ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਆਪਣੇ ਜੀਵਨ ਕਾਲ ਦੇ ਅੰਤਲੇ ਸਮੇਂ ਗੁਰਿਆਈ ਆਪਣੇ ਪਰਮ ਸੇਵਕ ਭਾਈ ਲਹਿਣਾ ਜੀ ਨੂੰ ਸੌਂਪ ਕੇ ਉਨਾਂ ਦਾ ਨਾਂ (ਗੁਰੂ) ਅੰਗਦ ਦੇਵ ਜੀ ਰੱਖਿਆ। ਭਾਈ ਗੁਰਦਾਸ ਜੀ ਲਿਖਦੇ ਹਨ:
ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ।
ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਗੁਰੂ ਹੋਏ ਹਨ। ਆਪ ਜੀ ਦਾ ਪ੍ਰਕਾਸ਼ 31 ਮਾਰਚ 1504 ਈ. ਨੂੰ ਪਿਤਾ ਭਾਈ ਫੇਰੂ ਮੱਲ ਦੇ ਘਰ ਮਾਤਾ ਦਯਾ ਜੀ ਦੇ ਉਦਰ ਤੋਂ ਮੱਤੇ ਦੀ ਸਰਾਂ (ਨੇੜੇ ਮੁਕਤਸਰ ਸਾਹਿਬ) ਵਿਖੇ ਹੋਇਆ। ਆਪ ਦੇ ਪਿਤਾ ਜੀ ਵਪਾਰ ਕਰਿਆ ਕਰਦੇ ਸਨ। ਪਰਿਵਾਰ ਦੀ ਉਪਜੀਵਕਾ ਕਾਰਨ ਮੱਤੇ ਦੀ ਸਰਾਂ ਤੋਂ ਆਪ ਜੀ ਦੇ ਪਿਤਾ ਜੀ ਪਰਿਵਾਰ ਸਮੇਤ ਹਰੀਕੇ ਆ ਗਏ ਤੇ ਕੁਝ ਸਮੇਂ ਉਪਰੰਤ ਆਣ ਵਸੇ। ਗੁਰੂ ਅੰਗਦ ਦੇਵ ਜੀ ਦਾ ਵਿਆਹ ਮਾਤਾ ਖੀਵੀ ਜੀ ਨਾਲ ਹੋਇਆ। ਆਪ ਜੀ ਦੇ ਘਰ ਦੋ ਪੁੱਤਰ ਬਾਬਾ ਦਾਤੂ ਜੀ ਅਤੇ ਬਾਬਾ ਦਾਸੂ ਜੀ ਤੇ ਦੋ ਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਪੈਦਾ ਹੋਏ।
ਆਪ ਜੀ ਆਪਣੇ ਪਿਤਾ ਵਾਂਗ ਦੇਵੀ ਦੇ ਅਨਿੰਨ ਸ਼ਰਧਾਲੂ ਸਨ ਅਤੇ ਜਵਾਲਾ ਦੇਵੀ ਦੇ ਸਥਾਨ ’ਤੇ ਹਰ ਸਾਲ ਜਥਾ ਲੈ ਕੇ ਜਾਇਆ ਕਰਦੇ ਸਨ। ਆਪ ਦਾ ਮੇਲ ਸਾਹਿਬ ਨਿਵਾਸੀ ਭਾਈ ਜੋਧ ਜੀ ਨਾਲ ਹੋਇਆ ਜੋ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਨ। ਭਾਈ ਜੋਧ ਜੀ ਕੋਲੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣਕੇ ਭਾਈ ਲਹਿਣਾ ਜੀ ਬਹੁਤ ਪ੍ਰਭਾਵਿਤ ਹੋਏ ਅਤੇ ਉਨਾਂ ਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਦੀ ਤਾਂਘ ਪੈਦਾ ਹੋਈ। ਇੱਕ ਵਾਰ ਆਪ ਦੇਵੀ ਦਰਸ਼ਨਾਂ ਲਈ ਸੰਗ ਵਿੱਚ ਜਾਂਦਿਆਂ ਕਰਤਾਰਪੁਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਗਏ ਅਤੇ ਉਹ ਗੁਰੂ ਜੀ ਤੋਂ ਇੰਨਾਂ ਪ੍ਰਭਾਵਿਤ ਹੋਏ ਕਿ ਉਹ ਕਰਤਾਰਪੁਰ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਹੀ ਠਹਿਰ ਗਏ ਅਤੇ ਆਪਣੇ ਸਾਥੀਆਂ ਨੂੰ ਜਾਣ ਲਈ ਕਹਿ ਦਿੱਤਾ। ਉਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਗੁਰੂ ਧਾਰ ਲਿਆ ਅਤੇ ਗੁਰੂ ਜੀ ਦੇ ਸੇਵਾ ਅਤੇ ਭਜਨ ਬੰਦਗੀ ਵਿੱਚ ਲੱਗ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਆਪ ਜੀ ਦੀਆਂ ਕਈ ਕਰੜੀਆਂ ਪ੍ਰੀਖਿਆਵਾਂ ਲੈਂਦੇ ਰਹੇ, ਜਿਨਾਂ ਵਿੱਚ ਆਪ ਹਰ ਵਾਰ ਸਫਲ ਹੋਏ। ਆਪ ਜੀ ਦੀ ਨਿਰ-ਸੁਆਰਥ ਸੇਵਾ ਅਤੇ ਪ੍ਰਭੂ ਭਗਤੀ ਤੋਂ ਤਰੁਠ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇੇ ਆਪ ਜੀ ਨੂੰ ਗੁਰੂ ਜੋਤ ਗੁਰਿਆਈ ਬਖਸ਼ ਕੇ ਖਡੂਰ ਸਾਹਿਬ ਭੇਜ ਦਿੱਤਾ।
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਅਰੰਭੇ ਨਿਰਮਲ ਪੰਥ ਨੂੰ ਅੱਗੇ ਚਲਾਉਂਦਿਆਂ ਹੋਇਆਂ ਅਕਾਲ ਪੁਰਖ ਦਾ ਨਾਮ ਜਪਣ ਦੇ ਨਾਲ-ਨਾਲ ਕਈ ਉਪਕਾਰ ਲੋਕ ਭਲਾਈ ਲਈ ਕੀਤੇ। ਗੁਰੂ ਜੀ ਨੇ ਆਦਿ ਗੁਰੂ ਜੀ ਵੱਲੋਂ ਦਿੱਤੇ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਉਪਦੇਸ਼ ਅਨੁਸਾਰ ਖਡੂਰ ਸਾਹਿਬ ਵਿੱਚ ਲੋੜਵੰਦਾਂ, ਗਰੀਬਾਂ ਅਤੇ ਭੁੱਖਿਆਂ ਲਈ ਲੰਗਰ ਦੀ ਪ੍ਰਥਾ ਨੂੰ ਹੋਰ ਵੀ ਉਤਸ਼ਾਹ ਨਾਲ ਚਲਾਇਆ। ਇਸ ਕਾਰਜ ਵਿੱਚ ਆਪ ਜੀ ਦੇ ਸੁਪਤਨੀ ਮਾਤਾ ਖੀਵੀ ਜੀ ਵੀ ਲੰਗਰ ਵਿੱਚ ਪੂਰੇ ਤਨੋ-ਮਨੋ-ਧਨੋ ਸੇਵਾ ਕਰਦੇ ਸਨ। ਇੱਥੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਗੁਰਮੁਖੀ ਲਿੱਪੀ ਦੀ ਵਰਣਮਾਲਾ ਨੂੰ ਤਰਤੀਬ ਦਿੱਤੀ ਅਤੇ ਗੁਰਮੁਖੀ ਲਿੱਪੀ ਨੂੰ ਪੰਜਾਬੀ ਲਈ ਢੱੁਕਵੀਂ ਲਿੱਪੀ ਵਜੋਂ ਸਥਾਪਤ ਕੀਤਾ। ਆਪ ਜੀ ਨੇ ਬਾਲ ਬੋਧ ਤਿਆਰ ਕਰਵਾਏ ਅਤੇ ਸੰਗਤ ਨੂੰ ਗੁਰਮੁਖੀ ਸਿਖਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ। ਗੁਰੂ ਜੀ ਨੇ ਭਗਤੀ ਦੇ ਨਾਲ-ਨਾਲ ਰਿਸ਼ਟ-ਪੁਸ਼ਟ ਸਰੀਰ ਤੇ ਸਿਹਤ-ਸੰਭਾਲ ਨੂੰ ਅਹਿਮੀਅਤ ਦਿੰਦਿਆਂ ਖਡੂਰ ਸਾਹਿਬ ਵਿੱਚ ਮੱਲ ਅਖਾੜਾ ਬਣਾਇਆ ਜਿੱਥੇ ਨੌਜੁਆਨ ਕਸਰਤ ਅਤੇ ਕੁਸ਼ਤਿਆਂ ਕਰਿਆ ਕਰਦੇ ਸਨ। ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਸੰਕਲਪਾਂ, ਸਿਧਾਂਤਾ ਤੇ ਆਦਰਸ਼ਾਂ ਨੂੰ ਦਿ੍ਰੜਤਾ ਨਾਲ ਅੱਗੇ ਚਲਾਉਂਦਿਆਂ ਹੋਇਆਂ ਸਲੋਕਾਂ ਦੇ ਰੂਪ ਵਿੱਚ ਬਾਣੀ ਦੀ ਰਚਨਾ ਕੀਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਕੀ ਗੁਰੂ ਸਾਹਿਬਾਨ ਦੀਆਂ ਵੱਖ-ਵੱਖ ਰਾਗਾਂ ਵਿੱਚ ਦਰਜ ਵਾਰਾਂ ਵਿੱਚ ਸ਼ਾਮਲ ਹਨ ਜਿਨਾਂ ਦੀ ਕੁੱਲ ਗਿਣਤੀ 63 ਹੈ। ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਉਤਾਰੇ ਕਰਵਾਏ ਅਤੇ ਆਪਣੀ ਰਚਿਤ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸੌਂਪੀ ਗਈ ਬਾਣੀ ਵਾਲੀ ਪੋਥੀ ਵਿੱਚ ਦਰਜ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨਾਲ ਸਬੰਧਤ ਭਾਈ ਬਾਲੇ ਵਾਲੀ ਜਨਮਸਾਖੀ ਵਿੱਚ ਲਿਖਤ ਹਵਾਲੇ ਤੋਂ ਇਹ ਜਨਮ ਸਾਖੀ ਆਪ ਜੀ ਦੁਆਰਾ ਲਿਖਵਾਉਣ ਦਾ ਜਿਕਰ ਮਿਲਦਾ ਹੈ।
ਗੁਰੂ ਅੰਗਦ ਦੇਵ ਜੀ ਆਗਿਆਕਾਰੀ ਅਤੇ ਨਿਸ਼ਕਾਮ ਸੇਵਕ, ਇੱਕ ਅਕਾਲ ਪੁਰਖ ਦੇ ਭਗਤ, ਪ੍ਰਭੂ ਵਿਸ਼ਵਾਸ ਦੇ ਅਟੱੁਟ ਮੁਜ਼ੱਸਮੇ ਹਨ। ਆਪ ਹੀ ਨੇ ਆਪਣੇ ਜੀਵਨ ਕਾਲ ਦੇ ਅੰਤਿਮ ਸਮੇਂ ਆਪਣੇ ਨਿਸ਼ਕਾਮ ਸੇਵਕ ਤੇ ਪ੍ਰਭੂ ਭਗਤੀ ਵਿੱਚ ਵਿਲੀਨ ਆਤਮਾ (ਗੁਰੂ) ਅਮਰਦਾਸ ਹੀ ਨੂੰ ਗੁਰੂ ਨਾਨਕ ਜੋਤ ਦੀ ਗੁਰਿਆਈ ਬਖਸ਼ਿਸ਼ ਕੀਤੀ। ਆਪ 29 ਮਾਰਚ 1552 ਈ. ਨੂੰ ਜੋਤੀ-ਜੋਤ ਸਮਾ ਗਏ।
_ਪੰਜਾਬ ਪੋਸਟ