‘ਇਹ ਨਾ ਕਹੋ ਕਿ ਇੱਕ ਲੱਖ ਹਿੰਦੂ ਤੇ ਇੱਕ ਲੱਖ ਮੁਸਲਮਾਨ ਮਰੇ ਨੇ ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਨੇ।…ਤੇ ਇਹ ਏਡੀ ਵੱਡੀ ਟ੍ਰੇਜ਼ਡੀ ਨਹੀਂ ਕਿ ਦੋ ਲੱਖ ਇਨਸਾਨ ਮਰੇ ਨੇ; ਟ੍ਰੇਜ਼ਡੀ ਤਾਂ ਅਸਲ ਵਿੱਚ ਇਹ ਹੈ ਕਿ ਮਾਰਨ ਤੇ ਮਰਨ ਵਾਲੇ ਕਿਸੇ ਵੀ ਖਾਤੇ ਵਿੱਚ ਨਹੀਂ ਗਏ। ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਇਹ ਸਮਝਿਆ ਹੋਏਗਾ ਕਿ ਹਿੰਦੂ ਧਰਮ ਮਰ ਗਿਆ ਹੈ, ਪਰ ਉਹ ਜਿਉਂਦਾ ਹੈ ਤੇ ਜਿਉਂਦਾ ਰਹੇਗਾ। ਇੰਝ ਹੀ ਲੱਖ ਮੁਸਲਮਾਨਾਂ ਨੂੰ ਕਤਲ ਕਰਕੇ ਹਿੰਦੂਆਂ ਨੇ ਕੱਛਾਂ ਵਜਾਈਆਂ ਹੋਣਗੀਆਂ ਕਿ ਇਸਲਾਮ ਖ਼ਤਮ ਹੋ ਗਿਆ ਹੈ, ਪਰ ਹਕੀਕਤ ਤੁਹਾਡੇ ਸਾਹਮਣੇ ਹੈ ਕਿ ਇਸਲਾਮ ਉਪਰ ਇੱਕ ਹਲਕੀ-ਜਿਹੀ ਖਰੋਂਚ ਵੀ ਨਹੀਂ ਆਈ। ਉਹ ਲੋਕ ਬੇਵਕੂਫ਼ ਨੇ ਜਿਹੜੇ ਸਮਝਦੇ ਨੇ ਕਿ ਕਿਸੇ ਧਰਮ ਜਾਂ ਮਜ਼ਹਬ ਦਾ ਸ਼ਿਕਾਰ ਕੀਤਾ ਜਾ ਸਕਦਾ ਏ। ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ…ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿੱਚ ਨਹੀਂ, ਰੂਹ ਵਿੱਚ ਹੁੰਦਾ ਏ…ਸੋ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਝ ਫਨਾਹ/ਨਸ਼ਟ ਹੋ ਸਕਦਾ ਏ?’’
ਮੁਮਤਾਜ਼ ਉਸ ਦਿਨ ਖਾਸਾ ਭਖਿਆ ਹੋਇਆ ਸੀ। ਅਸੀਂ ਸਿਰਫ ਤਿੰਨ ਸਾਂ, ਜਿਹੜੇ ਉਸ ਨੂੰ ਜਹਾਜ਼ ਚੜਾਉਣ ਆਏ ਸਾਂ। ਉਹ ਅਣਮਿੱਥੇ ਸਮੇਂ ਲਈ ਸਾਥੋਂ ਵਿੱਛੜ ਕੇ ਪਾਕਿਸਤਾਨ ਜਾ ਰਿਹਾ ਸੀ, ਜਿਸ ਦੇ ਹੋਂਦ ਵਿੱਚ ਆਉਣ ਬਾਰੇ ਅਸੀਂ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ।
ਅਸੀਂ ਤਿੰਨੇ ਹਿੰਦੂ ਸਾਂ। ਪੱਛਮੀ ਪੰਜਾਬ ਵਿੱਚ ਸਾਡੇ ਰਿਸ਼ਤੇਦਾਰਾਂ ਦਾ ਬੜਾ ਮਾਲੀ ਤੇ ਜਾਨੀ ਨੁਕਸਾਨ ਹੋਇਆ ਸੀ। ਜੁਗਲ ਨੂੰ ਲਾਹੌਰ ਤੋਂ ਖ਼ਤ ਆਇਆ ਸੀ ਕਿ ‘ਫਸਾਦਾਂ ਵਿੱਚ ਉਸ ਦਾ ਚਾਚਾ ਮਾਰਿਆ ਗਿਆ ਹੈ।’ ਉਸ ਨੂੰ ਬੜਾ ਦੁੱਖ ਹੋਇਆ ਸੀ ਤੇ ਇੱਕ ਦਿਨ ਇਸੇ ਦੁੱਖ ਦੇ ਸਦਮੇਂ ਅਧੀਨ, ਗੱਲਾਂ ਗੱਲਾਂ ਵਿੱਚ ਹੀ, ਉਸ ਨੇ ਮੁਮਤਾਜ਼ ਨੂੰ ਕਿਹਾ ਸੀ, ‘‘ਮੈਂ ਸੋਚ ਰਿਹਾਂ, ਜੇ ਕਦੀ ਸਾਡੇ ਮੁਹੱਲੇ ਵਿੱਚ ਫਸਾਦ ਸ਼ੁਰੂ ਹੋ ਪੈਣ ਤਾਂ ਮੈਂ ਕੀ ਕਰਾਂਗਾ?’’
ਮੁਮਤਾਜ਼ ਨੇ ਪੁੱਛਿਆ, ‘‘ਕੀ ਕਰੇਂਗਾ…?’’
ਜੁਗਲ ਨੇ ਬੜੀ ਸੰਜੀਦਗੀ ਨਾਲ ਉੱਤਰ ਦਿੱਤਾ, ‘‘ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ!’’
ਇਹ ਸੁਣ ਕੇ ਮੁਮਤਾਜ਼ ਬਿਲਕੁਲ ਚੁੱਪ ਹੋ ਗਿਆ ਸੀ ਤੇ ਉਸ ਦੀ ਇਹ ਚੁੱਪੀ ਲਗਭਗ ਅੱਠ ਦਿਨ ਜਾਰੀ ਰਹੀ ਸੀ…ਤੇ ਅਚਾਨਕ ਉਦੋਂ ਟੁੱਟੀ ਸੀ ਜਦੋਂ ਉਸ ਨੇ ਸਾਨੂੰ ਇਹ ਦੱਸਿਆ ਸੀ ਕਿ ‘ਉਹ ਪੌਂਣੇ ਚਾਰ ਵਜੇ ਵਾਲੇ ਸਮੁੰਦਰੀ ਜਹਾਜ਼ ਰਾਹੀਂ ਕਰਾਚੀ ਜਾ ਰਿਹਾ ਹੈ।’
ਸਾਡੇ ਤਿੰਨਾਂ ਵਿੱਚੋਂ ਕਿਸੇ ਨੇ ਵੀ ਉਸ ਦੇ ਇਸ ਅਚਾਨਕ ਫੈਸਲੇ ਬਾਰੇ ਕੋਈ ਗੱਲ ਨਹੀਂ ਕੀਤੀ। ਜੁਗਲ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮੁਮਤਾਜ਼ ਦੇ ਜਾਣ ਦਾ ਮੁੱਖ ਕਾਰਣ ਉਸ ਦਾ ਉਹ ਵਾਕ ਸੀ, ‘ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।’ ਸ਼ਾਇਦ ਉਹ ਹੁਣ ਤੱਕ ਇਹੀ ਸੋਚ ਰਿਹਾ ਸੀ ਕਿ ਕੀ ਉਹ ਉਤੇਜਤ ਹੋ ਕੇ ਮੁਮਤਾਜ਼ ਨੂੰ ਮਾਰ ਸਕਦਾ ਹੈ ਜਾਂ ਨਹੀਂ?…ਉਸ ਮੁਮਤਾਜ਼ ਨੂੰ, ਜਿਹੜਾ ਉਸ ਦਾ ਜਿਗਰੀ ਯਾਰ ਸੀ। ਇਹੀ ਕਾਰਣ ਹੈ ਕਿ ਉਹ ਸਾਡੇ ਤਿੰਨਾਂ ਵਿੱਚੋਂ ਸਭ ਤੋਂ ਵੱਧ ਦੁੱਖੀ ਤੇ ਚੁੱਪ-ਚੁੱਪ ਨਜ਼ਰ ਆ ਰਿਹਾ ਸੀ, ਪਰ ਅਜੀਬ ਗੱਲ ਇਹ ਹੋਈ ਸੀ ਕਿ ਰਵਾਨਗੀ ਤੋਂ ਕੁਝ ਘੰਟੇ ਪਹਿਲਾਂ ਮੁਮਤਾਜ਼ ਕੁਝ ਵਧੇਰੇ ਹੀ ਗਾਲੜੀ ਹੋ ਗਿਆ ਸੀ।
ਸਵੇਰੇ ਉੱਠਦਿਆਂ ਹੀ ਉਸ ਨੇ ਪੀਣੀ ਸ਼ੁਰੂ ਕਰ ਦਿੱਤੀ ਸੀ। ਸਾਮਾਨ ਵਗ਼ੈਰਾ ਕੁਝ ਇਸ ਤਰਾਂ ਬੰਨਿਆਂ-ਬੰਨਵਾਇਆ ਸੀ ਜਿਵੇਂ ਕਿਤੇ ਸੈਰ-ਸਪਾਟੇ ਲਈ ਜਾ ਰਿਹਾ ਹੋਵੇ। ਆਪ ਹੀ ਗੱਲ ਕਰਦਾ ਸੀ, ਤੇ ਆਪੁ ਹੀ ਹੱਸ ਪੈਂਦਾ ਸੀ…ਜੇ ਕੋਈ ਹੋਰ ਦੇਖਦਾ ਤਾਂ ਸਮਝਦਾ ਕਿ ਉਸ ਬੰਬਈ ਛੱਡਣ ਸਮੇਂ ਅੰਤਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਹੈ, ਪਰ ਅਸੀਂ ਤਿੰਨੇ ਚੰਗੀ ਤਰਾਂ ਜਾਣਦੇ ਸਾਂ ਕਿ ਉਹ ਸਿਰਫ ਆਪਣੇ ਜਜ਼ਬਾਤ ਛਿਪਾਉਣ ਖਾਤਰ…ਤੇ ਸਾਨੂੰ ਤੇ ਆਪਣੇ ਆਪ ਨੂੰ ਧੋਖਾ ਦੇਣ ਖਾਤਰ ਹੀ ਇੰਝ ਕਰ ਰਿਹਾ ਹੈ।
ਮੈਂ ਬਹੁਤ ਚਾਹਿਆ ਕਿ ਉਸ ਨਾਲ ਇਸ ਅਚਾਨਕ ਰਵਾਨਗੀ ਦੇ ਸਬੱਬ ਬਾਰੇ ਗੱਲ ਬਾਤ ਕਰਾਂ ਤੇ ਇਸ਼ਾਰੇ ਨਾਲ ਜੁਗਲ ਨੂੰ ਵੀ ਕਿਹਾ ਕਿ ਉਹ ਗੱਲ ਛੇੜੇ, ਪਰ ਮੁਮਤਾਜ਼ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ।
ਜੁਗਲ ਤਿੰਨ ਚਾਰ ਪੈੱਗ ਪੀ ਕੇ ਹੋਰ ਵੀ ਚੁੱਪ ਹੋ ਗਿਆ ਤੇ ਦੂਜੇ ਕਮਰੇ ਵਿੱਚ ਜਾ ਕੇ ਪੈ ਗਿਆ। ਮੈਂ ਤੇ ਬਿ੍ਰਜਮੋਹਨ ਉਸ ਦੇ ਨਾਲ ਰਹੇ। ਉਸ ਨੇ ਕਈ ਜਣਿਆਂ ਦਾ ਭੁਗਤਾਨ ਕਰਨਾ ਸੀ। ਡਾਕਟਰ ਦੀਆਂ ਫੀਸਾਂ ਦੇਣੀਆਂ ਸਨ, ਧੋਬੀ ਤੋਂ ਕੱਪੜੇ ਲੈਣੇ ਸਨ।…ਤੇ ਇਹ ਸਾਰੇ ਕੰਮ ਉਸ ਨੇ ਹੱਸਦਿਆਂ-ਖੇਡਦਿਆਂ ਨਬੇੜ ਲਏ, ਪਰ ਜਦੋਂ ਨਾਕੇ ਦੇ ਹੋਟਲ ਦੇ ਨਾਲ ਵਾਲੇ ਤੋਂ ਇੱਕ ਪਾਨ ਲਿਆ ਤਾਂ ਉਸ ਦੀਆਂ ਅੱਖਾਂ ਸਿੱਜਲ ਹੋ ਗਈਆਂ।
ਬਿ੍ਰਜਮੋਨ ਦੇ ਮੋਢੇ ਉੱਤੇ ਹੱਥ ਰੱਖ ਕੇ, ਉੱਥੋਂ ਤੁਰਨ ਲੱਗਿਆਂ, ਉਸ ਨੇ ਧੀਮੀ ਆਵਾਜ਼ ਵਿੱਚ ਕਿਹਾ, ‘‘ਯਾਦ ਏ ਬਿ੍ਰਜ ਅੱਜ ਤੋਂ ਦਸ ਸਾਲ ਪਹਿਲਾਂ ਜਦੋਂ ਆਪਣੀ ਹਾਲਤ ਕਾਫੀ ਪਤਲੀ ਹੁੰਦੀ ਸੀ, ਗੋਬਿੰਦ ਨੇ ਆਪਾਂ ਨੂੰ ਇੱਕ ਰੁਪਈਆ ਉਧਾਰ ਦਿੱਤਾ ਸੀ।’’
ਰਸਤੇ ਵਿੱਚ ਮੁਮਤਾਜ਼ ਚੁੱਪ ਰਿਹਾ, ਪਰ ਘਰ ਪਹੁੰਚਦਿਆਂ ਹੀ ਉਸ ਨੇ ਗੱਲਾਂ ਦਾ ਨਾ ਖ਼ਤਮ ਹੋਣ ਵਾਲਾ ਸਿਲਸਿਲਾ ਸ਼ੁਰੂ ਕਰ ਦਿੱਤਾ, ਅਜਿਹੀਆਂ ਗੱਲਾਂ ਜਿਹਨਾਂ ਦਾ ਨਾ ਕੋਈ ਸਿਰ ਸੀ, ਨਾ ਪੈਰ ਪਰ ਉਹ ਕੁਝ ਅਜਿਹੀਆਂ ਅਪਣੱਤ ਭਰੀਆਂ ਗੱਲਾਂ ਕਰ ਰਿਹਾ ਸੀ ਕਿ ਮੈਂ ਤੇ ਬਿ੍ਰਜਮੋਹਨ ਬਰਾਬਰ ਉਹਨਾਂ ਵਿੱਚ ਹਿੱਸਾ ਲੈਂਦੇ ਰਹੇ ਸਾਂ। ਜਦੋਂ ਰਵਾਨਗੀ ਦਾ ਸਮਾਂ ਨੇੜੇ ਆਇਆ ਤਾਂ ਜੁਗਲ ਵੀ ਸਾਡੇ ਵਿੱਚ ਸ਼ਾਮਲ ਹੋ ਗਿਆ..ਤੇ ਜਦੋਂ ਟੈਕਸੀ ਬੰਦਰਗਾਹ ਵੱਲ ਤੁਰ ਚੱਲੀ ਤਾਂ ਸਾਰੇ ਖਾਮੋਸ਼ ਹੋ ਗਏ।
ਮੁਮਤਾਜ਼ ਦੀਆਂ ਨਜ਼ਰਾਂ ਬੰਬਈ ਦੇ ਵਿਸ਼ਾਲ ਬਾਜ਼ਾਰਾਂ ਨੂੰ ਅਲਵਿਦਾ ਕਹਿੰਦੀਆਂ ਰਹੀਆਂ। ਇੱਥੋਂ ਤੱਕ ਕਿ ਟੈਕਸੀ ਆਪਣੀ ਮੰਜ਼ਿਲ ਉੱਤੇ ਪਹੁੰਚ ਗਈ।
ਉੱਥੇ ਬੜੀ ਭੀੜ ਸੀ। ਹਜ਼ਾਰਾਂ ਰਫ਼ੂਜ਼ੀ ਜਾ ਰਹੇ ਸਨ। ਖੁਸ਼ਹਾਲ ਬੜੇ ਘੱਟ ਤੇ ਬਦਹਾਲ ਬੜੇ ਜ਼ਿਆਦਾ। ਅੰਤਾਂ ਦੀ ਭੀੜ ਸੀ, ਪਰ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਇਕੱਲਾ ਮੁਮਤਾਜ਼ ਹੀ ਜਾ ਰਿਹਾ ਹੈ। ਸਾਨੂੰ ਛੱਡ ਕੇ ਕਿਸੇ ਅਜਿਹੀ ਥਾਂ ਜਾ ਰਿਹਾ ਹੈ, ਜਿਹੜੀ ਉਸ ਦੀ ਦੇਖੀ-ਭਾਲੀ ਹੋਈ ਨਹੀਂ, ਤੇ ਜਿਹੜੀ ਜਾਣ-ਪਛਾਣ ਹੋ ਜਾਣ ਪਿੱਛੋਂ ਵੀ ਉਸ ਲਈ ਓਪਰੀ ਹੀ ਰਹੇਗੀ…ਪਰ ਇਹ ਮੇਰਾ ਆਪਣਾ ਖ਼ਿਆਲ ਸੀ। ਮੈਂ ਨਹੀਂ ਕਹਿ ਸਕਦਾ ਕਿ ਮੁਮਤਾਜ਼ ਕੀ ਸੋਚ ਰਿਹਾ ਹੈ।
ਜਦੋਂ ਕੈਬਿਨ ਵਿੱਚ ਸਾਰਾ ਸਾਮਾਨ ਚਲਾ ਗਿਆ ਤਾਂ ਮੁਮਤਾਜ਼ ਸਾਨੂੰ ਅਰਸ਼ੇ (ਡੈਕ) ’ਤੇ ਲੈ ਗਿਆ। ਉਧਰ ਜਿਧਰ ਆਸਮਾਨ ਤੇ ਸਮੁੰਦਰ ਆਪਸ ਵਿੱਚ ਮਿਲ ਰਹੇ ਸਨ, ਮੁਮਤਾਜ਼ ਖਾਸੀ ਦੇਰ ਤੱਕ ਉੱਧਰ ਦੇਖਦਾ ਰਿਹਾ। ਫੇਰ ਉਸ ਨੇ ਜੁਗਲ ਦਾ ਹੱਥ ਆਪਣੇ ਹੱਥ ਵਿੱਚ ਫੜ ਕੇ ਕਿਹਾ, ‘‘ਇਹ ਸਿਰਫ ਨਜ਼ਰ ਦਾ ਧੋਖਾ ਏ…ਆਸਮਾਨ ਤੇ ਸਮੁੰਦਰ ਦਾ ਆਪਸ ਵਿੱਚ ਮਿਲਣਾ। ਪਰ ਇਹ ਨਜ਼ਰ ਦਾ ਧੋਖਾ, ਇਹ ਮਿਲਾਪ, ਵੀ ਕਿੰਨਾ ਦਿਲਕਸ਼ ਹੈ।’’
ਜੁਗਲ ਚੁੱਪ ਰਿਹਾ। ਸ਼ਾਇਦ ਇਸ ਸਮੇਂ ਵੀ ਉਸ ਦੇ ਦਿਲ ਦਿਮਾਗ਼ ਵਿੱਚ ਉਸ ਦੀ ਆਖੀ ਹੋਈ ਗੱਲ ਚੁੱਭ ਰਹੀ ਸੀ। ‘‘ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ।’’
ਮੁਮਤਾਜ਼ ਨੇ ਜਹਾਜ਼ ਦੇ ਬਾਰ ਵਿੱਚੋਂ ਬਰਾਂਡੀ ਮੰਗਵਾਈ, ਕਿਉਂਕਿ ਉਹ ਸਵੇਰ ਦਾ ਇਹੀ ਪੀ ਰਿਹਾ ਸੀ। ਅਸੀਂ ਚਾਰੇ ਗ਼ਲਾਸ ਹੱਥਾਂ ਵਿੱਚ ਫੜੀ ਜੰਗਲੇ ਕੋਲ ਖੜੇ ਸਾਂ। ਰਫ਼ੂਜ਼ੀ ਧੜਾਧੜ ਜਹਾਜ਼ ਵਿੱਚ ਸਵਾਰ ਹੋ ਰਹੇ ਸਨ ਤੇ ਲਗਭਗ ਸ਼ਾਂਤ ਸਮੁੰਦਰ ਉੱਤੇ ਜਲ-ਪੰਛੀ ਉਡਾਰੀਆਂ ਮਾਰ ਰਹੇ ਸਨ।
ਜੁਗਲ ਨੇ ਅਚਾਨਕ ਇੱਕੋ ਘੁੱਟ ਵਿੱਚ ਆਪਣਾ ਗ਼ਲਾਸ ਖਾਲੀ ਕਰ ਦਿੱਤਾ ਤੇ ਬੜੀ ਹੀ ਥਿੜਕਦੀ ਜਿਹੀ ਆਵਾਜ਼ ਵਿੱਚ ਮੁਮਤਾਜ਼ ਨੂੰ ਕਿਹਾ, ‘‘ਮੈਨੂੰ ਮੁਆਫ਼ ਕਰ ਦੇਈਂ ਮੁਮਤਾਜ਼, ਮੇਰਾ ਖ਼ਿਆਲ ਏ ਮੈਂ ਉਸ ਦਿਨ ਤੈਨੂੰ ਦੁੱਖ ਪਹੁੰਚਾਇਆ ਸੀ।’’
ਮੁਮਤਾਜ਼ ਨੇ ਕੁਝ ਚਿਰ ਚੁੱਪ ਰਹਿ ਕੇ ਜੁਗਲ ਨੂੰ ਸਵਾਲ ਕੀਤਾ, ‘‘ਜਦ ਤੂੰ ਕਿਹਾ ਸੀ ‘ਸੋਚ ਰਿਹਾਂ, ਹੋ ਸਕਦਾ ਏ ਮੈਂ ਤੈਨੂੰ ਮਾਰ ਦਿਆਂ’…ਕੀ ਵਾਕਈ ਉਦੋਂ ਤੂੰ ਇਹੀ ਸੋਚ ਰਿਹਾ ਸੈਂ…ਦਿਲੋਂ, ਇਮਾਨਦਾਰੀ ਨਾਲ, ਦੱਸੀਂ ਕੀ ਇਸੇ ਨਤੀਜੇ ’ਤੇ ਪਹੁੰਚਿਆ ਸੈਂ ਤੂੰ?’’
ਜੁਗਲ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ, ‘‘ਪਰ ਮੈਨੂੰ ਅਫ਼ਸੋਸ ਏ!’’
‘‘ਤੂੰ ਮੈਨੂੰ ਮਾਰ ਦਿੰਦਾ ਤਾਂ ਤੈਨੂੰ ਇਸ ਤੋਂ ਵੀ ਵੱਧ ਅਫ਼ਸੋਸ ਹੋਣਾ ਸੀ,’’ ਮੁਮਤਾਜ਼ ਨੇ ਕਿਸੇ ਦਾਰਸ਼ਨਿਕ ਵਾਂਗ ਕਿਹਾ, ‘‘ਉਸ ਮਨੋਦਸ਼ਾ ਤੋਂ ਬਾਅਦ ਜਦ ਤੂੰ ਗੌਰ ਕਰਦਾ ਕਿ ਤੂੰ ਮੁਮਤਾਜ਼ ਨੂੰ…ਇੱਕ ਮੁਸਲਮਾਨ ਨੂੰ ਜਾਂ ਇੱਕ ਦੋਸਤ ਨੂੰ ਨਹੀਂ, ਬਲਕਿ ਇੱਕ ਇਨਸਾਨ ਨੂੰ ਮਾਰਿਆ ਏ…ਜੇ ਉਹ ਹਰਾਮਜਾਦਾ ਸੀ ਤਾਂ ਤੂੰ ਉਸ ਦੀ ਹਰਾਮਜਾਦਗੀ ਨੂੰ ਨਹੀਂ, ਬਲਕਿ ਖ਼ੁਦ ਉਸ ਨੂੰ ਮਾਰ ਦਿੱਤਾ ਏ।…ਜੇ ਉਹ ਮੁਸਲਮਾਨ ਸੀ ਤਾਂ ਤੂੰ ਮੁਸਲਮਾਨੀਅਤ ਨੂੰ ਨਹੀਂ, ਉਸ ਦੀ ਹਸਤੀ ਨੂੰ ਖ਼ਤਮ ਕਰ ਦਿੱਤਾ ਏ।…ਜੇ ਉਸ ਦੀ ਲਾਸ਼ ਮੁਸਲਮਾਨਾਂ ਦੇ ਹੱਥ ਲੱਗ ਜਾਂਦੀ ਤਾਂ ਕਬਰਸਤਾਨ ਵਿੱਚ ਇੱਕ ਕਬਰ ਦਾ ਵਾਧਾ ਹੋ ਜਾਂਦਾ, ਪਰ ਦੁਨੀਆਂ ਵਿੱਚੋਂ ਇੱਕ ਇਨਸਾਨ ਘਟ ਜਾਂਦਾ।’’
ਕੁਝ ਚਿਰ ਚੁੱਪ ਰਹਿਣ ਪਿੱਛੋਂ ਤੇ ਕੁਝ ਸੋਚ ਕੇ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ‘‘ਹੋ ਸਕਦਾ ਹੈ, ਮੇਰੇ ਧਰਮ ਵਾਲੇ ਮੈਨੂੰ ਸ਼ਹੀਦ ਕਹਿੰਦੇ, ਪਰ ਖ਼ੁਦਾ ਦੀ ਸੌਂਹ ਜੇ ਸੰਭਵ ਹੁੰਦਾ ਤਾਂ ਮੈਂ ਕਬਰ ਪਾੜ ਕੇ ਚੀਕਣਾ-ਕੂਕਣਾ ਸ਼ੁਰੂ ਕਰ ਦੇਂਦਾ, ‘ਮੈਨੂੰ ਸ਼ਹੀਦ ਦੀ ਇਹ ਪਦਵੀ ਮੰਜ਼ੂਰ ਨਹੀਂ…ਮੈਨੂੰ ਇਹ ਡਿਗਰੀ ਨਹੀਂ ਚਾਹੀਦੀ, ਜਿਸ ਦਾ ਇਮਤਿਹਾਨ ਮੈਂ ਦਿੱਤਾ ਹੀ ਨਹੀਂ’…ਲਾਹੌਰ ਵਿੱਚ ਤੇਰੇ ਚਾਚੇ ਨੂੰ ਇੱਕ ਮੁਸਲਮਾਨ ਨੇ ਮਾਰ ਦਿੱਤਾ…ਤੂੰ ਇਹ ਖ਼ਬਰ ਬੰਬਈ ਵਿੱਚ ਸੁਣੀ ਤੇ ਮੈਨੂੰ ਕਤਲ ਕਰ ਦਿੱਤਾ…ਦੱਸ, ਤੂੰ ਤੇ ਮੈਂ ਕਿਸ ਤਮਗ਼ੇ ਦੇ ਹੱਕਦਾਰ ਹਾਂ?…ਤੇ ਲਾਹੌਰ ਵਿੱਚ ਤੇਰਾ ਚਾਚਾ ਤੇ ਕਾਤਲ ਕਿਸ ਖਿੱਲਤ ਦੇ ਹੱਕਦਾਰ ਨੇ? ਮਰਨ ਵਾਲੇ ਕੁੱਤੇ ਦੀ ਮੌਤ ਮਰੇ ਤੇ ਮਾਰਨ ਵਾਲਿਆਂ ਨੇ ਬੇਕਾਰ…ਬਿਲਕੁਲ ਬੇਕਾਰ, ਆਪਣੇ ਹੱਥ ਖ਼ੂਨ ਨਾਲ ਰੰਗੇ…’’
ਗੱਲਾਂ ਕਰਦਾ ਹੋਇਆ ਮੁਮਤਾਜ਼ ਖਾਸਾ ਭਾਵੁਕ ਹੋ ਗਿਆ ਸੀ ਪਰ ਉਸ ਭਾਵੁਕਤਾ ਵਿੱਚ ਮੋਹ ਬਰਾਬਰ ਦਾ ਸੀ। ਮੇਰੇ ਦਿਲ ਉੱਤੇ ਖਾਸ ਕਰਕੇ ਉਸ ਦੀ ਉਸ ਗੱਲ ਦਾ ਬੜਾ ਅਸਰ ਹੋਇਆ ਸੀ ਕਿ ‘ਮਜ਼ਹਬ, ਦੀਨ, ਈਮਾਨ, ਧਰਮ, ਯਕੀਨ, ਵਿਸ਼ਵਾਸ…ਇਹ ਜੋ ਕੁਝ ਵੀ ਹੈ, ਸਾਡੇ ਜਿਸਮ ਵਿੱਚ ਨਹੀਂ, ਰੂਹ ਵਿੱਚ ਹੁੰਦਾ ਏ…ਸੌ ਛੁਰੇ, ਚਾਕੂ ਜਾਂ ਗੋਲੀ ਨਾਲ ਕਿੰਜ ਫਨਾਹ ਹੋ ਸਕਦੈ?’
ਅਖ਼ੀਰ ਮੈਂ ਉਸ ਨੂੰ ਕਿਹਾ ਸੀ, ‘‘ਤੂੰ ਬਿਲਕੁਲ ਠੀਕ ਕਹਿ ਰਿਹਾ ਏਂ!’’
ਇਹ ਸੁਣ ਕੇ ਮੁਮਤਾਜ਼ ਨੇ ਆਪਣੇ ਵਿਚਾਰਾਂ ਨੂੰ ਟਟੋਲਿਆ ਤੇ ਕੁਝ ਬੇਚੈਨੀ ਨਾਲ ਕਿਹਾ, ‘‘ਨਹੀਂ, ਬਿਲਕੁਲ ਠੀਕ ਨਹੀਂ…ਮੇਰਾ ਮਤਲਬ ਏ ਕਿ ਜੇ ਇਹ ਸਭ ਕੁਝ ਠੀਕ ਏ ਤਾਂ ਸ਼ਾਇਦ ਜੋ ਕੁਝ ਮੈਂ ਕਹਿਣਾ ਚਾਹੁੰਦਾ ਹਾਂ, ਠੀਕ ਤਰੀਕੇ ਨਾਲ ਨਹੀਂ ਕਹਿ ਸਕਿਆ। ਮਜ਼ਹਬ ਤੋਂ ਮੇਰੀ ਮੁਰਾਦ ਇਹ ਮਜ਼ਹਬ ਨਹੀਂ, ਇਹ ਧਰਮ ਨਹੀਂ, ਜਿਸ ਵਿੱਚ ਅਸੀਂ ਲੋਕ ਨੜਿਨਵੇਂ ਪ੍ਰਤੀਸ਼ਤ ਖੁੱਭੇ ਹੋਏ ਹਾਂ…ਮੇਰਾ ਭਾਵ ਉਸ ਖਾਸ ਚੀਜ਼ ਤੋਂ ਹੈ, ਜੋ ਵੱਖਰੀ ਕਿਸਮ ਦੀ ਹੈਸੀਅਤ ਬਖ਼ਸ਼ਦੀ ਹੈ…ਉਹ ਚੀਜ਼ ਜਿਹੜੀ ਇਨਸਾਨ ਨੂੰ ਅਸਲੀ ਇਨਸਾਨ ਸਾਬਤ ਕਰਦੀ ਹੈ…ਪਰ ਉਹ ਸ਼ੈਅ ਹੈ ਕੀ?…ਅਫਸੋਸ ਹੈ ਕਿ ਮੈਂ ਉਸ ਨੂੰ ਹਥੇਲੀ ਉੱਪਰ ਰੱਖ ਕੇ ਨਹੀਂ ਵਿਖਾ ਸਕਦਾ।’’ ਇਹ ਕਹਿੰਦਿਆਂ ਹੋਇਆਂ ਅਚਾਨਕ ਉਸ ਦੀਆਂ ਅੱਖਾਂ ਵਿੱਚ ਇੱਕ ਚਮਕ ਜਿਹੀ ਆ ਗਈ ਤੇ ਉਸ ਨੇ ਜਿਵੇਂ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕੀਤਾ, ‘‘ਪਰ ਉਸ ਵਿੱਚ ਉਹ ਖਾਸ ਗੱਲ ਸੀ। ਕੱਟੜ ਹਿੰਦੂ ਸੀ…ਪੇਸ਼ਾ ਬੜਾ ਹੀ ਜਲੀਲ, ਪਰ ਇਸ ਦੇ ਬਾਵਜ਼ੂਦ ਉਸ ਦੀ ਰੂਹ ਕਿੰਨੀ ਰੌਸ਼ਨ ਸੀ!’’
ਮੈਂ ਪੁੱਛਿਆ, ‘‘ਕਿਸ ਦੀ?’’
‘‘ਇੱਕ ਭੜੂਏ ਦੀ!’’
ਅਸੀਂ ਤਿੰਨੇ ਹੈਰਾਨੀ ਨਾਲ ਤ੍ਰਭਕੇ, ਮੁਮਤਾਜ਼ ਦੀ ਆਵਾਜ਼ ਵਿੱਚ ਕੋਈ ਝਿਜਕ ਨਹੀਂ ਸੀ, ਸੋ ਮੈਂ ਪੁੱਛਿਆ, ‘‘ਭੜੂਏ ਦੀ…?’’
ਮੁਮਤਾਜ਼ ਨੇ ਹਾਂ ਵਿੱਚ ਸਿਰ ਹਿਲਾਇਆ, ‘‘ਮੈਂ ਆਪ ਹੈਰਾਨ ਹਾਂ ਕਿ ਉਹ ਕਿਹੋ-ਜਿਹਾ ਆਦਮੀ ਸੀ ਤੇ ਬਹੁਤੀ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਆਮ ਭਾਸ਼ਾ ਵਿੱਚ ਇੱਕ ਭੜੂਆ ਸੀ…ਔਰਤਾਂ ਦਾ ਦਲਾਲ…ਪਰ ਉਸ ਦੀ ਜ਼ਮੀਰ ਬੜੀ ਰੌਸ਼ਨ ਸੀ।’’
ਮੁਮਤਾਜ਼ ਕੁਝ ਚਿਰ ਲਈ ਰੁਕਿਆ, ਜਿਵੇਂ ਉਸ ਪੁਰਾਣੀ ਘਟਣਾ ਨੂੰ ਆਪਣੇ ਅੰਦਰੇ-ਅੰਦਰ ਦਹੁਰਾ ਰਿਹਾ ਹੋਵੇ…ਕੁਝ ਪਲ ਬਾਅਦ ਉਸ ਨੇ ਫੇਰ ਬੋਲਣਾ ਸ਼ੁਰੂ ਕੀਤਾ, ‘‘ਉਸ ਦਾ ਪੂਰਾ ਨਾਂ ਮੈਨੂੰ ਯਾਦ ਨਹੀਂ…ਕੁਝ ‘…ਸਹਾਏ’ ਸੀ। ਬਨਾਰਸ ਦਾ ਰਹਿਣ ਵਾਲਾ ਤੇ ਬੜਾ ਹੀ ਸਫਾਈ-ਪਸੰਦ ਸੀ। ਉਹ ਜਗਾ, ਜਿੱਥੇ ਉਹ ਰਹਿੰਦਾ ਸੀ, ਬੜੀ ਛੋਟੀ ਸੀ, ਪਰ ਉਸ ਨੇ ਬੜੇ ਸੁਚੱਜੇ ਢੰਗ ਨਾਲ ਉਸ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਪਰਦਾ-ਦਾਰੀ ਦਾ ਪੂਰਾ ਪ੍ਰਬੰਧ ਸੀ, ਮੰਜੇ ਤੇ ਪਲੰਘ ਨਹੀਂ ਸਨ…ਚਾਦਰਾਂ ਤੇ ਗਿਲਾਫ਼ ਹਮੇਸ਼ਾ ਚਮਕਦੇ ਰਹਿੰਦੇ। ਇੱਕ ਨੌਕਰ ਵੀ ਸੀ, ਪਰ ਸਫਾਈ ਉਹ ਖ਼ੁਦ ਆਪਣੇ ਹੱਥੀਂ ਕਰਦਾ ਸੀ। ਸਿਰਫ ਸਫਾਈ ਹੀ ਨਹੀਂ, ਹਰ ਕੰਮ…ਫਾਹਾ-ਵੱਢ ਕਦੀ ਨਹੀਂ ਸੀ ਕਰਦਾ। ਥੋਖਾ ਜਾਂ ਫਰੇਬ ਵੀ ਨਹੀਂ ਸੀ ਕਰਦਾ। ਰਾਤ ਬਹੁਤੀ ਹੋ ਗਈ ਹੁੰਦੀ ਤਾਂ ਆਸ ਪਾਸ ਦੇ ਇਲਾਕੇ ’ਚੋਂ ਪਾਣੀ ਰਲੀ ਸ਼ਰਾਬ ਮਿਲਦੀ, ਤੇ ਉਹ ਸਾਫ ਕਹਿ ਦਿੰਦਾ ਸੀ ਕਿ ਸਾਹਬ, ਆਪਣੇ ਪੈਸੇ ਬਰਬਾਦ ਨਾ ਕਰੋ…ਜੇ ਕਿਸੇ ਕੁੜੀ ਬਾਰੇ ਉਸ ਨੂੰ ਕੋਈ ਸ਼ੱਕ ਹੁੰਦਾ ਤਾਂ ਉਹ ਉਸ ਨੂੰ ਛਿਪਾਂਦਾ ਨਹੀਂ ਸੀ। ਹੋਰ ਤਾਂ ਹੋਰ…ਉਸ ਨੇ ਮੈਨੂੰ ਇਹ ਵੀ ਦੱਸ ਦਿੱਤਾ ਸੀ ਕਿ ਪਿਛਲੇ ਤੀਹ ਸਾਲਾਂ ਵਿੱਚ ਉਸ ਨੇ ਵੀਹ ਹਜ਼ਾਰ ਰੁਪਏ ਕਮਾਏ ਨੇ…ਹਰ ਦਸ ਵਿੱਚੋਂ ਢਾਈ ਕਮੀਸ਼ਨ ਦੇ ਲੈ ਕੇ…ਉਸ ਨੇ ਸਿਰਫ ਦਸ ਹਜ਼ਾਰ ਹੋਰ ਕਮਾਉਣੇ ਸੀ…ਪਤਾ ਨਹੀਂ, ਸਿਰਫ ਦਸ ਹਜ਼ਾਰ ਹੋਰ ਕਿਉਂ?…ਜ਼ਿਆਦਾ ਕਿਉਂ ਨਹੀਂ?…ਉਸ ਨੇ ਮੈਨੂੰ ਕਿਹਾ ਸੀ ਕਿ ਤੀਹ ਹਜ਼ਾਰ ਰੁਪਏ ਪੂਰੇ ਕਰਕੇ ਉਹ ਵਾਪਸ ਬਨਾਰਸ ਚਲਾ ਜਾਏਗਾ ਤੇ ਬਜਾਜੀ ਦੀ ਦੁਕਾਨ ਕਰ ਲਏਗਾ!…ਮੈਂ ਇਹ ਵੀ ਨਹੀਂ ਪੁੱਛਿਆ ਕਿ ਉਹ ਸਿਰਫ ਬਜਾਜੀ ਦੀ ਦੁਕਾਨ ਕਰਨ ਦਾ ਇੱਛੁਕ ਹੀ ਕਿਉਂ ਸੀ…?’’
ਮੈਂ ਇੱਥੋਂ ਤੱਕ ਸੁਣ ਚੁੱਕਿਆ ਤਾਂ ਮੇਰੇ ਮੂੰਹੋਂ ਨਿਕਲਿਆ, ‘‘ਅਜੀਬ ਆਦਮੀ ਸੀ।’’
ਮੁਮਤਾਜ਼ ਨੇ ਆਪਣੀ ਗੱਲ ਜਾਰੀ ਰੱਖੀ, ‘‘ਮੇਰਾ ਖ਼ਿਆਲ ਸੀ ਕਿ ਉਹ ਸਿਰ ਤੋਂ ਪੈਰਾਂ ਤੀਕ ਬਨਾਉਟੀ ਹੈ…ਇੱਕ ਵੱਡਾ ਫਰਾਡ…ਕੌਣ ਯਕੀਨ ਕਰ ਸਕਦਾ ਹੈ ਕਿ ਉਹ ਉਹਨਾਂ ਸਾਰੀਆਂ ਕੁੜੀਆਂ ਨੂੰ, ਜਿਹੜੀਆਂ ਉਸ ਦੇ ਧੰਦੇ ਵਿੱਚ ਸ਼ਾਮਲ ਨੇ, ਆਪਣੀਆਂ ਧੀਆਂ ਸਮਝਦਾ ਸੀ। ਇਹ ਗੱਲ ਵੀ ਉਸ ਸਮੇਂ ਮੈਨੂੰ ਹਜ਼ਮ ਨਹੀਂ ਸੀ ਆਈ ਕਿ ਉਸ ਨੇ ਹਰੇਕ ਕੁੜੀ ਦੇ ਨਾਂ ਦਾ ਪੋਸਟ ਆਫਿਸ ਵਿੱਚ ਸੇਵਿੰਗ ਅਕਾਉਂਟ ਖੋਲਿਆ ਹੋਇਆ ਸੀ ਤੇ ਹਰ ਮਹੀਨੇ ਉਹਨਾਂ ਦੇ ਹਿੱਸੇ ਦੀ ਕੁਲ ਆਮਦਨ ਉੱਥੇ ਜਮਾਂ ਕਰਵਾਂਦਾ ਸੀ…ਤੇ ਇਹ ਗੱਲ ਤਾਂ ਬਿਲਕੁਲ ਹੀ ਵਿਸ਼ਵਾਸ ਕਰਨ ਵਾਲੀ ਨਹੀਂ ਸੀ ਕਿ ਉਸ ਦਸ ਬਾਰਾਂ ਕੁੜੀਆਂ ਦੇ ਖਾਣ-ਪੀਣ ਦਾ ਖਰਚ ਆਪਣੇ ਪੱਲਿਓਂ ਕਰਦਾ ਏ…ਉਸ ਦੀ ਹਰੇਕ ਗੱਲ ਮੈਨੂੰ ਜ਼ਰੂਰਤ ਤੋਂ ਵੱਧ ਬਨਾਉਟੀ ਲੱਗੀ ਸੀ। ਇੱਕ ਦਿਨ ਮੈਂ ਉਸ ਦੇ ਠਿਕਾਣੇ ’ਤੇ ਗਿਆ ਤਾਂ ਉਸ ਨੇ ਮੈਨੂੰ ਕਿਹਾ, ‘ਅਮੀਨਾ ਤੇ ਸਕੀਨਾ ਦੋਵੇਂ ਛੁੱਟੀ ’ਤੇ ਨੇ…ਮੈਂ ਹਰ ਹਫ਼ਤੇ ਉਹਨਾਂ ਦੋਵਾਂ ਨੂੰ ਛੁੱਟੀ ਦੇ ਦਿੰਦਾ ਹਾਂ, ਤਾਂਕਿ ਬਾਹਰ ਜਾ ਕੇ ਕਿਸੇ ਹੋਟਲ ਵਿੱਚ ਮਾਸ-ਮੱਛੀ ਵਗ਼ੈਰਾ ਖਾ ਆਉਣ…ਏਥੇ ਤਾਂ ਤੁਸੀਂ ਜਾਣਦੇ ਹੀ ਹੋ, ਸਭ ਵੈਸ਼ਨੂੰ ਨੇ…’ ਮੈਂ ਇਹ ਸੁਣ ਕੇ ਮਨ ਹੀ ਮਨ ਮੁਸਕਰਾਇਆ ਕਿ ਮੈਨੂੰ ਚਾਰ ਰਿਹੈ…! ਇੱਕ ਦਿਨ ਉਸ ਨੇ ਮੈਨੂੰ ਦੱਸਿਆ ਕਿ ਅਹਿਮਦਾਬਾਦ ਦੀ ਇੱਕ ਹਿੰਦੂ ਕੁੜੀ ਦੀ ਸ਼ਾਦੀ ਉਸ ਨੇ ਇੱਕ ਮੁਸਲਮਾਨ ਗਾਹਕ ਨਾਲ ਕਰਵਾ ਦਿੱਤੀ ਸੀ, ਲਾਹੌਰ ਤੋਂ ਉਸਦਾ ਖ਼ਤ ਆਇਆ ਏ ਕਿ ਦਾਤਾ ਸਾਹਬ ਦੇ ਦਰਬਾਰ ਵਿੱਚ ਉਸ ਨੇ ਇੱਕ ਮੰਨਤ ਮੰਨੀ ਸੀ, ਜਿਹੜੀ ਪੂਰੀ ਹੋ ਗਈ ਏ। ਹੁਣ ਉਸ ਨੇ ਸਹਾਏ ਲਈ ਮੰਨਤ ਮੰਗੀ ਹੈ ਕਿ ਜਲਦੀ ਤੋਂ ਜਲਦੀ ਉਸ ਦੇ ਤੀਹ ਹਜ਼ਾਰ ਰੁਪਏ ਪੂਰੇ ਹੋਣ ਤੇ ਉਹ ਬਨਾਰਸ ਜਾ ਕੇ ਬਜਾਜੀ ਦੀ ਦੁਕਾਨ ਖੋਲ ਲਏ।’ ਇਹ ਸੁਣ ਕੇ ਮੈਂ ਅੰਦਰੇ-ਅੰਦਰ ਹੱਸਿਆ ਸਾਂ…ਸੋਚਿਆ ਸੀ ਕਿਉਂਕਿ ਮੈਂ ਮੁਸਲਮਾਨ ਹਾਂ, ਇਸ ਲਈ, ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਏ।’’
ਮੈਂ ਮੁਮਤਾਜ਼ ਤੋਂ ਪੁੱਛਿਆ, ‘‘ਤਾਂ ਕੀ ਤੇਰਾ ਖ਼ਿਆਲ ਗ਼ਲਤ ਸੀ?’’
‘‘ਬਿਲਕੁਲ…ਉਸ ਦੀ ਕੱਥਨੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਸੀ। ਹੋ ਸਕਦਾ ਏ ਉਸ ਦੀ ਨਿੱਜੀ ਜ਼ਿੰਦਗੀ ਵਿੱਚ ਕਈ ਖ਼ਾਮੀਆਂ ਹੋਣ; ਇਹ ਵੀ ਹੋ ਸਕਦਾ ਹੈ ਕਿ ਉਸ ਤੋਂ ਆਪਣੀ ਜ਼ਿੰਦਗੀ ਵਿੱਚ ਕਈ ਗ਼ਲਤੀਆਂ ਹੋਈਆਂ ਹੋਣ…ਪਰ ਉਹ ਇੱਕ ਬੜਾ ਹੀ ਵਧੀਆ ਇਨਸਾਨ ਸੀ!’’
ਜੁਗਲ ਨੇ ਸਵਾਲ ਕੀਤਾ, ‘‘ਇਹ ਤੈਨੂੰ ਕਿਸ ਦੱਸਿਆ ਸੀ?’’
‘‘ਉਸ ਦੀ ਮੌਤ ਨੇ।’’ ਇਹ ਕਹਿ ਕੇ ਮੁਮਤਾਜ਼ ਕੁਝ ਚਿਰ ਲਈ ਚੁੱਪ ਹੋ ਗਿਆ। ਥੋੜੀ ਦੇਰ ਬਾਅਦ ਉਸ ਨੇ ਉਧਰ ਦੇਖਣਾ ਸ਼ੁਰੂ ਕਰ ਦਿੱਤਾ ਜਿੱਧਰ ਆਸਮਾਨ ਤੇ ਸਮੁੰਦਰ ਇੱਕ ਧੰਦਲੀ ਜਿਹੀ ਗਲਵੱਕੜੀ ਵਿੱਚ ਲਿਪਟੇ ਹੋਏ ਸਨ, ‘‘ਫਸਾਦ ਸ਼ੁਰੂ ਹੋ ਚੁੱਕੇ ਸਨ। ਮੈਂ ਸਵੇਰੇ ਭਿੰਡੀ ਬਾਜ਼ਾਰ ਵਿੱਚੋਂ ਲੰਘ ਰਿਹਾ ਸਾਂ…ਕਰਫ਼ਿਊ ਕਾਰਣ ਬਾਜ਼ਾਰ ਵਿੱਚ ਲੋਕਾਂ ਦੀ ਆਵੀ-ਜਾਈ ਬੜੀ ਘੱਟ ਸੀ। ਟ੍ਰਾਮਾਂ ਵੀ ਨਹੀਂ ਸਨ ਚੱਲ ਰਹੀਆਂ। ਟੈਕਸੀ ਲੱਭਦਾ ਹੋਇਆ ਜਦੋਂ ਮੈਂ ਜੇ.ਜੇ. ਹਸਪਤਾਲ ਕੋਲ ਪਹੁੰਚਿਆ ਤਾਂ ਇੱਕ ਆਦਮੀ ਨੂੰ ਇੱਕ ਵੱਡੇ ਸਾਰੇ ਟੋਕਰੇ ਕੋਲ ਗਠੜੀ ਵਾਂਗ ਪਿਆ ਦੇਖਿਆ। ਮੈਂ ਸੋਚਿਆ, ਕੋਈ ਫੁਟਪਾਥੀ ਮਜ਼ਦੂਰ ਸੁੱਤਾ ਹੋਇਆ ਏ, ਪਰ ਜਦੋਂ ਪੱਥਰ ਦੇ ਟੁਕੜਿਆਂ ਉੱਤੇ ਖ਼ੂਨ ਦੇ ਲੋਥੜੇ ਦਿਖਾਈ ਦਿੱਤੇ ਤਾਂ ਮੈਂ ਰੁਕ ਗਿਆ। ਵਾਰਦਾਤ ਕਤਲ ਦੀ ਸੀ। ਮੈਂ ਸੋਚਿਆ, ਮੈਨੂੰ ਖਿਸਕ ਜਾਣਾ ਚਾਹੀਦਾ ਏ।…ਪਰ ਲਾਸ਼ ਵਿੱਚ ਹਰਕਤ ਪੈਦਾ ਹੋਈ ਤਾਂ ਮੈਂ ਰੁਕ ਗਿਆ। ਆਸੇ-ਪਾਸੇ ਕੋਈ ਨਹੀਂ ਸੀ। ਮੈਂ ਝੁਕ ਕੇ ਦੇਖਿਆ; ਮੈਨੂੰ ਸਹਾਏ ਦਾ ਜਾਣਿਆ-ਪਛਾਣਿਆ ਚਿਹਰਾ ਨਜ਼ਰ ਆਇਆ, ਉਹ ਲਹੂ ਨਾਲ ਲਿਬੜਿਆ ਹੋਇਆ। ਮੈਂ ਉਸ ਦੇ ਕੋਲ ਹੀ ਫੁਟਪਾਥ ਉੱਤੇ ਬੈਠ ਗਿਆ ਤੇ ਦੇਖਿਆ ਕਿ ਉਸ ਦੀ ਸਫ਼ੈਦ ਕਮੀਜ਼, ਜਿਹੜੀ ਹਮੇਸ਼ਾ ਬੇਦਾਗ਼ ਹੁੰਦੀ ਸੀ, ਲਹੂ ਨਾਲ ਤਰ ਹੋਈ ਸੀ। ਜ਼ਖ਼ਮ ਸ਼ਾਇਦ ਪਸਲੀਆਂ ਕੋਲ ਸੀ। ਉਹ ਹੌਲੀ-ਹੌਲੀ ਕਰਾਹਾ ਰਿਹਾ ਸੀ। ਮੈਂ ਸਾਵਧਾਨੀ ਨਾਲ ਉਸ ਨੂੰ ਮੋਢੇ ਤੋਂ ਫੜ ਕੇ ਹਲੂਣਿਆਂ, ਜਿਵੇਂ ਕਿਸੇ ਸੁੱਤੇ ਨੂੰ ਜਗਾ ਰਿਹਾ ਹੋਵਾਂ। ਇੱਕ ਦੋ ਵਾਰੀ ਮੈਂ ਉਸ ਨੂੰ ਉਸ ਦੇ ਅਧੂਰੇ ਨਾਂ ਨਾਲ ਵੀ ਬੁਲਾਇਆ, ਪਰ ਉਸ ਨੇ ਅੱਖਾਂ ਨਹੀਂ ਖੋਲੀਆਂ। ਮੈਂ ਉੱਠ ਦੇ ਜਾਣ ਹੀ ਲੱਗਿਆ ਸਾਂ ਕਿ ਉਸ ਨੇ ਅੱਖਾਂ ਖੋਲੀਆਂ ਤੇ ਦੇਰ ਤੀਕ ਉਹਨਾਂ ਅੱਧ ਖੁੱਲੀਆਂ ਨਾਲ ਇੱਕ ਟੱਕ ਮੇਰੇ ਵੱਲ ਦੇਖਦਾ ਰਿਹਾ। ਫੇਰ ਉਸ ਦੇ ਸਾਰੇ ਸਰੀਰ ਵਿੱਚ ਇੱਕ ਪੀੜ-ਪਰੁੱਚੀ ਕੰਬਣੀ ਛਿੜ ਪਈ ਤੇ ਉਸ ਨੇ ਮੈਨੂੰ ਪਛਾਣਦਿਆਂ ਹੋਇਆਂ ਕਿਹਾ, ‘ਤੁਸੀਂ? ਤੁਸੀਂ?’
‘‘ਮੈਂ ਉਪਰ ਥੱਲੇ ਉਸ ਨੂੰ ਬਹੁਤ ਸਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ…ਉਹ ਏਧਰ ਕਿਉਂ ਆਇਆ ਸੀ, ਕਿਸ ਨੇ ਉਸ ਨੂੰ ਜ਼ਖ਼ਮੀ ਕੀਤਾ ਏ ਤੇ ਕਦੋਂ ਦਾ ਫੁਟਪਾਥ ਉੱਤੇ ਪਿਆ ਏ???…ਸਾਹਮਣੇ ਹਸਪਤਾਲ ਏ, ਕੀ ਮੈਂ ਉਹਨਾਂ ਨੂੰ ਖ਼ਬਰ ਕਰ ਦਿਆਂ?
‘‘ਉਸ ਵਿੱਚ ਬੋਲਣ ਦੀ ਹਿੰਮਤ ਨਹੀਂ ਸੀ। ਜਦੋਂ ਮੈਂ ਸਾਰੇ ਸਵਾਲ ਕਰ ਹਟਿਆ ਤਾਂ ਉਸ ਨੇ ਕਰਾਂਹਦਿਆਂ ਹੋਇਆਂ ਬੜੀ ਮੁਸ਼ਕਿਲ ਨਾਲ ਇਹ ਸ਼ਬਦ ਕਹੇ, ‘ਮੇਰੇ ਦਿਨ ਪੂਰੇ ਹੋ ਗਏ ਸੀ…ਭਗਵਾਨ ਨੂੰ ਇਹੀ ਮੰਜ਼ੂਰ ਸੀ!’
‘ਭਗਵਾਨ ਨੂੰ ਪਤਾ ਨਹੀਂ ਕੀ ਮੰਜ਼ੂਰ ਸੀ, ਪਰ ਮੈਨੂੰ ਇਹ ਮੰਜ਼ੂਰ ਨਹੀਂ ਸੀ ਕਿ ਮੈਂ ਇੱਕ ਮੁਸਲਮਾਨ ਹੋ ਕੇ, ਮੁਸਲਮਾਨਾਂ ਦੇ ਇਲਾਕੇ ਵਿੱਚ ਇੱਕ ਆਦਮੀ ਨੂੰ, ਜਿਸ ਬਾਰੇ ਮੈਂ ਜਾਣਦਾ ਸਾਂ ਕਿ ਉਹ ਹਿੰਦੂ ਹੈ, ਇਸ ਅਹਿਸਾਸ ਨਾਲ ਮਰਦੇ ਦੇਖਾਂ ਕਿ ਉਸ ਨੂੰ ਮਾਰਨ ਵਾਲਾ ਮੁਸਲਮਾਨ ਸੀ…ਤੇ ਆਖ਼ਰੀ ਵਕਤ ਉਸ ਦੀ ਮੌਤ ਦੇ ਸਿਰਹਾਣੇ, ਜਿਹੜਾ ਆਦਮੀ ਖਲੋਤਾ ਸੀ ਉਹ ਵੀ ਇੱਕ ਮੁਸਲਮਾਨ ਸੀ…। ਮੈਂ ਡਰਪੋਕ ਨਹੀਂ, ਪਰ ਉਦੋਂ ਮੇਰੀ ਹਾਲਤ ਡਰਪੋਕਾਂ ਨਾਲੋਂ ਵੀ ਵੱਧ ਸੀ…ਇੱਕ ਜੱਫਾ ਇਸ ਡਰ ਨੇ ਮਾਰਿਆ ਹੋਇਆ ਸੀ ਕਿ ਹੋ ਸਕਦਾ ਹੈ ਮੈਨੂੰ ਹੀ ਫੜ ਲਿਆ ਜਾਵੇ…ਜੇ ਫੜਿਆ ਗਿਆ ਤਾਂ ਪੁੱਛਗਿੱਛ ਤੇ ਧੂ-ਘੜੀਸ ਵੀ ਕੀਤੀ ਜਾਏਗੀ। ਜੇ ਮੈਂ ਇਸ ਨੂੰ ਹਸਪਤਾਲ ਲੈ ਗਿਆ ਤਾਂ ਕੀ ਪਤੈ, ਆਪਣਾ ਬਦਲਾ ਲੈਣ ਖਾਤਰ ਮੈਨੂੰ ਹੀ ਫਸਾ ਦਏ…ਸੋਚੇ, ਮਰਨਾ ਤਾਂ ਹੈ ਹੀ ਕਿਉਂ ਨਾ ਇਸ ਨੂੰ ਨਾਲ ਲੈ ਮਰੀਏ। ਇਸ ਕਿਸਮ ਦੀਆਂ ਗੱਲਾਂ ਸੋਚ ਕੇ ਮੈਂ ਤੁਰਨ ਹੀ ਲੱਗਿਆ ਸਾਂ, ਜਾਂ ਇੰਜ ਕਹਿ ਲਓ ਭੱਜਣ ਲੱਗਿਆ ਸਾਂ ਕਿ ਸਹਾਏ ਨੇ ਮੈਨੂੰ ਬੁਲਾਇਆ…ਮੈਂ ਰੁਕ ਗਿਆ…ਨਾ ਰੁਕਣ ਦੇ ਇਰਾਦੇ ਦੇ ਬਾਵਜ਼ੂਦ ਮੇਰੇ ਪੈਰ ਥਾਵੇਂ ਗੱਡੇ ਗਏ ਸਨ…ਮੈਂ ਉਸ ਵੱਲ ਇਸ ਅੰਦਾਜ਼ ਨਾਲ ਦੇਖਿਆ ਜਿਵੇਂ ਕਹਿ ਰਿਹਾ ਹੋਵਾਂ…ਜਲਦੀ ਕਰੋ ਮੀਆਂ, ਮੈਂ ਜਾਣਾ ਏਂ। ਉਸ ਨੇ ਦਰਦ ਦੀ ਤਕਲੀਫ ਨਾਲ ਦੂਹਰੇ ਹੁੰਦਿਆਂ, ਬੜੀ ਮੁਸ਼ਕਿਲ ਨਾਲ, ਆਪਣੀ ਕਮੀਜ਼ ਦੇ ਬਟਨ ਖੋਲੇ ਤੇ ਅੰਦਰ ਹੱਥ ਪਾਇਆ…ਪਰ ਜਦੋਂ ਕੁਝ ਹੋਰ ਕਰਨ ਦੀ ਹਿੰਮਤ ਜਵਾਬ ਦੇ ਗਈ ਤਾਂ ਮੈਨੂੰ ਕਿਹਾ, ‘ਹੇਠਾਂ ਬੰਡੀ ਏ…ਉਸ ਦੀ ਜੇਬ ਵਿੱਚ ਕੁਝ ਜੇਵਰ ਤੇ ਬਾਰਾਂ ਸੌ ਰੁਪਏ ਨੇ…ਇਹ…ਇਹ…ਸੁਲਤਾਨਾ ਦਾ ਮਾਲ ਏ…ਮੈਂ…ਮੈਂ ਇੱਕ ਦੋਸਤ ਕੋਲ ਰੱਖਿਆ ਹੋਇਆ ਸੀ…ਅੱਜ ਉਸ…ਉਸ ਨੂੰ ਭੇਜਣਾ ਸੀ…ਕਿਉਂਕਿ…ਕਿਉਂਕਿ ਤੁਸੀਂ ਜਾਣਦੇ ਹੀ ਹੋ, ਖਤਰਾ ਬੜਾ ਵਧ ਗਿਐ …ਉਸ ਨੂੰ ਦੇ ਦੇਣਾ…ਤੇ ਕਹਿਣਾ, ਫੌਰਨ ਚਲੀ ਜਾਏ…ਪਰ…ਖ਼ਿਆਲ ਰੱਖਣਾ ਇਹ ਉਸਦੀ ਇਮਾਨਤ ਹੈ…!’
ਮੁਮਤਾਜ਼ ਚੁੱਪ ਹੋ ਗਿਆ, ਪਰ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਇਹ ਉਸ ਦੀ ਆਵਾਜ਼ ਨਹੀਂ, ਸਹਾਏ ਦੀ ਆਵਾਜ਼ ਹੈ…ਜਿਹੜਾ ਜੇ.ਜੇ. ਹਸਪਤਾਲ ਸਾਹਮਣੇ, ਫੁੱਟਪਾਥ ਉੱਤੇ ਉਪਜੀ ਸੀ ਤੇ ਹੁਣ ਦੂਰ…ਉਧਰ, ਜਿੱਥੇ ਆਸਮਾਨ ਤੇ ਸਮੁੰਦਰ ਇੱਕ ਧੁੰਦਲੀ ਜਿਹੀ ਸ਼ਾਮ ਵਿੱਚ ਗਲ਼ੇ ਮਿਲ ਰਹੇ ਸਨ, ਅਲੋਪ ਹੋ ਰਹੀ ਹੈ!
ਜਹਾਜ਼ ਨੇ ਪਹਿਲੀ ਸੀਟੀ ਮਾਰੀ ਤਾਂ ਮੁਮਤਾਜ਼ ਨੇ ਕਿਹਾ, ‘‘ਮੈਂ ਸੁਲਤਾਨਾ ਨੂੰ ਮਿਲਿਆ…ਉਸ ਨੂੰ ਜੇਵਰ ਤੇ ਰੁਪਏ ਦਿੱਤੇ ਤਾਂ ਉਸ ਦੀਆਂ ਅੱਖਾਂ ਭਿੱਜ ਗਈਆਂ…!’’
ਜਦੋਂ ਅਸੀਂ ਮੁਮਤਾਜ਼ ਤੋਂ ਵਿਦਾਅ ਲੈ ਕੇ ਹੇਠਾਂ ਉਤਰੇ ਤਾਂ ਉਹ ਡੈਕ ਦੇ ਜੰਗਲੇ ਨੂੰ ਫੜੀ ਖੜਾ ਸੀ…ਉਸ ਦਾ ਸੱਜਾ ਹੱਥ ਹਿੱਲ ਰਿਹਾ ਸੀ…ਮੈਂ ਜੁਗਲ ਨੂੰ ਕਿਹਾ, ‘‘ਕੀ ਤੈਨੂੰ ਇੰਜ ਮਹਿਸੂਸ ਨਹੀਂ ਹੁੰਦਾ ਕਿ ਮੁਮਤਾਜ਼ ਸਹਾਏ ਦੀ ਰੂਹ ਨੂੰ ਬੁਲਾਅ ਰਿਹਾ ਹੈ…ਆਪਣਾ ਹਮਸਫ਼ਰ ਬਣਾਉਣ ਲਈ ?’’
ਜੁਗਲ ਨੇ ਸਿਰਫ ਏਨਾ ਕਿਹਾ, ‘‘ਕਾਸ਼, ਮੈਂ ਸਹਾਏ ਦੀ ਰੂਹ ਹੁੰਦਾ!’’
- ਸਆਦਤ ਹਸਨ ਮੰਟੋ






