8.7 C
New York

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

Published:

Rate this post

ਸਿੱਖ ਧਰਮ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਜੂਨ 1595 ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਅੰਮਿ੍ਰਤਸਰ ਸ਼ਹਿਰ ਦੇ ਬਿਲਕੁੱਲ ਨਾਲ ਵੱਸੇ ਪਿੰਡ ਗੁਰੂ ਕੀ ਵਡਾਲੀ ਵਿੱਚ ਹੋਇਆ। ਆਪ ਦੇ ਤਾਇਆ ਪਿ੍ਰਥੀ ਚੰਦ ਨੇ ਆਪ ਨੂੰ ਬਚਪਨ ਵਿੱਚ ਹੀ ਖਤਮ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਜੋ ਵਿਫਲ ਰਹੀਆਂ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਵਿੱਚ ਵਿੱਦਿਆ, ਤਲਵਾਰਬਾਜ਼ੀ, ਨੇਜੇਬਾਜ਼ੀ, ਸ਼ਸ਼ਤਰ ਵਿੱਦਿਆ ਅਤੇ ਘੋੜਸਵਾਰੀ ਦੀ ਸਿਖਲਾਈ ਅਤੇ ਗੁਰਮੁਖੀ ਦੀ ਵਿੱਦਿਆ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੇ ਦਿੱਤੀ। ਆਪ ਦੀ ਆਯੂ ਹਾਲੇ ਲਗਪਗ 11 ਸਾਲ ਸੀ ਜਦ ਆਪਦੇ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਮੁਗਲ ਬਾਦਸ਼ਾਹ ਜਹਾਂਗ਼ੀਰ ਦੇ ਹੁਕਮ ਨਾਲ ਲਾਹੌਰ ਵਿੱਚ ਸ਼ਹੀਦ ਕਰ ਦਿੱਤਾ ਗਿਆ। ਗੁਰੂ ਪਿਤਾ ਲਾਹੌਰ ਜਾਣ ਤੋਂ ਪਹਿਲਾਂ ਹੀ ਮੁਗ਼ਲ ਹਕੂਮਤ ਦੀ ਨੀਅਤ ਜਾਣ ਚੁੱਕੇ ਸਨ, ਇਸ ਲਈ ਉਨਾਂ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਦੱਸ ਦਿੱਤਾ ਸੀ ਕਿ ਉਨਾਂ ਪਿੱਛੋਂ ਗੁਰੂ ‘ਨਾਨਕ ਜੋਤ’ ਦੀ ਗੁੁਰਿਆਈ ਦੇ ਵਾਰਸ (ਗੁਰੂ) ਹਰਗੋਬਿੰਦ ਜੀ ਨੂੰ ਨਿਯੁਕਤ ਕਰਨਾ ਹੈ ਅਤੇ ਉਨਾਂ ਨੂੰ ਸ਼ਸ਼ਤ੍ਰਧਾਰੀ ਹੋ ਕੇ ਗੁਰਗੱਦੀ ’ਤੇ ਬਿਰਾਜਮਾਨ ਕਰਨਾ ਹੈ। ਪੰਚਮ ਗੁਰੂ ਜੀ ਦੇ ਹੁਕਮ ਅਨੁਸਾਰ (ਗੁਰੂ) ਹਰਗੋਬਿੰਦ ਸਾਹਿਬ ਜੀ ਨੂੰ ਮਈ 1606 ਈ: ਨੂੰ ਬਾਬਾ ਬੁੱਢਾ ਜੀ ਦੁਆਰਾ ਗੁਰਿਆਈ ਦਾ ਤਿਲਕ ਲਗਾਇਆ ਗਿਆ। ਇਸ ਸਮੇਂ ਆਪ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆ। ਇਹ ਦੋ ਤਲਵਾਰਾਂ ਸਿੱਖ ਧਰਮ ਵਿੱਚ ਭਗਤੀ ਅਤੇ ਸ਼ਕਤੀ ਦੋਹਾਂ ਦੇ ਸੁਮੇਲ ਨੂੰ ਅਮਲ ਵਿੱਚ ਲਿਆਉਣ ਲਈ ਧਾਰਨ ਕੀਤੀਆ ਗਈਆਂ। ਜਿਸ ਦਾ ਮਨੋਰਥ ਸੰਤ ਅਤੇ ਸਿਪਾਹੀ ਦੇ ਸੁਮੇਲ ਵਾਲੇ ਸਿੱਖ ਕਿਰਦਾਰ ਦੀ ਘਾੜਤ ਘੜਨਾ ਸੀ।

ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਤੇ ਬਿਰਾਜਮਾਨ ਹੋਣਾ ਸਿੱਖ ਧਰਮ ਦੇ ਸਿਧਾਂਤਾਂ ਵਿੱਚ ਭਗਤੀ ਦੇ ਨਾਲ-ਨਾਲ ਸ਼ਕਤੀ ਵਾਲੀ ਜੀਵਨ ਦੀ ਸ਼ੈਲੀ ਦਾ ਅਗਾਜ਼ ਕਰਦਾ ਹੈ। ਆਪ ਨੇ ਗੁਰਗੱਦੀ ’ਤੇ ਬਿਰਾਜਮਾਨ ਹੁੰਦਿਆਂ ਹੀ ਸੰਗਤ ਨੂੰ ਸੰਬੋਧਨ ਕੀਤਾ ਕਿ ਅੱਜ ਤੋਂ ਗੁਰੂ ਘਰ ਲਈ ਸੰਗਤ ਵੱਲੋਂ ਦਿੱਤੇ ਜਾਂਦੇ ਦਸਵੰਧ ਵਿੱਚ ਚੰਗੇ ਘੋੜੇ, ਚੰਗੇ ਸ਼ਸ਼ਤਰ ਅਤੇ ਆਪਣੇ ਚੰਗਟ ਜੁਆਨ (ਪੁੱਤਰ) ਭੇਂਟ ਕੀਤੇ ਜਾਣ। ਆਪ ਨੇ ਜ਼ਬਤ ਦਾ ਬੀਰਤਾ ਨਾਲ ਮੁਕਾਬਲਾ ਕਰਨ ਲਈ ਸਿੱਖ ਸੰਗਤਾਂ ਨੂੰ ਉਤਸ਼ਾਹਤ ਕੀਤਾ। ਆਪ ਨੇ ਸਰੀਰਕ ਕਸਰਤ, ਕੁਸ਼ਤੀਆਂ, ਘੋੜ-ਸਵਾਰੀ, ਗੱਤਕਾ, ਨੇਜਾਬਾਜ਼ੀ ਅਤੇ ਸ਼ਿਕਾਰ ਖੇਡਣਾ ਸ਼ੁਰੂ ਕੀਤਾ ਅਤੇ ਸਿੱਖਾਂ ਨੂੰ ਇਸ ਲਈ ਉਤਸ਼ਾਹਿਤ ਕੀਤਾ। ਆਪ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਮੱਲ ਅਖਾੜਾ ਬਣਾਇਆ, ਜਿੱਥੇ ਆਪ ਖੁਦ ਜੁਆਨਾਂ ਨੂੰ ਕੁਸ਼ਤੀਆਂ ਕਰਵਾਉਦੇ ਤੇ ਆਪ ਵੀ ਕੁਸ਼ਤੀ ਕਰਦੇ ਸਨ।

ਸ੍ਰੀ ਗੁਰੂ ਹਰਗੋਬਿੰਦ ਜੀ ਨੇ 1609 ਈ. ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ‘ਅਕਾਲ ਤਖਤ’ ਦੀ ਸਥਾਪਨਾ ਕੀਤੀ ਤੇ ਸ਼ਹਿਰ ਦੀ ਸੁਰੱਖਿਆ ਲਈ ਲੋਹਗੜ ਨਾਂ ਦਾ ਕਿਲਾ ਵੀ ਅੰਮਿ੍ਰਤਸਰ ਸ਼ਹਿਰ ਵਿੱਚ ਬਣਾਇਆ। ਸਿੱਖਾਂ ਵਿੱਚ ਬੀਰਤਾ ਦੇ ਗੁਣ ਭਰਨ ਲਈ ਬਹਾਦਰ ਤੇ ਯੋਧਿਆਂ ਦੀਆਂ ਵਾਰਾਂ ਗਾਉਣ ਵਾਲੇ ਢਾਡੀਆਂ-ਕਵੀਸ਼ਰਾਂ ਨੂੰ ਸਿੱਖ ਜੀਵਨ ਸ਼ੈਲੀ ਵਿੱਚ ਸ਼ਾਮਲ ਕੀਤਾ ਗਿਆ। ਆਪ ਨੇ ਭਾਈ ਪੈੜਾ, ਭਾਈ ਜੇਠਾ, ਭਾਈ ਲੰਗਾਹ, ਭਾਈ ਮੋਖਾ ਅਤੇ ਭਾਈ ਬਿਧੀ ਚੰਦ ਅਧੀਨ ਸੌ-ਸੌ ਸਿੱਖਾਂ ਦੇ ਜਥੇ ਬਣਾਏ। ਪਿੰਡ ਸੁਰਸਿੰਘ ਦੇ ਨਿਵਾਸੀ ਢਾਡੀ ਨੱਥਾਂ ਤੇ ਅਬਦੁੱਲਾ ਆਪ ਦੇ ਦਰਬਾਰ ਦੇ ਸਿਰਮੌਰ ਢਾਡੀ ਸਨ। ਆਪ ਦੁਆਰਾ ਸਿੱਖੀ ਜੀਵਨ ਦੀ ਨਵੀਂ ਸ਼ੈਲੀ ਅਤੇ ਆਪ ਦੇ ਸੰਤ ਸਿਪਾਹੀ ਸਰੂਪ ਤੇ ਸੁਭਾਅ ਉੱਪਰ ਇੱਕ ਸਮਕਾਲੀ ਮਹਾਤਮਾ ਸਮਰੱਥ ਰਾਮਦਾਸ (ਇਹ ਮਹਾਰਾਸ਼ਟਰ ਤੋਂ ਆਏ ਸਨ ਜੋ ਬਾਅਦ ਵਿੱਚ ਸ਼ਿਵਾ ਜੀ ਸਰਹੱਟੇ ਦੇ ਗੁਰੂ ਬਣੇ) ਨੇ ਆਪ ਨੂੰ ਅਧਿਆਤਮਕ ਅਤੇ ਧਾਰਮਿਕ ਜੀਵਨ ਸ਼ੈਲੀ ਦੇ ਨਾਲ-ਨਾਲ ਗ੍ਰਹਿਸਤੀ, ਜੁਝਾਰੂ ਤੇ ਸ਼ਾਹੀ ਠਾਠ ਸਬੰਧੀ ਸਵਾਲ ਕੀਤੇ ਕਿਉਕਿ ਭਾਰਤ ਵਿੱਚ ਧਾਰਮਿਕ ਮਾਰਗ ਦੇ ਪਾਂਧੀ ਸੰਤ-ਮਹਾਤਮਾ ਸੰਸਾਰਕ ਤਿਆਗ ਵਿੱਚ ਵਿਸ਼ਵਾਸ਼ ਰੱਖਦੇ ਸਨ ਤੇ ਕੇਵਲ ਭਗਤੀ ਮਾਰਗ ਨੂੰ ਆਪਣੇ ਜੀਵਨ ਦਾ ਅਧਾਰ ਮੰਨਦੇ ਸਨ। ਆਪ ਨੇ ਉਸ ਦੇ ਸ਼ੰਕੇ ਨਵਿਰਤ ਕਰਦਿਆ ਉਸ ਨੂੰ ਜੁਆਬ ਦਿੱਤਾ ਕਿ ‘‘ਔਰਤ ਈਮਾਨ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, ਬਾਤਨ (ਅੰਦਰ) ਫਕੀਰੀ, ਜ਼ਾਹਿਰ ਅਮੀਰੀ, ਸ਼ਸ਼ਤਰ ਗਰੀਬ ਦੀ ਰੱਖਿਆ, ਜਰਵਾਣੇ ਦੀ ਭੱਖਿਆ ਹੈ। ਗੁਰੂ ਨਾਨਕ ਦੇਵ ਜੀ ਨੇ ਮਾਇਆ ਦਾ ਤਿਆਗ ਕੀਤਾ ਸੀ, ਸੰਸਾਰ ਦਾ ਨਹੀਂ।’’ ਸਤਿਗੁਰਾਂ ਦਾ ਉੱਤਰ ਸੁਣਕੇ ਮਹਾਤਮਾ ਦੀ ਤਸੱਲੀ ਹੋ ਗਈ।

ਆਪ ਦੀ ਚੜਤ ਨੂੰ ਦੇਖਦਿਆ ਜਹਾਂਗ਼ੀਰ ਨੇ ਆਪ ਨੂੰ ਦਿੱਲੀ ਸੱਦਿਆ ਅਤੇ ਉੱਥੋਂ ਹੀ ਆਪ ਨੂੰ ਗਵਾਲੀਅਰ ਦੇ ਕਿਲੇ ਵਿੱਚ 12 ਸਾਲ ਲਈ ਕੈਦ ਕਰ ਦਿੱਤਾ। ਲਗਪਗ 2 ਸਾਲ ਪਿੱਛੋਂ ਸਾਂਈ ਮੀਆਂ ਮੀਰ ਜੀ ਦੁਆਰਾ ਬੇਗ਼ਮ ਨੂਰਜਹਾਂ ਦੇ ਕਹਿਣ ’ਤੇ ਜਦੋਂ ਜਹਾਂਗੀਰ ਬਾਦਸ਼ਾਹ ਵੱਲੋਂ ਆਪ ਨੂੰ ਰਿਹਾਅ ਕੀਤਾ ਗਿਆ ਤਾਂ ਆਪ ਨੇ ਉੱਥੇ ਕੈਦ 52 ਰਾਜਪੂਤ ਰਾਜਿਆਂ ਨੂੰ ਵੀ ਆਪਣੇ ਨਾਲ ਕੈਦ ਵਿੱਚੋਂ ਛੁਡਵਾਇਆ ਜਿਸ ਕਰਕੇ ਆਪ ਨੂੰ ‘ਦਾਤਾ ਬੰਦੀ ਛੋੜ’ ਵਜੋਂ ਯਾਦ ਕੀਤਾ ਜਾਂਦਾ ਹੈ।

ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੜਤ ਵੇਖਕੇ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਬਹੁਤ ਔਖ ਮਹਿਸੂਸ ਕਰਦਾ ਸੀ ਇਸ ਲਈ ਉਸ ਨੇ ਗੁਰੂ ਜੀ ਵਿਰੁੱਧ ਸੈਨਿਕ ਕਾਰਵਾਈ ਕਰਨ ਦਾ ਮਨ ਬਣਾ ਲਿਆ। ਸਿੱਖਾਂ ਨਾਲ ਮੁਗਲਾਂ ਦੀ ਪਹਿਲੀ ਲੜਾਈ (ਜੋ ਸ਼ਿਕਾਰ ਖੇਡਦੇ ਸਮੇਂ ਸਿੱਖਾਂ ਵੱਲੋਂ ਮੁੁਗਲ ਸਰਕਾਰ ਦੇ ਸ਼ਾਹੀ ਬਾਜ ਨੂੰ ਫੜਨ ਤੋਂ ਖਾਲਸਾ ਕਾਲਜ ਅੰਮਿ੍ਰਤਸਰ ਵਾਲੇ ਸਥਾਨ ’ਤੇ ਹੋਈ ਸੀ) ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਵਿੱਚ 1628 ਈ. ਨੂੰ ਹੋਈ ਜਿਸ ਵਿੱਚ ਮੁਗਲ ਫੌਜਾਂ ਦੀ ਹਾਰ ਹੋਈ। ਇਸ ਤੋਂ ਇਲਾਵਾ ਹੋਰ ਲੜਾਈਆਂ ਸ਼੍ਰੀ ਹਰਗੋਬਿੰਦਪੁਰ, ਮਹਿਰਾਜ ਅਤੇ ਕਰਤਾਰਪੁਰ ਦੇ ਸਥਾਨ ਤੇ ਮੁਗਲਾਂ ਵਿਰੁੱਧ ਗੁਰੂ ਜੀ ਵੱਲੋਂ ਲੜੀਆਂ ਗਈਆਂ। ਇਹ ਸਾਰੀਆਂ ਲੜਾਈਆਂ ਮੁਗਲਾਂ ਵੱਲੋਂ ਗੁਰੂ ਜੀ ’ਤੇ ਠੋਸੀਆਂ ਗਈਆਂ ਜਿੰਨਾਂ ਵਿੱਚ ਹਰ ਵਾਰ ਮੁਗਲਾਂ ਦੀ ਹਾਰ ਹੋਈ। ਸਿੱਖ ਧਰਮ ਦੇ ਪ੍ਰਚਾਰ_ਪ੍ਰਸਾਰ ਲਈ ਆਪ ਨੇ ਪੀਲੀਭੀਤ, ਨਾਨਕਮਤਾ, ਕਸ਼ਮੀਰ ਆਦਿ ਸਮੇਤ ਪੰਜਾਬ ਦੇ ਮਾਝਾ ਮਾਲਵਾ ਅਤੇ ਦੁਆਬਾ ਆਦਿ ਦੇ ਕਈ ਇਲਾਕਿਆਂ ਵਿੱਚ ਪ੍ਰਚਾਰ ਯਾਤਰਾਵਾਂ ਕੀਤੀਆਂ। ਆਪ ਨੇ ਲੋਕਾਈ ਨੂੰ ਸਿੱਧੇ ਰਸਤੇ ਪਾਉਣ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਭਾਈ ਗੁਰਦਾਸ ਜੀ, ਅਲਮਸਤ, ਫੂਲ, ਗੋਂਦਾ, ਬਾਲੂ ਹਸਨਾ ਆਦਿ ਗੁਰਸਿੱਖਾਂ ਨੂੰ ਵੱਖ-ਵੱਖ ਇਲਾਕਿਆਂ ਵਿੱਚ ਭੇਜਿਆ।

ਆਪ ਨੇ ਹਰਗੋਬਿੰਦਪੁਰ ਵਿੱਚ ਮੁਸਲਮਾਨਾਂ ਲਈ ਇੱਕ ਮਸਜਿਦ ਬਣਾਈ ਤੇ ਪੈਂਦੇ ਖਾਂ ਨਾਂ ਦੇ ਪਠਾਨ ਨੂੰ ਆਪਣੇ ਹੱਥੀਂ ਪਾਲਿਆ। ਆਪ ਨੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਸਰਸਾ ਨਦੀ ਕਿਨਾਰੇ ਕੀਰਤਪੁਰ ਨਗਰ ਵਸਾਇਆ ਤੇ ਇੱਥੇ ਸਿੱਖੀ ਪ੍ਰਚਾਰ ਦਾ ਕੇਂਦਰ ਸਥਾਪਤ ਕੀਤਾ। ਇਤਿਹਾਸ ਵਿੱਚ ਆਪ ਦੀਆਂ 3 ਸ਼ਾਦੀਆਂ ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ ਅਤੇ ਮਾਤਾ ਮਹਾਂਦੇਵੀ ਜੀ ਨਾਲ ਹੋਣ ਦਾ ਜਿਕਰ ਮਿਲਦਾ ਹੈ। ਆਪ ਦੇ ਘਰ ਪੰਜ ਪੁੱਤਰ ਬਾਬਾ ਗੁਰਦਿੱਤਾ ਜੀ, ਸੂਰਜ ਮੱਲ ਜੀ, ਅਣੀ ਰਾਏ ਜੀ, ਅਟੱਲ ਰਾਏ ਜੀ, (ਗੁਰੂ) ਤੇਗ ਬਹਾਦਰ ਜੀ ਅਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਪੈਦਾ ਹੋਏ। ਆਪ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਆਪਣੇ ਪੋਤੇ ਅਤੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ (ਗੁਰੂ) ਹਰਿਰਾਇ ਜੀ ਨੂੰ ਗੁਰਿਆਈ ਦੇ ਵਾਰਸ ਚੁਣਿਆ। ਆਪ 3 ਮਾਰਚ 1644 ਈ. ਨੂੰ ਕੀਰਤਪੁਰ ਵਿਖੇ ਜੋਤੀ ਜੋਤ ਸਮਾ ਗਏ।  

Read News Paper

Related articles

spot_img

Recent articles

spot_img