- ਪਛਾਣ ਕਰਨ ਉਪਰੰਤ ਉਸ ਦੀ ਕਾਰ ਅਤੇ ਘਰ ਵਿੱਚ ਵਿਸਫੋਟਕ ਬਰਾਮਦ ਕੀਤੇ
ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਇੱਕ ਰੈਲੀ ਦੌਰਾਨ ਹੋਏ ਜਾਨਲੇਵਾ ਹਮਲੇ ਦੀ ਜਾਂਚ ਅੱਗੇ ਤੁਰ ਰਹੀ ਹੈ ਅਤੇ ਘਟਨਾਕ੍ਰਮ ਦੌਰਾਨ ਮਾਰੇ ਗਏ ਹਮਲਾਵਰ ਦੀ ਪਛਾਣ ਥਾਮਸ ਮੈਥਿਊ ਕਰੂਕਸ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਹਮਲੇ ਤੋਂ ਬਾਅਦ ਜਾਂਚ ਏਜੰਸੀਆਂ ਨੂੰ ਉਸ ਦੀ ਕਾਰ ਅਤੇ ਘਰ ਵਿੱਚ ਵਿਸਫੋਟਕ ਵੀ ਮਿਲੇ ਹਨ। ਇਸ ਦੌਰਾਨ ਅਮਰੀਕਾ ਦੀ ਪ੍ਰਮੁੱਖ ਜਾਂਚ ਏਜੰਸੀ ਐਫਬੀਆਈ ਦੇ ਡਾਇਰੈਕਟਰ ਕ੍ਰਿਸਟੋਫਰ ਵੇਅ ਨੇ ਕਿਹਾ ਕਿ ਜਾਂਚ ਏਜੰਸੀ ਨੇ ਡੋਨਾਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਦੀ ਡੂੰਘੀ ਤੱਕ ਜਾਂਚ ਲਈ ਵਚਨਬੱਧ ਹੈ ਅਤੇ ਸ਼ੁਰੂਆਤੀ ਜਾਂਚ ਮੁਤਾਬਕ, ਡੋਨਾਲਡ ਟਰੰਪ ‘ਤੇ ਗੋਲੀ ਚਲਾਉਣ ਵਾਲੇ ਬੰਦੂਕਧਾਰੀ ਨੇ ਇਕੱਲੇ ਹੀ ਇਹ ਕੰਮ ਕੀਤਾ ਜਾਪਦਾ ਹੈ ਅਤੇ ਐਫਬੀਆਈ ਇਸ ਦੀ ਸੰਭਾਵੀ ਤੌਰ ਉੱਤੇ ਘਰੇਲੂ ਅੱਤਵਾਦ ਐਕਟ ਵਜੋਂ ਜਾਂਚ ਕਰ ਰਹੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਥਿਤ ਸ਼ੂਟਰ ਨੇ ਹਥਿਆਰ ਕਿਵੇਂ ਪ੍ਰਾਪਤ ਕੀਤੇ ਸਨ ਅਤੇ ਇਸੇ ਪਹਿਲੂ ਉੱਤੇ ਹੋਰ ਜਾਂਚ ਵੀ ਚੱਲ ਰਹੀ ਹੈ।