20.4 C
New York

ਛੋਟੇ ਘੱਲੂਘਾਰੇ ਦਾ ਵਿਸ਼ਾਲ ਲਾਸਾਨੀ ਇਤਿਹਾਸਕ ਮਹੱਤਵ

Published:

Rate this post

ਦੁਨੀਆਂ ਦੇ ਇਤਿਹਾਸ ਉੱਤੇ ਸਿੱਖ ਕੌਮ ਨਿਵੇਕਲੀ ਅਜਿਹੀ ਕੌਮ ਹੈ ਜਿਸ ਨੇ ਆਪਣੇ ਇਤਿਹਾਸ ਵਿੱਚ ਸ਼ਹਾਦਤਾਂ ਦੀ ਅਤੇ ਨਾਲ ਦੀ ਨਾਲ ਬਹਾਦਰੀ ਦੀ ਵੀ ਇੱਕ ਨਵੀਂ ਇਬਾਰਤ ਲਿਖੀ ਹੈ। ਦੁਨੀਆਂ ਦਾ ਸਭ ਤੋਂ ਨਵੀਨਤਮ ਧਰਮ ਹੋਣ ਦੇ ਬਾਵਜੂਦ ਇਸ ਸਮੇਂ ਦੌਰਾਨ ਥੋੜੇ ਸਮੇਂ ਵਿੱਚ ਹੀ ਸਿੱਖ ਕੌਮ ਨੇ ਅਨੇਕਾਂ ਮੁਸ਼ਕਿਲ ਸਮਿਆਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹੋਏ ਚੜਦੀ ਕਲਾ ਦੇ ਨਾਲ ਝੱਲਿਆ ਅਤੇ ਇਸੇ ਕਰਕੇ ਇਹ ਕੌਮ ਹਮੇਸ਼ਾ ਅੱਗੇ ਵਧਦੀ ਨਜ਼ਰ ਆਈ ਹੈ। ਸਿੱਖ ਇਤਿਹਾਸ ਵਿੱਚ ਘੱਲੂਘਾਰਿਆਂ ਦੀ ਵੀ ਇੱਕ ਲੰਮੀ ਗਾਥਾ ਹੈ। ‘ਘੱਲੂਘਾਰੇ’ ਦਾ ਸੌਖੇ ਸ਼ਬਦਾਂ ਵਿੱਚ ਅਰਥ ‘ਤਬਾਹੀ’ ਜਾਂ ‘ਬੇਹੱਦ ਵੱਡੇ ਪੱਧਰ ਦੇ ਨੁਕਸਾਨ’ ਵਜੋਂ ਲਿਆ ਜਾ ਸਕਦਾ ਹੈ। ਛੋਟੇ ਅਤੇ ਵੱਡੇ ਘੱਲੂਘਾਰੇ ਤੋਂ ਲੈ ਕੇ 1947 ਦੀ ਵੰਡ ਮੌਕੇ ਦਾ ਕਤਲੇਆਮ ਹੋਵੇ ਜਾਂ ਫਿਰ 1984 ਦਾ ਸਿੱਖ ਵਿਰੋਧੀ ਘਟਨਾਕ੍ਰਮ ਅਤੇ ਉਸ ਤੋਂ ਬਾਅਦ ਪੰਜਾਬ ਅੰਦਰ ਇੱਕ ਦਹਾਕੇ ਤੋਂ ਵਧੇਰੇ ਤੱਕ ਸਿੱਖ ਨੌਜਵਾਨੀ ਉੱਤੇ ਹੋਇਆ ਤਸ਼ੱਦਦ, ਘੱਲੂਘਾਰੇ ਕਿਸੇ ਨਾ ਕਿਸੇ ਰੂਪ ਵਿੱਚ ਸਿੱਖ ਕੌਮ ਦੇ ਸਾਹਮਣੇ ਆਉਂਦੇ ਹੀ ਰਹੇ ਹਨ। ਹਰੇਕ ਘੱਲੂਘਾਰੇ ਨੇ ਸਿੱਖ ਕੌਮ ਮੂਹਰੇ ਇੱਕ ਚੁਣੌਤੀ ਪੇਸ਼ ਕੀਤੀ ਅਤੇ ਸਿੱਖ ਕੌਮ ਨੇ ਹਰੇਕ ਚੁਣੌਤੀ ਨੂੰ ਬਖੂਬੀ ਕਬੂਲਿਆ ਵੀ ਅਤੇ ਸਿਦਕ ਦੇ ਨਾਲ ਨਿਭਾਇਆ ਵੀ। ਇਸ ਪ੍ਰਸੰਗ ਵਿੱਚ ਕਾਹਨੂੰਵਾਨ ਦੇ ਛੰਭ ਵਿੱਚ ਵਾਪਰੇ ਛੋਟੇ ਘੱਲੂਘਾਰੇ ਦਾ ਸਿੱਖ ਇਤਿਹਾਸ ਅੰਦਰ ਆਪਣਾ ਵਿਸ਼ੇਸ਼ ਥਾਂ ਅਤੇ ਮਹੱਤਵ ਹੈ। ਛੋਟਾ ਘੱਲੂਘਾਰਾ 2 ਜੇਠ, ਸੰਮਤ 1803 ਬਿਕਰਮੀ (16 ਮਈ, ਸੰਨ 1746 ਈਸਵੀ) ਵਾਲੇ ਦਿਨ ਬਿਆਸ ਦਰਿਆ ਦੇ ਨਾਲ ਲੱਗਦੇ ਕਾਹਨੂੰਵਾਨ ਦੇ ਛੰਭ ਵਿੱਚ ਵਾਪਰਿਆ ਸੀ।

ਇਤਿਹਾਸ ਦੇ ਪੰਨਿਆਂ ਉੱਤੇ ਦਰਜ ਇਹ ਗਾਥਾ ਸਾਲ 1746 ਈਸਵੀ ਦੇ ਜਨਵਰੀ-ਫਰਵਰੀ ਮਹੀਨੇ ਦੀ ਹੈ ਜਦੋਂ ਹਥਿਆਰਬੰਦ ਘੋੜ ਸਵਾਰ ਸਿੰਘਾਂ ਦਾ ਵਿਸ਼ੇਸ਼ ਜੱਥਾ ਓਸ ਵੇਲੇ ਦੇ ਦੋ ਪ੍ਰਮੁੱਖ ਆਗੂਆਂ ਸਰਦਾਰ ਸੁੱਖਾ ਸਿੰਘ ਮਾੜੀ-ਕੰਬੋ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਲੁਕਣਗਾਹਾਂ ਤੋਂ ਬਾਹਰ ਆ, ਫ਼ੌਜ ਅਤੇ ਘੋੜਿਆਂ ਲਈ ਅੰਨ-ਦਾਣੇ ਦਾ ਪ੍ਰਬੰਧ ਕਰਨ ਹਿੱਤ, ਰਾਵੀ ਦਰਿਆ ਦੇ ਕਿਨਾਰੇ-ਕਿਨਾਰੇ ਐਮਨਾਬਾਦ ਦੇ ਇਲਾਕੇ ਵੱਲ ਹੋਇਆ ਸੀ। ਓਸ ਵੇਲੇ ਲਾਹੌਰ ਦੇ ਸੂਬੇਦਾਰ ਦੇ ਦੀਵਾਨ ਲਖਪਤ ਰਾਇ ਦਾ ਛੋਟਾ ਭਰਾ ਜਸਪਤ ਰਾਇ, ਜੋ ਐਮਨਾਬਾਦ ਦੇ ਇਲਾਕੇ ਦਾ ਫ਼ੌਜਦਾਰ ਸੀ, ਵੀ ਓਸੇ ਸਮੇਂ ਗਸ਼ਤ ਕਰਦੇ ਹੋਏ ਆਪਣੀ ਫ਼ੌਜੀ ਟੁਕੜੀ ਸਹਿਤ ਆਪਣੇ ਇਲਾਕੇ ਦੇ ਜ਼ਿਮੀਦਾਰਾਂ ਪਾਸੋਂ ਉਗਰਾਹੀ ਕਰਨ ਆਇਆ ਸੀ। ਲਾਹੌਰ ਦੀ ਹਕੂਮਤ ਵਿੱਚ, ਜ਼ਕਰੀਆ ਖ਼ਾਨ ਦੇ ਜ਼ਮਾਨੇ ਤੋਂ ਹੀ, ਇਨਾਂ ਦੋਵਾਂ ਭਰਾਵਾਂ, ਲਖਪਤ ਅਤੇ ਜਸਪਤ ਰਾਇ ਦੀ ਪੂਰੀ ਚੜਤ ਸੀ। ਜਦੋਂ ਦੀਵਾਨ ਲਖਪਤ ਰਾਏ ਦੇ ਭਰਾ ਅਤੇ ਐਮਨਾਬਾਦ ਦੇ ਫੌਜਦਾਰ ਜਸਪਤ ਰਾਇ ਦੀ ਪਿੰਡ ਖੋਖਰਾਂ ਵਿਖੇ ਸਿੰਘਾਂ ਨਾਲ ਲੜਾਈ ਦੌਰਾਨ ਮੌਤ ਹੋ ਗਈ ਤਾਂ ਬਦਲੇ ਦੀ ਅੱਗ ਵਿੱਚ ਬਲਦੇ ਹੋਏ ਦੀਵਾਨ ਲਖਪਤ ਰਾਏ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ। ਉਸ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੀ ਕਸਮ ਖਾਧੀ ਅਤੇ ਲਾਹੌਰ ਦੇ ਸ਼ਾਹੀ ਗਵਰਨਰ ਯਾਹੀਆ ਖਾਂ ਤੋਂ ਵੱਡੀ ਸ਼ਾਹੀ ਫੌਜ ਇਕੱਤਰ ਕੀਤੀ। ਅਗਲੇ ਹੀ ਦਿਨ ਲਾਹੌਰ ਵਿੱਚ ਮੱਸਿਆ ਦੇ ਦਿਨ ਉਸ ਨੇ ਬਾਜ਼ਾਰ ਵਿੱਚ ਜਾਂਦੇ ਹਰ ਸਿੱਖ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਤਲੋਗਾਰਤ ਦਾ ਇਹ ਜ਼ਾਲਮ ਸਿਲਸਿਲਾ ਸ਼ੁਰੂ ਕੀਤਾ।

ਇਸ ਸਮੁੱਚੇ ਘਟਨਾਕ੍ਰਮ ਦੀ ਸੂਚਨਾ ਜਦੋਂ ਸਿੱਖ ਜਰਨੈਲ ਨਵਾਬ ਕਪੂਰ ਸਿੰਘ ਨੂੰ ਮਿਲੀ ਤਾਂ ਉਨਾਂ ਉਸ ਸਮੇਂ ਦੇ ਸਾਰੇ ਸਿੱਖ ਜਰਨੈਲਾਂ ਨੂੰ ਸੁਨੇਹੇ ਭੇਜ ਕੇ ਫੌਜਾਂ ਸਮੇਤ ਕਾਹਨੂੰਵਾਨ ਦੇ ਛੰਭ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਅਪੀਲ ਨਾਲ ਵੱਖ-ਵੱਖ ਜਰਨੈਲ ਆਪਣੇ ਜਥਿਆਂ ਸਮੇਤ ਕਾਹਨੂੰਵਾਨ ਦੇ ਛੰਭ ਵਿੱਚ ਪੁੱਜ ਗਏ, ਜਿਥੇ ਸਿੱਖ ਫੌਜਾਂ ਦੀ ਗਿਣਤੀ 25 ਹਜ਼ਾਰ ਦੇ ਲਗਭਗ ਹੋ ਗਈ। ਦੂਜੇ ਪਾਸੇ ਦੀਵਾਨ ਲਖਪਤ ਰਾਏ ਨੇ ਲੱਖਾਂ ਦੀ ਫੌਜ ਲੈ ਕੇ ਸਿੱਖਾਂ ਦਾ ਪਿੱਛਾ ਕਰਦਿਆਂ ਇਸ ਅਸਥਾਨ ਉੱਤੇ ਪਹੁੰਚ ਕੇ ਘੇਰਾ ਪਾ ਲਿਆ। ਕਾਹਨੂੰਵਾਨ, ਸ੍ਰੀ ਹਰਗੋਬਿੰਦਪੁਰ, ਗੁਰਦਾਸਪੁਰ ਤੇ ਬਿਆਸ ਦਰਿਆ ਨਾਲ ਜੁੜੇ ਇਸ ਵਿਸ਼ਾਲ ਛੰਭ ’ਚ ਪੁੱਜੀ ਸ਼ਾਹੀ ਫੌਜ ਨੇ ਪੁਲਿਸ ਚੌਂਕੀਆਂ ਕਾਇਮ ਕੀਤੀਆਂ ਅਤੇ ਖਾਸ-ਖਾਸ ਟਿਕਾਣਿਆਂ ਉੱਤੇ ਤੋਪਾਂ ਵੀ ਬੀੜ ਦਿੱਤੀਆਂ। ਛੰਭ ਨੇੜਲੇ ਵਸਨੀਕ ਲੋਕਾਂ ਨੂੰ ਸਿੱਖਾਂ ਦੀ ਹਰ ਸਰਗਰਮੀ ਸੰਬੰਧੀ ਜਾਣਕਾਰੀ ਦੇਣ ਲਈ ਹਦਾਇਤਾਂ ਜਾਰੀ ਕਰ ਕੇ, ਪਹਾੜੀ ਰਾਜਿਆਂ ਨਾਲ ਸੰਪਰਕ ਬਣਾ ਕੇ ਸ਼ਾਹੀ ਫੌਜਾਂ ਨੇ ਸਿੱਖਾਂ ਨੂੰ ਮੁਕਾਉਣਾ ਸ਼ੁਰੂ ਕਰ ਦਿੱਤਾ। ਇਧਰ, ਸਿੰਘ ਵੀ ਰਾਤ ਵੇਲੇ ਜੰਗਲ ਤੋਂ ਬਾਹਰ ਨਿਕਲਦੇ ਅਤੇ ਲਖਪਤ ਰਾਏ ਦੀਆਂ ਫੌਜਾਂ ਦਾ ਨੁਕਸਾਨ ਕਰ ਕੇ ਰਾਸ਼ਨ ਅਤੇ ਹਥਿਆਰ ਹਾਸਲ ਕਰਕੇ ਆਪਣੇ ਟਿਕਾਣਿਆਂ ਉੱਤੇ ਜਾ ਬਹਿੰਦੇ। ਇਸ ਛੰਭ ਦਾ ਘੇਰਾ ਲਗਭਗ 3 ਮਹੀਨੇ ਚੱਲਿਆ ਅਤੇ ਇਸ ਲੰਮੀ ਚਲਦੀ ਲੜਾਈ ’ਚ ਫੇਰ ਇੱਕ ਸਮਾਂ ਆਇਆ ਜਦੋਂ ਸਿੰਘਾਂ ਦਾ ਰਾਸ਼ਨ ਪਾਣੀ ਖ਼ਤਮ ਹੋਣ ਲੱਗਿਆ ਅਤੇ ਇਸ ਨਾਲ ਸਿੰਘਾਂ ਦਾ ਜਾਨੀ ਨੁਕਸਾਨ ਵੀ ਹੋਣਾ ਅਰੰਭ ਹੋ ਗਿਆ ਪਰ ਸਿੰਘਾਂ ਨੇ ਫਿਰ ਵੀ ਹਿੰਮਤ ਨਹੀਂ ਸੀ ਛੱਡੀ। ਸਿੰਘਾਂ ਦੇ ਰਾਸ਼ਨ ਦੀ ਖ਼ਬਰ ਜਦੋਂ ਮੁਲਤਾਨ ਦੇ ਵਜ਼ੀਰ ਕੌੜਾ ਮੱਲ ਨੂੰ ਲੱਗੀ ਤਾਂ ਉਸ ਨੇ ਹਜ਼ਾਰਾਂ ਖੱਚਰਾਂ, ਘੋੜਿਆਂ ਉੱਤੇ ਰਾਸ਼ਨ ਲੱਦ ਕੇ ਜੰਮੂ ਨੂੰ ਭੇਜਣ ਲਈ ਇੱਕ ਵਪਾਰੀ ਨੂੰ ਤੋਰ ਦਿੱਤਾ ਅਤੇ ਦੂਸਰੇ ਪਾਸੇ ਖੁਫ਼ੀਆ ਤੌਰ ਉੱਤੇ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਵਾਲੇ ਘੋੜੇ, ਖੱਚਰਾਂ ਤੁਹਾਡੇ ਨੇੜਿਉਂ ਗੁਜ਼ਰਨ ਤਾਂ ਲੁੱਟ ਲਏ ਜਾਣ। ਇਹ ਸਿੰਘਾਂ ਲਈ ਇੱਕ ਰਾਹਤ ਵਾਲੀ ਖ਼ਬਰ ਸੀ ਅਤੇ ਉਨਾਂ ਨੇ ਇੰਜ ਹੀ ਕੀਤਾ ਕਿ ਜਦੋਂ ਵਪਾਰੀ ਕਾਹਨੂੰਵਾਨ ਦੇ ਛੰਭ ਨੇੜਿਓਂ ਗੁਜ਼ਰ ਰਿਹਾ ਸੀ ਤਾਂ ਸਿੰਘਾਂ ਨੇ ਇਹ ਸਾਰਾ ਰਾਸ਼ਨ ਆਪਣੇ ਹੱਥਾਂ ’ਚ ਕਰ ਲਿਆ, ਜਿਸ ਨਾਲ ਸਿੱਖ ਜਰਨੈਲਾਂ ਨੂੰ ਭਾਰੀ ਰਾਹਤ ਮਿਲੀ ਤੇ ਸਿੰਘਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ। ਕੌੜਾ ਮੱਲ ਦੀ ਇਸੇ ਨੇਕੀ ਕਰ ਕੇ ਉਸ ਨੂੰ ਸਿੱਖ ਇਤਿਹਾਸ ’ਚ ਮਿੱਠਾ ਮੱਲ ਵੀ ਕਿਹਾ ਜਾਂਦਾ ਹੈ। ਉਧਰ ਲਖਪਤ ਰਾਏ ਦੇ ਮਾਮਾ ਅਤੇ ਪੁੱਤਰ, ਸਿੰਘਾਂ ਹੱਥੋਂ ਮਾਰੇ ਗਏ ਅਤੇ ਉਹ ਆਪਣੀ ਹਾਰ ਨੂੰ ਵੇਖ ਕੇ ਘਟੀਆ ਤੌਰ-ਤਰੀਕਿਆਂ ਉੱਤੇ ੳੱੁਤਰ ਆਇਆ। ਸਿੰਘਾਂ ਦੇ ਜੋਸ਼ ਨੂੰ ਵੇਖਦਿਆਂ ਉਸ ਨੇ ਸੋਚਿਆ ਕਿ ਉਹ ਦਿੱਲੀ ਦਰਬਾਰ ਜਾ ਕੇ ਕੀ ਮੂੰਹ ਵਿਖਾਏਗਾ? ਉਸ ਨੇ ਨੇੜਲੇ ਪਿੰਡਾਂ ਦੇ ਲੁਹਾਰ, ਤਰਖਾਣ ਇਕੱਠੇ ਕਰ ਕੇ ਇਸ ਛੰਭਨੁਮਾ ਜੰਗਲ ਦੇ ਰੁੱਖਾਂ ਨੂੰ ਕਟਵਾ ਕੇ ਚੁਫੇਰਿਉਂ ਅੱਗ ਲਗਵਾ ਦਿੱਤੀ, ਜਿਸ ਨਾਲ ਸਿੰਘਾਂ ਨੂੰ ਚਾਰ-ਚੁਫੇਰਿਉਂ ਮੁਸੀਬਤਾਂ ਪੈ ਗਈਆਂ।

ਇੱਕ ਤਾਂ ਜੇਠ ਮਹੀਨੇ ਦੀ ਅੱਤ ਦੀ ਗਰਮੀ, ਦੂਜਾ ਜੰਗਲ ਦੀ ਅੱਗ, ਤੀਜਾ ਉੱਚੇ ਪਹਾੜ ਅਤੇ ਵਿਰੋਧੀ ਪਹਾੜੀ ਰਾਜੇ ਅਤੇ ਚੌਥਾ ਚੜਦੇ ਪਾਸੇ ਸ਼ੂਕਦਾ ਬਿਆਸ ਦਰਿਆ। ਸਿੱਖ ਜਰਨੈਲਾਂ ਨੇ ਸਿੱਖੀ ਦੀ ਸ਼ਾਨ ਬਚਾਉਣ ਲਈ ਮਤਾ ਪਾਸ ਕਰ ਕੇ ਮੈਦਾਨ-ਏ-ਜੰਗ ’ਚ ਦੁਸ਼ਮਣ ਨਾਲ ਜੂਝ ਕੇ ਲੜਨ ਅਤੇ ਸ਼ਹੀਦੀਆਂ ਪ੍ਰਾਪਤ ਕਰਨ ਦਾ ਅਟੱਲ ਫ਼ੈਸਲਾ ਕੀਤਾ ਅਤੇ ਸਿੰਘ ਚੜਦੀ ਕਲਾ ਦੇ ਜੈਕਾਰੇ ਲਗਾਉਂਦਿਆਂ ਦੁਸ਼ਮਣ ਖਿਲਾਫ਼ ਜੂਝ ਪਏ। ਇਸ ਗਹਿਗੱਚ ਲੜਾਈ ਦੌਰਾਨ 11,000 ਤੋਂ ਵੱਧ ਸਿੰਘ-ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਅਤੇ 2000 ਦੇ ਕਰੀਬ ਸਿੰਘ ਜੰਗਲ ਵਿੱਚ ਲੱਗੀ ਅੱਗ ਅਤੇ ਬਿਆਸ ਦਰਿਆ ਨੂੰ ਪਾਰ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ। ਸੈਂਕੜੇ ਸਿੰਘਾਂ ਨੂੰ ਲਖਪਤ ਰਾਏ ਬੰਦੀ ਬਣਾ ਕੇ ਲਾਹੌਰ ਲੈ ਗਿਆ, ਜਿਥੇ ਉਨਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਲਖਪਤ ਰਾਇ ਕਈ ਸਿੱਖਾਂ ਦੇ ਸਿਰਾਂ ਦੇ ਗੱਡੇ ਭਰ ਕੇ ਲਾਹੌਰ ਲੈ ਗਿਆ ਅਤੇ ਉਥੇ ਹੀ ਇਨਾਂ ਦੇ ਸਿਰਾਂ ਦਾ ਮੀਨਾਰ ਉਸਾਰਿਆ। ਲਾਹੌਰ ਵਿੱਚ ਸਿੰਘਾਂ ਨੂੰ ਨਖਾਸ (ਘੋੜਿਆਂ ਦੇ ਵਪਾਰ ਦੀ ਜਗਹਾ) ਦੇ ਸਥਾਨ ’ਤੇ ਸ਼ਹੀਦ ਕਰ ਦਿੱਤਾ ਗਿਆ। ਕਾਹਨੂੰਵਾਨ ਦੇ ਛੰਭ ’ਤੇ ਇੰਨੀ ਵੱਡੀ ਗਿਣਤੀ ਵਿੱਚ ਹੋਈ ਸਿੱਖਾਂ ਦੀ ਸ਼ਹਾਦਤ ਲਈ ਸਿੱਖ ਇਤਿਹਾਸ ਵਿੱਚ ਇਸ ਅਧਿਆਏ ਨੂੰ ‘ਛੋਟਾ ਘੱਲੂਘਾਰਾ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦਾਸਪੁਰ ਵਿੱਚ ਛੰਭ ਕਾਹਨੂੰਵਾਨ ਵਿੱਚ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਸੁਸ਼ੋਭਿਤ ਹੈ। ਇਹ ਸਥਾਨ ਕਾਹਨੂੰਵਾਨ ਤੋਂ ਤਿੱਬੜੀ ਕੈਂਟ ਨੂੰ ਜਾਂਦੀ ਇੱਕ ਲਿੰਕ ਰੋਡ ਉੱਪਰ, 4 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਕੋਟਲੀ ਸੈਣੀਆਂ ਦੇ ਨਜ਼ਦੀਕ ਸਥਿਤ ਹੈ। ਪੰਜਾਬ ਸਰਕਾਰ ਵੱਲੋਂ ਇਨਾਂ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰੇ ਨੇੜੇ ਚੱਕ ਅਬਦੁਲ ਬਾਰੀ ਕਾਹਨੂੰਵਾਨ ਵਿੱਚ ਛੋਟਾ ਘੱਲੂਘਾਰਾ ਮੈਮੋਰੀਅਲ ਬਣਾਇਆ ਗਿਆ ਹੈ। ਇਤਿਹਾਸਕਾਰਾਂ ਦਾ ਇਹ ਮੰਨਣਾ ਹੈ ਕਿ ਸਿੱਖ ਇਤਿਹਾਸ ਦਾ ਉਦੋਂ ਤੱਕ ਦਾ ਇਹ ਪਹਿਲਾ ਵਾਕਿਆ ਸੀ, ਜਦੋਂ ਸਿੱਖ ਕੌਮ ਦਾ ਏਨਾ ਜ਼ਿਆਦਾ ਜਾਨੀ ਨੁਕਸਾਨ ਹੋਇਆ। ਇਤਿਹਾਸ ਵਿੱਚ ਇਸ ਗੱਲ ਦਾ ਜ਼ਿਕਰ ਹਮੇਸ਼ਾ ਹੋਵੇਗਾ ਕਿ ਘੱਲੂਘਾਰੇ ਦੀ ਮੁਹਿੰਮ ਤੋਂ ਮੁੜਦਿਆਂ ਹੀ ਲਖਪਤ ਰਾਇ ਨੇ ਲਾਹੌਰ ਪੁੱਜ ਕੇ ਹੋਰ ਅੱਤ ਚੁੱਕ ਲਈ ਸੀ। ਉਸ ਨੇ ਐਲਾਨ ਕਰਵਾ ਦਿੱਤਾ ਸੀ ਕਿ ਓਹ ਸਾਰੇ ਸਿੰਘ ਖ਼ਤਮ ਕਰ ਦੇਵੇਗਾ। ਦਾਅਵਿਆਂ ਦੇ ਉਲਟ, ਰੱਬ ਦੀ ਕਰਨੀ ਐਸੀ ਹੋਈ ਕਿ ਮਾਰਚ 1747 ਈਸਵੀ ’ਚ ਨਾ ਯਾਹੀਆ ਖ਼ਾਨ ਦੀ ਹਕੂਮਤ ਰਹੀ ਅਤੇ ਨਾ ਲਖਪਤ ਰਾਇ ਦੀ ਦੀਵਾਨੀ।

ਮਾਰਚ ਤੋਂ ਮਈ 1746 ਦਰਮਿਆਨ ਹੋਏ ਇਸ ਭਿਆਨਕ ਘਟਨਾਕ੍ਰਮ ਨੂੰ ਸਿੱਖ ਕੌਮ ਨੇ ਪਹਿਲੇ ਘੱਲੂਘਾਰੇ ਦਾ ਨਾਮ ਦਿੱਤਾ ਸੀ ਪਰ ਫਿਰ ਇਸ ਨੂੰ ਛੋਟਾ ਘੱਲੂਘਾਰਾ ਕਿਹਾ ਗਿਆ ਕਿਉਂਕਿ ਇਸ ਤੋਂ 16 ਸਾਲ ਬਾਅਦ 5 ਫਰਵਰੀ 1762 ਨੂੰ ਇਸ ਦੇ ਮੁਕਾਬਲੇ ਸਿੱਖ ਕੌਮ ਦਾ ਇਸ ਤੋਂ ਵੀ ਵੱਡੇ ਪੱਧਰ ਉੱਤੇ ਘਾਣ ਹੋਇਆ, ਜਿਸ ਨੂੰ ‘ਵੱਡਾ ਘੱਲੂਘਾਰਾ’ ਕਿਹਾ ਗਿਆ । ਇਸ ਤਰਾਂ ਲਖਪਤ ਰਾਏ ਜਿਸ ਨੇ ਸਿੱਖ ਕੌਮ ਨੂੰ ਪੂਰਨ ਤੌਰ ਉੱਤੇ ਖਤਮ ਕਰਨ ਦੀ ਗੱਲ ਕੀਤੀ ਸੀ ਉਹ ਮਹਿਜ਼ ਇੱਕ ਭੁਲੇਖਾ ਸਾਬਤ ਹੋਇਆ ਕਿਉਂਕਿ ਇਸ ਕਤਲੇਆਮ ਤੋਂ ਛੇ ਮਹੀਨੇ ਦੇ ਅੰਦਰ ਅੰਦਰ ਹੀ ਸਿੱਖ ਛੋਟੇ ਛੋਟੇ ਜਥਿਆਂ ਵਿੱਚ ਅੰਮਿ੍ਰਤਸਰ ਵਿਖੇ ਦੁਬਾਰਾ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ 30 ਮਾਰਚ 1747 ਨੂੰ ਅੰਮਿ੍ਰਤਸਰ ਵਿਖੇ ਸਰਬੱਤ ਖਾਲਸਾ ਕਰਕੇ ਇਕ ਗੁਰਮਤਾ ਪਾਸ ਕੀਤਾ ਕਿ ਅੰਮਿ੍ਰਤਸਰ ਵਿਖੇ ਰਾਮ ਰਾਉਣੀ ਨਾਂ ਦੇ ਕਿਲੇ ਨੂੰ ਪੱਕੀ ਰਿਹਾਇਸ਼ਗਾਹ ਵਜੋਂ ਉਸਾਰਿਆ ਜਾਵੇਗਾ।

ਇਹ ਗੱਲ ਪੂਰਨ ਤੌਰ ਉੱਤੇ ਸਪਸ਼ਟ ਹੈ ਕਿ ਅਠਾਰਵੀਂ ਸਦੀ ਵਿੱਚ ਦੇ ਕਾਹਨੂੰਵਾਨ ਛੰਭ ਵਿੱਚ ਵਾਪਰਿਆ ਛੋਟਾ ਘੱਲੂਘਾਰਾ ਸਿਰਫ ਸਿੱਖ ਇਤਿਹਾਸ ਹੀ ਨਹੀਂ ਬਲਕਿ ਦੁਨੀਆਂ ਭਰ ਦੇ ਇਤਿਹਾਸ ਵਿੱਚ ਇੱਕ ਅਹਿਮ ਮਹੱਤਤਾ ਰੱਖਦਾ ਹੈ। ਇਸ ਛੋਟੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸ਼ਾਨਾਮੱਤੀ ਸਿੱਖ ਇਤਿਹਾਸ ਰਹਿੰਦੀ ਦੁਨੀਆਂ ਤੱਕ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸਰੋਤ ਰਹੇਗਾ।

-ਪੰਜਾਬ ਪੋਸਟ

Read News Paper

Related articles

spot_img

Recent articles

spot_img