- ਇਰਾਨ ਅਤੇ ਇਜ਼ਰਾਈਲ ਦੇ ਰਾਜਦੂਤਾਂ ਨੇ ਰੱਖਿਆ ਆਪੋ ਆਪਣਾ ਪੱਖ
ਜਨੇਵਾ/ਪੰਜਾਬ ਪੋਸਟ
ਖਾੜੀ ਦੇਸ਼ਾਂ ਵਾਲੇ ਪਾਸੇ ਅਤੇ ਖਾਸਕਰ ਪੱਛਮੀ ਏਸ਼ੀਆ ਵਿਚ ਵਧਦੇ ਹਥਿਆਰਬੰਦ ਸੰਘਰਸ਼ ਅਤੇ ਜੰਗ ਦੇ ਆਲਮ ਦਰਮਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਇੱਕ ਹੰਗਾਮੀ ਬੈਠਕ ਕੀਤੀ ਹੈ ਇਸ ਬੈਠਕ ਦੀ ਪ੍ਰਧਾਨਗੀ ਯੂਐੱਨ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੀਤੀ। ਇਸ ਬੈਠਕ ਦੌਰਾਨ ਇਜ਼ਰਾਈਲ ਅਤੇ ਇਰਾਨ ਦੇ ਰਾਜਦੂਤਾਂ ਨੇ ਆਪੋ ਆਪਣਾ ਪੱਖ ਰੱਖਿਆ। ਸੰਯੁਕਤ ਰਾਸ਼ਟਰ ਵਿਚ ਇਰਾਨ ਦੇ ਰਾਜਦੂਤ ਆਮਿਰ ਸਈਦ ਇਰਾਵਾਨੀ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਨੇ ਮੰਗਲਵਾਰ ਨੂੰ ਇਜ਼ਰਾਈਲ ’ਤੇ ਕਰੀਬ 200 ਮਿਜ਼ਾਈਲਾਂ ਦਾਗ਼ੀਆਂ ਸਨ ਤਾਂ ਕਿ ਇਜ਼ਰਾਈਲ ਦੀ ਹਿੰਸਾ ਨੂੰ ਰੋਕਿਆ ਜਾ ਸਕੇ, ਜਦਕਿ ਉਨ੍ਹਾਂ ਦੇ ਇਜ਼ਰਾਇਲੀ ਹਮਰੁਤਬਾ ਡੈਨੀ ਡੈਨਨ ਨੇ ਇਸ ਹਮਲੇ ਨੂੰ ‘ਬੇਮਿਸਾਲ ਹਮਲਾਵਰ ਕਾਰਵਾਈ’ ਕਰਾਰ ਦਿੱਤਾ। ਡੈਨਨ ਨੇ ਕਿਹਾ ਕਿ ਇਜ਼ਰਾਈਲ ਉਦੋਂ ਤੱਕ ਨਹੀਂ ਰੁਕੇਗਾ ਜਦੋਂ ਤੱਕ ਹਮਾਸ ਤੇ ਹੋਰ ਦਹਿਸ਼ਤਗਰਦਾਂ ਵੱਲੋਂ ਬੰਦੀ ਬਣਾਏ ਸਾਰੇ ਲੋਕ ਇਜ਼ਰਾਈਲ ਮੁੜ ਨਹੀਂ ਆਉਂਦੇ। ਇਸ ਦਰਮਿਆਨ, ਦੁਹਾਂ ਧਿਰਾਂ ਨੇ ਆਪਣੀ ਗੱਲ ਨੂੰ ਜਾਇਜ਼ ਦੱਸਦੇ ਹੋਏ ਇੱਕ ਦੂਜੇ ਉੱਤੇ ਇਲਜ਼ਾਮ ਤਾਂ ਲਾਏ ਹਨ ਪਰ ਮਸਲੇ ਦਾ ਹੱਲ ਲੱਭਣ ਸਬੰਧੀ ਕੋਈ ਗੱਲ ਨਹੀਂ ਹੋਈ।