ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਨੂੰ ਵਿਵਸਥਿਤ ਰੂਪ ਪ੍ਰਦਾਨ ਕਰਨ ਲਈ ਜੋ ਮਹਾਨ ਕੰਮ ਕੀਤੇ, ਉਹਨਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰਨਾ ਇੱਕ ਇਤਿਹਾਸਕ ਦੇਣ ਹੈ। ਇਹ ਭਾਰਤ ਦੇ ਧਾਰਮਿਕ ਸਾਹਿਤ ਦੀ ਇੱਕ ਅਦੁੱਤੀ ਪ੍ਰਾਪਤੀ ਹੈ ਕਿਉਂਕਿ ਇਸ ਵਿੱਚ ਛੇ ਸੌ ਵਰ੍ਹਿਆਂ ਵਿੱਚ ਵਿਚਰੇ ਧਰਮ-ਸਾਧਕਾਂ ਦੇ ਅਨੁਭਵ ਉਹਨਾਂ ਦੇ ਆਪਣੇ ਹੀ ਬੋਲਾਂ ਰਾਹੀਂ ਪ੍ਰਮਾਣਿਕ ਰੂਪ ਵਿੱਚ ਸੰਕਲਿਤ ਹਨ। ਇਸ ਦੇ ਬਾਣੀਕਾਰਾਂ ਨੇ ਭਾਰਤੀ ਸੱਭਿਆਚਾਰ, ਧਾਰਮਿਕ ਮਾਨਤਾਵਾਂ, ਸਹੀ ਯੁੱਗ-ਬੋਧ, ਸਰਬ-ਸਾਂਝੀਵਾਲਤਾ, ਮਾਨਵ-ਕਲਿਆਣ, ਭਗਤੀ-ਭਾਵਨਾ, ਨਾਮ-ਸਿਮਰਨ ਆਦਿ ਮਹੱਤਵਪੂਰਨ ਪੱਖਾਂ ਉੱਤੇ ਝਾਤ ਪਾਈ ਹੈ। ਇਹ ਗ੍ਰੰਥ ਭਾਵਨਾਤਮਕ ਏਕਤਾ ਦਾ ਨਿਰਮਲ ਮਾਨਸਰੋਵਰ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਦਾ ਕ੍ਰਮ ਇਸ ਪ੍ਰਕਾਰ ਹੈ :-
ਸਿਰੀ ਰਾਗ: ਇਸ ਰਾਗ ਦਾ ਸਥਾਨ ਗੁਰਬਾਣੀ ਵਿੱਚ ਸਰਵ ਪ੍ਰਮੁੱਖ ਮੰਨਿਆ ਗਿਆ ਹੈ। ਗੁਰੂ ਅਮਰਦਾਸ ਜੀ ਨੇ ਵਾਰ ਮ; ੪ ਵਿੱਚ ‘ਰਾਗਾਂ’ ਵਿਚ ਸਿਰੀ ਰਾਗ ਹੈ’ ਕਹਿ ਕੇ ਇਸ ਰਾਗ ਦੇ ਮਹੱਤਵ ਦੀ ਸਥਾਪਨਾ ਕੀਤੀ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਸਥਾਨ ਦਿੱਤਾ ਹੈ। ਇਹ ਪੂਰਵੀ ਥਾਟ ਦਾ ਔੜਵ ਸੰਪੂਰਣ ਰਾਗ ਹੈ। ਇਸ ਦੇ ਗਾਉਣ ਦਾ ਸਮਾਂ ਪਿਛਲਾ ਪਹਿਰ ਜਾਂ ਲੌਢਾ ਵੇਲਾ ਹੈ। ਇਸ ਰਾਗ ਦੀ ਪ੍ਰਕਿ੍ਰਤੀ ਗੰਭੀਰ ਅਤੇ ਸਰੂਪ ਸੁਤੰਤਰ ਹੈ, ਇਸ ਲਈ ਮਨੁੱਖ ਤੌਰ ਤੇ ਭਗਤੀ-ਮਈ ਪਦਿਆਂ ਨੂੰ ਗਾਉਣ ਲਈ ਇਸ ਨੂੰ ਵਰਤਿਆ ਜਾਂਦਾ ਹੈ। ਇਸ ਰਾਗ ਅਧੀਨ ਕੁਲ 100 ਚਉਪਦੇ, 29 ਅਸ਼ਟਪਦੀਆਂ, 4 ਪਹਿਰੇ, 3 ਛੰਤ, 1 ਵਣਜਾਰਾ ਅਤੇ ਇੱਕ ਵਾਰ ਮਹਲਾ ੪ ਦਰਜ ਹੈ। ਇਸ ਤੋਂ ਬਾਅਦ ਪੰਜ ਸ਼ਬਦ ਭਗਤਾਂ ਦੇ ਹਨ- ਦੋ ਸੰਤ ਕਬੀਰ ਜੀ ਦੇ ਅਤੇ ਇੱਕ ਇੱਕ ਭਗਤ ਤਿ੍ਰਲੋਚਨ, ਬੇਣੀ ਅਤੇ ਰਵਿਦਾਸ ਜੀ ਦਾ ਹੈ।
ਮਾਝ ਰਾਗ: ਸੰਗੀਤ ਦੇ ਮਹਿਰਾਂ ਅਨੁਸਾਰ ਇਸ ਰਾਗ ਦੀ ਸਿਰਜਨਾ ਪੰਜਾਬ ਦੇ ਮਾਝਾ ਖੇਤਰ ਵਿੱਚ ਪ੍ਰਚੱਲਿਤ ਲੋਕ-ਧੁੰਨ ਦੇ ਆਧਾਰ ’ਤੇ ਕੀਤੀ ਗਈ ਹੈ। ਪੂਰਬ-ਵਰਤੀ ਸੰਗੀਤ ਸ਼ਾਸਤ੍ਰਾਂ ਵਿੱਚ ਇਸ ਦਾ ਉਲੇਖ ਨਹੀਂ ਹੈ। ਅਸਲ ਵਿੱਚ, ਗੁਰੂ ਸਾਹਿਬਾਨ ਨੇ ਜਿਗਿਆਸੂਆਂ ਨੂੰ ਉਪਦੇਸ਼ ਦੇਣ ਲਈ ਜਿੱਥੇ ਲੋਕ-ਕਾਵਿ-ਰੂਪਾਂ, ਲੋਕ ਸ਼ਬਦਾਵਲੀ, ਲੌਕਿਕ ਉਪਮਾਵਾਂ ਅਤੇ ਬਿੰਬਾਂ ਦੀ ਵਰਤੋਂ ਕੀਤੀ ਹੈ ਉੱਥੇ ਲੋਕ-ਧੁਨਾਂ ਨੂੰ ਵੀ ਮਹੱਤਵ ਦਿੱਤਾ ਹੈ। ਕਿਉਂਕਿ ਇਸ ਨਾਲ ਲੋਕ-ਜੀਵਨ ਦਾ ਬਾਣੀ ਨਾਲ ਸੰਪਰਕ ਕਾਇਮ ਹੁੰਦਾ ਹੈ। ਔੜਵ ਜਾਤਿ ਦਾ ਇਹ ਸੰਪੂਰਣ ਰਾਗ ਸੰਗੀਤ ਸ਼ਾਸਤ੍ਰ ਨੂੰ ਗੁਰੂ ਨਾਨਕ ਦੇਵ ਜੀ ਦੀ ਮੌਲਿਕ ਦੇਣ ਹੈ। ਇਸ ਦੇ ਗਾਉਣ ਦਾ ਸਮਾਂ ਚੌਥਾ ਪਹਿਰ ਹੈ। ਇਸ ਰਾਗ ਵਿੱਚ 50 ਚਉਪਦੇ, 39 ਅਸ਼ਟਪਦੀਆਂ, ਇੱਕ ਬਾਰਹਮਾਹਾ, ਇੱਕ ਦਿਨ-ਰੈਣਿ ਅਤੇ ਇੱਕ ਵਾਰ ਦਰਜ ਹਨ।
ਗਉੜੀ ਰਾਗ: ਸੰਪੂਰਣ ਜਾਤਿ ਦੇ ਇਸ ਰਾਗ ਨੂੰ ਪੁਰਾਤਨ ਸੰਗੀਤ ਗ੍ਰੰਥਾਂ ਵਿੱਚ ਗੌਰੀ, ਗਵਰੀ, ਗੌੜੀ ਆਦਿ ਨਾਵਾਂ ਨਾਲ ਲਿਖਿਆ ਗਿਆ ਹੈ। ਪ੍ਰਾਚੀਨ ਰਾਗ ਹੋਣ ਕਰਕੇ ਸਮੇਂ-ਸਮੇਂ ਸੰਗੀਤ ਸ਼ਾਸਤ੍ਰੀਆਂ ਨੇ ਹੋਰ ਰਾਗਾਂ ਨਾਲ ਮਿਲਾ ਕੇ ਇਸ ਦੇ ਕੁੱਝ ਹੋਰ ਰੂਪ ਵੀ ਸਾਹਮਣੇ ਲਿਆਉਂਦੇ ਹਨ। ਗੁਰਬਾਣੀ ਵਿੱਚ ਭਿੰਨ-ਭਿੰਨ ਰਾਗਾਂ ਦੀਆਂ ਸੁਰਾਂ ਜਾਂ ਧੁਨਾਂ ਨੂੰ ਜੋੜਨ ਦਾ ਯਤਨ ਵੀ ਕੀਤਾ ਗਿਆ ਹੈ। ਇਸ ਰਾਗ ਦੇ ਗਾਉਣ ਦਾ ਸਮਾਂ ਲਗਭਗ ਸ਼ਾਮ ਵੇਲੇ ਚੌਥੇ ਪਹਿਰ ਹੈ। ਦਾਰਸ਼ਨਿਕ ਤੱਥਾਂ ਵਲ ਅਧਿਕ ਰੁਚਿਤ ਹੋਣ ਕਾਰਣ ਇਸ ਰਾਗ ਦਾ ਵਾਯੂਮੰਡਲ ਗੰਭੀਰ ਹੈ। ਇਸ ਰਾਗ ਵਿਚ 251 ਚਉਪਦੇ, 44 ਅਸ਼ਟਪਦੀਆਂ, 11 ਛੰਤ, ਇੱਕ ਬਾਵਨ-ਅਖਰੀ, ਇੱਕ ਸੁਖਮਨੀ, 1 ਬਿਤੀ, ਇੱਕ ਵਾਰ ਮਾ: ੪ ਅਤੇ ਇੱਕ ਵਾਰ ਮ: ੫ ਦਰਜ ਹਨ। ਭਗਤ-ਬਾਣੀ ਪ੍ਰਕਰਣ ਵਿੱਚ ਕਬੀਰ ਜੀ ਦੇ 74 ਪਦੇ, ਇੱਕ ਬਾਵਨ-ਅਖਰੀ, ਇੱਕ ਥਿਤੀ, ਇੱਕ ਵਾਰ (ਸਤ), ਨਾਮਦੇਵ ਜੀ ਦਾ ਇੱਕ ਪਦਾ ਅਤੇ ਰਵਿਦਾਸ ਜੀ ਦੇ 5 ਪਦੇ ਹਨ।
ਆਸਾ ਰਾਗ: ਇਸ ਰਾਗ ਦਾ ਗਾਇਨ ਆਮ ਤੌਰ ਤੇ ਸਵੇਰ ਵੇਲੇ ਹੁੰਦਾ ਹੈ। ਇਸੇ ਲਈ ‘ਆਸਾ ਕੀ ਵਾਰ’ ਨੂੰ ਅਮਿ੍ਰਤ ਵੇਲੇ ਗਾਉਣ ਦੀ ਰੀਤ ਗੁਰੂ ਅੰਗਦ ਦੇਵ ਨੇ ਤੋਰੀ ਸੀ। ਸੋਦਰ ਦੀ ਚੌਂਕੀ ਦਾ ਵਿਧਾਨ ਸੰਝ ਵੇਲੇ ਕੀਤਾ ਜਾਂਦਾ ਹੈ। ਇਸ ਨੂੰ ਸੰਪੂਰਨ ਜਾਤਿ ਦਾ ਦੇਸੀ ਰਾਗ ਮੰਨਦੇ ਹੋਇਆਂ ਵਿਦਵਾਨਾਂ ਨੇ ਇਸ ਆਰੰਭ ਗੁਰੂ ਨਾਨਕ ਦੇਵ ਜੀ ਦੁਆਰਾ ਕੀਤਾ ਗਿਆ ਮੰਨਿਆ ਹੈ। ਆਸਾਵਰੀ ਅਤੇ ਕਾਫੀ ਨੂੰ ਇਸ ਰਾਗ ਨਾਲ ਰਲ ਕੇ ਲਿਖਣ ਦਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਧਾਨ ਹੈ। ਇਸ ਰਾਗ ਦੇ ਆਰੰਭ ਵਿੱਚ ਇੱਕ ਸ਼ਬਦ ‘ਸੋਦਰ’ ਦਾ ਅਤੇ ਇੱਕ ‘ਸੋਪੁਰਖੁ’ ਦਾ ਹੈ। ਉਹਨਾਂ ਪਿੱਛੋਂ 231 ਚਉਪਦੇ, 39 ਅਸ਼ਟਪਦੀਆਂ, ਤਿੰਨ ਬਿਰਹੜੇ, ਦੋ ਪਟੀਆਂ, 35 ਛੰਤ ਅਤੇ ਇੱਕ ਵਾਰ ਹੈ। ਭਗਤ-ਬਾਣੀ ਪ੍ਰਕਰਣ ਵਿੱਚ 37 ਸ਼ਬਦ ਕਬੀਰ ਜੀ ਦੇ, ਪੰਜ ਨਾਮਦੇਵ ਜੀ ਦੇ, ਛੇ ਰਵਿਦਾਸ ਜੀ ਦੇ, ਤਿੰਨੇ ਧੰਨੇ ਜੀ ਦੇ (ਇਨ੍ਹਾਂ ਵਿੱਚੋਂ ਦੂਜਾ ਮਹਲੇ ਪੰਜਵੇਂ ਦਾ ਹੈ।) ਅਤੇ ਦੋ ਸ਼ੇਖ ਫਰੀਦ ਜੀ ਦੇ ਹਨ।
ਗੁਜਰੀ ਰਾਗ: ਇਸ ਰਾਗ ਬਾਰੇ ਵਿਦਵਾਨਾਂ ਦਾ ਮਤ ਹੈ ਕਿ ਇਹ ਭੈਰਉ ਅਤੇ ਰਾਮਕਲੀ ਰਾਗਾਂ ਦੇ ਸੁਮੇਲ ਨਾਲ ਬਣਿਆ ਹੈ। ਇਸ ਨੂੰ ਟੋਡੀ ਠਾਟ ਦੀ ਖਾੜਵ ਰਾਗਨੀ ਵੀ ਕਿਹਾ ਜਾਂਦਾ ਹੈ। ਗੁਜਰ ਜਾਤਿ ਵਿੱਚ ਇਸ ਦਾ ਵਿਸ਼ੇਸ਼ ਪ੍ਰਚਲਨ ਮੰਨਿਆ ਜਾਂਦਾ ਹੈ। ਇਹ ਰਾਗ ਸਾਰੀਆਂ ਰੁਤਾਂ ਵਿੱਚ ਸਵੇਰ ਵੇਲੇ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਕੁਲ 48 ਚਉਪਦੇ, ਨੌਂ ਅਸ਼ਟਪਦੀਆਂ ਅਤੇ ਦੋ ਵਾਰਾਂ (ਇਹ ਮਹਲੇ 3 ਦੀ, ਇੱਕ ਮਹਲੇ ੫ ਦੀ) ਹਨ। ਇਹਨਾਂ ਤੋਂ ਇਲਾਵਾ 8 ਸ਼ਬਦ ਭਗਤਾਂ ਦੇ ਹਨ-ਦੋ ਸੰਤ ਕਬੀਰ ਜੀ ਦੇ, ਦੋ ਨਾਮਦੇਵ ਜੀ ਦੇ, ਇੱਕ ਰਵਿਦਾਸ ਜੀ ਦੇ, ਦੋ ਤਿ੍ਰਲੋਚਨ ਜੀ ਦੇ ਅਤੇ ਇੱਕ ਜੈਦੇਵ ਜੀ ਦਾ ਹੈ।
ਦੇਵਗੰਧਾਰੀ ਰਾਗ: ਇਹ ਇੱਕ ਪੁਰਾਤਨ ਰਾਗ ਹੈ ਜੋ ਬਹੁਤ ਗੁੰਝਲਦਾਰ ਹੋਣ ਕਰਕੇ ਘਰ ਹੀ ਪ੍ਰਚੱਲਿਤ ਰਿਹਾ ਹੈ। ਇਸ ਦਾ ਉਲੇਖ ਪੁਰਾਤਨ ਸੰਗੀਤ ਗੰ੍ਰਥਾਂ ਵਿੱਚ ਮਿਲ ਜਾਂਦਾ ਹੈ। ਇਸ ਨੂੰ ਬਿਲਾਵਲ ਨਾਟ ਦੀ ਸੰਪੂਰਨ ਰਾਗਨੀ ਮੰਨਿਆ ਗਿਆ ਹੈ। ਇਹ ਆਮ ਤੌਰ ਸਵੇਰੇ ਦਿਨ ਚੜ੍ਹੇ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਕੁਲ 47 ਚਉਪਦੇ ਹਨ ਜਿਨ੍ਹਾਂ ਵਿੱਚੋਂ ਛੇ ਗੁਰੂ ਰਾਮ ਦਾਸ ਜੀ ਦੇ, 38 ਗੁਰੂ ਅਰਜਨ ਦੇਵ ਜੀ ਦੇ ਅਤੇ ਤਿੰਨ ਗੁਰੂ ਤੇਗ ਬਹਾਦਰ ਜੀ ਦੇ ਰਚੇ ਹਨ।
ਬਿਹਾਗੜਾ ਰਾਗ: ਇਹ ਬਿਲਾਵਲ ਠਾਟ ਦਾ ਸੰਪੂਰਨ ਰਾਗ ਹੈ। ਵਿਦਵਾਨਾਂ ਅਨੁਸਾਰ ਬਿਹਾਰ ਵਿੱਚ ਕੋਮਲ ਸੁਰ ਲਿਆਉਣ ਨਾਲ ਬਿਰਾਗੜਾ ਬਣ ਜਾਂਦਾ ਹੈ। ਇਸ ਨੂੰ ਕੇਂਦਰਾਂ ਅਤੇ ਗਾਉੜੀ ਦੇ ਸੁਮੇਲ ਦਾ ਸਿੱਟਾ ਵੀ ਕਿਹਾ ਜਾਂਦਾ ਹੈ। ਇਹ ਉੱਤਰੀ ਭਾਰਤੀ ਦੀ ਸੰਗੀਤ ਪ੍ਰੰਪਰਾ ਦਾ ਮਧੁਰ ਰਾਗ ਹੈ। ਇਸ ਦੇ ਗਾਉਣ ਦਾ ਸਮਾਂ ਅੱਧੀ ਰਾਤ ਹੈ। ਇਸ ਰਾਗ ਵਿੱਚ ਦੋ ਚਉਪਦੇ, 15 ਛੰਤ ਅਤੇ ਇੱਕ ਵਾਰ ਮ: ੪ ਸ਼ਾਮਲ ਹਨ।
ਵਡਹੰਸ ਰਾਗ: ਇਹ ਕਮਾਚ ਠਾਟ ਦਾ ਸੰਪੂਰਣ ਰਾਗ ਹੈ। ਇਸ ਨੂੰ ਆਮ ਤੌਰ ਤੇ ਦੁਪਿਹਰ ਵੇਲੇ ਅਤੇ ਰਾਤ ਦੇ ਦੂਜੇ ਪਹਿਰ ਵਿੱਚ ਗਾਇਆ ਜਾਂਦਾ ਹੈ। ਇਸ ਵਿੱਚ ਦੁਖ ਦੇ ਸੂਚਕ ਕਾਵਿ-ਰੂਪ ਆਲਹਣੀਆਂ ਅਤੇ ਸੁੱਖ ਦੇ ਮਾਹੌਲ ਨਾਲ ਸਬੰਧਤ ਕਾਵਿ-ਰੂਪ ਘੋੜੀਆਂ ਨੂੰ ਵਰਤ ਕੇ ਗੁਰਬਾਣੀ ਵਿਚਲੀ ਦੁਖ-ਸੁੱਖ ਦੀ ਸਮਾਨਤਾ ਦੀ ਭਾਵਨਾ ਨੂੰ ਉਜਾਗਰ ਕੀਤਾ ਗਿਆ ਹੈ। ਇਸ ਰਾਗ ਵਿੱਚ ਕੁਲ 24 ਚਉਪਦੇ, ਦੋ ਅਸ਼ਪਦੀਆਂ, 17 ਛੰਤ (ਦੋ ਘੜੀਆਂ ਦੇ), ਨੌ ਅਲਾਹਣੀਆਂ ਅਤੇ ਇੱਕ ਵਾਰ ਮਹੱਲਾ ੪ ਸ਼ਾਮਲ ਹਨ।
ਸੋਰਠਿ ਰਾਗ: ਕੁੱਝ ਵਿਚਵਾਨਾਂ ਨੂੰ ਇਸ ਨੂੰ ਕਮਾਚ ਠਾਟ ਦਾ ਔੜਵ ਸੰਪੂਰਣ ਰਾਗ ਮੰਨਿਆ ਹੈ ਅਤੇ ਕੁੱਝ ਨੇ ਇਸ ਨੂੰ ਮੇਘ ਦੀ ਇੱਕ ਰਾਗਨੀ ਦੱਸਿਆ ਹੈ। ਇਹ ਰਾਤ ਦੇ ਦੂਜੇ ਪਹਿਰ ਗਾਇਆ ਜਾਂਦਾ ਹੈ ਅਤੇ ਆਮ ਤੌਰ ਤੇ ਇਸ ਨੂੰ ਸਰਦ ਰੁਤ ਨਾਲ ਸੰਬੰਧਤ ਕੀਤਾ ਜਾਂਦਾ ਹੈ। ਗੰਭੀਰ ਪ੍ਰਾਕਿ੍ਰਤੀ ਵਾਲਾ ਹੋਣ ਕਾਰਨ ਇਸ ਨੂੰ ਵੈਰਾਗਮਈ ਬਾਣੀ ਲਈ ਵਰਤਿਆ ਜਾਂਦਾ ਹੈ। ਇਸ ਰਾਗ ਵਿੱਚ ਕੁਲ 139 ਚਉਪਦੇ, 10 ਅਸ਼ਟਪਦੀਆਂ ਅਤੇ ਇੱਕ ਵਾਰ ਮਹਲਾ ੪ ਹੈ। ਭਗਤ-ਬਾਣੀ ਪ੍ਰਕਰਣ ਵਿੱਚ 23 ਸ਼ਬਦ ਦਰਜ ਹਨ ਜਿਨ੍ਹਾਂ ਵਿੱਚ 11 ਕਬੀਰ ਜੀ ਦੇ, ਤਿੰਨ ਨਾਮਦੇਵ ਜੀ ਦੇ, 7 ਰਵਿਦਾਸ ਜੀ ਦੇ ਅਤੇ ਭੀਖਨ ਜੀ ਦੇ ਹਨ।
ਧਨਾਸਰੀ ਰਾਗ: ਕਾਫੀ ਠਾਟ ਦੀ ਸੰਪੂਰਣ ਰਾਗਨੀ ਮੰਨੇ ਜਾਣ ਵਾਲੇ ਇਸ ਰਾਗ ਨੂੰ ਦਨ ਦੇ ਤੀਜੇ ਪਹਿਰ ਵਿੱਚ ਗਾਇਆ ਜਾਂਦਾ ਹੈ। ਇਹ ਭਾਵੇਂ ਬਹੁਤਾ ਪ੍ਰਸਿੱਧ ਨਹੀਂ ਪਰ ਵੈਰਾਗ ਦੀ ਭਾਵਨਾ ਲਈ ਇਸ ਰਾਗ ਦੁਆਰਾ ਬਹੁਤ ਢੁੱਕਵਾਂ ਵਾਤਾਵਰਣ ਪੈਦਾ ਕੀਤਾ ਜਾ ਸਕਦਾ ਹੈ। ਇਸ ਰਾਗ ਵਿੱਚ ਕੁੱਲ 93 ਚਉਪਦੇ, ਤਿੰਨ ਅਸ਼ਟਪਦੀਆਂ, ਪੰਜ ਛੱਡ ਦਰਜ ਹਨ। ਭਗਤ ਬਾਣੀ ਦੇ ਪ੍ਰਸੰਗ ਵਿੱਚ ਦਰਜ 17 ਸ਼ਬਦਾਂ ਵਿੱਚੋਂ ਪੰਜ ਸ਼ਬਦ ਕਬੀਰ ਜੀ ਦੇ, ਪੰਜ ਨਾਮਦੇਵ ਜੀ ਦੇ, ਤਿੰਨ ਰਵਿਦਾਸ ਜੀ ਦੇ, ਇੱਕ-ਇੱਕ ਤਿ੍ਰਲੋਚਨ ਜੀ, ਸੈਣ ਜੀ, ਪੀਪਾ ਜੀ, ਧੰਨਾ ਜੀ ਦੇ ਹਨ।
ਜੈਤਸਰੀ ਰਾਗ: ਇਹ ਰਾਗ ਜੈਤ ਅਤੇ ਸਿਰੀ ਦੇ ਰਾਗਾਂ ਦੇ ਸੰਯੋਗ ਨਾਲ ਬਣਿਆ ਹੈ। ਇਹ ਪੂਰਵੀ ਠਾਟ ਦੀ ਔੜਵ ਸੰਪੂਰਣ ਰਾਗਨੀ ਹੈ। ਇਸ ਨੂੰ ਆਮ ਤੌਰ ਤੇ ਦਿਨ ਦੇ ਚੌਥੇ ਪਹਿਰ ਵਿੱਚ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਕੁੱਲ 27 ਚਉਪਦੇ, ਤਿੰਨ ਛੰਤ ਅਤੇ ਇੱਕ ਵਾਰ ਮ. ੫ ਦੀ ਹੈ। ਭਗਤ ਬਾਣੀ ਪ੍ਰਕਰਣ ਵਿੱਚ ਇੱਕ ਸ਼ਬਦ ਰਵਿਦਾਸ ਜੀ ਦਾ ਹੈ।
ਟੋਡੀ ਰਾਗ: ਇਸ ਨੂੰ ਸਰਲ ਅਤੇ ਮਧੁਰ ਰਾਗ ਮੰਨਿਆ ਜਾਂਦਾ ਹੈ। ਇਸ ਨੂੰ ਦਿਨ ਦੇ ਦੂਜੇ ਪਹਿਰ ਵਿੱਚ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਕੁੱਲ 32 ਚਉਪਦੇ ਹਨ ਅਤੇ ਭਗਤ-ਬਾਣੀ ਪ੍ਰਕਰਣ ਵਿੱਚ ਨਾਮਦੇਵ ਜੀ ਦੇ ਤਿੰਨ ਸ਼ਬਦ ਹਨ।
ਬੈਰਾੜੀ ਰਾਗ: ਇਸ ਨੂੰ ਵਿਦਵਾਨਾਂ ਨੇ ਮਾਰੂ ਨਾਟ ਦੀ ਸੰਪੂਰਣ ਰਾਗਨੀ ਦੱਸਿਆ ਹੈ। ਇਹ ਰਾਗ ਪ੍ਰਾਚੀਨ ਕਾਲ ਤੋਂ ਹੀ ਬਹੁਤ ਪ੍ਰਸਿੱਧ ਚਲਿਆ ਆ ਰਿਹਾ ਹੈ। ਇਸ ਨੂੰ ਕੁੱਝ ਵਿਦਵਾਨਾਂ ਨੇ ਦਿਨ ਦੇ ਦੂਜੇ ਪਹਿਰ ਦਾ ਰਾਗ ਮੰਨਿਆ ਹੈ ਅਤੇ ਕੁੱਝ ਨੇ ਸ਼ਾਮ ਵੇਲੇ ਦਾ ਇਸ ਰਾਗ ਵਿੱਚ ਕੁੱਲ 7 ਚਉਪਦੇ ਹਨ ਜਿਨ੍ਹਾਂ ਵਿੱਚ ਗੁਰੂ ਰਾਮ ਦਾਸ ਜੀ ਦੇ ਛੇ ਅਤੇ ਗੁਰੂ ਅਰਜਨ ਦੇਵ ਜੀ ਦਾ ਇੱਕ ਹੈ।
ਤਿਲੰਗ ਰਾਗ: ਇਸ ਨੂੰ ਬਿਲਾਵਲ ਠਾਟ ਦਾ ਇੱਕ ਔੜਵ ਰਾਗ ਮੰਨਿਆ ਗਿਆ ਹੈ। ਇਸ ਦਾ ਸਬੰਧ ਅਧਿਕਤਰ ਦੱਖਣ ਨਾਲ ਹੈ। ਇਸ ਰਾਗ ਨੂੰ ਪੰਜਾਬੀ ਸੂਫੀ ਫਕੀਰਾਂ ਨੇ ਅਧਿਕ ਪ੍ਰਚੱਲਿਤ ਕੀਤਾ। ਇਸ ਦੇ ਗਾਉਣ ਦਾ ਸਮਾਂ ਕੁੱਝ ਵਿਦਵਾਨਾਂ ਨੇ ਦਿਨ ਦਾ ਤੀਜਾ ਪਹਿਰ ਮੰਨਿਆ ਹੈ ਅਤੇ ਕੁੱਝ ਨੇ ਬਰਖਾ ਰੁਤ ਜਾਂ ਸਰਦੀਆਂ ਦੀ ਅੱਧ ਰਾਤ ਨੂੰ ਗਾਏ ਜਾਣ ਵਾਲਾ ਰਾਗ ਦੱਸਿਆ ਹੈ। ਇਸ ਰਾਗ ਵਿੱਚ ਕੁੱਲ 12 ਚਉਪਦੇ ਹਨ, ਪਰ ਇਹ ਉੱਪ-ਸਿਰਲੇਖ ਨਹੀਂ ਦਿੱਤਾ ਹੋਇਆ। ਇਸੇ ਤਰ੍ਹਾਂ ਪੰਜ ਅਸ਼ਟਪਦੀਆਂ ਉੱਤੇ ਵੀ ਉੱਪ-ਸਿਰਲੇਖ ਨਹੀਂ ਹੈ। ਬਾਣੀ ਵਿਧਾਨ ਦੇ ਨਿਯਮ ਅਨੁਸਾਰ ਹੀ ਇਹਨਾਂ ਨੂੰ ਸਬੰਧਤ ਵਰਗਾਂ ਵਿੱਚ ਰੱਖਿਆ ਗਿਆ ਹੈ। ਭਗਤ ਬਾਣੀ ਪ੍ਰਕਰਣ ਵਿੱਚ ਕੇਵਲ ਤਿੰਨ ਸ਼ਬਦ ਹਨ-ਇੱਕ ਸੰਤ ਕਬੀਰ ਜੀ ਦਾ ਅਤੇ ਦੋ ਭਗਤ ਨਾਮਦੇਵ ਜੀ ਦੇ ਹਨ।
ਸੂਹੀ ਰਾਗ: ਇਹ ਇੱਕ ਅਪ੍ਰਸਿੱਧ ਰਾਗ ਹੈ, ਇਸ ਲਈ ਇਸ ਦੇ ਸਰੂਪ ਬਾਰੇ ਵਿਦਵਾਨਾਂ ਵਿਰਾਸਤ ਭੇਦ ਹੈ। ਇਸ ਦੇ ਗਾਉਣ ਦਾ ਸਮਾਂ ਦੋ ਘੜੀ ਦਿਨ ਚੜ੍ਹੇ ਹੈ, ਕੁੱਝ ਸੰਗੀਤਕਾਰਾਂ ਅਨੁਸਾਰ ਇਸ ਨੂੰ ਦਿਨ ਦੇ ਦੂਜੇ ਪਹਿਰ ਦੇ ਅੰਤ ਉੱਤੇ ਗਾਉਣਾ ਚਾਹੀਦਾ ਹੈ। ਇਸ ਰਾਗ ਵਿੱਚ ਕੁੱਲ 82 ਚਉਪਦੇ, 16 ਅਸ਼ਟਪਦੀਆਂ, 3 ਕੁਚੱਜੀ-ਸੁਚੱਜੀ ਅਤੇ ਗੁਣਵੰਤੀ, 29 ਛੰਤ ਅਤੇ ਇੱਕ ਵਾਰ ਮਾ. ੩ ਹੈ। ਭਗਤ-ਬਾਣੀ ਪ੍ਰਕਰਣ ਵਿੱਚ ਦਸ ਸ਼ਬਦ ਹਨ ਜਿਨ੍ਹਾਂ ਵਿੱਚ ਪੰਜ ਕਬੀਰ ਜੀ ਦੇ, ਤਿੰਨ ਰਵਿਦਾਸ ਜੀ ਦੇ ਅਤੇ ਦੋ ਸ਼ੇਖ ਫਰੀਦ ਜੀ ਦੇ ਹਨ।
ਬਿਲਾਵਲ ਰਾਗ: ਇਹ ਬਹੁਤ ਪੁਰਾਤਨ ਰਾਗ ਹੈ ਅਤੇ ਉੱਤਰੀ ਅਤੇ ਦੱਖਣੀ ਦੋਹਾਂ ਸੰਗੀਤ ਪ੍ਰੰਪਰਾਵਾਂ ਵਿੱਚ ਇਸ ਦੀ ਮਾਨਤਾ ਹੈ। ਕੁੱਝ ਸੰਗੀਤਕਾਰਾਂ ਨੇ ਇਸ ਦੇ ਗਾਉਣ ਦਾ ਸਮਾਂ ਸਵੇਰ ਦਾ ਪਹਿਲਾ ਪਹਿਰ ਮੰਨਿਆ ਹੈ ਅਤੇ ਕੁੱਝ ਇਸ ਨੂੰ ਦਿਨ ਦੇ ਦੂਜੇ ਪਹਿਰ ਦਾ ਆਰੰਭ ਦੱਸਦੇ ਹਨ। ਇਸ ਦਾ ਇੱਕ ਭੇਦ ਬਿਲਾਵਲ ਦੱਖਣੀ ਵੀ ਹੈ। ਇਸ ਰਾਗ ਵਿੱਚ ਕੁਲ 149 ਚਉਪਦੇ, 11 ਅਸ਼ਟਪਦੀਆਂ, ਇੱਕ ਬਿਤੀ ਮ: ੧, ਦੋ ਵਾਰ ਸਤ ਮ: ੩ ਨੌ ਛੰਤ ਅਤੇ ਇੱਕ ਵਾਰ ਮ: ੪ ਦਰਜ ਹੈ। ਭਗਤ-ਬਾਣੀ ਪ੍ਰਕਰਣ ਵਿਚਲੇ 16 ਸ਼ਬਦਾਂ ਵਿੱਚੋਂ 12 ਕਬੀਰ ਜੀ ਦੇ, ਇੱਕ ਨਾਮਦੇਵ ਜੀ ਦਾ, ਦੋ ਰਵਿਦਾਸ ਜੀ ਦੇ ਅਤੇ ਇੱਕ ਸਧਾਨ ਜੀ ਦਾ ਹੈ।
ਗੌਂਡ ਰਾਗ: ਇਹ ਬਹੁਤ ਪ੍ਰਾਚੀਨ ਅਤੇ ਅਪ੍ਰਚੱਲਿਤ ਰਾਗ ਹੈ। ਗਾਉਣ ਵਿੱਚ ਇਹ ਔਖਾ ਵੀ ਹੈ, ਪਰ ਪ੍ਰਬੀਨ ਸੰਗੀਤਕਾਰ ਇਸ ਨੂੰ ਬੜੇ ਸ਼ੌਂਕ ਨਾਲ ਗਾਉਂਦੇ ਹਨ। ਇਸ ਨੂੰ ਸੰਪੂਰਨ ਜਾਤਿ ਦਾ ਰਾਗ ਮੰਨਿਆ ਜਾਂਦਾ ਹੈ। ਇਸ ਦੇ ਗਾਉਣ ਦਾ ਸਮਾਂ ਦੁਪਿਹਰ ਹੈ। ਇਸ ਰਾਗ ਵਿੱਚ ਕੁੱਲ 28 ਚਉਪਦੇ ਅਤੇ ਇੱਕ ਅਸ਼ਟਪਦੀ ਹੈ। ਭਗਤ-ਬਾਣੀ ਪ੍ਰਕਰਣ ਵਿਚਲੇ 20 ਸ਼ਬਦਾਂ ਵਿੱਚੋਂ 11 ਭਗਤ ਕਬੀਰ ਜੀ ਦੇ, ਸੱਤ ਨਾਮਦੇਵ ਜੀ ਦੇ ਅਤੇ ਦੋ ਰਵਿਦਾਸ ਜੀ ਦੇ ਹਨ।
ਰਾਮਕਲੀ ਰਾਗ: ਇਸ ਰਾਗ ਨੂੰ ਨਾਥ-ਜੋਗੀਆਂ ਨੇ ਵਿਸ਼ੇਸ਼ ਰੂਪ ਵਿੱਚ ਅਪਣਾਇਆ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਨਾਥ ਜੋਗੀਆਂ ਜਾਂ ਸਿੱਧਾਂ ਨਾਲ ਜਿੱਥੇ ਵਿਚਾਰ-ਵਟਾਂਦਰਾ ਕੀਤਾ ਹੈ ਜਾਂ ਉਹਨਾਂ ਪ੍ਰਤੀ ਆਪਣਾ ਮਤ ਦਰਸਾਇਆ ਹੈ, ਉੱਥੇ ਆਪਣੀ ਬਾਣੀ ਇਸੇ ਰਾਗ ਵਿੱਚ ਉਚਾਰੀ ਹੈ। ਸੰਗੀਤ ਜਗਤ ਵਿੱਚ ਇਹ ਰਾਗ ਬਹੁਤ ਪ੍ਰਸਿੱਧ ਹੈ। ਇਸ ਦੇ ਗਾਉਣ ਦਾ ਸਮਾਂ ਸੂਰਜ ਨਿਕਲਣ ਤੋਂ ਲੈ ਕੇ ਪਹਿਰ ਦਿਨ ਚੜ੍ਹੇ ਤੱਕ ਹੈ। ਇਸ ਰਾਗ ਵਿੱਚ ਕੁੱਲ 81 ਚਉਪਦੇ, 22 ਅਸ਼ਟਪਦੀਆਂ, ਇੱਕ ਅਨੰਦੁ ਮ. ੩, ਇੱਕ ਸਦ, ਛੇ ਛੰਤ (ਰੁਤੀ ਸਮੇਤ), ਇੱਕ ਓਅੰਕਾਰ ਮ. ੧, ਇੱਕ ਸਿਧ ਗੋਸਟਿ ਮ. ੧, ਦੋ ਵਾਰਾਂ (ਇੱਕ ਮਹਲੇ ਤੀਜੇ ਅਤੇ ਇੱਕ ਮਹਲੇ ਪੰਜਵੇਂ ਦੀ) ਅਤੇ ਇੱਕ ਵਾਰ ਸਤੈ ਬਲਵੰਡ ਕੀ ਹੈ। ਭਗਤ-ਬਾਣੀ ਵਿੱਚ 18 ਸ਼ਬਦ ਹਨ ਜਿਨ੍ਹਾਂ ਵਿੱਚੋਂ 12 ਸੰਤ ਕਬੀਰ ਜੀ ਦੇ, ਚਾਰ ਨਾਮਦੇਵ ਜੀ ਦੇ, ਇੱਕ ਰਵਿਦਾਸ ਜੀ ਦਾ ਅਤੇ ਇੱਕ ਬੇਣੀ ਜੀ ਦਾ ਹੈ।
ਨਟ-ਨਾਰਾਇਨ ਰਾਗ: ਇਹ ਸੰਪੂਰਨ ਜਾਤਿ ਦਾ ਰਾਗ ਹੈ। ਇਸ ਦੀ ਰਚਨਾ ਬਿਲਾਵਲ ਅਤੇ ਕਲਿਆਣ ਦੇ ਮੇਲ ਨਾਲ ਹੁੰਦੀ ਹੈ। ਇਸ ਦੇ ਗਾਉਣ ਦਾ ਸਮਾਂ ਚਿਨ ਦਾ ਚੌਥਾ ਪਹਿਰ ਹੈ। ਇਸ ਰਾਗ ਵਿੱਚ 19 ਚਉਪਦੇ ਅਤੇ ਛੇ ਅਸ਼ਟਪਦੀਆਂ ਦਰਜ ਹੈ।
ਮਾਲੀ-ਗਉੜਾ ਰਾਗ: ਇਹ ਉੱਤਰੀ ਭਾਰਤੀ ਸੰਗੀਤ ਸ਼ਾਖਾ ਦਾ ਰਾਗ ਮੰਨਿਆ ਜਾਂਦਾ ਹੈ, ਪਰ ਇਸ ਦਾ ਬਹੁਤਾ ਪ੍ਰਚਲਨ ਨਹੀਂ ਹੋਇਆ। ਇਸ ਦੇ ਗਾਉਣ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ। ਇਸ ਰਾਗ ਵਿੱਚ 14 ਚਉਪਦੇ ਦਰਜ ਹਨ। ਭਗਤ-ਬਾਣੀ ਪ੍ਰਕਰਣ ਵਿੱਚ ਤਿੰਨ ਸ਼ਬਦ ਭਗਤ ਨਾਮਦੇਵ ਜੀ ਦੇ ਹਨ।
ਮਾਰੂ ਰਾਗ: ਇਹ ਬੜਾ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਵਿਦਵਾਨਾਂ ਨੇ ਇਸ ਨੂੰ ਖਾੜਵ ਜਾਤਿ ਦਾ ਰਾਗ ਮੰਨਿਆ ਹੈ। ਇਸ ਨੂੰ ਦਿਨ ਦੇ ਤੀਜੇ ਪਹਿਰ ਵਿੱਚ ਬੜੇ ਸਾਧਾਰਣ ਢੰਗ ਨਾਲ ਗਾਇਆ ਜਾਂਦਾ ਹੈ। ਪੁਰਾਤਨ ਕਾਲ ਤੋਂ ਇਸ ਨੂੰ ਯੁੱਧ ਦੇ ਸਬੰਧ ਵਿੱਚ ਜਾਂ ਵੀਰ ਰਸੀ ਭਾਵਨਾਵਾਂ ਦੇ ਪ੍ਰਗਟਾਵੇ ਲਈ ਵਰਤਿਆ ਜਾਂਦਾ ਹੈ। ਮਿ੍ਰਤੂ ਦੇ ਅਵਸਰ ’ਤੇ ਵੀ ਇਸ ਦੇ ਗਾਉਣ ਦਾ ਵਿਧਾਨ ਹੈ। ਇਸ ਰਾਗ ਵਿੱਚ ਕੁਲ 60 ਚਉਪਦੇ (ਦੋ ਅੰਜਲੀਆਂ ਸਮੇਤ), 20 ਅਸ਼ਟਪਦੀਆਂ (ਦੋ ਅੰਜਲੀਆਂ ਸਹਿਤ), 62 ਸੋਹਲੇ, ਇੱਕ ਵਾਰ ਮ. ੩ ਅਤੇ ਇੱਕ ਵਾਰ ਮ. ੫ ਦਰਜ ਹਨ। ਭਗਤ-ਬਾਣੀ ਪ੍ਰਕਰਣ ਵਿੱਚ ਕੁੱਲ 16 ਸ਼ਬਦ ਹਨ, ਜਿਨ੍ਹਾਂ ਵਿੱਚੋਂ 12 ਸੰਤ ਕਬੀਰ ਜੀ ਦੇ, ਇੱਕ ਨਾਮਦੇਵ ਜੀ ਦਾ, ਇੱਕ ਜੈਦੇਵ ਜੀ ਦਾ ਅਤੇ ਦੋ ਰਵਿਦਾਸ ਜੀ ਦੇ ਹਨ।
ਤੁਖਾਰੀ ਰਾਗ: ਇਹ ਸੰਪੂਰਣ ਜਾਤਿ ਦੀ ਇੱਕ ਰਾਗਨੀ ਹੈ ਜਿਸ ਦੇ ਗਾਉਣ ਦਾ ਸਮਾਂ ਚਾਰ ਘੜੀ ਦਿਨ ਚੜ੍ਹਨ ਦਾ ਹੈ। ਕੁੱਝ ਸੰਗੀਤਕਾਰਾਂ ਨੇ ਇਸ ਨੂੰ ਸ਼ਾਮ ਵੇਲੇ ਦਾ ਰਾਗ ਮੰਨਿਆ ਹੈ। ਇਸ ਦੇ ਨਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਇਹ ਕਿਸੇ ਸਰਦ ਇਲਾਕੇ ਦੀ ਦੇਣ ਹੈ। ਇਸ ਵਿੱਚ ਆਮ ਤੌਰ ਤੇ ਵਿਯੋਗ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੋਇਆ ਹੈ। ਇਸ ਰਾਗ ਵਿੱਚ ਕੁਲ 11 ਛੰਤ ਹਨ। ਪਹਿਲਾ ਛੰਤ ‘ਬਾਰਹਮਾਹਾ’ ਦਾ ਹੈ।
ਕੈਦਾਰਾ ਰਾਗ: ਇਹ ਬਹੁਤ ਪ੍ਰਾਚੀਨ ਰਾਗ ਹੈ। ਇਸ ਦੇ ਸਰੂਪ ਸਬੰਧੀ ਵਿਦਵਾਨਾਂ ਵਿੱਚ ਮਤ-ਭੇਦ ਹੈ। ਇਸ ਨੂੰ ਰਾਤ ਦੇ ਦੂਜੇ ਪਹਿਰ ਵਿੱਚ ਗਾਉਣ ਦਾ ਨਿਯਮ ਹੈ। ਇਸ ਰਾਗ ਵਿੱਚ ਕੁੱਲ 17 ਚਉਪਦੇ (ਉਪ-ਸਿਰਲੇਖ ਨਹੀਂ ਦਿੱਤਾ ਹੋਇਆ) ਅਤੇ ਇੱਕ ਛੰਤ ਹੈ। ਭਗਤ-ਬਾਣੀ ਪ੍ਰਕਰਣ ਵਿੱਚ ਕੁੱਲ ਸੱਤ ਸ਼ਬਦ ਹਨ, ਛੇ ਸੰਤ ਕਬੀਰ ਜੀ ਦੇ ਅਤੇ ਇੱਕ ਰਵਿਦਾਸ ਜੀ ਦਾ।
ਭੈਰਉ ਰਾਗ: ਇਸ ਨੂੰ ਭਗਤੀ ਭਾਵਨਾ ਨੂੰ ਪ੍ਰਗਟਾਉਣ ਵਾਲਾ ਮੁੱਖ ਰਾਗ ਮੰਨਿਆ ਗਿਆ ਹੈ। ਇਸ ਲਈ ਇਸ ਦੇ ਗਾਉਣ ਦਾ ਵੇਲਾ ਪ੍ਰਭਾਤ ਹੈ। ਇਸ ਸੰਪੂਰਣ ਜਾਤਿ ਦਾ ਮਾਰਗ ਰਾਗ ਹੈ। ਇਸ ਰਾਗ ਵਿੱਚ ਕੁੱਲ 93 ਚਉਪਦੇ ਅਤੇ ਛੇ ਅਸ਼ਟਪਦੀਆਂ ਸ਼ਾਮਲ ਹਨ। ਭਗਤ-ਬਾਣੀ ਪ੍ਰਕਰਣ ਵਿੱਚ 33 ਸ਼ਬਦ ਦਰਜ ਹਨ ਜਿਨ੍ਹਾਂ ਵਿੱਚੋਂ 20 ਸੰਤ ਕਬੀਰ ਜੀ ਦੇ (ਇੱਕ ਗੁਰੂ ਅਰਜਨ ਦੇਵ ਜੀ ਦਾ), 12 ਨਾਮਦੇਵ ਜੀ ਦੇ ਅਤੇ ਇੱਕ ਰਵਿਦਾਸ ਜੀ ਦਾ ਹੈ।
ਬਸੰਤ ਰਾਗ: ਇਹ ਬਹੁਤ ਪੁਰਾਤਨ ਅਤੇ ਪ੍ਰਸਿੱਧ ਰਾਗ ਮੰਨਿਆ ਗਿਆ ਹੈ। ਇਸ ਦਾ ਸਬੰਧ ਬਸੰਤ ਰੁੱਤ ਨਾਲ ਹੈ। ਇਸ ਦੇ ਗਾਉਣ ਦਾ ਵਿਧਾਨ ਰਾਤ ਵੇਲੇ ਹੈ। ਰੁੱਤ ਦੇ ਪ੍ਰਭਾਵ ਕਾਰਣ ਇਸ ਵਿੱਚ ਹਰਿ-ਭਗਤੀ ਲਈ ਉਤਸ਼ਾਹ ਦੀ ਭਾਵਨਾ ਅਧਿਕ ਹੈ। ਇਸ ਰਾਗ ਵਿੱਚ ਕੁੱਲ 63 ਚਉਪਦੇ, 11 ਅਸ਼ਟਪਦੀਆਂ ਅਤੇ ਇੱਕ ਵਾਰ ਮਹਲਾ ੫ ਹੈ। ਭਗਤ ਬਾਣੀ ਪ੍ਰਕਰਣ ਵਿੱਚ ਕੁੱਲ 13 ਸ਼ਬਦਾਂ ਵਿੱਚੋਂ ਅੱਠ ਕਬੀਰ ਜੀ ਦੇ, ਇੱਕ ਰਾਮਾਨੰਦ ਜੀ ਦਾ, ਤਿੰਨ ਨਾਮਦੇਵ ਜੀ ਦੇ ਅਤੇ ਇੱਕ ਰਵਿਦਾਸ ਜੀ ਦਾ ਹੈ।
ਸਾਰੰਗ ਰਾਗ: ਇਸ ਨੂੰ ਕਾਫੀ ਠਾਟ ਦਾ ਔੜਵ ਖਾੜਵ ਰਾਗ ਕਿਹਾ ਜਾਂਦਾ ਹੈ, ਭਾਰਤੀ ਸੰਗੀਤ ਪ੍ਰੰਪਰਾ ਵਿੱਚ ਬਹੁਤ ਪਹਿਲਾਂ ਤੋਂ ਇਹ ਰਾਗ ਪ੍ਰਚੱਲਿੱਤ ਰਿਹਾ ਹੈ। ਇਸ ਦਾ ਵਿਧਾਨ ਲੋਕ-ਗੀਤਾਂ ਦੀ ਪਰੰਪਰਾ ਵਿੱਚ ਹੋਇਆ ਹੈ। ਇਸ ਦੇ ਕਈ ਭੇਦ ਵੀ ਪ੍ਰਚੱਲਿਤ ਹਨ। ਇਸ ਰਾਗ ਵਿੱਚ ਕੁੱਲ 159 ਚਉਪਦੇ, ਸੱਤ ਅਸ਼ਟਪਦੀਆਂ, ਇੱਕ ਛੰਤ ਅਤੇ ਇੱਕ ਵਾਰ ਮ. ੪ ਸ਼ਾਮਲ ਹੈ। ਭਗਤ-ਬਾਣੀ ਪ੍ਰਕਰਣ ਵਿੱਚ ਨੌਂ ਸ਼ਬਦ ਹਨ ਜਿਨ੍ਹਾਂ ਵਿੱਚੋਂ ਤਿੰਨ ਕਬੀਰ ਜੀ ਦੇ, ਚਾਰ ਨਾਮਦੇਵ ਜੀ ਦੇ, ਇੱਕ ਤੁਕ ਸੂਰਦਾਸ ਜੀ ਦੀ ਅਤੇ ਉਸ ਨਾਲ ਇੱਕ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ।
ਮਲ੍ਹਾਰ ਰਾਗ : ਇਸ ਨੂੰ ਕਮਾਚ ਠਾਟ ਦਾ ਔੜਵ ਕਿਹਾ ਜਾਂਦਾ ਹੈ। ਇਸ ਰਾਗ ਦਾ ਸਬੰਧ ਵਰਖਾ ਨਾਲ ਹੈ, ਇਸ ਲਈ ਇਸ ਦਾ ਵਾਤਾਵਰਣ ਬਰਖਾ ਅਤੇ ਪ੍ਰਕਿ੍ਰਤੀ ਨਾਲ ਸਬੰਧਤ ਹੈ। ਬਰਖਾ ਰੁੱਤ ਤੋਂ ਬਿਨਾ ਇਸ ਦੇ ਗਾਉਣ ਦਾ ਸਮਾਂ ਅੱਧੀ ਰਾਤ ਹੈ। ਇਸ ਵਿੱਚ ਭਗਤੀ ਰਸ ਵਾਲੇ ਪਦ ਅਧਿਕ ਗਾਏ ਜਾਂਦੇ ਹਨ। ਇਸ ਰਾਗ ਵਿੱਚ ਕੁਲ 61 ਚਉਪਦੇ, ਅੱਠ ਅਸ਼ਟਪਦੀਆਂ, ਇੱਕ ਛੰਤ ਅਤੇ ਇੱਕ ਵਾਰ ਮਹਲੇ ਪਹਿਲੇ ਦੀ ਹੈ। ਭਗਤ-ਬਾਣੀ ਪ੍ਰਕਰਣ ਵਿੱਚ ਪੰਜ ਸ਼ਬਦ ਹਨ, ਦੋ ਨਾਮਦੇਵ ਜੀ ਅਤੇ ਤਿੰਨ ਰਵਿਦਾਸ ਜੀ ਦੇ।
ਕਾਨੜਾ ਰਾਗ : ਇਹ ਇਹ ਪੁਰਾਤਨ ਰਾਗ ਹੈ। ਸੰਗੀਤਕਾਰਾਂ ਦੀ ਇਸ ਨੂੰ ਗਾਉਣ ਵਿਸ਼ੇਸ਼ ਰੁਚੀ ਰਹੀ ਹੈ। ਇਸ ਦੇ ਗਾਉਣ ਦਾ ਸਮਾਂ ਅੱਧੀ ਰਾਤ ਮੰਨਿਆ ਜਾਂਦਾ ਹੈ। ਇਸ ਰਾਗ ਵਿੱਚ ਕੁੱਲ 62 ਚਉਪਦੇ, ਛੇ ਅਸ਼ਟਪਦੀਆਂ, ਇੱਕ ਛੰਤ ਅਤੇ ਇੱਕ ਵਾਰ ਮ: ੪ ਦਰਜ ਹੈ। ਭਗਤ-ਬਾਣੀ ਪ੍ਰਕਰਣ ਵਿੱਚ ਨਾਮਦੇਵ ਜੀ ਦਾ ਇੱਕ ਸ਼ਬਦ ਹੈ।
ਕਲਿਆਣ ਰਾਗ: ਇਸ ਰਾਗ ਨੂੰ ਕਲਿਆਣ ਠਾਟ ਦੀ ਔੜਵ ਸੰਪੂਰਣ ਰਾਗਨੀ ਮੰਨਿਆ ਜਾਂਦਾ ਹੈ। ਇਹ ਬਹੁਤ ਪ੍ਰਾਚੀਨ ਅਤੇ ਪ੍ਰਸਿੱਧ ਰਾਗ ਹੈ ਅਤੇ ਇਸ ਦਾ ਸਰੂਪ ਮਧੁਰ ਹੈ। ਇਸ ਨੂੰ ਰਾਤ ਦੇ ਪਹਿਲੇ ਪਹਿਰ ਵਿੱਚ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਕੁੱਲ 17 ਚਉਪਦੇ ਅਤੇ ਛੇ ਅਸ਼ਟਪਦੀਆਂ ਸ਼ਾਮਲ ਹਨ।
ਪ੍ਰਭਾਤੀ ਰਾਗ: ਇਸ ਰਾਗ ਦੀ ਸਿਰਜਨਾ ਕਈ ਰਾਗਾਂ ਦੇ ਸੰਯੋਗ ਨਾਲ ਹੁੰਦੀ ਹੈ। ਇਹ ਭੌਰਚ ਨਾਟ ਦੀ ਸੰਪੂਰਨ ਰਾਹਗਨੀ ਹੈ ਅਤੇ ਇਸ ਦੇ ਗਾਉਣ ਦਾ ਸਮਾਂ ਸਵੇਰ ਦਾ ਪਹਿਲਾ ਪਹਿਰ ਹੈ। ਇਸ ਰਾਗ ਵਿੱਚ ਕੁੱਲ 46 ਚਉਪਦੇ ਅਤੇ 12 ਅਸ਼ਟਪਦੀਆਂ ਹਨ। ਭਗਤ-ਬਾਣੀ ਪ੍ਰਕਰਣ ਵਿੱਚ ਨੌਂ ਸ਼ਬਦ ਦਰਜ ਹਨ ਜਿਨ੍ਹਾਂ ਵਿੱਚੋਂ ਪੰਜ ਸੰਤ ਕਬੀਰ ਜੀ ਦੇ, ਤਿੰਨ ਨਾਮ ਦੇਵ ਜੀ ਦੇ ਅਤੇ ਇੱਕ ਬੇਣੀ ਜੀ ਦਾ ਹੈ।
ਜੈਜਾਵੰਤੀ ਰਾਗ: ਇਸ ਰਾਗ ਵਿੱਚ ਕੇਵਲ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਮਿਲਦੀ ਹੈ। ਇਹ ਕਮਾਚ ਠਾਟ ਦੀ ਸੰਪੂਰਣ ਜਾਤਿ ਦੀ ਰਾਗਨੀ ਹੈ। ਇਹ ਬਹੁਤ ਪੁਰਾਤਨ ਰਾਗ ਹੈ। ਇਸ ਦਾ ਗਾਉਣ ਦਾ ਵੇਲਾ ਕੁਝ ਸੰਗੀਤਕਾਰਾਂ ਨੇ ਪ੍ਰਭਾਤ ਦੱਸਿਆ ਹੈ ਅਤੇ ਕੁੱਝ ਨੇ ਰਾਤ ਦਾ ਦੂਜਾ ਪਹਿਰ। ਇਸ ਰਾਗ ਵਿੱਚ ਗੁਰੂ ਤੇਗ ਬਹਾਦੁਰ ਜੀ ਦੇ ਕੇਵਲ ਚਾਰ ਚਉਪਦੇ ਜਾਂ ਸ਼ਬਦ ਸੰਕਲਿਤ ਹਨ।
-ਡਾ. ਰਤਨ ਸਿੰਘ ਜੱਗੀ