ਅਜਨਾਲਾ/ਪੰਜਾਬ ਪੋਸਟ
ਲੋਕ ਸਭਾ ਚੋਣਾਂ 2024 ਦੇ ਪ੍ਰਚਾਰ ਹਿੱਤ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਜ ਦਾ ਦਿਨ ਅੰਮਿ੍ਰਤਸਰ ਦੇ ਬੇਹੱਦ ਅਹਿਮ ਮੰਨੇ ਜਾਂਦੇ ਅਜਨਾਲਾ ਇਲਾਕੇ ਵਿੱਚ ਬਿਤਾਉਂਦੇ ਹੋਏ ਬੜੀ ਗੰਭੀਰਤਾ ਨਾਲ ਇਸ ਖੇਤਰ ਅਤੇ ਇਸ ਦੀਆਂ ਸਮੱਸਿਆਵਾਂ ਨੂੰ ਜਾਣਿਆ। ਅਜਨਾਲਾ ਦੇ ਬੇਹੱਦ ਪ੍ਰਸਿੱਧ ਅਤੇ ਧਾਰਮਿਕ ਮਹੱਤਤਾ ਵਾਲੇ ਪਿੰਡ ਬਾਬਾ ਗਮਚੁਕ ਵਿਖੇ ਉਨਾਂ ਦੀ ਚੋਣ ਮੁਹਿੰਮ ਤਹਿਤ ਇੱਕ ਬੇਹੱਦ ਪ੍ਰਭਾਵਸ਼ਾਲੀ ਰੈਲੀ ਆਯੋਜਿਤ ਕੀਤੀ ਗਈ। ਜਿਸ ਵਿੱਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਸੰਬੋਧਨ ਉੱਤੇ ਲੋਕਾਂ ਨੇ ਜੋਸ਼ੀਲਾ ਹੁੰਗਾਰਾ ਵੀ ਭਰਿਆ। ਲੋਕਾਂ ਦੇ ਇਸ ਭਰਵੇਂ ਇਕੱਠ ਵਿੱਚ ਬੀਬੀਆਂ ਦੀ ਵੀ ਵੱਡੀ ਸ਼ਮੂਲੀਅਤ ਨਜ਼ਰ ਆਈ। ਇਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਲਾਕੇ ਦੇ ਲੋਕਾਂ ਨੇ ਉਨਾਂ ਨੂੰ ਆਪਣੀਆਂ ਸਮੱਸਿਆਵਾਂ ਕਾਫੀ ਡੂੰਘਾਈ ਵਿੱਚ ਜਾ ਕੇ ਬਿਆਨ ਕੀਤੀਆਂ, ਜਿਨਾਂ ਦਾ ਸਾਹਮਣਾ ਉਹ ਪਿਛਲੇ 10 ਸਾਲਾਂ ਤੋਂ ਲਗਾਤਾਰ ਕਰ ਰਹੇ ਹਨ।
ਪਿਛਲੇ ਸਮੇਂ ਦੌਰਾਨ ਹੋਏ ਕੰਮਕਾਜ ਤੋਂ ਅਸੰਤੁਸ਼ਟ ਲੱਗ ਰਹੇ ਲੋਕਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਸਾਨੀ ਦੀਆਂ ਸਮੱਸਿਆਵਾਂ, ਨਸ਼ੇ ਦਾ ਬੇਰੋਕ ਸਿਲਸਿਲਾ ਅਤੇ ਅਮਨ ਕਾਨੂੰਨ ਦੀ ਸਥਿਤੀ ਵਰਗੇ ਮੁੱਦਿਆਂ ਨੂੰ ਮਹਿਸੂਸ ਕੀਤਾ ਅਤੇ ਲੋਕਾਂ ਦੇ ਨਾਲ ਇਨਾਂ ਮੁੱਦਿਆਂ ਦੇ ਹੱਲ ਉੱਤੇ ਵੀ ਚਰਚਾ ਕੀਤੀ। ਨੌਜਵਾਨ ਵਰਗ ਵੱਲੋਂ ਬੇਰੁਜ਼ਗਾਰੀ ਦਾ ਸਾਹਮਣਾ ਕਰਨ ਨੂੰ ਵੀ ਉਨਾਂ ਇੱਕ ਵੱਡਾ ਮਸਲਾ ਕਰਾਰ ਦਿੱਤਾ, ਜਿਸ ਦਾ ਫੌਰੀ ਹੱਲ ਹੋਣਾ ਬੇਹੱਦ ਜ਼ਰੂਰੀ ਹੈ। ਸ. ਤਰਨਜੀਤ ਸਿੰਘ ਸੰਧੂ ਨੇ ਇਸ ਗੱਲ ਉੱਤੇ ਵੀ ਖਾਸ ਜ਼ੋਰ ਦਿੱਤਾ ਕਿ ਜਿਸ ਕਿਸਮ ਦੀ ਤਰੱਕੀ ਅਤੇ ਕੰਮਕਾਜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਲਾਗੂ ਕੀਤਾ ਹੈ, ਠੀਕ ਉਸੇ ਲੀਹ ਉੱਤੇ ਅੰਮਿ੍ਰਤਸਰ ਅਤੇ ਖਾਸ ਕਰ ਅਜਨਾਲੇ ਦਾ ਵਿਕਾਸ ਵੀ ਕੀਤਾ ਜਾਵੇਗਾ। ਕੰਡਿਆਲੀ ਤਾਰ ਦੇ ਆਸ ਪਾਸ ਖੇਤੀਬਾੜੀ ਕਰਨ ਦਾ ਮਸਲਾ ਅਤੇ ਸਰਹੱਦੀ ਖੇਤਰ ਦੇ ਕਿਸਾਨਾਂ ਦੀਆਂ ਹੋਰਨਾਂ ਪ੍ਰਮੁੱਖ ਸਮੱਸਿਆਵਾਂ ਨੂੰ ਵੀ ਸ. ਤਰਨਜੀਤ ਸਿੰਘ ਸੰਧੂ ਨੇ ਅੱਜ ਦੀ ਗੱਲਬਾਤ ਵਿੱਚ ਲਿਆਂਦਾ ਅਤੇ ਦੱਸਿਆ ਕਿ ਇਹੋ ਜਿਹੇ ਸਾਰੇ ਜ਼ਰੂਰੀ ਮੁੱਦਿਆਂ ਉੱਤੇ ਉਨ੍ਹਾਂ ਨੇ ਗੱਲ ਦਿੱਲੀ ਵਿੱਚ ਕੇਂਦਰ ਸਰਕਾਰ ਤੱਕ ਪਹੁੰਚਾਈ ਹੋਈ ਹੈ ਅਤੇ ਇਨਾਂ ਬਾਰੇ ਵੀ ਢੁੱਕਵੇਂ ਕਦਮ ਚੁੱਕੇ ਜਾਣਗੇ। ਸ. ਸੰਧੂ ਨੇ ਇਸ ਗੱਲ ਦਾ ਵੀ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਕਿ ਲੋਕਾਂ ਨਾਲ ਸੰਵਾਦ ਕਰਦੇ ਵੇਲੇ ਉਹ ਬੱਚਿਆਂ ਨੂੰ ਅਤੇ ਨੌਜਵਾਨਾਂ ਨੂੰ ਬੀ. ਐੱਸ. ਐੱਫ. ਅਤੇ ਫੌਜ ਵਿੱਚ ਭਰਤੀ ਕਰਵਾਉਣ ਲਈ ਵੀ ਉਤਸ਼ਾਹਿਤ ਕਰ ਰਹੇ ਹਨ।
ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਨੇੜਿਉਂ ਜਾਣਿਆ ਅਜਨਾਲਾ ਖੇਤਰ ਦਾ ਹਾਲ

Published: