20.4 C
New York

ਚੋਣਾਂ ਵਿੱਚ ਹਾਰ ਮਗਰੋਂ ਅਕਾਲੀ ਦਲ ਵਿੱਚ ਉੱਠੀਆਂ ਬਾਗੀ ਸੁਰਾਂ

Published:

ਲੁਧਿਆਣਾ/ਪੰਜਾਬ ਪੋਸਟ
ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਚੋਣਾਂ ’ਚ ਨਮੋਸ਼ੀ ਭਰੀ ਹਾਰ ਮਗਰੋਂ ਬਗਾਵਤੀ ਸੁਰ ਉੱਠਣ ਲੱਗੇ ਹਨ। ਪਹਿਲੀ ਵਾਰ ਹੈ ਕਿ ਪਾਰਟੀ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅੰਦਰ ਬਹੁਤੇ ਨੇਤਾ ਹੁਣ ਘੁਟਣ ਮਹਿਸੂਸ ਕਰਨ ਲੱਗੇ ਹਨ, ਜਿਹੜੇ ਉਂਗਲ ਚੁੱਕਣ ਲਈ ਢੁਕਵੇਂ ਮੌਕੇ ਦੀ ਤਲਾਸ਼ ਵਿੱਚ ਹਨ। ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਅਤੇ ਸੀਨੀਅਰ ਅਕਾਲੀ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਪਾਰਟੀ ਦੀ ਮੌਜੂਦਾ ਸਥਿਤੀ ’ਤੇ ਫ਼ਿਕਰ ਜ਼ਾਹਰ ਕਰਦਿਆਂ ਖ਼ਾਮੋਸ਼ ਰਹਿਣ ਦਾ ਫ਼ੈਸਲਾ ਕੀਤਾ ਹੈ। ਚੇਤੇ ਰਹੇ ਕਿ ਰਾਸ਼ਟਰਪਤੀ ਚੋਣ ਵੇਲੇ ਵੀ ਇਯਾਲੀ ਨੇ ਇਸੇ ਤਰ੍ਹਾਂ ਆਪਣਾ ਰੋਸ ਜਤਾਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪਾਰਟੀ ਤੋਂ ਦੂਰੀ ਵੀ ਬਣਾ ਲਈ ਹੈ। ਉਨ੍ਹਾਂ ਸਾਫ਼ ਕੀਤਾ ਹੈ ਕਿ ਹੁਣ ਉਹ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣਗੇ। ਉਨ੍ਹਾਂ ਝੂੰਦਾਂ ਕਮੇਟੀ ਰਿਪੋਰਟ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਇਹ ਰਿਪੋਰਟ ਲਾਗੂ ਨਹੀਂ ਹੁੰਦੀ ਉਦੋਂ ਤੱਕ ਉਹ ਪਾਰਟੀ ਦੀ ਕਿਸੇ ਵੀ ਗਤੀਵਿਧੀ ’ਚ ਸ਼ਾਮਲ ਨਹੀਂ ਹੋਣਗੇ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਚੋਣਾਂ ਵਿੱਚ ਕਾਰਗੁਜ਼ਾਰੀ ਨਮੋਸ਼ੀਜਨਕ ਹੈ। ਢੀਂਡਸਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹੈ ਅਤੇ ਪਾਰਟੀ ਪ੍ਰਧਾਨ ਨੂੰ ਜਨਤਕ ਤੌਰ ’ਤੇ ਹਾਰ ਕਬੂਲ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ, ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਨਮੋਸ਼ੀਜਨਕ ਪ੍ਰਦਰਸ਼ਨ ਨੂੰ ਲੈ ਕੇ ਦਲ ਦੇ ਸਾਬਕਾ ਲੋਕ ਸਭਾ ਮੈਂਬਰ ਪਰਮਜੀਤ ਕੌਰ ਗੁਲਸ਼ਨ ਨੇ ਸੁਖਬੀਰ ਸਿੰਘ ਬਾਦਲ ਨੂੰ ਇਖ਼ਲਾਕੀ ਆਧਾਰ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀ ਸਲਾਹ ਦਿੱਤੀ ਹੈ।

Related articles

spot_img

Recent articles

spot_img