ਦੀਨਾ ਨਗਰ/ਪੰਜਾਬ ਪੋਸਟ
ਦੀਨਾ ਨਗਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ ਜਿੱਥੇ ਵੱਡਾ ਇਕੱਠ ਨਜ਼ਰ ਆਇਆ ਅਤੇ ਠਾਠਾਂ ਮਾਰਦੇ ਇਸ ਜਨ ਸੈਲਾਬ ਨੇ ਬੜੀ ਉਤਸ਼ਾਹ ਦੇ ਨਾਲ ਇਸ ਰੈਲੀ ਦੇ ਇਕੱਲੇ-ਇਕੱਲੇ ਲਫਜ਼ ਨੂੰ ਗ੍ਰਹਿਣ ਕੀਤਾ ਉੱਥੇ ਹੀ ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਵੀ ਇਸ ਮੌਕੇ ਮੰਚ ਤੋਂ ਦਲੀਲ ਸਹਿਤ ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖੀ। ਪੰਜਾਬ ਦੀ ਮੌਜੂਦਾ ਸਰਕਾਰ ਦੇ ਕੰਮ ਕਾਜ ਦਾ ਜ਼ਿਕਰ ਕਰਦਿਆਂ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਵਪਾਰੀ ਵਰਗ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ ਅਤੇ ਕਨੂੰਨ ਵਿਵਸਥਾ ਵੀ ਵਿਗੜੀ ਹੋਈ ਨਜ਼ਰ ਆਈ ਹੈ। ਸੰਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਇਹ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਦੇਸ਼ ਤਰੱਕੀ ਦੀਆਂ ਲੀਹਾਂ ਉੱਤੇ ਤੁਰਿਆ ਹੈ ਅਤੇ ਇਸੇ ਕਰਕੇ ਵਿਦੇਸ਼ਾਂ ਤੋਂ ਉੱਘੀਆਂ ਕੰਪਨੀਆਂ ਭਾਰਤ ਵਿੱਚ ਨਾ ਸਿਰਫ ਪੂੰਜੀ ਨਿਵੇਸ਼ ਕਰ ਰਹੀਆਂ ਹਨ ਬਲਕਿ ਆਪਣੀਆਂ ਫੈਕਟਰੀਆਂ ਵੀ ਇੱਥੇ ਸਥਾਪਿਤ ਕਰਨ ਲਈ ਪੱਬਾਂ ਭਾਰ ਹਨ।
ਦੁਨੀਆਂ ਦੇ ਸਿਰਕੱਢ ਦੇਸ਼ ਅਮਰੀਕਾ ਦਾ ਖਾਸ ਤੌਰ ’ਤੇ ਜ਼ਿਕਰ ਕਰਦੇ ਹੋਏ ਉਨਾਂ ਦੱਸਿਆ ਕਿ ਅਮਰੀਕਾ ਦੀਆਂ ਕਈ ਪੇਸ਼ੇਵਰ ਕੰਪਨੀਆਂ ਹੁਣ ਭਾਰਤ ਨੂੰ ਇੱਕ ਵਧੀਆ ਅਤੇ ਸਾਜ਼ਗਾਰ ਮਾਹੌਲ ਵਾਲਾ ਖਿੱਤਾ ਵੇਖਦੇ ਹੋਏ ਇੱਥੇ ਨਿਵੇਸ਼ ਕਰ ਰਹੀਆਂ ਹਨ। ਦੱਖਣੀ ਭਾਰਤੀ ਦੇ ਚੇਨਈ ਵਿਖੇ ਜਲਦੀ ਹੀ ਲੱਗਣ ਜਾ ਰਹੇ ਦੁਨੀਆਂ ਦੇ ਸਭ ਤੋਂ ਵੱਡੇ ਸੋਲਰ ਪਲਾਂਟ ਦਾ ਵੀ ਉਨ੍ਹਾਂ ਇਸ ਬੰਨੇ ਇੱਕ ਪ੍ਰਮੁੱਖ ਮਿਸਾਲ ਵਜੋਂ ਜ਼ਿਕਰ ਕੀਤਾ। ਇਸ ਤੋਂ ਇਲਾਵਾ ਕਈ ਹੋਰ ਪ੍ਰਮੁੱਖ ਫੈਕਟਰੀਆਂ ਗੁਜਰਾਤ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਲੱਗਣ ਦੀ ਵੀ ਉਨਾਂ ਮਿਸਾਲ ਦਿੱਤੀ, ਪਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਇਸ ਦਿਸ਼ਾ ਵਿੱਚ ਪੰਜਾਬ ਇਸ ਲਈ ਪੱਛੜ ਰਿਹਾ ਹੈ ਕਿਉਂਕਿ ਇੱਥੋਂ ਦੇ ਚੁਣੇ ਹੋਏ ਆਗੂਆਂ ਨੇ ਇਸ ਬੰਨੇ ਬਿਲਕੁਲ ਧਿਆਨ ਨਹੀਂ ਦਿੱਤਾ। ਪੰਜਾਬ ਅੰਦਰ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਨਸ਼ਾ ਖਤਮ ਕਰਨ ਸਬੰਧੀ ਕੀਤੇ ਗਏ ਵੱਡੇ-ਵੱਡੇ ਦਾਅਵਿਆਂ ਉੱਤੇ ਬਿਲਕੁਲ ਵੀ ਕੰਮ ਨਾ ਕੀਤੇ ਜਾਣ ਨੂੰ ਲੈ ਕੇ ਵੀ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਹੁਣ ਤੱਕ ਸਿਆਸੀ ਆਗੂ ਲੋਕਾਂ ਨੂੰ ਸਿਰਫ ਲਾਰੇ ਹੀ ਲਾਉਂਦੇ ਰਹੇ ਹਨ। ਪਿਛਲੇ ਸਮੇਂ ਦੌਰਾਨ ਪੰਜਾਬ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਦਾ ਜ਼ਿਕਰ ਕਰਨ ਉਪਰੰਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਤਕੀਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣ ਅਤੇ ਸੁਚੱਜੀ ਨੁਮਾਇੰਦਗੀ ਦਾ ਫਰਕ ਵੇਖਣ।
ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਦੱਸਿਆ ਕਿਵੇਂ ਭਾਰਤ ਆਉਂਦੀਆਂ ਹਨ ਵਿਦੇਸ਼ੀ ਕੰਪਨੀਆਂ
Published: