ਨਵੀਂ ਦਿੱਲੀ/ਪੰਜਾਬ ਪੋਸਟ
ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜਸਟਿਸ ਸੰਜੀਵ ਖੰਨਾ ਨੇ ਅੱਜ ਦੇਸ਼ ਦੇ ਨਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕ ਲਈ ਹੈ। ਉਹ ਭਾਰਤ ਦੇ 51ਵੇਂ ਚੀਫ਼ ਜਸਟਿਸ ਹੋਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਸਵੇਰੇ ਸੰਜੀਵ ਖੰਨਾ ਨੂੰ ਅਹੁਦੇ ਦੀ ਸਹੁੰ ਚੁਕਵਾਈ। ਇਸ ਤੋਂ ਪਹਿਲਾਂ, ਜਸਟਿਸ ਡੀ.ਵਾਈ. ਚੰਦਰਚੂੜ ਨੇ ਲੰਘੇ ਕੱਲ ਭਾਰਤ ਦੇ 50ਵੇਂ ਚੀਫ ਜਸਟਿਸ ਵਜੋਂ ਅਪਣਾ ਕਾਰਜਕਾਲ ਪੂਰਾ ਕਰ ਲਿਆ ਸੀ। ਅਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਕਈ ਇਤਿਹਾਸਕ ਫੈਸਲੇ ਦਿਤੇ ਅਤੇ ਮਹੱਤਵਪੂਰਨ ਸੁਧਾਰ ਕੀਤੇ ਅਤੇ ਭਾਰਤੀ ਨਿਆਂਇਕ ਇਤਿਹਾਸ ’ਚ ਇਕ ਵਿਲੱਖਣ ਵਿਰਾਸਤ ਸਥਾਪਤ ਕੀਤੀ। ਉਨਾਂ ਦੀ ਥਾਣਾ ਲੈ ਰਹੇ ਨਵੇਂ ਚੀਫ਼ ਜਸਟਿਸ ਸੰਜੀਵ ਖੰਨਾ ਦਾ ਕਾਰਜਕਾਲ 13 ਮਈ, 2025 ਤੱਕ ਹੋਵੇਗਾ, ਯਾਨੀ ਉਹ ਇਸ ਅਹੁਦੇ ‘ਤੇ ਕਰੀਬ 6 ਕੁ ਮਹੀਨੇ ਹੀ ਬੈਠਣਗੇ। ਜਸਟਿਸ ਸੰਜੀਵ ਖੰਨਾ ਦਾ ਜਨਮ 14 ਮਈ 1960 ਨੂੰ ਦਿੱਲੀ ਹਾਈ ਕੋਰਟ ਦੇ ਸਾਬਕਾ ਜਸਟਿਸ ਦੇਵ ਰਾਜ ਖੰਨਾ ਦੇ ਘਰ ਹੋਇਆ ਸੀ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਮਾਡਰਨ ਸਕੂਲ, ਬਾਰਾਖੰਬਾ ਰੋਡ, ਦਿੱਲੀ ਤੋਂ ਪੂਰੀ ਕੀਤੀ ਅਤੇ ਇਸ ਉਪਰੰਤ 1980 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਡੀਯੂ ਦੇ ਕੈਂਪਸ ਲਾਅ ਸੈਂਟਰ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ।