ਗੋਇੰਦਵਾਲ ਸਾਹਿਬ /ਪੰਜਾਬ ਪੋਸਟ
ਸਿੱਖ ਧਰਮ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਣ ਕਾਰਨ ਇਹ ਧਰਮ ਸਮਾਜ ਦੀ ਬਿਹਤਰੀ/ਭਲਾਈ ਲਈ ਹਮੇਸ਼ਾ ਹੀ ਯਤਨਸ਼ੀਲ ਰਿਹਾ ਹੈ। ਸਰਬੱਤ ਦੇ ਭਲੇ ਨੂੰ ਆਪਣਾ ਮੁੱਖ ਮਨੋਰਥ ਮੰਨ ਕੇ ਚੱਲਣ ਵਾਲਾ ਇਹ ਧਰਮ ਆਪਣੀਆਂ ਇਨਾਂ ਵਿਲੱਖਣ ਵਿਸ਼ੇਸ਼ਤਾਈਆਂ ਕਾਰਨ ਦੁਨੀਆ ਦੇ ਬਾਕੀ ਧਰਮਾਂ ਨਾਲੋਂ ਨਿਵੇਕਲਾ ਨਜ਼ਰ ਆਉਂਦਾ ਹੈ। ਸਿੱਖ ਧਰਮ ਦੇ ਸ਼ੁਰੂਆਤੀ ਸਮੇਂ ਵਿੱਚ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਨਵੇਂ ਨਗਰਾਂ ਨੂੰ ਵਸਾਉਣਾ ਗੁਰੂ ਸਾਹਿਬਾਨ ਦੇ ਮਿਸ਼ਨ ਦਾ ਅਹਿਮ ਹਿੱਸਾ ਰਿਹਾ। ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਵਿਸ਼ੇਸ਼ ਕਿਰਪਾ ਅਤੇ ਘਾਲਣਾ ਨਾਲ ਵਸਿਆ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਇਸੇ ਨਜ਼ਰੀਏ ਤੋਂ ਸਿੱਖ ਸੰਗਤ ਵਿੱਚ ਸਤਿਕਾਰਯੋਗ ਸਥਾਨ ਰੱਖਦਾ ਹੈ। ਦਰਿਆ ਬਿਆਸ ਦੇ ਕਿਨਾਰੇ ’ਤੇ ਵਸੇ ਇਸ ਨਗਰ ਨੂੰ ‘ਸਿੱਖੀ ਦਾ ਧੁਰਾ’ ਕਰਕੇ ਵੀ ਸਤਿਕਾਰਿਆ ਜਾਂਦਾ ਹੈ।
ਗੋਇੰਦਵਾਲ ਸਾਹਿਬ ਤਰਨਤਾਰਨ ਜ਼ਿਲੇ ਦੇ ਬਲਾਕ ਖਡੂਰ ਸਾਹਿਬ ਦਾ ਇੱਕ ਪਿੰਡ ਹੈ, ਜੋ ਤਰਨਤਾਰਨ ਸਾਹਿਬ ਤੋਂ 23 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਹ ਨਗਰ 16ਵੀਂ ਸਦੀ ਵਿਚ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਵਸਾਇਆ ਅਤੇ ਸਿੱਖਾਂ ਦਾ ਇੱਕ ਬਹੁਤ ਵੱਡਾ ਕੇਂਦਰ ਸੀ। ਇਹ ਸ਼ਹਿਰ ਬਿਆਸ ਦਰਿਆ ਦੇ ਕੰਢੇ ਉੱਤੇ ਵਸਿਆ ਹੋਇਆ ਹੈ। ਇਸ ਸ਼ਹਿਰ ਨੂੰ ‘ਸਿੱਖੀ ਦਾ ਧੁਰਾ’ ਕਿਹਾ ਜਾਂਦਾ ਹੈ ਕਿਉਂਕਿ ਇਹ ਸਿੱਖ ਧਰਮ ਦਾ ਪਹਿਲਾ ਧਾਰਮਿਕ ਕੇਂਦਰ ਹੈ। ਇਸ ਤੋਂ ਪਹਿਲਾ ਲੋਕ ਇਸ਼ਨਾਨ ਕਰਨ ਲਈ ਤੀਰਥ ਸਥਾਨਾਂ ’ਤੇ ਜਾਇਆ ਕਰਦੇ ਹਨ, ਪਰ ਗੋਇੰਦਵਾਲ ਸ਼ਹਿਰ ਵਿਖੇ ਬਾਉਲੀ ਜਿਸ ਦੀਆਂ 84 ਪੌੜੀਆਂ ਹਨ, ਬਣਨ ਨਾਲ ਇਹ ਸਥਾਨ ਤੀਰਥ ਸਥਾਨ ਬਣ ਗਿਆ, ਜਿੱਥੇ ਆਉਣ ਵਾਲੇ ਯਾਤਰੀਆਂ ਲਈ ਲੰਗਰ ਅਤੇ ਪਾਣੀ ਦੀ ਲੋੜ ਪੂਰੀ ਹੋਣ ਲੱਗੀ। ਮਾਝੇ ਦੀ ਪਵਿੱਤਰ ਧਰਤੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਦੇਸ਼-ਵਿਦੇਸ਼ ਤੋਂ ਸੰਗਤਾਂ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਦੀਆਂ ਹਨ ਅਤੇ ਕੀਰਤਨ ਸਵਰਨ ਕਰਕੇ ਗੁਰੂ ਘਰ ਦੀ ਰਹਿਮਤ ਪ੍ਰਾਪਤ ਕਰਦੀਆਂ ਹਨ।
ਕੁੱਲ 8 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਗੋਇੰਦਵਾਲ ਸਾਹਿਬ ਦੀ ਧਰਤੀ ਦੀ ਸਿੱਖ ਇਤਿਹਾਸ ਵਿੱਚ ਖਾਸ ਮਹੱਤਤਾ ਹੈ। ਇਸ ਜਗਾ ਤੋਂ ਸ੍ਰੀ ਗੁਰੂ ਅਮਰਦਾਸ ਜੀ ਨੇ ‘ਪਹਿਲਾਂ ਪੰਗਤ ਫਿਰ ਸੰਗਤ’ ਦੀ ਰੀਤ ਚਲਾਈ ਸੀ। ਇੱਥੇ ਹੀ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਪ੍ਰਾਪਤ ਹੋਈ ਅਤੇ ਇਸ ਅਸਥਾਨ ’ਤੇ ਹੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ। ਇਤਿਹਾਸ ਮੁਤਾਬਕ, ਸ੍ਰੀ ਗੋਇੰਦਵਾਲ ਸਾਹਿਬ ਦੀ ਸਥਾਪਨਾ ਤੋਂ ਪਹਿਲਾਂ ਇਸ ਥਾਂ ’ਤੇ ਇੱਕ ਥੇਹ ਹੁੰਦਾ ਸੀ, ਜਿਸ ਦੇ ਮਾਲਕ ਖੱਤਰੀ ਗੋਂਦੇ ਮਰਵਾਹੇ ਦੇ ਵਡੇਰੇ ਸਨ। ਆਪਣੇ ਵਡੇਰਿਆਂ ਦੀ ਯਾਦ ਨੂੰ ਸਦੀਵੀ ਬਣਾਉਣ ਹਿੱਤ ਗੋਂਦਾ ਚਾਹੁੰਦਾ ਸੀ ਕਿ ਇਸ ਸਥਾਨ ’ਤੇ ਇੱਕ ਨਗਰ ਵਸ ਜਾਵੇ, ਪਰ ਇਹ ਉਸ ਦੀ ਸਿਰਫ ਇੱਕ ਚਾਹਤ ਹੀ ਸੀ ਜਿਸ ਨੂੰ ਅਮਲੀ ਜਾਮਾ ਪੁਆਉਣਾ ਉਸ ਦੇ ਵੱਸ ਦੀ ਗੱਲ ਨਹੀਂ ਸੀ। ਆਪਣੇ ਆਪ ਨੂੰ ਅਸਮਰੱਥ ਜਾਣ ਕੇ ਗੋਂਦਾ ਖੱਤਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆ ਗਿਆ ਅਤੇ ਉਸ ਥੇਹ ਉੱਪਰ ਨਵਾਂ ਨਗਰ ਵਸਾਉਣ ਦੀ ਜੋਦੜੀ ਕਰਨ ਲੱਗਾ। ਗੁਰਮਤਿ ਦੇ ਨਜ਼ਰੀਏ ਤੋਂ ਵਿਚਾਰਦਿਆਂ ਗੁਰੂ ਅੰਗਦ ਦੇਵ ਜੀ ਨੇ ਗੋਂਦੇ ਮਰਵਾਹੇ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ, ਕਿਉਂਕਿ ਦਰਿਆ ਦੇ ਕੰਢੇ ’ਤੇ ਹੋਣ ਦੇ ਨਾਲ-ਨਾਲ ਇਹ ਥਾਂ ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੇ ਸ਼ਾਹੀ ਮਾਰਗ ਨਾਲ ਵੀ ਲੱਗਦੀ ਸੀ, ਜਿੱਥੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਇੱਕ ਸੋਹਣਾ ਕੇਂਦਰ ਬਣ ਸਕਦਾ ਸੀ।
ਇਸ ਕਾਰਜ ਦੀ ਪੂਰਤੀ ਲਈ ਗੁਰੂ ਅੰਗਦ ਦੇਵ ਜੀ ਨੇ ਬਾਬੇ ਅਮਰਦਾਸ ਜੀ ਚੋਣ ਕੀਤੀ ਅਤੇ ਉਨਾਂ ਨੂੰ ਨਵਾਂ ਨਗਰ ਵਸਾਉਣ ਦੀ ਜ਼ਿੰਮੇਵਾਰੀ ਪੂਰੀ ਤਰਾਂ ਸੰਭਾਲ ਦਿੱਤੀ। ਗੁਰੂ ਸਾਹਿਬ ਨੇ ਬਾਬਾ ਜੀ ਨੂੰ ਇਹ ਵੀ ਹੁਕਮ ਕੀਤਾ ਕਿ ਨਗਰ ਤਿਆਰ ਕਰਕੇ ਆਪਣੇ ਪਿੰਡ ਬਾਸਰਕੇ ਤੋਂ ਆਪਣੇ ਅੰਗਾਂ-ਸਾਕਾਂ ਅਤੇ ਨੇੜਲਿਆਂ ਨੂੰ ਲਿਆ ਕੇ ਇਸ ਨਵੇਂ ਨਗਰ (ਗੋਇੰਦਵਾਲ ਸਾਹਿਬ) ਵਿੱਚ ਵਸਾਉਣਾ ਕਰੋ। ਗੁਰੂ ਅੰਗਦ ਦੇਵ ਜੀ ਦਾ ਹੁਕਮ ਪਾ ਕੇ ਬਾਬਾ ਅਮਰਦਾਸ ਜੀ ਨੇ ਨਵੇਂ ਨਗਰ ਦੀ ਮੋੜੀ ਗੱਡ ਦਿੱਤੀ। ਬਾਬਾ ਜੀ ਦੀ ਵਿਸ਼ੇਸ਼ ਨਿਗਰਾਨੀ ਅਤੇ ਸੰਗਤ ਦੇ ਭਰਪੂਰ ਸਹਿਯੋਗ ਨਾਲ ਇਹ ਨਵਾਂ ਨਗਰ ਕੁਝ ਕੁ ਸਮੇਂ ਵਿੱਚ ਹੀ ਬਣ ਕੇ ਤਿਆਰ ਹੋ ਗਿਆ, ਜਿਸ ਦਾ ਨਾਂ ਗੋਇੰਦਵਾਲ ਸਾਹਿਬ ਰੱਖਿਆ ਗਿਆ। ਗੋਇੰਦਵਾਲ ਸਾਹਿਬ ਦੇ ਬਣ ਜਾਣ ਤੋਂ ਬਾਅਦ (ਗੁਰੂ) ਅਮਰਦਾਸ ਜੀ ਨੇ ਆਪਣੇ ਜੱਦੀ ਪਿੰਡ ਬਾਸਰਕੇ ਤੋਂ ਆਪਣੇ ਪਰਿਵਾਰ ਅਤੇ ਹੋਰ ਨੇੜਤਾ ਵਾਲਿਆਂ ਨੂੰ ਲਿਆ ਕੇ ਇਸ ਨਗਰ ਵਿੱਚ ਵਸਾਉਣਾ ਸ਼ੁਰੂ ਕੀਤਾ।
ਸ੍ਰੀ ਗੋਇੰਦਵਾਲ ਸਾਹਿਬ ਦਰਿਆ ਬਿਆਸ ਦੇ ਕੰਢੇ ’ਤੇ ਸਥਿਤ ਹੋਣ ਕਰਕੇ ਪਹਿਲਾਂ ਸਿੱਖ-ਸੰਗਤ ਲਈ (ਸਰੋਵਰ ਦੇ ਰੂਪ ਵਿੱਚ) ਪਾਣੀ ਦੀ ਲੋੜ ਮਹਿਸੂਸ ਹੀ ਨਾ ਹੋਈ। 6-7 ਸਾਲਾਂ ਤੱਕ ਇਹ ਲੋੜ ਇੱਕ ਸਾਂਝੇ ਖੂਹ ਤੋਂ ਪੂਰੀ ਕਰ ਲਈ ਗਈ, ਪਰ ਲੋੜ ਪੈਣ ’ਤੇ ਗੁਰੂ ਸਾਹਿਬ ਨੇ ਲੋੜੀਂਦੀ ਜ਼ਮੀਨ ਮੁੱਲ ਖਰੀਦ ਕੇ, ਨਿਸਚਤ ਦਿਨ ਅਰਦਾਸ ਕਰਕੇ ਬਾਉਲੀ ਦਾ ਟੱਕ ਲਗਾ ਦਿੱਤਾ। ਭਾਵੇਂ ਸ੍ਰੀ ਗੋਇੰਦਵਾਲ ਸਾਹਿਬ ਦਰਿਆ ਬਿਆਸ ਦੇ ਕਿਨਾਰੇ ’ਤੇ ਵਸਿਆ ਹੋਣ ਕਰਕੇ ਇੱਥੇ ਪਾਣੀ ਦੀ ਕੋਈ ਕਿੱਲਤ ਨਹੀਂ ਸੀ, ਪਰ ਬਾਉਲੀ ਸਾਹਿਬ ਦੇ ਨਿਰਮਾਣ ਪਿੱਛੇ ਗੁਰੂ ਅਮਰਦਾਸ ਪਾਤਸ਼ਾਹ ਦਾ ਇੱਕ ਮਹਾਨ ਉਦੇਸ਼ ਸੀ। ਇਸ ਉਦੇਸ਼ ਦੀ ਜੜ ਸਿੱਖੀ ਦੇ ਉਸ ਸਿਧਾਂਤ ਨਾਲ ਜੁੜੀ ਹੋਈ ਹੈ, ਜਿਹੜਾ ਕਹਿੰਦਾ ਹੈ ‘ਏਕ ਨੂਰ ਤੇ ਸਭ ਜਗੁ ਉਪਜਿਆ ਕਉਨ ਭਲੇ ਕੋ ਮੰਦੇ। ਦਰਅਸਲ, ਗੁਰੂ ਸਾਹਿਬ ਇਸ ਮਨੁੱਖੀ ਵਿਤਕਰੇ ਨੂੰ ਸਦੀਵੀ ਤੌਰ ’ਤੇ ਖ਼ਤਮ ਕਰਕੇ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਵਿਚਾਰ ਨੂੰ ਦਿ੍ਰੜ ਕਰਵਾਉਣਾ ਚਾਹੁੰਦੇ ਸਨ। ਇਸ ਤਰਾਂ ਆਪਣੇ ਉੱਚੇ, ਸੁੱਚੇ ਅਤੇ ਮਾਨਵ ਹਿੱਤਕਾਰੀ ਉਦੇਸ਼ ਦੀ ਪੂਰਤੀ ਲਈ ਗੁਰੂ ਸਾਹਿਬ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਦੀ ਰਚਨਾ ਕਰਵਾਈ। ਸਿੱਖਾਂ ਵਾਸਤੇ ਇਹ ਪਹਿਲਾ ਤੀਰਥ ਅਸਥਾਨ ਸੀ, ਜਿਸ ਦਾ ਨਿਰਮਾਣ ਗੁਰੂ ਜੀ ਨੇ ਆਪ ਆਰੰਭ ਕਰਵਾਇਆ ਅਤੇ ਇਸ ਦੀ ਤਿਆਰੀ ਲਈ ਲਗਭਗ ਛੇ ਸਾਲਾਂ ਦਾ ਸਮਾਂ ਲੱਗਾ। ਬਾਉਲੀ ਸਾਹਿਬ ਦਾ ਬਣਨਾ ਜਿੱਥੇ ਉਸ ਸਮੇਂ ਦੇ ਜਾਤੀ ਵੰਡ-ਵਿਤਕਰੇ ਉੱਪਰ ਇੱਕ ਕਰਾਰੀ ਚੋਟ ਸੀ, ਉਥੇ ਹੀ ਉਸ ਪੱਖ ਨੂੰ ਵੀ ਪੂਰਦੀ ਸੀ ਜਿਹੜਾ ‘ਮਾਨਸ ਕੀ ਜਾਤ ਸਭੇ ਏਕੈ ਪਹਿਚਾਨਬੋ’ ਦੇ ਮਹਾਂਵਾਕ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਤੋਂ ਹੀ ਗੁਰੂ ਨਾਨਕ ਨਾਮ-ਲੇਵਾ ਸੰਗਤ ਇਸ ਬਾਉਲੀ ਵਿੱਚ ਪਾਠ ਅਤੇ ਇਸ਼ਨਾਨ ਕਰਕੇ ਆਤਮਿਕ ਆਨੰਦ ਪ੍ਰਾਪਤ ਕਰਦੀ ਆ ਰਹੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਸਿਰੀ, ਮਾਝ, ਗਉੜੀ, ਆਸਾ, ਗੁਜਰੀ, ਵਡਹੰਸ, ਸੋਰਿਠ, ਧਨਾਸਰੀ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਭੈਰਉ, ਬਸੰਤ, ਸਾਰੰਗ, ਮਲਾਰ ਅਤੇ ਪ੍ਰਭਾਤੀ, ਕੁੱਲ 17 ਰਾਗਾਂ ਤੇ 907 ਸ਼ਬਦਾਂ ਦੇ ਰੂਪ ’ਚ ਹੈ। ਮਹਾਨ ਕੋਸ਼ ਅਨੁਸਾਰ ਆਪ ਦੇ ਸ਼ਬਦਾਂ ਦੀ ਗਿਣਤੀ 869 ਹੈ। ‘ਅਨੰਦ ਸਾਹਿਬ’ ਆਪ ਦੀ ਮਹਾਨ ਰਚਨਾ ਹੈ। 40 ਪਉੜੀਆਂ ਦੀ ਇਹ ਬਾਣੀ ਗੁਰੂ ਅਮਰਦਾਸ ਜੀ ਨੇ ਆਪਣੇ ਪੋਤਰੇ ਦੇ ਜਨਮ ਸਮੇਂ 1554 ਵਿੱਚ ਉਚਾਰਣ ਕੀਤੀ ਸੀ। ਆਪ ਨੇ ‘ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ’ ਦੀ ਚਿਤਾਵਨੀ ਦੇ ਕੇ ਸੰਗਤਾਂ ਨੂੰ ਸੱਚੀ ਬਾਣੀ ਨਾਲ ਜੋੜਿਆ। ਮਹਾਨਕੋਸ਼ ਅਨੁਸਾਰ ਆਪ 95 ਵਰੇ 3 ਮਹੀਨੇ 27 ਦਿਨ ਦੀ ਆਯੂ ਵਿੱਚੋਂ 22 ਸਾਲ 5 ਮਹੀਨੇ ਗੁਰਗੱਦੀ ’ਤੇ ਬਿਰਾਜਮਾਨ ਰਹੇ। ਆਪ 1 ਸਤੰਬਰ 1574 ਨੂੰ ਗੁਰਗੱਦੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਅਤੇ ਇਸ ਤਰਾਂ ਆਪਣੇ ਪਾਵਨ ਜੀਵਨ ਜ਼ਰੀਏ ਸਿੱਖ ਕੌਮ ਨੂੰ ਅਪਾਰ ਰਹਿਮਤਾਂ ਦੇ ਨਾਲ ਨਾਲ ਸਿੱਖੀ ਦੇ ਧੁਰੇ ਗੋਇੰਦਵਾਲ ਸਾਹਿਬ ਦੀ ਇੱਕ ਅਲੌਕਿਕ ਅਤੇ ਸਦੀਵੀਂ ਬਖਸ਼ਿਸ਼ ਕਰ ਗਏ ਜਿਸ ਤੋਂ ਸਿੱਖ ਕੌਮ ਰਹਿੰਦੀ ਦੁਨੀਆਂ ਤੱਕ ਪ੍ਰੇਰਨਾ ਲੈਂਦੀ ਰਹੇਗੀ।







