ਅੰਮਿ੍ਰਤਸਰ/ਪੰਜਾਬ ਪੋਸਟ
ਲੋਕ ਸਭਾ ਚੋਣਾਂ 2024 ਲਈ ਗੁਰੂ ਕੀ ਨਗਰੀ ਸ੍ਰੀ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਕਾਫੀ ਸਰਗਰਮੀ ਨਾਲ ਅੱਗੇ ਤੁਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਹਲਕੇ ਦੇ ਭਾਜਪਾ ਆਗੂਆਂ ਅਤੇ ਆਮ ਲੋਕਾਂ ਨੂੰ ਨਾਲ ਲੈ ਕੇ ਤੁਰਨ ਵਿੱਚ ਵੀ ਕਾਮਯਾਬ ਹੋ ਰਹੇ ਹਨ। ਉਮੀਦਵਾਰ ਐਲਾਨੇ ਜਾਣ ਦੇ ਸਮੇਂ ਤੋਂ ਹੀ ਓਹ ਚੋਣ ਮੁਹਿੰਮ ਦੇ ਹਰੇਕ ਦਿਨ ਲਗਾਤਾਰ ਆਪਣੇ ਹਲਕੇ ਵਿੱਚ ਵਿਚਰ ਰਹੇ ਹਨ ਅਤੇ ਲੋਕਾਂ ਦੇ ਨਾਲ ਮਿਲਦੇ ਹੋਏ ਉਨ੍ਹਾਂ ਦੇ ਇਲਾਕੇ ਦੀਆਂ ਗਲੀਆਂ ਮੁਹੱਲਿਆਂ ਤੱਕ ਦੀਆਂ ਸਮੱਸਿਆਵਾਂ ਨੂੰ ਜਾਣਨ ਲਈ ਉਪਰਾਲਾ ਕਰ ਰਹੇ ਹਨ। ਇਸੇ ਲੜੀ ਤਹਿਤ, ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਪਿੰਡ ਫਤਹਿਗੜ ਸ਼ੁਕਰਚੱਕ ਵਿਖੇ ਜਨ ਸਭਾ ਨੂੰ ਸੰਬੋਧਨ ਕੀਤਾ, ਜੋ ਆਪਣੇ ਆਪ ਹੀ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਦੇ ਇਸ ਭਰਵੇਂ ਇਕੱਠ ਅਤੇ ਸਦਭਾਵਨਾ ਦੇ ਮਾਹੌਲ ਤੋਂ ਓਹ ਕਾਫੀ ਪ੍ਰਭਾਵਿਤ ਹੋਏ ਹਨ। ਚੋਣ ਪ੍ਰਚਾਰ ਦੇ ਏਸ ਤਾਜ਼ਾ ਗੇੜ ਦੌਰਾਨ ਇਸ ਤੋਂ ਪਹਿਲਾਂ, ਉਨ੍ਹਾਂ ਪ੍ਰਵਾਸੀ ਭਾਈਚਾਰੇ ਦੇ ਪਿੰਡ ਪਤਾਲਪੁਰੀ ਦਾ ਵੀ ਦੌਰਾ ਕੀਤਾ ਸੀ, ਜਿੱਥੇ ਪਿੰਡ ਦਾ ਵੱਡਾ ਹਿੱਸਾ ਨਾ ਸਿਰਫ਼ ਗੰਦਗੀ ਦੇ ਢੇਰਾਂ ’ਤੇ ਹੈ, ਸਗੋਂ ਇਸ ਦੀਆਂ ਗਲੀਆਂ-ਨਾਲੀਆਂ ਵੀ ਪੱਕੀਆਂ ਨਹੀਂ ਹਨ। ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਨਾਂ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਲੋਕ ਵਿਕਾਸ ਦੀਆਂ ਗੱਲਾਂ ਤਾਂ ਬਹੁਤ ਕਰਦੇ ਹਨ, ਪਰ ਅਸਲੀਅਤ ਕੱੁਝ ਹੋਰ ਹੀ ਹੈ ਅਤੇ ਇਹ ਅਸਲੀਅਤ ਪਿੰਡ ਪਤਾਲਪੁਰੀ ’ਚ ਆ ਕੇ ਵੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਪਿੰਡਾਂ ਦਾ ਸ਼ਹਿਰਾਂ ਦੀ ਤਰਜ਼ ’ਤੇ ਵਿਕਾਸ ਕੀਤਾ ਜਾਵੇਗਾ।
ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਸੰਧੂ ਸਮੁੰਦਰੀ ਨੇ ਅੰਮਿ੍ਰਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਅਤੇ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਉੱਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜਿਹੜੇ ਲੋਕ ਉਨਾਂ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਵਾਅਦਿਆਂ ਦਾ ਮਜ਼ਾਕ ਉਡਾ ਰਹੇ ਹਨ, ਉਨ੍ਹਾਂ ਕੋਲ ਦਰਅਸਲ ਬੋਲਣ ਲਈ ਕੱੁਝ ਨਹੀਂ ਹੈ ਅਤੇ ਨਾ ਹੀ ਅੰਮਿ੍ਰਤਸਰ ਦੇ ਵਿਕਾਸ ਨੂੰ ਲੈ ਕੇ ਉਨ੍ਹਾਂ ਕੋਲ ਕੋਈ ਠੋਸ ਪਲਾਨ ਹੈ।
ਤਮਾਮ ਸਿਆਸੀ ਵਰਤਾਰਿਆਂ ਦਰਮਿਆਨ, ਸ. ਤਰਨਜੀਤ ਸਿੰਘ ਸੰਧੂ ਨੇ ਇਸ ਗੱਲ ਦੀ ਖੁਸ਼ੀ ਜ਼ਰੂਰ ਜ਼ਾਹਰ ਕੀਤੀ ਹੈ ਕਿ ਉਨ੍ਹਾਂ ਵੱਲੋਂ ਅੰਮਿ੍ਰਤਸਰ ਦੇ ਵਿਕਾਸ ਅਤੇ ਰੋਜ਼ਗਾਰ ਲਈ ਤਿਆਰ ਕੀਤੇ ਪਲੈਨ ਬਾਰੇ ਦੱਸਣ ਤੋਂ ਬਾਅਦ ਹੁਣ ਸਾਰੇ ਸਿਆਸਤਦਾਨਾਂ ਨੇ ਵਿਕਾਸ ਦੀ ਗੱਲ ਕਰਨੀ ਸ਼ੁਰੂ ਕੀਤੀ ਹੈ। ਸੰਧੂ ਸਮੁੰਦਰੀ ਨੇ ਅੰਮਿ੍ਰਤਸਰ ਵਿੱਚ ਨਸ਼ਾ ਸਭ ਤੋਂ ਵੱਡਾ ਮੁੱਦਾ ਮੰਨਿਆ ਹੈ ਅਤੇ ਨਾਲ ਹੀ ਅਫਸੋਸ ਵੀ ਪ੍ਰਗਟਾਇਆ ਕਿ ਪਹਿਲੇ ਲੀਡਰਾਂ ਨੇ ਨਸ਼ੇ ਨੂੰ ਖਤਮ ਕਰਨ ਲਈ ਕੋਈ ਵੀ ਵੱਡਾ ਉਪਰਾਲਾ ਨਹੀਂ ਕੀਤਾ। ਨਸ਼ੇ ਦਾ ਜ਼ਿਕਰ ਕਰਦਿਆਂ ਸੰਧੂ ਨੇ ਕਿਹਾ ਕਿ ਅਟਾਰੀ ਹਲਕੇ ਵਿੱਚ ਚੋਣ ਪ੍ਰਚਾਰ ਕਰਦਿਆਂ ਇੱਕ ਮਹਿਲਾ ਨੇ ਦੱਸਿਆ ਸੀ ਕਿ ਨਸ਼ੇ ਕਰਕੇ ਉਨ੍ਹਾਂ ਦੇ ਪਰਿਵਾਰ ਦੇ ਅੱਠ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਕਈ ਵਾਰ ਲੋਕਾਂ ਦੀਆਂ ਗੱਲਾਂ ਸੁਣ ਕੇ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਫਿਰ ਸੋਚਣ ਤੇ ਮਜ਼ਬੂਰ ਹੋਣਾ ਪੈਂਦਾ ਹੈ ਕਿ ਸਾਡੇ ਸਿਆਸਤਦਾਨ ਅਖੀਰ ਹੁਣ ਤੱਕ ਕਰਦੇ ਕੀ ਰਹੇ ਹਨ? ਕਿਸਾਨਾਂ ਦੀ ਗੱਲ ਕਰਦੇ ਹੋਏ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਹੈ ਕਿ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਉਨਾਂ ਦਾ ਸਭ ਤੋਂ ਵੱਡਾ ਮਕਸਦ ਹੈ ਅਤੇ ਇਸ ਲਈ ਉਨ੍ਹਾਂ ਪੂਰੀ ਤਿਆਰੀ ਕੀਤੀ ਹੋਈ ਹੈ।
ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੰਮਿ੍ਰਤਸਰ ਦੇ ਬੁਨਿਆਦੀ ਮਸਲਿਆਂ ਤੱਕ ਬਣਾਈ ਡੂੰਘੀ ਪਹੁੰਚ

Published: