕੇ ਹਾਜ਼ਰੀ ਲਵਾਈ ਗਈ। ਇਸ ਮੌਕੇ ਮੰਚ ਤੋਂ ਸੰਬੋਧਨ ਕਰਦਿਆਂ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇੱਕ ਵਾਰ ਫਿਰ ਅਜਨਾਲਾ ਖੇਤਰ ਦੇ ਸਰਬ ਪੱਖੀ ਵਿਕਾਸ ਅਤੇ ਪਿਛਲੇ ਇੱਕ ਦਹਾਕੇ ਤੋਂ ਲਟਕਦੇ ਮਾਮਲਿਆਂ ਨੂੰ ਸਮਝਦੇ ਹੋਏ ਉਨਾਂ ਦੇ ਫੌਰੀ ਹੱਲ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਸਟੇਜ ਤੋਂ ਸੰਬੋਧਨ ਦੌਰਾਨ ਸੀਨੀਅਰ ਭਾਜਪਾ ਆਗੂ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੱਲੋਂ ਵੀ ਤਰਨਜੀਤ ਸਿੰਘ ਸੰਧੂ ਦੀ ਸ਼ਖਸੀਅਤ ਦੀ ਸ਼ਲਾਘਾ ਕੀਤੀ ਗਈ ਅਤੇ ਆਸ ਪ੍ਰਗਟਾਈ ਕਿ ਅੰਮਿ੍ਰਤਸਰ ਦੇ ਲੋਕੀਂ ਉਨਾਂ ਨੂੰ ਸੇਵਾ ਕਰਨ ਦਾ ਮੌਕਾ ਜ਼ਰੂਰ ਦੇਣਗੇ।
ਇਸ ਮੌਕੇ ਸਥਾਨਕ ਆਗੂਆਂ ਵੱਲੋਂ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਅਤੇ ਵਿਜੇ ਰੂਪਾਨੀ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਵੀ ਤਰਨਜੀਤ ਸਿੰਘ ਸੰਧੂ ਦੀ ਚੋਣ ਮੁਹਿੰਮ ਵਿੱਚ ਹਿੱਸਾ ਲੈ ਚੁੱਕੇ ਹਨ ਅਤੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਵੇਲੇ ਵੀ ਉਨਾਂ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ ਸੀ। ਇਸ ਤਰ੍ਹਾਂ ਕੇਂਦਰੀ ਪੱਧਰ ਦੇ ਸੀਨੀਅਰ ਆਗੂ ਵੀ ਲਗਾਤਾਰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਤਹਿਤ ਲੋਕਾਂ ਦੇ ਰੂਬਰੂ ਹੋ ਰਹੇ ਹਨ।
ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਅਤੇ ਵਿਜੇ ਰੂਪਾਨੀ ਵੱਲੋਂ ਅਜਨਾਲਾ ਵਿਖੇ ਪ੍ਰਭਾਵਸ਼ਾਲੀ ਰੈਲੀ

Published: