ਅੰਮਿ੍ਤਸਰ/ਪੰਜਾਬ ਪੋਸਟ
ਅੰਮਿ੍ਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਵਿੱਚ ਕੌਮੀ ਪੱਧਰ ਦੇ ਆਗੂਆਂ ਦੀ ਸ਼ਮੂਲੀਅਤ ਦੀ ਲੜੀ ਵਿੱਚ ਉਸ ਵੇਲੇ ਹੋਰ ਇਜ਼ਾਫਾ ਹੋਇਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪੱਧਰ ਦੇ ਨੌਜਵਾਨ ਆਗੂ ਤੇਜਸਵੀ ਸੂਰਿਆ ਨੇ ਉਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਅੰਮਿ੍ਤਸਰ ਦੇ ਪੂਰਬੀ ਹਿੱਸੇ ਵਿੱਚ ਵੇਰਕਾ ਚੌਂਕ ਨੇੜੇ ਇੱਕ ਪ੍ਰਭਾਵਸ਼ਾਲੀ ਰੋਡ ਸ਼ੋਅ ਵਿੱਚ ਦੱਖਣ ਭਾਰਤੀ ਸੂਬੇ ਕਰਨਾਟਕਾ ਦੇ ਬੈਂਗਲੂਰੂ ਦੱਖਣੀ ਹਲਕੇ ਤੋਂ ਨੌਜਵਾਨ ਲੋਕ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਦੇ ਕੌਮੀ ਪ੍ਰਧਾਨ ਤੇਜਸਵੀ ਸੂਰੀਆ ਨੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਰੋਡ ਸ਼ੋਅ ਵਿੱਚ ਸ਼ਮੂਲੀਅਤ ਕਰਦਿਆਂ ਉਨਾਂ ਲਈ ਜੋਸ਼ੀਲਾ ਚੋਣ ਪ੍ਰਚਾਰ ਕੀਤਾ।
ਤੇਜਸਵੀ ਸੂਰਿਆ ਨੇ ਇਸ ਗੱਲ ਦਾ ਉਚੇਚਾ ਜ਼ਿਕਰ ਕੀਤਾ ਕਿ ਦੁਨੀਆਂ ਦੇ ਪ੍ਰਮੁੱਖ ਦੇਸ਼ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾ ਨਿਭਾਉਣਾ ਅਤੇ ਸ਼੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਕੰਮ ਕਰਨ ਸਮੇਤ ਕਈ ਹੋਰ ਦੇਸ਼ਾਂ ਵਿੱਚ ਭਾਰਤ ਦੀ ਬਿਹਤਰੀਨ ਨੁਮਾਇੰਦਗੀ ਕਰਨ ਵਾਲੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਉਸ ਮਾਣ ਅਤੇ ਸਤਿਕਾਰ ਦੇ ਪੂਰੇ ਹੱਕਦਾਰ ਨੇ ਜੋ ਇਨੀਂ ਦਿਨੀਂ ਉਨਾਂ ਨੂੰ ਸਮਾਜ ਦੇ ਹਰੇਕ ਵਰਗ ਕੋਲੋਂ ਮਿਲ ਰਿਹਾ ਹੈ। ਇਸ ਰੋਡ ਸ਼ੋਅ ਮੌਕੇ ਸਭ ਤੋਂ ਅਹਿਮ ਗੱਲ ਇਹ ਨਜ਼ਰ ਆਈ ਕਿ ਨੌਜਵਾਨ ਵਰਗ ਵੱਲੋਂ ਸਮੁੱਚੇ ਸਮੇਂ ਦੌਰਾਨ ਬਹੁਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਸਮੁੱਚੇ ਅੰਮਿ੍ਤਸਰ ਦਾ ਨੌਜਵਾਨ ਵਰਗ ਆਪ ਮੁਹਾਰੇ ਹਾਜ਼ਰੀ ਲਵਾਉਣ ਪਹੁੰਚਾ। ਖਾਸ ਵੇਖਣਯੋਗ ਗੱਲ ਇਹ ਵੀ ਸੀ ਕਿ ਇਹ ਰੋਡ ਸ਼ੋਅ ਜਿਹੜੇ ਵੀ ਇਲਾਕੇ ਵਿੱਚੋਂ ਲੰਘਿਆ ਉਥੋਂ ਦੇ ਵਸਨੀਕਾਂ ਨੇ ਇਸ ਦਾ ਭਰਵਾਂ ਸਵਾਗਤ ਕੀਤਾ ਅਤੇ ਫੁੱਲਾਂ ਦੀ ਨਿਰੰਤਰ ਵਰਖਾ ਵੀ ਕੀਤੀ। ਇਸ ਸਮੁੱਚੇ ਰੋਡ ਸ਼ੋਅ ਵਿੱਚ ਅੰਮਿ੍ਰਤਸਰ ਦੇ ਲੋਕਾਂ ਦੀ ਭਰਵੀਂ ਸ਼ਮੂਲੀਅਤ ਅਤੇ ਉਤਸ਼ਾਹ ਨੂੰ ਵੇਖਣ ਉਪਰੰਤ ਤੇਜਸਵੀ ਸੂਰਿਆ ਨੇ ਇਹ ਕਿਹਾ ਕਿ ਆਉਂਦੇ ਸਮੇਂ ਦੇ ਇੱਕ ਪਾਰਦਰਸ਼ੀ ਅਤੇ ਸਾਫ ਸੁਥਰੇ ਪ੍ਰਬੰਧ ਲਈ ਭਾਰਤੀ ਜਨਤਾ ਪਾਰਟੀ ਅਤੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਜਿੱਤਣ ਸਬੰਧੀ ਵੱਡਾ ਸੰਕੇਤ ਇਸ ਰੋਡ ਸ਼ੋਅ ਨੇ ਦੇ ਦਿੱਤਾ ਹੈ।
ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਠਾਠਾਂ ਮਾਰਦੇ ਰੋਡ ਸ਼ੋਅ ਵਿੱਚ ਪਹੁੰਚੇ ਨੌਜਵਾਨ ਐੱਮ. ਪੀ. ਤੇਜਸਵੀ ਸੂਰਿਆ

Published: