ਹੋ ਕੇ ਧਰਤੀ ਤੋਂ ਕੁਰਬਾਨ, ਤਾਰਾ ਤਪ ਗਿਆ ਵਿੱਚ ਅਸਮਾਨ
ਬਣੇ ਜਬ ਆਬ ਕੀ ਅਉਧ ਨਿਦਾਨ, ਜਿਹੜਾ ਫੁੱਲ ਸੋਈ ਕਿਰਪਾਨ।
ਨਿੱਕਾ ਜਿਹਾ ਬਾਲ ਤੀਰਾਂ-ਤਲਵਾਰਾਂ ਨੂੰ ਕੱਸ-ਕੱਸ ਕੇ ਪਕੜਦਾ ਤਾਂ ਸਰਸਾ ਦੇ ਪਾਣੀ ਉੱਚੇ ਹੋ ਕੇ ਉਸਦੀਆਂ ਸਰਬ-ਸਮਰੱਥ ਬਾਹਾਂ ਨੂੰ ਨਿਹਾਰਦੇ। ਕਦੇ ਉਹ ਘੋੜਿਆਂ ਨਾਲ਼ ਦੌੜਾਂ ਲਗਾਉਦਾ। ਕਦੇ ਘੋੜਿਆਂ ’ਤੇ ਸਵਾਰ ਹੋ ਕੇ ਤੁੰਦ ਹਵਾਵਾਂ ਨੂੰ ਮਸ਼ਕਰੀ ਕਰਦਾ। ਓਹਦੀ ਮਾਂ ਓਹਤੋ ਵਾਰੇ-ਵਾਰੇ ਜਾਂਦੀ ਤੇ ਓਹ ਮਾਂ ਦੀ ਬੁੱਕਲ ’ਚ ਵੜ ਓਹਨੂੰ ਮਿੱਠੀਆਂ ਕਰਦਾ। ਉੱਚੇ-ਉੱਚੇ ਹਾਸੇ ਹੱਸਦਾ।
ਉਸ ਦੇ ਮੌਲਿਕ ਤੇ ਮੁੱਢੋਂ ਨਿਵੇਕਲੇੇ ਕਰਤੱਬ ਦੇਖਣ ਵਾਲੇ ਨੂੰ ਹੈਰਾਨ ਕਰ ਦਿੰਦੇ। ਉਸਦਾ ਫੁਰਤੀਲਤਪਣ ਪਤਾ ਨਹੀਂ ਕਿਹੜੀਆਂ ਡੂੰਘੀਆਂ ਖੱਡਾਂ ਪੁੱਟ ਕੇ ਨਿੱਕਲਿਆਂ ਸੀ। ਓਹ ਅਨੰਦਪੁਰ ਦੀਆਂ ਧੂੜਾਂ ਨੂੰ ਆਪਣੇ ਅੰਗਾਂ-ਪੈਰਾਂ ਤੋਂ ਵੱਧ ਪਿਆਰ ਕਰਦਾ। ਬਦਲੇ ’ਚ ਇਹ ਮਿੱਟੀ ਵੀ ਉਹਨੂੰ ਮੱਖਣੀ ਬਣ-ਬਣ ਕੇ ਲੱਗੀ ਤੇ ਆਨੰਦਪੁਰ ਦੀਆਂ ਸਰਹੰਗ ਧੁੱਪਾਂ ’ਚ ਉਸਦਾ ਜੱੁਸਾ ਮਉਲਣ ਲੱਗਾ।
ਕਦੇ-ਕਦੇ ਓਹ ਆਪਣੀ ਮੌਜ ਵਿੱਚ ਮਹਿਲਾਂ ਤੋਂ ਦੂਰ ਨਿੱਕਲ ਜਾਂਦਾ। ਓਹਨੂੰ ਦੂਰ-ਦੂਰ ਤੱਕ ਫੈਲੀਆਂ, ਲਚਕੀਲੀਆਂ ਤੇ ਦਸਤ-ਪੰਜਾ ਲੜਾਉਂਦੀਆਂ ਹਰੀਆਂ-ਦਲੇਰ ਵੇਲਾਂ ਆਪਣੀ ਮਾਂ ਵਰਗੀਆਂ ਲਗਦੀਆਂ।
ਕਈ ਰੱੁਖ ਉਸ ਨੂੰ ਰਾਜਾ, ਕੋਈ ਵਜ਼ੀਰ, ਕੋਈ ਜਰਨੈਲ ਤੇ ਕੋਈ ਮਹਾਨ ਬੁਲਾਰੇ ਜਿਹਾ ਵੀ ਲਗਦਾ।
ਪੱਤਾਂ, ਝਾੜਾਂ, ਤਣਿਆਂ ਦੇ ਇਹਨਾਂ ਅਲੌਕਿਕ ਕਿਲਿਆਂ ਨੂੰ ਦੇਖ-ਦੇਖ ਓਹ ਹੈਰਾਨ ਹੁੰਦਾ ਰਹਿੰਦਾ। ਜਪੁਜੀ ਸਾਹਿਬ ਦੇ ਪਾਠ ਓਹਦੀਆਂ ਅੱਖਾਂ ਮੂਹਰੇ ਖੁੱਲੀਆਂ-ਧੁੱਪਾਂ ’ਚ ਘੁੰਮਣ ਲੱਗਦੇ। ਓਹ ਵਣਾਂ ਦੇ ਸਬਜ਼ ਤੇ ਬੇਬਾਕੀ ਨਾਲ ਮਹਿਕਦੇ ਮਾਹੌਲ ਨੂੰ ਦੇਖ ਕੇ ਬੋਲ ਉੱਠਦਾ:
‘ਅਮੁਲੁ ਧਰਮ ਅਮੁਲੁ ਦੀਬਾਣੁ’
ਬਿਰਖਾਂ ’ਤੇ ਝੂਟਦਾ ਨਦੀ ਵੱਲੀਂ ਹੋ ਤੁਰਦਾ। ਕਿੰਨਾ-ਕਿੰਨਾ ਚਿਰ ਨਦੀ ਕਿਨਾਰੇ ਨੰਗੀ ਜ਼ਮੀਨ ’ਤੇ ਪਿਆ ਓਹ ਅਸਮਾਨਾਂ ਦੇ ਨੀਲੇ ਗੰੁਬਦਾਂ ਨੂੰ ਵੇਖਦਾ ਰਹਿੰਦਾ।
ਉੱਡਦੇ ਬਾਜ਼ਾਂ ਨਾਲ ਆਪ ਵੀ ਉੱਡਦਾ ਰਹਿੰਦਾ।
ਡੂੰਘੀਆਂ ਸੋਚਾਂ ’ਚ ਗੁਆਚਾ ਓਹ ਪਾਣੀਆਂ ਦੀ ਓਸ ਪ੍ਰਥਮ_ਕਾਂਗ ਬਾਰੇ ਚਿਤਵਦਾ ਜਿਹੜੀ ਪਹਿਲੀ ਦਫਾ ਧਰਤੀ ’ਤੇ ਚੜੀ ਹੋਵੇਗੀ। ਅਗਲੇ ਹੀ ਪਲ ਓਹ ਉਸ ਜੀਣ ਬਾਰੇ ਸੋਚਦਾ, ਜਿਸ ਨੂੰ ਧਰਤੀ ਨੇ ਪਹਿਲੀ-ਪਹਿਲੀ ਵਾਰੀ ਆਪਣੀ ਹਿੱਕ ’ਤੇ ਤੋਰਿਆ ਹੋਵੇਗਾ।
ਹਮੇਸੁਲ ਸਲਾਮ ਹੈਂ। ਸਮਸਤੁਲ ਕਲਾਮ ਹੈਂ
ਕਿ ਸਾਹਿਬ ਦਿਮਾਗ ਹੈਂ। ਕਿ ਰੌਸ਼ਨ ਚਿਰਾਗ ਹੈਂ। (ਜਾਪੁ ਸਾਹਿਬ)
ਜਵਾਨੀ ਵਿੱਚ ਵੀ ਤੀਰਾਂ, ਤਲਵਾਰਾਂ, ਵਾਗਾਂ ’ਤੇ ਉਸਦਾ ਕਸਾਅ ਮੱਠਾ ਨਹੀਂ ਪਿਆ। ਇਸ ਪਕੜ ਵਿੱਚ ਸਗੋਂ ਇੱਕ ਸਿਆਣਪ ਰਵਾਂ ਹੁੰਦੀ ਗਈ, ਦੂਰ_ਦਿ੍ਰਸ਼ਟੀ ਰਵਾਂ ਹੁੰਦੀ ਗਈ, ਇੱਕ ਗਹਿਰੀ ਚੁੱਪ ਰਵਾਂ ਹੁੰਦੀ ਗਈ। ਹੁਣ ਓਹ ਕਦੇ_ਕਦੇ ਇਕੱਲਾ ਬੈਠਾ ਘੋੜਿਆਂ ਦੀਆਂ ਹਿਣਕਾਰਾਂ, ਢਾਲਾਂ-ਤਲਵਾਰਾਂ ਦੀਆਂ ਗੜਗੱਜ ਆਵਾਜ਼ਾਂ, ਤੀਰਾਂ ਦੀ ਨੰਗੀ-ਬੇਬਾਕ ਚੁਸਤੀ ਨੂੰ ਅੱਖਰਾਂ ’ਚ ਅਨੁਵਾਦ ਕਰਦਾ ਤੇ ਸਤਿਗੁਰ ਕੇ ਦੀਵਾਨਾਂ ’ਚ ਰੱਖ ਆਉਦਾ।
ਸਰਬਲੋਹ ਦਾ ਪਰਤਾਪ ਓਹਦੇ ਰਗ-ਰੇਸ਼ਿਆਂ ’ਚੋਂ ਗੁਜ਼ਰਦਾ ਹੋਇਆ ਪੂਰੇ ਅਸਮਾਨ ’ਤੇ ਛਾ ਜਾਂਦਾ ਤੇ ਫਿਰ ਸ਼ਬਦਾਂ ’ਚ ਬਲ਼ਨ ਲਗਦਾ। ਬਾਬੇ ਬੁੱਢੇ ਦੀ ਬੀੜ ਵਿੱਚ ਜਵਾਨ ਹੋਈ ਓਹਦੇ ਦਾਦੇ ਦੀ ਕਿਰਪਾਨ ਓਹਦੇ ਲੱਕ ਨੂੰ ਪੂਰੀ ਮੇਚ ਆ ਗਈ। ਪਿਓ-ਦਾਦੇ ਦਾ ਖ਼ਜ਼ਾਨਾ ਫ਼ਕੀਰ ਹੱਥਾਂ ’ਚ ਆ ਕੇ ਸੰਪੂਰਨ ਹੋ ਗਿਆ।
ਬਚਪਨ ’ਚ ਜਿਨਾਂ ਬਿਰਖਾਂ ਨੂੰ ਦੇਖ ਕੇ ਓਹ ਬਾਵਰਾ ਹੋ ਜਾਂਦਾ ਸੀ, ਉਹਨਾਂ ਬਿਰਖਾਂ ਦੀਆਂ ਟੀਸੀਆਂ ਤੋਂ ਹੁਣ ਵੀ ਛਾਂਵਾਂ ਬੇਰਾਂ ਵਾਂਗੂੰ ਕਿਰ ਕੇ ਉਹਦੀ ਝੋਲ਼ੀ ਵਿੱਚ ਡਿੱਗ ਪੈਂਦੀਆਂ, ਜਿਵੇਂ ਰੱਬ ਦਾ ਪ੍ਰਸਾਦ ਹੋਣ। ਇਸੇ ਠੰਢਕ ਦੀ ਓਟ ’ਚ ਓਹਦੇ ਤੀਰਾਂ ਨੂੰ ਖੰਡ ਫੱੁਟ ਆਏ ਤੇ ਚੁੰਝ ’ਤੇ ਲੱਗੀ ਸਿਆਹੀ ’ਚੋਂ ਅਦੁੱਤੀ-ਫਲਸਫੇ ਬਾਹਰ ਝਾਕਣ ਲੱਗੇ।
ਓਹ ਵੀ ਭਲੀ-ਭਾਂਤ ਜਾਣ ਗਿਆ ਕਿ ਉਸ ਦਾ ਮਨ-ਮੱਥਾ ਅਤੇ ਉਸ ਦੇ ਹੱਡ ਕੁਦਰਤ ਨੇ ਕਿਸੇ ਵੱਡੇ ਬਦਲਾਅ ਵਾਸਤੇ ਚੁਣੇ ਹਨ।
ਕਦੋਂ ਉਹਦਿਆਂ ਨੈਣਾਂ ’ਚ ਤਾਰਿਆਂ ਦੇ ਮਦੀਨੇ ਉੱਸਰ ਗਏ; ਕਦੋਂ ਕੁੱਲ ਧਰਤ ਦੇ ਕੀਰਤਨੀਏ ਪਹਾੜ ਉਹਦੇ ਲਹੂ ’ਚ ਘੁਲ ਗਏ; ਕਿਸੇ ਨੂੰ ਪਤਾ ਹੀ ਨਾ ਲੱਗਾ। ਉਸ ਨੂੰ ਆਉਣ ਵਾਲਾ ਵਕਤ ਸਾਫ਼-ਸਾਫ਼ ਦਿਸ ਰਿਹਾ ਸੀ।
ਜਦ ਅਸ਼ਵ ਹੁਨਰ ਦਾ ਲਾਚੜਦਾ, ਪਾ ਇਲਮੋ ਬਰਗਸਤਾਣ ਸੱਜਣ ਜਿਸ ਵੇਲ਼ੇ ਖਿੱਤੀਆਂ ਸਰਕਦੀਆਂ, ਤੇਰਾ ਧਰੀਏ ਰੋਜ਼ ਧਿਆਨ ਸੱਜਣ।
ਪਹਾੜੀ ਜੂਹਾਂ ’ਚ ਰੱਤੇ-ਸੁਨੱਖੜੇ ਦੀਵਾਨ ਸੱਜਣ ਲੱਗੇ। ਹਵਾ ‘ਰਣਜੀਤ ਨਗਾਰੇ’ ਦੀਆਂ ਤਾਹਿਰ-ਤੜਾਕ ਆਵਾਜ਼ਾਂ ਨਾਲ ਭਰੀ ਰਹਿੰਦੀ। ਜਦੋਂ ਓਹ ਤਬੇਲਿਆਂ ਕੋਲ਼ੋਂ ਲੰਘਦਾ ਤਾਂ ਉੱਚਿਆਂ ਪਹਾੜਾਂ ਜਿਹੇ ਸੁਲਤਾਨ ਘੋੜੇ ਉਸ ਅਲਬੇਲੇ ਮਨੁੱਖ ਦੀ ਸਵਾਰੀ ਨੂੰ ਤਰਸਦੇ ਤੇ ਉਹਨਾਂ ਦੀ ਆਂ ਹਸੀਨ ਪਿੰਜਣੀਆਂ ’ਚ ਝਰਨਾਹਟ ਜਿਹੀ ਛਿੜ ਜਾਂਦੀ।
ਸਾਹਿਤ ਫਿਰ ਤੋਂ ਸਬਜ਼-ਮੰਦਰਾਂ ਹੇਠ ਵੱਸਣ ਲੱਗਾ। ਮਹਾਂਬਲੀ ਰੇਤਿਆਂ ’ਤੇ ਪਈਆਂ ਜਨੌਰਾਂ ਦੀਆਂ ਪੈੜਾਂ ਅੱਖਰਾਂ ’ਚ ਦਮਕਣ ਲੱਗੀਆਂ। ਪ੍ਰਾਚੀਨ ਪਹਾੜਾਂ ਤੇ ਜੰਗਲਾਂ ਦੀ ਟਕਸਾਲੀ ਮਹਿਕ ਸ਼ਬਦਾਂ ਵਿੱਚੋਂ ਜਾਗ ਉੱਠੀ। ਤਾਜ਼ਗੀ ਪਸਰ ਗਈ। ਵੱਡਿਆਂ ਗ੍ਰੰਥਾਂ ਦੇ ਡੂੰਘੇ ਤੇ ਸੌਖੇ ਉਲੱਥੇ ਹੋਣ ਲੱਗੇ।
ਦਿਲਾਵਰ ਸੁਖਨ ਕੁਦਰਤੇ ਕੁਦਰਤੇ।
ਨਜ਼ਰ ਦਾ ਜਨਮ ਕੁਦਰਤੇ ਕੁਦਰਤੇ।
ਤੇ ਫਿਰ ਇੱਕ ਦਿਨ ਉਸ ਦੀ ਕਿਰਪਾਨ ਦਾ ਚਾਨਣ ਬਰਸਿਆ। ਤਹਿਜ਼ੀਬ ਨਿੱਖਰ ਆਈ। ਜੈਕਾਰਿਆਂ ਨੂੰ ਸੇਧ ਮਿਲ ਗਈ। ਪੰਜ ਦਮਦਾਰ-ਤਖ਼ਤ ਛਾਤੀਆਂ ’ਚ ਓਹ ਆਪ ਵੀ ਉੱਤਰ ਗਿਆ ਤੇ ਫੈਲਦਾ ਗਿਆ। ਪਿਛਲੇ ਅਨੇਕਾਂ ਸਾਲਾਂ ਦੀ ਗ਼ਰਦ_ਮਿੱਟੀ ਅਤੇ ਹਵਾ ਉੱਤੇ ਜੋ_ਜੋ ਰਾਜਸੀ, ਸਮਾਜਿਕ ਤੇ ਧਾਰਮਿਕ ਘਟਨਾਵਾਂ ਦਰਜ ਹੋਈਆਂ ਸਨ, ਇਹ ਉਸੇ ਦਾ ਹੀ ਨਤੀਜਾ ਸੀ। ਓਹਨਾਂ ਹੀ ਭਾਂਤ-ਭਾਂਤ ਦੇ ਕਣਾਂ ਨੇ ਹੁਣ ਇੱਕ ਨਵਾਂ ਤੇ ਠੋਸ ਆਕਾਰ ਲੈ ਲਿਆ ਸੀ। ਇਸ ਅਕਾਰ ਨੂੰ ਓਹਨੇ ਆਪ ਆਪਣੇ ਤਬੀਬ-ਹੱਥਾਂ ਨਾਲ ਗੁੰਨਿਆ।
ਤੇੜਾਂ ਲਿੱਪੀਆਂ ਗਈਆਂ ਤੇ ਖਾਲਸਾ ਪੰਥ ਨੇ ਸਿਰੀ ਚੁੱਕੀ।
ਪੱਗ ’ਕੱਲੀ ਵੀ ਹੈ, ਪੱਗ ਫੌਜ ਵੀ ਹੈ
ਪੱਗ ਨਿੱਤਰੇ ਮਨ ਦੀ ਮੌਜ ਵੀ ਹੈ
ਪੱਗ ਸਫਰ ਹੈ, ਜ਼ਫਰ ਹੈ, ਗੀਤ ਵੀ ਹੈ
ਪੱਗ ਨਜ਼ਰ ਵੀ ਹੈ, ਪੱਗ ਨੀਤ ਵੀ ਹੈ
ਪੱਗ ਤਿੜਕਦੇ-ਥਿੜਕਦੇ ਨੇਤਰਾਂ ’ਚੋਂ
ਉੱਠੀ ਇੱਕ ਰੂਹਾਨੀ ਤਾਨ ਵੀ ਹੈ
ਪੱਗ ਦੇਗ ਵੀ ਹੈ, ਪੱਗ ਤੇਗ ਵੀ ਹੈ
ਪੱਗ ਧਰਤ ਵੀ ਹੈ, ਅਸਮਾਨ ਵੀ ਹੈ।
ਸ਼ੀਸ਼ੀਆਂ ’ਚ ਵੀ ਕਦੇ ਧੁੱਪ ਭਰੀ ਗਈ ਹੈ? ਹਵਾ ਦੀਆਂ ਬੈਠਕਾਂ ’ਚ ਚਾਨਣ ਦੇ ਸ਼ਮਲੇ ਲਹਿਰਾਏ। ਉਹਦੀ ਨਿੱਸਰੀ ਤਬੀਅਤ ਨੇ ਉਹਨੂੰ ਸਾਰੀ ਮਨੁੱਖਤਾ ਦਾ ਹਮਦਰਦ ਬਣਾ ਦਿੱਤਾ ਤੇ ਗੀਤਾਂ ਵਾਲ਼ੀ ਇਸ ਧਰਤੀ ਦਾ ਸਰਬ_ਸਾਂਝਾ ਗੁਰੂ। ਜਦੋਂ ਇਸ਼ਕ ਜਨਮ ਲੈਂਦਾ ਹੈ ਤਾਂ ਕਿਵੇਂ ਅੰਗਾਂ ਦੇ ਨਕਸ਼ੇ ਬਦਲਦੇ ਨੇ ਤੇ ਕਿਵੇਂ ਕੰਗਰੋੜਾਂ ਬਾਗੀ ਹੋ ਕੇ ਮਿੱਥੇ ਕਾਰਜ ਨੇਪਰੇ ਚਾੜਦੀਆਂ ਨੇ; ਇਹ ਸਭ ਉਸ ਦੌਰ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ਼ ਦੇਖਿਆ।
ਓਹ ਆਪਣੇ ਸਾਧਾਂ ਜਿਹੇ ਤੀਰਾਂ ਨਾਲ਼ ਕਾਗਤਾਂ ’ਤੇ ‘ਨਮਸਤੰ ਨਮਸਤੰ’ ਵਾਹੁੰਦਾ ਰਿਹਾ। ਇਹੀ ਸ਼ਬਦ ਕਾਗਤਾਂ ਤੋਂ ਉੱਠ ਕੇ, ਟਿੱਬੀਆਂ ’ਤੇ ਚੜ ਕੇ ਕੌਮ ਦੀ ਰਹਿਨੁਮਾਈ ਵੀ ਕਰਦੇ ਰਹੇ। ਤਾੜੀਆਂ ਮਾਰਦੇ ਨਿਰਭਉ ਹੋ ਕੇ ਗੜੀਆਂ ’ਚੋਂ ਵੀ ਨਿੱਕਲਦੇ ਰਹੇ। ਮਰਦ-ਏ-ਮੈਦਾਨ ਬਣ ਕੇ ਫਤਿਹ ਹਾਸਿਲ ਕਰਦੇ ਰਹੇ। ਜੂਹਾਂ, ਕਿਲੇ, ਨੱਗਰ-ਖੇੜੇ, ਟੱਬਰ, ਗੱਦੀਆਂ, ਬੰੁਗਿਆਂ ਨੂੰ ਪਿੱਛੇ ਛੱਡਦੇ ਰਹੇ।
ਕੰਜ ਲਾਹੁੰਦੇ ਗਏ। ਭਾਣਾ ਮੰਨਦੇ ਰਹੇ।
ਇਹ ਸ਼ਬਦ ਮਾਛੀਵਾੜੇ ਦੀਆਂ ਵਲ਼ਗਣਾਂ ’ਚ ਵੀ ਨੱਚਦੇ ਰਹੇ ਤੇ ਫੇਰ-ਫੇਰ ਆ ਕੇ ਪੰਕਤੀਆਂ ਵਿੱਚ ਸੱਜ ਗਏ। ਪੁਰਖਿਆਂ ਦਾ ਲਹੂ ਓਹਨੂੰ ਤੱਕਦਾ ਰਿਹਾ, ਹੈਰਾਨ ਵੀ ਹੁੰਦਾ ਰਿਹਾ। ‘ਬਾਤਨ ਫਕੀਰੀ ਜਾਹਿਰ ਅਮੀਰੀ’ ਦੇ ਬੋਲ ਹਵਾ ਦੀਆਂ ਤਹਿਆਂ ’ਚ ਗੂੰਜਦੇ ਰਹੇ।
ਚਾਰੇ ਪੁੱਤਰਾਂ ਨੂੰ ਚਾਰੇ ਦਿਸ਼ਾਵਾਂ ਦੇ ਹਵਾਲੇ ਕਰ ਕੇ ਉਹ ਜ਼ਫਰਨਾਮੇ ਉਸਾਰਦਾ ਰਿਹਾ। ਧਮਕ ਐਸੀ ਪਈ ਕਿ ਸ਼ਾਹੀ_ਪਿਆਲੇ ਟੱੁਟ ਗਏ।
ਮੁਗ਼ਲਾਂ ਦੇ ਤੰਬੂ_ਕਨਾਤਾਂ ਹਵਾ ਵਿੱਚ ਉੱਡਣ ਲੱਗੇ। ਸਰਘੀਆਂ ਦੇ ਨਿੱਖਰੇ ਸੂਰਜ ਨੇ ਪੈਲ ਪਾਈ।
ਅੰਬਰਾਂ ਦੀ ਚਾਦਰ ’ਤੇ ਸ਼ਾਹ-ਫਕੀਰੀਆਂ ਦੇ ਤੋਪੇ ਭਰਦਾ ਪਰਮ-ਪੁਰਖ ਕਾ ਦਾਸ, ਸਰਵਰ-ਏ-ਕਾਇਨਾਤ ਧੁੱਪਾਂ ’ਚ ਘੁਲ਼ ਗਿਆ। ਸਰਸਾ ਦੇ ਪਾਣੀ ਹੁਣ ਵੀ ਉੱਠ-ਉੱਠ ਕੇ ਓਹਨੂੰ ਦੇਖਦੇ ਨੇ। ਓਹ ਹੁਣ ਵੀ ਉੱਚੇ-ਉੱਚੇ ਹਾਸੇ ਹੱਸਦਾ। ਆਪਣੀ ਮਾਂ ਨੂੰ ਮਿੱਠੀਆਂ ਕਰਦਾ। ਡੂੰਘੀਆਂ ਨੀਲੱਤਣਾਂ ਵੱਲੀਂ ਵੇਖਦਾ। ਤੀਰਾਂ-ਤਲਵਾਰਾਂ ਨੂੰ ਕੱਸ-ਕੱਸ ਕੇ ਪਕੜਦਾ। ਘੋੜਿਆਂ ਨਾਲ ਦੌੜਾਂ ਲਗਾਉਂਦਾ।
ਨਾ ਤਾਂ ਪਾਣੀਆਂ ਦੀ ਲਿਸ਼ਕ ਘਟੀ। ਨਾ ਪਹਾੜੀਆਂ ਦਾ ਰੰਗ ਉੱਤਰਿਆ। ਨਾ ਹੀ ਧਰਤੀ ਦੇ ਪਿੰਡੇ ਤੋਂ ਓਹਦੀਆਂ ਵੇਪਰਵਾਹੁ-ਪੈੜਾਂ ਮਿਟ ਸਕੀਆਂ। ਓਹਦੇ ਤੀਰਾਂ ਦੀਆਂ ਚੁੰਝਾਂ ਅੱਜ ਵੀ ਖ਼ਾਕ ਬਣ ਕੇ ਹਵਾ ’ਚ ਉੱਡਦੀਆਂ ਨੇ।
ਕਲਗੀਆਂ ਲਹਿਰਾਉਂਦੀਆਂ ਨੇ। ਬਾਜ਼ ਧਰਤੀਆਂ ’ਤੇ ਉੱਤਰਦੇ ਨੇ।
ਹੁਣ ਵੀ ਡੂੰਘੇ ਜੰਗਲਾਂ ’ਚੋਂ ਅਕਾਲ ਉਸਤਤਿ ਦੇ ਆਵਾਜ਼ੇ ਉੱਠਦੇ ਨੇ:
ਤੁਹੀ ਤੁਹੀ। ਤੁਹੀ ਤੁਹੀ। ਤੁਹੀ ਤੁਹੀ। ਤੁਹੀ ਤੁਹੀ।
ਤੁਹੀ ਤੁਹੀ। ਤੁਹੀ ਤੁਹੀ। ਤੁਹੀ ਤੁਹੀ। ਤੁਹੀ ਤੁਹੀ।