ਅਕਾਲ ਤਖ਼ਤ, ਸਿੱਖੀ ਅਤੇ ਮਨੁੱਖਤਾ ਦਾ ਭਵਿੱਖ : ਇੱਕ ਸਮਕਾਲੀ ਪਰਿਪੇਖ
ਸ੍ਰੀ ਅਕਾਲ ਤਖ਼ਤ ਸਾਹਿਬ ਕੇਵਲ ਸਿੱਖਾਂ ਦੀ ਹੀ ਵਿਸ਼ੇਸ਼ ਸੰਸਥਾ ਨਹੀਂ, ਸਗੋਂ ਸਭ ਸੱਭਿਆਚਾਰਾਂ/ਕੌਮਾਂ ਅਤੇ ਕੁਲ ਮਨੁੱਖ ਜਾਤੀ ਦੀ ਵਿਸ਼ੇਸ਼ ਸੰਸਥਾ ਹੈ। ਇਸ ਦੀਆਂ ਜ਼ਿੰਮੇਵਾਰੀਆਂ ਬਹੁ-ਪੱਖੀ ਅਤੇ ਵਿਸ਼ਵਾਰਥੀ ਹਨ ਕਿਉਂਕਿ ਇਸ ਸੰਸਥਾ ਨੂੰ “ਅਕਾਲ” ਦੀ ਸੰਸਥਾ ਵਜੋਂ ਚਿਤਵਿਆ ਗਿਆ ਹੈ ਇਸ ਲਈ ਇਸ ਦਾ ਸੁਤੰਤਰ ਤੌਰ ’ਤੇ ਬਿਨਾਂ ਕਿਸੇ ਸੰਕੀਰਣ ਰਾਜਨੀਤਕ ਅਨੁਸ਼ਾਸਨ ਦੇ, ਕਿ੍ਰਆਵੰਤ ਰਹਿਣਾ ਜ਼ਰੂਰੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਅਤੇ ਸਾਜਨਾ ਗੁਰੂ ਹਰਿਗੋਬਿੰਦ ਜੀ ਨੇ 15 ਜੂਨ, 1606 ਈ: ਨੂੰ ਕੀਤੀ। ਗੁਰੂ ਸਾਹਿਬ ਨੇ ਇਸ ਦਾ ਕੋਨ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ। ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਉਸਾਰੀ ਦਾ ਕੰਮ ਸੰਪੂਰਨ ਕੀਤਾ। ਬਾਬਾ ਬੁੱਢਾ ਜੀ ਗੁਰੂ ਘਰ ਦੇ ਨਿਸ਼ਕਾਮ ਸੇਵਕ ਅਤੇ ਗੁਰਗੱਦੀ ਬਦਲਣ ਸਮੇਂ ਲੋੜੀਂਦੀ ਰਸਮ ਕਰਨ ਦਾ ਮਾਣ ਹਾਸਲ ਕਰਨ ਵਾਲੇ ਸਨ। ਭਾਈ ਗੁਰਦਾਸ ਗੁਰੂ ਘਰ ਦੇ ਪਰਮ ਵਿਆਖਿਆਕਾਰ ਅਤੇ ਸਿੱਖੀ ਦੀ ਮੌਲਿਕਤਾ ਸਮਝਣ ਵਾਲੇ ਵਿਦਵਾਨ ਸਨ। ਅਕਾਲ ਤਖ਼ਤ ਦੀ ਇਮਾਰਤ, ਦਰਬਾਰ ਸਾਹਿਬ ਵਿੱਚ ਹਰਿਮੰਦਰ ਸਾਹਿਬ ਦੇ ਸਾਹਮਣੇ ਬਣਾਈ ਗਈ। ਇਸ ਦੇ ਦਾਰਸ਼ਨਿਕ ਅਰਥ ਇਹ ਹਨ ਕਿ ਅਕਾਲ ਤਖ਼ਤ ਤੋਂ ਹੋਣ ਵਾਲੀ ਸਮੁੱਚੀ ਕਾਰਵਾਈ ਧਰਮ ਦੀ ਉਚੇਰੀ ਦਿ੍ਰਸ਼ਟੀ ਅਤੇ ਨੈਤਿਕਤਾ ਅਧੀਨ ਹੈ। ਅਕਾਲ ਤਖ਼ਤ “ਸ੍ਰੀ ਗੁਰੂ ਗ੍ਰੰਥ ਸਾਹਿਬ” ਦੀ ਸੋਚ ਅਤੇ ਅਨੁਭਵ, ਵਿਧਾਨ ਅਨੁਸਾਰ ਚੱਲਣ ਵਾਲੀ ਸੰਸਥਾ ਹੈ, ਜਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਸੰਸਥਾ ਇਸ ਪਰਮ ਗ੍ਰੰਥ ਦਾ ਹੀ ਵਿਸਥਾਰ ਹੈ।
ਅਕਾਲ ਤਖ਼ਤ ਦੇ ਨਾਂ ਵਿੱਚ ਆਉਣ ਵਾਲੇ ਦੋਵੇਂ ਸ਼ਬਦ “ਅਕਾਲ” ਅਤੇ “ਤਖ਼ਤ” “ਸ੍ਰੀ ਗੁਰੂ ਗ੍ਰੰਥ ਸਾਹਿਬ” ਦੇ ਮਹੱਤਵਪੂਰਨ ਸ਼ਬਦ ਹਨ। ਮੂਲ ਮੰਤਰ ਵਿੱਚ “ਅਕਾਲ” ਕਰਤਾ ਪੁਰਖ ਦੀ ਸਦੀਵਤਾ ਦੱਸਣ ਲਈ ਇੱਕ ਵਿਸ਼ੇਸ਼ਣ ਵਜੋਂ ਵਰਤਿਆ ਗਿਆ ਹੈ ਜਿਵੇਂ ਕਿ ਕੁਝ ਵਿਦਵਾਨਾਂ ਨੇ ਪਹਿਲਾਂ ਇਹ ਦੱਸਿਆ ਵੀ ਹੈ, “ਤਖ਼ਤ” ਸ਼ਬਦ ਰਾਇ ਬਲਵੰਡ ਅਤੇ ਭਾਈ ਸਤੈ ਦੀ ਰਚੀ “ਰਾਮਕਲੀ ਦੀ ਵਾਰ” ਵਿੱਚ ਵਰਤਿਆ ਗਿਆ ਹੈ: “ਝੂਲੇ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ।” ਫਿਰ ਗੁਰੂ ਅਰਜਨ ਦੇਵ ਬਾਰੇ ਇਸੇ ਵਾਰ ਵਿੱਚ ਆਉਂਦਾ ਹੈ: “ਤਖਤਿ ਬੈਠਾ ਅਰਜਨ ਦੇਵ ਗੁਰੂ ਸਤਿਗੁਰੂ ਦਾ ਖਿਵੈ ਚੰਦੋਆ”। ਇੱਥੋਂ ਦੋ ਗੱਲਾਂ ਸਪੱਸ਼ਟ ਹੁੰਦੀਆਂ ਹਨ। ਇੱਕ ਤਾਂ ਇਹ ਕਿ ਜਿਸ ਤਖ਼ਤ ਉੱਤੇ ਗੁਰੂ ਸਾਹਿਬ ਬੈਠੇ ਹਨ, ਉਸ ਉੱਤੇ ਨਿਰੰਜਨੀ ਛਤਰ ਹੈ, ਜਾਂ ਅਕਾਲ ਦੀ ਸਰਪ੍ਰਸਤੀ ਹੈ। ਦੂਜੀ ਇਹ ਕਿ ਇਸ ਤਖ਼ਤ ਉੱਤੇ ਬੈਠਾ ਗੁਰੂ ਚੰਦ ਵਾਂਗ ਚਮਕ ਰਿਹਾ ਹੈ। ਇਹ ਤਖ਼ਤ ਰੌਸ਼ਨੀ ਹੈ।
ਨਿਰੰਜਨੀ ਛਤਰ ਵਾਲਾ ਰੌਸ਼ਨ ਤਖ਼ਤ “ਸੱਚੇ ਪਾਤਿਸ਼ਾਹ” ਦਾ ਹੈ। ਜੇ ਉਸ ਦੀ ਸਿਫ਼ਤ ਕੀਤੀ ਜਾਵੇ ਤਾਂ ਅਰਸ਼ੋਂ ਕਰਸੋਂ, ਸਮੁੱਚੇ ਈਸ਼ਵਰ ਮੰਡਲ ਤੋਂ, ਨੂਰ ਵਰ੍ਹਦਾ ਹੈ। ਗੁਰੂ ਸਾਹਿਬਾਨ ਇਸੇ ਤਖ਼ਤ ਉੱਤੇ ਬਿਰਾਜਮਾਨ ਹਨ, ਭਾਈ ਬਲਵੰਡ ਅਤੇ ਭਾਈ ਸਤੈ ਅਨੁਸਾਰ, ਅਕਾਲ ਤਖ਼ਤ ਦੀ ਸਿਰਜਣਾ ਅਤੇ ਸਾਜਨਾ ਪਿੱਛੇ ਗੁਰਬਾਣੀ ਵਿੱਚ ਸਿਰਜੇ ਤਖ਼ਤ ਦਾ ਮਾਡਲ ਹੀ ਕੰਮ ਕਰਦਾ ਹੈ। ਗੁਰੂ ਅਮਰਦਾਸ ਜੀ ਨੇ ਵਾਰ ਮਾਰੂ ਵਿੱਚ ਫ਼ੁਰਮਾਇਆ ਹੈ ਕਿ ਤਖ਼ਤ ਉੱਤੇ ਉਹੀ ਰਾਜਾ ਬੈਠਦਾ ਹੈ ਜੋ ਉਸਦੇ ਲਾਇਕ ਹੋਵੇ। “ਤਖਤਿ ਰਾਜਾ ਸੋ ਬਹੇ ਜਿ ਤਖਤੈ ਲਾਇਕ ਹੋਈ”। ਗੁਰੂ ਨਾਨਕ ਦੇਵ ਜੀ ਮਾਰੂ ਸੋਹਲੇ ਵਿੱਚ ਇਹੀ ਧਾਰਨਾ ਦਿੰਦੇ ਹਨ: “ਤਖ਼ਤ ਬਹੈ ਤਖਤੈ ਕੀ ਲਾਇਕ”। ਜੇ ਤਖ਼ਤ ਉੱਤੇ ਬੈਠਾ ਵਿਅਕਤੀ “ਵਜਹੁ” ਜਾਂ ਸਮਝ/ਆਚਾਰ ਜਿਸ ਕਾਰਨ ਉਸਨੂੰ ਤਖ਼ਤ ਮਿਲਿਆ ਹੈ, ਗਵਾ ਲਵੇ ਤਾਂ ਉਸ ਨੂੰ ਤਖ਼ਤ ਉੱਤੇ ਬੈਠਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਹ ਵਿਚਾਰ ਗੁਰੂ ਨਾਨਕ ਦੇਵ ਜੀ ਨੇ “ਦੱਖਣੀ ਓਅੰਕਾਰ” ਵਿੱਚ ਬੜੀ ਸ਼ਿੱਦਤ ਨਾਲ ਸਥਾਪਿਤ ਕੀਤਾ ਹੈ: “ਵਜਹੁ ਗਵਾਇ ਆਪਣਾ ਤਖਤਿ ਨ ਬੈਠਾ ਸੋਇ।”
ਨਿਰੰਜਨੀ ਛਤਰ ਵਾਲਾ, ਰੌਸ਼ਨ ਸੱਚੇ ਪਾਤਸ਼ਾਹ ਦਾ ਤਖ਼ਤ ਹੀ ਅਕਾਲ ਤਖ਼ਤ ਹੈ। ਚੇਤੰਨ ਤੌਰ ’ਤੇ ਇਹ ਤਖ਼ਤ ਉਨ੍ਹਾਂ ਝੂਠੇ ਪਾਤਸ਼ਾਹਾਂ ਦੇ ਵਿਰੁੱਧ ਸਥਾਪਤ ਕੀਤਾ ਗਿਆ ਸੀ ਜੋ ਲਹੂ ਪੀਣੇ ਸ਼ੀਂਹ ਬਣ ਚੁੱਕੇ ਸਨ ਅਤੇ ਜੋ ਸੱਚੇ ਪਾਤਸ਼ਾਹ ਦੀ ਤੁਲਨਾ ਵਿੱਚ ਅਕਾਲ ਹੋਣ ਦੀ ਥਾਂ ਫ਼ਾਨੀ ਸਨ। ਉਨ੍ਹਾਂ ਬਾਰੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ: “ਰਾਜੇ ਰਾਇ ਰੰਕ ਨਹੀਂ ਰਹਿਣਾ ਆਇ ਜਾਇ ਜੁਗ ਚਾਰੇ।” ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਵਿਕਸਿਤ ਹੋ ਰਹੇ ਤਖ਼ਤ ਦੇ ਸੰਕਲਪ ਨੇ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਇੱਕ ਨਿਸ਼ਚਿਤ ਸੰਸਥਾਪਕ ਦਾ ਰੂਪ ਧਾਰਿਆ। ਇਹ ਗੁਰੂ ਸਾਹਿਬਾਨ ਦੀ ਦੂਰ-ਦਿ੍ਰਸ਼ਟਾ ਹੀ ਨਹੀਂ ਸਗੋਂ ਇਤਿਹਾਸਕ-ਸਮਾਜਿਕ ਸੰਗਠਨਾਂ ਅਤੇ ਮਨੁੱਖੀ ਮਨੋ-ਸਰੀਰਕ ਯਥਾਰਥ ਦੀ ਬਾਰੀਕ ਸੂਝ ਦਾ ਵੀ ਪ੍ਰਮਾਣ ਹੈ ਕਿ ਉਨ੍ਹਾਂ ਨੇ ਸਾਡੀ ਸਮਕਾਲੀ ਸੋਚ ਤੋਂ ਕਿੰਨੇ ਸੌ ਸਾਲ ਪਹਿਲਾਂ ਇਹ ਪਛਾਣਿਆ ਕਿ ਜੇ ਸਮਾਜ ਅਤੇ ਮਨੁੱਖ ਵਿੱਚ ਤਬਦੀਲੀ ਲਿਆਉਣੀ ਹੈ ਤਾਂ ਉਹ ਸੰਸਥਾਵਾਂ ਹੀ ਬਦਲਣੀਆਂ ਪੈਣਗੀਆਂ, ਜਿੱਥੋਂ ਸਮਾਜ ਅਤੇ ਮਨੁੱਖ ਦਾ ਵਿਗਾੜ ਆਰੰਭ ਹੁੰਦਾ ਹੈ।
ਅਜੋਕਾ ਵਿਸ਼ਵ ਚਿੰਤਨ, ਜਿਸ ਵਿੱਚ ਪੱਛਮ ਦਾ ਵੱਡਾ ਭਾਗ ਹੈ, ਨੀਟਸ਼ੇ ਤੋਂ ਆਰੰਭ ਹੁੰਦਾ ਹੈ। ਉਨ੍ਹੀਵੀਂ ਸਦੀ ਦੇ ਇਸ ਕ੍ਰਾਂਤੀਕਾਰੀ ਦਾਰਸ਼ਨਿਕ ਨੇ ਇਸ ਗੱਲ ਵੱਲ ਧਿਆਨ ਦੁਆਇਆ ਕਿ ਗਿਆਨ ਅਤੇ ਸੰਸਥਾਵਾਂ ਸ਼ਕਤੀ ਨਾਲ ਸਬੰਧਤ ਹਨ। ਆਪਣੀ “ਸ਼ਕਤੀ ਲਈ ਇੱਛਾ” ਪੁਸਤਕ ਵਿੱਚ ਨੀਟਸ਼ੇ ਸਪੱਸ਼ਟ ਤੌਰ ’ਤੇ ਕਹਿੰਦਾ ਹੈ ਕਿ “ਗਿਆਨ ਸ਼ਕਤੀ ਦੇ ਸੰਦ ਵਜੋਂ ਕੰਮ ਕਰਦਾ ਹੈ”। ਹਰ ਉਤੇਜਨਾ ਰਾਜ ਕਰਨ ਦੀ “ਹਵਸ” ਨਾਲ ਜੁੜੀ ਹੋਈ ਹੈ। ਇਸ ਲਈ ਸੰਸਥਾਵਾਂ ਵੀ ਇਸੇ ਹਵਸ ਵਿੱਚੋਂ ਜਨਮ ਲੈਂਦੀਆਂ ਹਨ, ਇੱਥੋਂ ਇਹ ਨਤੀਜਾ ਕੱਢਣਾ ਔਖਾ ਨਹੀਂ। ਨੀਟਸ਼ੇ ਅਨੁਸਾਰ ਸੱਚ, ਚੇਤਨਤਾ, ਇੱਛਾ, ਨਿਆਇ, ਆਤਮਾ ਵੀ ਗਲਪ-ਕਲਪਨਾਵਾਂ ਹਨ ਜੋ ਸੱਤਾਧਾਰੀ ਵਰਗ ਆਪਣੇ ਹਿੱਤ ਅਨੁਸਾਰ ਉਸਾਰ ਲੈਂਦੇ ਹਨ। ਨੀਟਸ਼ੇ ਦੀ ਸੋਚ ਨੂੰ ਹੋਰ ਗੁੰਝਲਦਾਰ ਬਣਾਉਣ ਵਾਲਾ ਅਤੇ ਮਨੁੱਖੀ ਵਿਗਾੜ ਨੂੰ ਸੰਸਥਾਵਾਂ ਦੀ ਜ਼ਿੰਮੇਵਾਰੀ ਨਾਲ ਜੋੜਨ ਵਾਲਾ ਦੂਜਾ ਵੱਡਾ ਚਿੰਤਕ ਕਾਰਲ ਮਾਰਕਸ ਹੈ। ਉਸਨੇ ਆਪਣੀਆਂ ਰਚਨਾਵਾਂ “ਦਾਸ ਕੈਪੀਟਲ”, “ਜਰਮਨ ਈਡੀਆਲੋਜੀ” ਆਦਿ ਵਿੱਚ ਇਹ ਸਥਾਪਿਤ ਕੀਤਾ ਕਿ ਵਿਚਾਰ, ਸੰਕਲਪ, ਚੇਤਨਾ, ਭਾਸ਼ਾ ਆਦਿ ਸਿੱਧੇ ਹੀ ਪਦਾਰਥਕ ਕਿਰਿਆ ਨਾਲ ਜੁੜੇ ਹੋਏ ਹਨ। ਇਸ ਦਾ ਅਰਥ ਇਹ ਹੈ ਕਿ ਸਮੇਂ ਦੀਆਂ ਰਾਜਨੀਤਕ, ਆਰਥਿਕ ਅਤੇ ਸਮਾਜਿਕ ਸੰਸਥਾਵਾਂ ਹੀ ਮਨੁੱਖੀ ਸੋਚ ਨੂੰ ਘੜਦੀਆਂ ਹਨ। ਜੇ ਉਨ੍ਹਾਂ ਵਿੱਚ ਕੇਵਲ ਸ਼ਾਸਕ ਵਰਗ ਦੇ ਹਿੱਤਾਂ ਨੂੰ ਪੂਰਨ ਦੀ ਇੱਛਾ ਹੀ ਮੌਜੂਦ ਹੈ ਤਾਂ ਉਹ ਮਨੁੱਖਾਂ ਦੇ ਮਨ ਅਤੇ ਸਰੀਰ ਨੂੰ ਵੀ ਉਸੇ ਅਨੁਸਾਰ ਹੀ ਘੜਨਗੀਆਂ। ਜਿਸ ਨੂੰ ਅਸੀਂ “ਮਾਨਸਿਕ ਸੁਤੰਤਰਤਾ ਜਾਂ ਸੁਤੰਤਰ ਇੱਛਾ ਸ਼ਕਤੀ” ਆਖਦੇ ਹਾਂ, ਉਹ ਇਨ੍ਹਾਂ ਸੰਸਥਾਵਾਂ ਰਾਹੀਂ ਸ਼ਾਸਕ ਵਰਗ ਵੱਲੋਂ ਹਥਿਆ ਲਈ ਜਾਂਦੀ ਹੈ। ਇਸ ਲਈ ਮਾਰਕਸ ਨੇ ਅਜਿਹੀਆਂ ਸੰਸਥਾਵਾਂ ਨੂੰ ਚੇਤੰਨ ਕ੍ਰਾਂਤੀ ਰਾਹੀਂ ਤੋੜਨ-ਭੰਨਣ ਲਈ ਪ੍ਰੇਰਿਆ ਤਾਂ ਕਿ ਨਵੇਂ ਆਜ਼ਾਦੀ ਬਹਾਲ ਕਰਨ ਵਾਲੇ ਸੰਗਠਨ ਉਸਾਰੇ ਜਾ ਸਕਣ।
ਅਕਾਲ ਤਖ਼ਤ ਦੀ ਸਿਰਜਣਾ ਅਤੇ ਸਾਜਨਾ ਵੀ ਝੂਠੇ ਪਾਤਸ਼ਾਹਾਂ ਦੇ ਤਖ਼ਤ ਦੀ ਪ੍ਰਾਥਮਿਕਤਾ ਖ਼ਤਮ ਕਰਨ ਲਈ ਹੋਈ। ਘੱਟੋ ਘੱਟ ਇਸ ਪਿੱਛੇ ਕੰਮ ਕਰ ਰਹੀ ਇੱਛਾ ਇਨ੍ਹਾਂ ਝੂਠੇ ਪਾਤਸ਼ਾਹਾਂ ਦੇ ਤਖ਼ਤ ਨੂੰ ਲੋਕਾਂ ਦੇ ਮਨ ਵਿੱਚ ਨਿਗੂਣਾ ਕਰਨ ਦੀ ਜ਼ਰੂਰ ਸੀ। ਇਉਂ ਅਕਾਲ ਤਖ਼ਤ ਇੱਕ ਦੋਹਰੀ ਖੜਗ ਸੀ-ਮੀਰੀ ਅਤੇ ਪੀਰੀ ਦੀ। ਗੁਰੂ ਹਰਿਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਪਹਿਨੀਆਂ। ਇਹ ਤਲਵਾਰਾਂ ਕੇਵਲ ਹਥਿਆਰ ਨਹੀਂ ਹਨ, ਅਕਾਲ ਤਖ਼ਤ ਦਾ ਰੂਪਕ ਹਨ। ਇਸ ਦੀ ਵਿਚਾਰਧਾਰਾ ਨੂੰ ਸਾਕਾਰ ਕਰਨ ਵਾਲੇ ਦੋ ਪ੍ਰਤੀਕ ਜਾਂ ਵਿਕ੍ਰੋਕਤੀਆਂ, ਜੋ ਸੰਖੇਪ ਵਿੱਚ, ਵਿਸ਼ਾਲ ਦਿ੍ਰਸ਼ਟੀ ਨੂੰ ਪ੍ਰਗਟ ਕਰ ਰਹੀਆਂ ਹਨ। ਮੀਰੀ ਵਿੱਚ ਰਾਜਨੀਤਕ, ਸਮਾਜਿਕ ਅਤੇ ਆਰਥਿਕ ਮਸਲਿਆਂ ਨਾਲ ਸਬੰਧਤ ਉਹ ਸਭ ਵਿਚਾਰ ਸ਼ਾਮਿਲ ਹਨ ਜੋ “ਸ੍ਰੀ ਗੁਰੂ ਗ੍ਰੰਥ ਸਾਹਿਬ” ਦੀ ਪੈਰਾਡਾਈਮ ਦਾ ਹਿੱਸਾ ਹਨ। ਪੀਰੀ ਵਿੱਚ ਉਹ ਸਭ ਗੱਲਾਂ ਆ ਜਾਂਦੀਆਂ ਹਨ ਜੋ ਧਰਮ, ਨੈਤਿਕਤਾ, ਪਰਾ-ਭੌਤਿਕ ਵਿਗਿਆਨ ਸਬੰਧੀ ਗੁਰਬਾਣੀ ਦੀ ਮੌਲਿਕਤਾ ਹਨ। ਪਰ ਸਮਝਣ ਵਾਲੀ ਗੱਲ ਇਹ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਨੂੰ ਖੜਗ ਰਾਹੀਂ ਹੀ ਕਿਉਂ ਸਾਕਾਰ ਕੀਤਾ? ਉਹ ਕੋਈ ਹੋਰ ਚਿੰਨ੍ਹ ਜਾਂ ਪ੍ਰਤੀਕ ਵੀ ਵਰਤ ਸਕਦੇ ਸਨ। ਬਲਵੰਡਿ ਅਤੇ ਸਤੈ ਦੀ ਵਾਰ ਵਿੱਚ ਅਕਾਲ ਪੁਰਖ ਦੇ ਗਿਆਨ ਨੂੰ “ਖਾੜਗਿ” ਆਖਿਆ ਗਿਆ ਹੈ ਜਿਸ ਦੇ ਜ਼ੋਰ ਨਾਲ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਉੱਤੇ ਸਜਣ ਸਮੇਂ ਚਾਨਣ ਹੋਇਆ।
ਖੜਗ਼ ਦਾ ਸੰਕਲਪ ਵਜੋਂ ਸੰਪੂਰਨ ਰੂਪ ਗੁਰੂ ਗੋਬਿੰਦ ਸਿੰਘ ਜੀ ਦੇ “ਬਿਚਿਤ੍ਰ ਨਾਟਕ” ਵਿੱਚ ਹੈ ਜਿੱਥੇ ਅਕਾਲ ਪੁਰਖ ਨੂੰ “ਸ੍ਰੀ ਖੜਗ਼” ਵਜੋਂ ਨਮਸਕਾਰ ਕੀਤੀ ਗਈ ਹੈ। ਇਸ ਖੜਗ਼ ਨੂੰ “ਤੇਜ ਪਰਚੰਡੰ” ਅਤੇ “ਜੋਤਿ ਅਮੰਡੰ” ਆਖਿਆ ਗਿਆ ਹੈ। ਖੜਗ਼ ਨੂੰ ਖ਼ੁਦ ਬਖ਼ੁਦ ਜਗੀ ਹੋਈ ਜੋਤ ਆਖਣਾ ਇਸ ਨੂੰ ਕੇਵਲ ਜੰਗੀ ਹਥਿਆਰ ਹੋਣ ਦੀ ਥਾਂ ਜੀਵਨ ਨੂੰ ਰੌਸ਼ਨੀ ਦੇਣ ਵਾਲੀ ਸ਼ਕਤੀ ਮੰਨਣਾ ਹੈ।
ਅਕਾਲ ਤਖ਼ਤ ਉਹ ਗੱਦੀ ਹੈ, ਉਹ ਸੰਸਥਾ ਹੈ, ਜਿਸ ਨੇ ਰਾਜਨੀਤੀ, ਆਰਥਿਕਤਾ (ਮੀਰੀ) ਅਤੇ ਧਰਮ, ਨੈਤਿਕਤਾ, ਪਰਾਭੌਤਿਕਤਾ (ਪੀਰੀ) ਦਾ ਸੰਚਾਲਨ “ਸ੍ਰੀ ਗੁਰੂ ਗ੍ਰੰਥ ਸਾਹਿਬ” ਅਨੁਸਾਰ ਖੜਗ਼ ਦੇ ਆਚਰਣ ਨੂੰ ਮੁੱਖ ਰੱਖ ਕੇ ਕਰਨਾ ਹੈ। ਖੜਗ਼ ਕਟਦੀ ਹੈ, ਪਰ ਰੌਸ਼ਨੀ ਨਾਲ। ਜੀਵਨ ਵਿੱਚ ਹਨੇਰਾ ਖ਼ਤਮ ਕਰਕੇ ਨਵੀਂ ਸਵੇਰ ਲਿਆਉਂਦੀ ਹੈ। ਪੁਰਾਣੀਆਂ ਸੰਸਥਾਵਾਂ ਅਤੇ ਮਨੋਬਿਰਤੀਆਂ ਖ਼ਤਮ ਕਰਕੇ ਨਵੀਆਂ ਦਾ ਆਰੰਭ ਕਰਦੀ ਹੈ। ਅਕਾਲ ਤਖ਼ਤ ਨੂੰ ਅਜਿਹਾ ਸਿਰਜਨਾਤਮਕ ਕਾਰਜ ਨਿਭਾਉਣ ਵਾਲੀਆਂ ਦੋ ਖੜਗ਼ਾਂ ਦੀ ਸੰਸਥਾ ਬਣਾਉਣ ਨਾਲ ਗੁਰੂ ਹਰਿਗੋਬਿੰਦ ਜੀ ਨੇ ਇਤਿਹਾਸ, ਤਬਦੀਲੀ, ਰੱਬੀ ਨੂਰ, ਗਿਆਨ ਅਤੇ ਸੰਸਥਾਵਾਂ ਨੂੰ ਜੋੜ ਦਿੱਤਾ। ਇਸ ਤੋਂ ਵੀ ਵੱਧ ਇਹ ਹੈ ਕਿ ਬ੍ਰਾਹਮਣੀ ਅਤੇ ਵੇਦਾਂਤਕ ਦਿ੍ਰਸ਼ਟੀ ਦੇ ਉਲਟ ਅਕਰਮ ਦੀ ਥਾਂ ਕਿ੍ਰਆਸ਼ੀਲਤਾ ਨੰ ਯੋਗ ਥਾਂ ਦਿੱਤੀ। ਅਕਾਲ ਤਖ਼ਤ ਦਾ ਸੰਕਲਪ ਅਤੇ ਸਾਜਨਾ ਇਹ ਸਥਾਪਿਤ ਕਰਨਾ ਹੈ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ” ਅਤੇ ਗੁਰੂ ਇਤਿਹਾਸ ਦੀ ਵਿਚਾਰਧਾਰਾ ਜੇ ਅਕਾਲ ਨੂੰ ਮੰਨਦੀ ਹੈ ਤਾਂ ਇਸ ਦੇ ਨਾਲ ਤਬਦੀਲੀ ਅਤੇ ਕਿ੍ਰਆਸ਼ੀਲਤਾ ਦਾ ਮਹੱਤਵ ਸਵੀਕਾਰ ਕਰਦੀ ਹੈ। ਇਸ ਦੇ ਨਾਲ ਹੀ ਜੁੜੀ ਹੋਈ ਗੱਲ ਇਹ ਹੈ ਕਿ ਇਤਿਹਾਸ ਵੀ ਇੱਕ ਯਥਾਰਥ ਹੈ ਭਾਵੇਂ ਸੀਮਿਤ ਅਤੇ ਬਦਲਿਆ ਜਾਣ ਵਾਲਾ।
ਦੋ ਖੜਗ਼ਾਂ ਦੀ ਰੱਖਿਅਕ, ਸੰਚਾਲਕ ਅਤੇ ਵਿਆਖਿਆਕਾਰ ਹੋਣ ਦੇ ਨਾਤੇ ਅਕਾਲ ਤਖ਼ਤ ਦੀ ਇਹ ਜ਼ਿੰਮੇਵਾਰੀ ਹੈ ਸਮੇਂ ਸਮੇਂ ਅਨੁਸਾਰ, ਇਹ ਇਤਿਹਾਸ ਵਿੱਚ ਰੌਸ਼ਨ ਦਖ਼ਲ ਬਣੇ। ਇਹ ਦਖ਼ਲ ਕੇਵਲ ਸਿੱਖੀ ਦੇ ਪ੍ਰਸੰਗ ਵਿੱਚ ਹੀ ਨਹੀਂ, ਸਗੋਂ ਬਾਕੀ ਕੌਮਾਂ ਅਤੇ ਰਾਸ਼ਟਰਾਂ ਦੇ ਪ੍ਰਸੰਗ ਵਿੱਚ ਵੀ ਜਿੱਥੇ ਜਿੱਥੇ ਜ਼ਿੰਦਗੀ ਦੀ ਜੋਤ ਬੁਝਾਈ ਜਾ ਰਹੀ ਹੈ, ਰਾਜਨੀਤਕ, ਆਰਥਿਕ, ਨੈਤਿਕ ਜਾਂ ਧਾਰਮਿਕ ਪੱਧਰ ਉੱਤੇ ਉੱਥੇ ਅਕਾਲ ਤਖ਼ਤ ਲਈ ਜਾਇਜ਼ ਹੀ ਨਹੀਂ, ਸਗੋਂ ਥਾਪੀ ਗਈ ਜ਼ਿੰਮੇਵਾਰੀ ਦੀ ਪਾਲਨਾ ਕਰਨਾ ਹੈ। ਝੂਠੇ ਪਾਤਸ਼ਾਹ ਕਿਸੇ ਵੀ ਦੇਸ਼ ਅਤੇ ਕੌਮ ਵਿੱਚ ਹੋ ਸਕਦੇ ਹਨ, ਉਨ੍ਹਾਂ ਨੂੰ ਨਾਕਾਮ ਕਰਨ ਵਿੱਚ ਲੋਕਾਂ ਦੀ ਸਹਾਇਤਾ ਕਰਨੀ ਅਕਾਲ ਤਖ਼ਤ ਦੀ ਵਚਨਬੱਧਤਾ ਵਿੱਚ ਵੀ ਹੀ ਸ਼ਾਮਿਲ ਹੈ।
ਝੂਠੀ ਪਾਤਸ਼ਾਹੀ ਜਾਂ ਵੀਹਵੀਂ ਸਦੀ ਦੇ ਮੁਹਾਵਰੇ ਵਿੱਚ ਦਮਨ ਕਰਨ ਜਾਂ ਦਬਾਉਣ ਵਾਲਾ ਸ਼ਕਤੀ-ਪ੍ਰਬੰਧ ਅਤੇ ਉਸਦੀਆਂ ਸੰਸਥਾਵਾਂ ਮਨੁੱਖੀ ਜੀਵਨ ਦਾ ਘਾਣ ਕਰਦੀਆਂ ਹਨ। ਮਨੁੱਖ ਦੀਆਂ ਅੰਦਰਲੀਆਂ ਸ਼ਕਤੀਆਂ ਅਤੇ ਰਸਾਇਣਾਂ ਨੂੰ ਗ਼ੁਲਾਮ ਬਣਾ ਲੈਂਦੀਆਂ ਹਨ। ਸਾਡੇ ਸਮੇਂ ਵਿੱਚ ਤਿੰਨ ਪ੍ਰਸਿੱਧ ਚਿੰਤਕਾਂ ਨੇ ਇਸ ਬਾਰੇ ਵਿਸਥਾਰ ਨਾਲ ਲਿਖਿਆ ਹੈ। ਉਹ ਚਿੰਤਕ ਹਨ: ਫੂਕੋ, ਦੇਲਿਊਜ਼ ਅਤੇ ਗਾੱਟਰੀ। ਫੂਕੋ ਨੇ ਆਪਣੀ ਪੁਸਤਕ “ਅਨੁਸ਼ਾਸਨ ਅਤੇ ਸਜ਼ਾ” ਅਤੇ ਲੇਖ “ਦੇਹ/ਸ਼ਕਤੀ” ਵਿੱਚ ਇਹ ਸਪੱਸ਼ਟ ਕੀਤਾ ਹੈ ਕਿ ਦਮਨਕਾਰੀ ਸ਼ਕਤੀ ਸਾਡੀ ਦੇਹ ਦੀਆਂ ਅੰਦਰਲੀਆਂ ਸ਼ਕਤੀਆਂ ਨੂੰ ਆਪਣੇ ਹੱਕ ਵਿੱਚ ਸੇਧਾਉਂਦੀ ਹੈ, ਸਾਡੀਆਂ ਕਾਮਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਆਪਣੀ ਇੱਛਾ ਅਨੁਸਾਰ, ਆਪਣੇ ਹਿੱਤ ਵਿੱਚ ਜਾਣ ਵਾਲਾ ਗਿਆਨ ਉਪਜਾਉਂਦੀ ਹੈ। ਦਮਨ ਕਰਨ ਵਾਲੀ ਅਤੇ ਲੁੱਟਣ ਵਾਲੀ ਰਾਜ ਸ਼ਕਤੀ ਸਾਡੀਆਂ ਕਾਮਨਾਵਾਂ ਅਤੇ ਗਿਆਨਾਂ ਨੂੰ ਵੀ ਵਿਗਾੜਦੀ ਹੈ। ਉਨ੍ਹਾਂ ਨੂੰ ਵਿਗਾਸ ਅਤੇ ਮੌਲਣ ਲਈ ਸੱਤਾ ਕਾਇਮ ਰੱਖਣ ਲਈ ਤਿਆਰ ਕਰਦੀ ਹੈ। ਇਹ ਫੂਕੋ ਦੀ ਮਹੱਤਵਪੂਰਨ ਲੱਭਤ ਹੈ। ਫੂਕੋ ਨੇ ਸਾਰੀ ਰਚਨਾ ਇਸ ਵਿਕਾਸ ਦੇ ਵਿਰੁੱਧ ਅਤੇ ਅੰਦਰਲੀ ਗ਼ੁਲਾਮੀ ਤੋਂ ਮੁਕਤ ਹੋਣ ਲਈ ਵਿਰੋਧੀ ਵਿਉਂਤਾਂ ਬਣਾਉਣ ਵਾਸਤੇ ਪ੍ਰੇਰਿਤ ਕਰਦੀ ਹੈ। ਫੂਕੋ ਦੀਆਂ ਕਿ੍ਰਤਾਂ ਮਨੁੱਖੀ ਅਨੁਸ਼ਾਸਨਾਂ ਦਾ ਪੁਰਾਤਤਵ ਵਿਗਿਆਨ (ਆਰਕਿਆਲੋਜੀ) ਸਥਾਪਿਤ ਕਰਨ ਦਾ ਯਤਨ ਹਨ ਤਾਂ ਕਿ ਇਸ ਰਾਹੀਂ ਇਹ ਜਾਣਿਆ ਜਾ ਸਕੇ ਸ਼ਕਤੀ ਪ੍ਰਬੰਧ ਕਿਵੇਂ ਮਨੁੱਖੀ ਦੇਹ ਅੰਦਰ ਪ੍ਰਵੇਸ਼ ਕਰਦੇ ਹਨ ਅਤੇ ਆਚਾਰ ਨੂੰ ਆਪਣੇ ਹਿੱਤ ਵਿੱਚ ਸੇਧਾਉਂਦੇ ਹਨ।
ਫੂਕੋ ਤੋਂ ਪਿੱਛੋਂ ਦੇਲਿਊਜ਼ ਅਤੇ ਗਾੱਟਰੀ ਨੇ ਆਪਣੀ ਪੁਸਤਕ “ਐਂਟਾਈ-ਇਡੀਪਸ” ਰਾਹੀਂ ਇਹ ਸਥਾਪਿਤ ਕੀਤਾ ਹੈ ਕਿ ਰਾਜ ਸ਼ਕਤੀ ਇਡੀਪਸ ਹੈ। ਯੂਨਾਨੀ ਨਾਟਕਾਂ ਦੇ ਹੀਰੋ ਈਡੀਪਸ ਨੂੰ ਇਨ੍ਹਾਂ ਲੇਖਕਾਂ ਨੇ, ਮਨੁੱਖ ਨੂੰ ਮਾਨਸਿਕ ਤੌਰ ’ਤੇ ਅਸੰਤੁਸ਼ਟ ਕਰਨ ਅਤੇ ਸਾਮਰਾਜੀ ਇੱਛਾ ਨਾਲ ਪਰਵੱਸ ਕਰਨ ਵਾਲੀ ਸ਼ਕਤੀ ਦਾ ਰੂਪਕ ਬਣਾਇਆ ਹੈ। ਇਹ ਇਡੀਪਸ ਹੀ ਵਿਅਕਤੀ ਨੂੰ ਉਸਦੀਆਂ ਸਿਹਤਮੰਦ ਸ਼ਕਤੀਆਂ ਨਾਲੋਂ ਤੋੜ ਕੇ ਵਿਕੇਂਦਿ੍ਰਤ ਕਰਦਾ ਹੈ ਅਤੇ ਉਸ ਉੱਤੇ ਉਦਾਸੀ ਲਿਆਉਂਦੀ ਹੈ। ਇਸ ਇਡੀਪਸ ਦਾ ਟਾਕਰਾ ਸਮੂਹਿਕ ਪ੍ਰਬੰਧਾਂ ਜਾਂ ਨਵੇਂ ਪੰਥ ਸਾਜ ਕੇ ਹੀ ਹੋ ਸਕਦਾ ਹੈ। ਕੇਵਲ ਵਿਅਕਤੀਗਤ ਪੱਧਰ ਉੱਤੇ ਖਾਲਸਈ ਮੁਹਾਵਰੇ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਡੀਪਸ ਸੱਤਾ ਕਾਇਮ ਰੱਖਣ ਅਤੇ ਇਹ ਹਿੱਤ ਮਨੁੱਖ ਨੂੰ ਭਾਵੁਕ, ਰਾਜਨੀਤਕ ਅਤੇ ਆਰਥਿਕ ਪੱਧਰ ਉੱਤੇ ਨਿਗੂਣਾ ਕਰਨ ਵਾਲੀ ਰਾਜ ਸ਼ਕਤੀ ਹੈ। ਇਹ ਇਡੀਪਲੀ ਸ਼ਕਤੀ ਬੜੇ ਅਦਿ੍ਰਸ਼ਟ ਵਾਰ ਵੀ ਕਰਦੀ ਹੈ। ਸਭ ਤੋਂ ਖ਼ਤਰਨਾਕ ਵਾਰ ਮਨੁੱਖ ਅੰਦਰਲੇ ਤੱਤਾਂ ਅਤੇ ਦ੍ਰੱਵਾਂ ਉੱਤੇ ਆਪਣੀ ਲਿੱਪੀ ਅੰਕਿਤ ਕਰਨਾ ਹੈ ਜਿਸ ਨਾਲ ਅੰਦਰਲਾ ਰਾਜ ਵਰਗ ਜਾਂ ਇਡੀਪਲ ਸ਼ਕਤੀ ਦੇ ਪੂਰੇ ਅਨੁਸ਼ਾਸਨ ਹੇਠ ਆ ਜਾਂਦਾ ਹੈ। ਉਸ ਦਾ ਮਨ ਅਤੇ ਦੇਹ ਆਪਣੀ ਸੁਤੰਤਰਤਾ ਵਿੱਚ ਜੀਵਨ ਸ਼ਕਤੀ ਨਾਲ ਮੇਲ ਗੁਆ ਬੈਠਦੇ ਹਨ।
ਇਡੀਪਲ ਸ਼ਕਤੀਆਂ ਜਾਂ ਝੂਠੀਆਂ ਪਾਤਸ਼ਾਹੀਆਂ ਵੱਲੋਂ ਮਨੁੱਖ ਅਤੇ ਸਮਾਜੀ ਸੰਗਠਨਾਂ ਨੂੰ ਬਸਤੀਆਂ ਬਣਾਉਣ ਦੀ ਸਾਜ਼ਿਸ਼ ਤੋਂ ਬਚਾਉਣਾ ਕੋਈ ਸੌਖੀ ਗੱਲ ਨਹੀਂ। ਵੀਹਵੀਂ ਸਦੀ ਦੇ ਅੰਤ ਉੱਤੇ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਗੁਰੂ ਸਾਹਿਬਾਨ ਨੇ ਰਾਜ ਵਰਗਾਂ ਦੀ ਇਸ ਸਾਜ਼ਿਸ਼ ਨੂੰ ਸਮਝ ਕੇ ਅਕਾਲ ਪੁਰਖ ਦੀ ਪ੍ਰਾਥਮਿਕਤਾ ਸਥਾਪਿਤ ਕੀਤੀ ਤਾਂ ਕਿ ਝੂਠੀ ਪਾਤਸ਼ਾਹੀ ਦੀ ਜੀਵਨ ਨੂੰ ਪਰਤੰਤਰ ਬਣਾਉਣ ਵਾਲੀ ਪ੍ਰਕਿਰਿਆ ਖ਼ਤਮ ਕੀਤੀ ਜਾ ਸਕੇ। ਮਨੁੱਖ ਅੰਦਰ ਆਜ਼ਾਦੀ ਅਤੇ ਜੀਵਨ ਸੰਗੀਤ ਦੀ ਨਵੀਂ ਲਿੱਪੀ ਲਿਖੀ ਜਾਵੇ। ਉਸਦੇ ਆਚਾਰ ਉੱਤੇ ਲੱਗੇ ਅਣਮਨੁੱਖੀ ਪਹਿਰੇ ਦਾ ਅੰਤ ਕੀਤਾ ਜਾ ਸਕੇ। ਇਹ ਤਦ ਹੀ ਹੋ ਸਕਦਾ ਹੈ ਜੇ ਮੀਰੀ (ਰਾਜਨੀਤੀ, ਆਰਥਿਕਤਾ ਆਦਿ) ਪੀਰੀ (ਧਰਮ, ਨੈਤਿਕਤਾ, ਆਦਿ) ਖੜਗ਼ ਬਣ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ। ਅਕਾਲ ਤਖ਼ਤ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਵਚਨਬੱਧ ਸੰਸਥਾ ਹੈ, ਜਿਸ ਦਾ ਮੁੱਖ ਕਰਤੱਵ ਕੇਵਲ ਉਸ ਸਮੇਂ ਦੇ ਮਨੁੱਖ ਦੀ ਪ੍ਰਾਥਮਿਕਤਾ ਜਾਂ ਪਹਿਲੀ ਸ਼ਕਤੀ ਨੂੰ ਬਦਲਣਾ ਹੈ। ਝੂਠੀ ਪਾਤਸ਼ਾਹੀ ਅਤੇ ਉਸਦੇ ਤਖ਼ਤ ਦੀ ਥਾਂ ਸੱਚੀ ਪਾਤਸ਼ਾਹੀ ਅਤੇ ਉਸਦੇ ਅਕਾਲ ਤਖ਼ਤ ਨੂੰ ਸਮਾਜਿਕ ਸੰਗਠਨ, ਚੇਤਨਤਾ, ਦੇਹ ਅਤੇ ਆਚਾਰ ਦੇ ਨਵ-ਸਾਜਣ ਲਈ ਮੂਲ ਸੰਸਥਾ ਵੱਲੋਂ ਨਿਸ਼ਚਿਤ ਕਰਨਾ ਹੈ। ਇਹ ਜ਼ਿੰਮੇਵਾਰੀ ਤੱਦ ਹੀ ਨਿਭ ਸਕਦੀ ਹੈ ਜੇ ਇਸ ਉੱਤੇ ਬੈਠਣ ਵਾਲਾ ਵਿਅਕਤੀ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਨੇੜੇ ਤੇੜੇ ਪਹੁੰਚੇ, ਘੱਟੋ ਘੱਟ ਉਨ੍ਹਾਂ ਦੇ ਮਾਡਲ ਦਾ ਪੈਰੋਕਾਰ ਬਣੇ। ਇਹ ਗੱਲ ਬਾਕੀ ਤਖ਼ਤਾਂ ਉੱਤੇ ਸਜੇ ਸਿੰਘ ਸਾਹਿਬਾਨ ਬਾਰੇ ਵੀ ਕਹੀ ਜਾ ਸਕਦੀ ਹੈ।
ਉਪਰੋਕਤ ਵਿਆਖਿਆ ਅਨੁਸਾਰ ਮੀਰੀ ਪੀਰੀ ਦੀਆਂ ਖੜਗ਼ਾਂ ਨੂੰ ਧਾਰਨ ਅਤੇ ਵਰਤਣ ਵਾਲਾ ਅਕਾਲ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਜੀਵਨ ਦੀ ਸਭ ਤੋਂ ਉੱਚੀ ਸ਼ਕਤੀ ਦਾ ਸਥਾਨ, ਪ੍ਰਤਿਨਿਧਤਾ ਤੋਂ ਵੀ ਅੱਗੇ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਜਿਵੇਂ “ਸ੍ਰੀ ਗੁਰੂ ਗੰ੍ਰਥ ਸਾਹਿਬ” ਅਤੇ “ਦਸਮ ਗ੍ਰੰਥ” ਅਨੁਸਾਰ ਜੀਵਨ ਦੀ ਸਭ ਤੋਂ ਉੱਚੀ ਸ਼ਕਤੀ, ਅਕਾਲ ਪੁਰਖ ਦੇ ਗੁਣਾਂ ਦਾ ਪ੍ਰਕਾਸ਼ ਕਰਨਾ ਹੈ, ਉਸ ਨਾਲ ਕਿਸੇ ਵੀ ਸੱਤਾਧਾਰੀ ਵਰਗ ਦੀ ਵਿਚਾਰਧਾਰਾ ਸੀਮਿਤ ਹੋ ਜਾਂਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਕੋਈ ਵੀ ਹੁਕਮਨਾਮਾ ਜਾਂ ਆਦੇਸ਼ ਇਸ ਸੰਸਥਾ ਨੂੰ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਨਾਲ ਜੁੜਿਆ ਹੋਇਆ ਹੀ ਹੋ ਸਕਦਾ ਹੈ।
ਸਿੱਖ ਸਿਮਰਤੀ ਅਤੇ ਆਚਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਦੋ ਖੜਗ਼ਾਂ ਨੇ ਹੀ ਸਾਜੇ ਹਨ। ਇਸ ਸੰਸਥਾ ਨੂੰ ਪੂਰੇ ਸਿੱਖ ਇਤਿਹਾਸ ਨਾਲ ਜੁੜੇ ਸਿੱਖਾਂ ਦੀ ਸਿਮਰਤੀ ਅਤੇ ਆਚਾਰ ਤੋਂ ਤੋੜ ਕੇ ਨਹੀਂ ਦੇਖਿਆ ਜਾ ਸਕਦਾ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਕੌਮੀ ਅਤੇ ਸੱਭਿਆਚਾਰਕ ਹਸਤੀ ਦਾ ਪ੍ਰਤੀਕ ਹੈ। ਇਸੇ ਪ੍ਰਤੀਕ ਸੰਸਥਾ ਦੇ ਸਿੱਖਾਂ ਦੀ ਪ੍ਰਾਥਮਿਕਤਾ ਬਦਲੀ ਹੈ। ਉਸ ਨਾਲ ਇਤਿਹਾਸ ਵਿੱਚ ਉਨ੍ਹਾਂ ਨੂੰ ਮਨ ਅਤੇ ਦੇਹ ਦੀ ਗੁਆਚੀ ਹੋਈ ਸੁਤੰਤਰਤਾ ਵਾਪਸ ਮਿਲੀ ਹੈ ਅਤੇ ਉਨ੍ਹਾਂ ਨੇ ਨਵਾਂ ਇਤਿਹਾਸ ਰਚਿਆ ਹੈ ਜੋ ਕੇਵਲ ਸਿੱਖ ਇਤਿਹਾਸ ਨਹੀਂ, ਪੰਜਾਬ ਅਤੇ ਮਨੁੱਖ ਦਾ ਇਤਿਹਾਸ ਹੈ।
ਸਾਡੇ ਸਮਕਾਲੀ, ਫ਼ਰਾਂਸੀਸੀ ਇਤਿਹਾਸ ਵਿਗਿਆਨੀ ਯਾਕ ਲੇ ਗੌਫ਼ ਨੇ ਆਪਣੀ ਪੁਸਤਕ “ਇਤਿਹਾਸ ਅਤੇ ਸਿਮਰਤੀ” ਵਿੱਚ ਕਿਹਾ ਹੈ ਕਿ “ਯਾਵੇ” (ਯਹੂਦੀਆਂ ਦੀ ਬਾਈਬਲ ਵਿੱਚ ਰੱਬ ਦਾ ਨਾਂ) ਦੀ ਪਛਾਣ ਨੇ ਹੀ ਯਹੂਦ ਸਿਮਰਤੀ ਦੀ ਨੀਂਹ ਰੱਖੀਂ। ਇਵੇਂ ਸਿੱਖ ਸਿਮਰਤੀ ਅਤੇ ਆਚਾਰ ਦੀ ਨੀਂਹ ਅਕਾਲ ਪੁਰਖ ਦੇ ਸੰਕਲਪ ਨੇ ਰੱਖੀ ਅਤੇ ਇਸ ਦਾ ਵਿਕਾਸ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਚਾਲਿਤ ਦੋ ਖੜਗ਼ਾਂ ਨੇ ਕੀਤਾ। ਸਿੱਖ ਹਸਤੀ ਨੂੰ ਇਸ ਸੰਸਥਾ ਤੋਂ ਤੋੜਨ ਦਾ ਅਰਥ ਸਿੱਖ ਹਸਰਤ ਨੂੰ ਮਿਟਾਉਣਾ ਹੈ। ਇਸ ਗੱਲ ਦੀ ਸਮਝ ਅਬਦਾਲੀ ਤੋਂ ਲੈ ਕੇ ਸਾਡੇ ਅੱਜ ਦੇ ਸ਼ਾਸਨ ਵਰਗ ਤੱਕ ਪੂਰੀ ਹੈ। ਜੇ ਉਹ ਭਾਰਤ ਉਹ ਮਹਾਂਦੀਪ ਦੀਆਂ ਸਭ ਕੌਮੀ ਹਸਤੀਆਂ ਨੂੰ ਨਿਗੂਣਾ ਕਰਕੇ ਜਾਂ ਮਿਟਾ ਕੇ ਸੱਤਾ ਨੂੰ ਕਾਇਮ ਕਰਨ ਲਈ ਇਕਸਾਰ, ਇੱਕ ਕੌਮੀ, ਇੱਕ ਸੱਭਿਆਚਾਰਕ ਭਾਰਤ ਦਾ ਆਪਣਾ ਸੁਪਨਾ ਸਾਕਾਰ ਕਰਨ ਲਈ ਜ਼ੋਰ ਵਰਤਣਗੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਉਨ੍ਹਾਂ ਲਈ ਮੁਸ਼ਕਿਲ ਖੜੀ ਕਰੇਗੀ। ਭਾਰਤੀ ਉੱਪ ਮਹਾਂਦੀਪ ਵਿੱਚ ਕੌਮੀ ਵਿਲੱਖਣਤਾ, ਮਨੁੱਖਵਾਦ, ਸੱਤਾਧਾਰੀ ਵਰਗਾਂ ਦੀਆਂ ਘਾਣ ਕਰਨ ਵਾਲੀਆਂ ਵਿਉਂਤਾਂ ਬਾਰੇ ਜੇ ਚੇਤਨਤਾ ਅਤੇ ਅਮਲ ਕਾਇਮ ਰੱਖਣੇ ਹਨ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਿਚਾਰਧਾਰਕ ਅਤੇ ਹੋਰ ਹਮਲਿਆਂ ਤੋਂ ਬਚਾਉਣਾ ਜ਼ਰੂਰੀ ਹੈ। ਜਿਵੇਂ ਕਿ ਫਰਾਂਸੀਸੀ ਦਾਰਸ਼ਨਿਕ ਅਲਥੂਸਰ ਨੇ ਧਿਆਨ ਦਿਵਾਇਆ ਹੈ, ਇਸ ਵਕਤ ਹਰ ਰਾਜ ਕੋਲ ਬਹੁਤ ਵਿਸਤਿ੍ਰਤ ਯੰਤਰ ਹਨ ਜਿਨ੍ਹਾਂ ਨਾਲ ਉਹ ਲੋਕਾਂ ਦੇ ਮਨ ਅਤੇ ਦੇਹ ਨੂੰ ਸੇਧਾਉਣ ਲਈ ਸ਼ਕਤੀ ਵਰਤ ਸਕਦਾ ਹੈ। ਜੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਤੇ ਇਸ ਪ੍ਰਤੀ ਜ਼ਿੰਮੇਵਾਰੀ ਨਾ ਨਿਭਾਈ ਗਈ ਅਤੇ ਸੱਤਾਧਾਰੀ ਵਰਗ ਜਾਂ ਝੂਠੀ ਪਾਤਸ਼ਾਹੀ ਨੂੰ ਆਪਣੇ ਅਪ੍ਰੇਟਸ ਵਰਤਣ ਲਈ ਨਿਰ-ਵਿਰੋਧ ਆਗਿਆ ਮਿਲਦੀ ਗਈ ਤਾਂ ਸਿੱਖ ਸਿਮਰਤੀ, ਆਦਰ ਅਤੇ ਨਿਵੇਕਲੀ ਹਸਤੀ ਨਸ਼ਟ ਹੋ ਜਾਣਗੇ। ਅੱਜ ਵਿਸ਼ਵ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਵਿੱਚ ਇਕਸਾਰਤਾ ਲਿਆਉਣ ਵਾਲੀਆਂ ਸ਼ਕਤੀਆਂ ਕੋਲ ਨਵੇਂ ਸੰਦ ਆ ਰਹੇ ਹਨ। ਆਪਣੇ ਹਿੱਤਾਂ ਲਈ ਉਹ ਇਕਸਾਰਮੁਖੀ ਸੰਸਥਾਵਾਂ ਬਣਾ ਸਕਦੇ ਹਨ। ਪ੍ਰਚਾਰ ਕਰ ਸਕਦੇ ਹਨ। ਜਿਵੇਂ ਪੂੰਜੀ ਦਾ ਕੰਟਰੋਲ ਵਧ ਰਿਹਾ ਹੈ, ਉਸ ਨੂੰ ਕੰਟਰੋਲ ਕਰਨ ਵਾਲੇ ਵਿਲੱਖਣ ਸੱਭਿਆਚਾਰਾਂ ਲਈ ਵੀ ਖ਼ਤਰਾ ਬਣ ਸਕਦੇ ਹਨ। ਵਾਤਾਵਰਣ ਨੂੰ ਵੀ ਦੈਵੀ ਅਤੇ ਸਿਹਤਮੰਦ ਰੱਖਣ ਦੀ ਥਾਂ, ਉਤਪਾਦਨ ਵਧਾਉਣ ਅਤੇ ਆਰਥਿਕ ਵਿਸਤਾਰ ਲਈ ਅਣਗਹਿਲੀ ਕਰ ਸਕਦੇ ਹਨ। ਦਬਾ ਪਾਉਣ ਵਾਲੇ ਹਥਿਆਰ ਵਰਤ ਸਕਦੇ ਹਨ ਜੋ ਦਮਨਕਾਰੀ ਹੋਣ। ਇਸ ਪ੍ਰਸੰਗ ਵਿੱਚ ਅਕਾਲ ਤਖ਼ਤ ਦੀ ਸਮੁੱਚੀ ਕਾਇਨਾਤ, ਮਨੁੱਖਤਾ, ਵਿਲੱਖਣਤਾ ਅਤੇ ਦੈਵੀਪਣ ਲਈ ਜ਼ਿੰਮੇਵਾਰੀ ਅਤੇ ਇਸ ਨੂੰ ਨਿਭਾਉਣ ਦੀ ਵਚਨਬੱਧਤਾ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁਤੰਤਰ ਸੰਸਥਾ ਵਜੋਂ ਕਾਇਮ ਰੱਖਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ।
-ਗੁਰਭਗਤ ਸਿੰਘ