- ਪੁਲਿਸ ਸੁਰੱਖਿਆ ਵੀ ਹੋਵੇਗੀ ਵਾਪਸ
ਅੰਮ੍ਰਿਤਸਰ/ਪੰਜਾਬ ਪੋਸਟ
ਪਿਛਲੇ ਸਾਲ ਕਤਲ ਹੋਏ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਦੁਹਾਂ ਲੜਕਿਆਂ ਵੱਲੋਂ ਇੱਕ ਵਪਾਰੀ ਤੋਂ 6 ਲੱਖ ਰੁਪਏ ਦੀ ਫਿਰੌਤੀ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਸੁਧੀਰ ਸੂਰੀ ਦੇ ਦੋਵੇਂ ਲੜਕਿਆਂ ਮਾਣਕ ਸੂਰੀ ਅਤੇ ਪਾਰਸ ਸੂਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧ ਵਿੱਚ ਅੰਮ੍ਰਿਤਸਰ ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਜੂਨ 2024 ਨੂੰ ਕਮਲ ਕਾਂਤ ਨਾਮਕ ਵਿਅਕਤੀ ਜੋ ਕਿ ਆਨਲਾਈਨ ਮੋਬਾਈਲ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਕਰਦਾ ਹੈ, ਕੋਲੋਂ ਸੁਧੀਰ ਸੂਰੀ ਦੇ ਬੇਟੇ ਮਾਣਕ ਸੂਰੀ ਅਤੇ ਪਾਰਸ ਸੂਰੀ ਵੱਲੋਂ ਸ਼ਿਵ ਸੈਨਾ ਲਈ ‘ਡੋਨੇਸ਼ਨ’ ਦੇ ਨਾਂਅ ਉੱਤੇ ਫ਼ਿਰੌਤੀ ਲੈਣ ਦੇ ਇਲਜ਼ਾਮ ਲੱਗੇ ਹਨ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਪੁਲਿਸ ਨੇ ਪਾਰਸ ਸੂਰੀ ਅਤੇ ਮਾਣਕ ਸੂਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਹੁਣ ਇਨ੍ਹਾਂ ਦੋਵਾਂ ਦੀ ਪੁਲਿਸ ਸੁਰੱਖਿਆ ਵੀ ਵਾਪਸ ਲੈ ਲਈ ਜਾਵੇਗੀ। ਪੁਲਿਸ ਵੱਲੋਂ ਫਿਲਹਾਲ ਇਸ ਮਾਮਲੇ ਉਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।