- 11 ਮੈਂਬਰੀ ਪ੍ਰੀਜ਼ੀਡੀਅਮ ਬਣਾਉਣ ਨੂੰ ਵੀ ਮੀਟਿੰਗ ਵਿਚ ਪ੍ਰਵਾਨਗੀ: ਲੋਕ ਜਾਗਰੂਕਤਾ ਲਈ 5 ਸੈਮੀਨਾਰ ਕਰਾਏ ਜਾਣਗੇ
ਚੰੜੀਗੜ੍ਹ/ਪੰਜਾਬ ਪੋਸਟ
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤਹਿਤ ਮੀਟਿੰਗ ਅੱਜ ਚੰਡੀਗੜ ਵਿਖੇ ਕੀਤੀ ਗਈ ਅਤੇ ਇਸ ਵਿੱਚ ਸਰਬਸੰਮਤੀ ਨਾਲ ਸ: ਗੁਰਪ੍ਰਤਾਪ ਸਿੰਘ ਵਡਾਲਾ (ਮੈਂਬਰ ਕੋਰ ਕਮੇਟੀ ਅਤੇ ਸਾਬਕਾ ਐਮਐਲਏ) ਨੂੰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਕਨਵੀਨਰ ਬਣਾ ਦਿੱਤਾ ਗਿਆ ਹੈ। ਇਸ ਦੇ ਨਾਲ 11 ਮੈਂਬਰੀ ਪ੍ਰੀਜ਼ੀਡੀਅਮ ਬਣਾਉਣ ਨੂੰ ਵੀ ਇਸੇ ਮੀਟਿੰਗ ਵਿਚ ਪ੍ਰਵਾਨਗੀ ਦਿੱਤੀ ਗਈ ਹੈ। ਮੀਟਿੰਗ ਵਿਚ ਸਾਰੇ ਵੱਡੇ ਆਗੂ ਪਹੁੰਚੇ ਅਤੇ ਸਰਬਸੰਮਤੀ ਨਾਲ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਂਅ ’ਤੇ ਮੋਹਰ ਲਗਾ ਦਿੱਤੀ। ਕਨਵੀਨਰ ਚੁਣੇ ਜਾਣ ਤੋਂ ਬਾਅਦ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਸਨਮਾਨਤ ਵੀ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ ਵਿਚ ਇਸ ਤੋਂ ਇਲਾਵਾ ਕਈ ਅਹਿਮ ਫੈਸਲੇ ਗਏ ਹਨ ਜਿਨ੍ਹਾਂ ਵਿਚ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅਤੇ ਲੋਕਾਂ ਨੂੰ ਪੰਜਾਬ ਨਾਲ ਹੋ ਰਹੇ ਧੱਕੇ ਪ੍ਰਤੀ ਜਾਗਰੂਕ ਕਰਨ, ਪੰਜਾਬ ਦੇ ਪਾਣੀਆਂ ਅਤੇ ਖੇਤੀਬਾੜੀ ਦੇ ਮਸਲੇ, ਪੰਥਕ ਮਸਲੇ ਤੇ ਐਸਜੀਪੀਸੀ ਵਿੱਚ ਸੁਧਾਰ ਸਬੰਧੀ, ਚੰਡੀਗੜ ‘ਚ ਪੰਜਾਬੀ ਬੋਲੀ ਅਤੇ ਹੋਰ ਮਸਲੇ, ਬੀ.ਬੀ.ਐਮ.ਬੀ ਵਿਚ ਪੰਜਾਬ ਦੀ ਸਥਾਈ ਮੈਂਬਰੀ ਵਾਪਸ ਲਿਆਉਣ, ਨਵੇਂ ਤਾਨਾਸ਼ਾਹੀ ਕਾਨੂੰਨਾਂ ਦਾ ਵਿਰੋਧ, ਸਿੱਖ ਨੌਜਵਾਨਾਂ ‘ਤੇ ਐਨ.ਐਸ.ਏ ਲਗਾਉਣ ਦਾ ਵਿਰੋਧ ਸਮੇਤ ਨੌਜੁਆਨਾਂ ਦੇ ਬੇਰੁਜ਼ਗਾਰੀ ਅਤੇ ਨਸ਼ਿਆਂ ਵਰਗੇ ਅਹਿਮ ਮਸਲਿਆਂ ਬਾਰੇ ਵਿਚਾਰ ਵਿਟਾਦਰਾ ਕਰਨ ਲਈ ਪੰਜ ਸੈਮੀਨਾਰ ਕਰਵਾਉਣ ਦਾ ਵੀ ਫੈਸਲਾ ਲਿਆ ਗਿਆ ਹੈ। ਇਹ ਸੈਮੀਨਾਰ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ, ਪਟਿਆਲਾ, ਬਠਿੰਡਾ ਅਤੇ ਚੰਡੀਗੜ੍ਹ ਵਿਚ ਹੋਣਗੇ। ਇਸ ਤੋਂ ਇਲਾਵਾ 30 ਜੁਲਾਈ ਨੂੰ ਜਥੇ. ਮੋਹਨ ਸਿੰਘ ਤੁੜ ਦੀ ਬਰਸੀ, 20 ਅਗਸਤ ਨੂੰ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਅਤੇ 24 ਸਤੰਬਰ ਨੂੰ ਜਥੇ. ਗੁਰਚਰਨ ਸਿੰਘ ਟੌਹੜਾ ਦਾ 100ਵਾਂ ਜਨਮ ਮਨਾਉਣ ਦਾ ਫੈਸਲਾ ਵੀ ਕੀਤਾ ਗਿਆ। ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਪੰਥਕ ਹਿੱਤਾਂ ਦੀ ਰਾਖੀ ਦੇ ਲਈ ਸਮੂਹ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਵੀ ਅਪੀਲ ਕੀਤੀ ਹੈ।