*29 ਜੁਲਾਈ ਪ੍ਰਕਾਸ਼ ਦਿਹਾੜੇ ’ਤੇ ਵਿਸ਼ੇਸ਼
ਗੁਰੂ ਦਾ ਸਿੱਖ ਜਦੋਂ ਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਤਾਂ ਸ਼ਰਧਾ ਭਰਪੂਰ ਸ਼ਬਦਾਂ ਦਾ ਉਚਾਰਣ ਕਰਦਾ ਹੋਇਆ ਬੜੇ ਪਿਆਰ, ਸ਼ਰਧਾ ਅਤੇ ਸਤਿਕਾਰ ਨਾਲ ਸ੍ਰੀ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਨੂੰ ਆਪਣੀ ਜ਼ਿੰਦਗੀ ਦੀ ਦਾਸਤਾਨ ਪੇਸ਼ ਕਰਦਾ ਹੈ। ਗੁਰੂ ਸਾਹਿਬ ਦੀ ਵਡਿਆਈ ਦੇ ਇਹ ਸ਼ਬਦ ਏਦਾਂ ਦੇ ਹੁੰਦੇ ਹਨ ਜੋ ਸਾਨੂੰ ਪ੍ਰੇਰਣਾ ਦਿੰਦੇ ਹਨ ਕਿ ਸ੍ਰੀ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ, ਉਨਾਂ ਦਾ ਧਿਆਨ ਕਰਨਾ ਚਾਹੀਦਾ ਹੈ ਕਿਉਂਕਿ ਉਨਾਂ ਦੇ ਦਰਸ਼ਨਾਂ ਨਾਲ ਹੀ ਸਾਰੀ ਮਨੁੱਖਤਾ ਦੇ ਹਰ ਪ੍ਰਕਾਰ ਦੇ ਦੁੱਖ ਦੂਰ ਹੋ ਜਾਂਦੇ ਹਨ। ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਦਾ ਜੀਵਨ ਭਾਵੇਂ ਦੁਨਿਆਵੀ ਸਮੇਂ ਮੁਤਾਬਕ ਸੰਖੇਪ ਸੀ ਪਰ ਰੂਹਾਨੀ ਪੱਖ ਤੋਂ ਉਨਾਂ ਦੀ ਸ਼ਖਸੀਅਤ ਸਦੀਵੀਂ ਪ੍ਰਭਾਵਸ਼ਾਲੀ ਬਣ ਕੇ ਆਈ। ਇਸ ਦਾ ਅੰਦਾਜ਼ਾ ਓਸ ਵੇਲੇ ਹੀ ਹੋ ਗਿਆ ਸੀ ਜਦੋਂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਨੂੰ ਗੁਰੂ ਨਾਨਕ ਦੀ ਗੁਰਤਾਗੱਦੀ ਦਾ ਅਗਲਾ ਵਾਰਸ ਐਲਾਨ ਦਿੱਤਾ ਸੀ। ਗੁਰੂ ਹਰਿਕਿ੍ਰਸ਼ਨ ਸਾਹਿਬ ਜੀ, ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਦੂਸਰੇ ਪੁੱਤਰ ਸਨ। ਪਹਿਲਾ ਪੁੱਤਰ ਰਾਮ ਰਾਇ ਗੁਰੂ ਮਰਿਆਦਾ ਤੋਂ ਥਿੜਕ ਗਿਆ ਸੀ ਅਤੇ ਉਸ ਨੇ ਗੁਰਬਾਣੀ ਦੀ ਤੁਕ ਇੱਕ ਨਿੱਜੀ ਸੁਆਰਥ ਲਈ ਅਤੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਬਦਲ ਦਿੱਤੀ ਸੀ, ਜਿਸ ਉੱਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਗੁਰੂ ਹਰਿ ਰਾਇ ਸਾਹਿਬ ਨੇ ਉਸ ਨੂੰ ਸਿੱਖੀ ਵਿਚੋਂ ਸਦਾ ਲਈ ਖਾਰਜ ਕਰ ਦਿੱਤਾ ਸੀ। ਦੂਜੇ ਬੰਨੇ, ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਦੀ ਮਹਿਮਾ ਬਾਲ ਅਵਸਥਾ ਤੋਂ ਹੀ ਦੁਨੀਆਂ ਨੂੰ ਰੌਸ਼ਨੀ ਦੇ ਰਹੀ ਸੀ।
ਸ੍ਰੀ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਦਾ ਪ੍ਰਕਾਸ਼ 23 ਜੁਲਾਈ 1656 ਈਸਵੀ (ਬਿਕਰਮੀ ਸੰਮਤ 1713), ਸਾਵਣ ਵਦੀ 10 ਅਤੇ 8 ਸਾਵਣ ਨੂੰ ਕੀਰਤਪੁਰ ਸਾਹਿਬ ਵਿਖੇ ਗੁਰੂ ਹਰਿ ਰਾਇ ਸਾਹਿਬ ਜੀ ਦੇ ਘਰ ਮਾਤਾ ਕਿ੍ਰਸ਼ਨ ਕੌਰ ਜੀ (ਜਿਨਾਂ ਨੂੰ ਸੁਲੱਖਣੀ ਜੀ ਵੀ ਕਿਹਾ ਜਾਂਦਾ ਹੈ), ਦੇ ਉਦਰ ਤੋਂ ਹੋਇਆ। ਦੁਨਿਆਵੀ ਤੌਰ ’ਤੇ ਆਪ ਜੀ ਦੀ ਉਮਰ ਉਸ ਵੇਲੇ ਕੇਵਲ ਪੰਜ ਕੁ ਸਾਲ ਦੀ ਸੀ ਜਦੋਂ ਉਨਾਂ ਨੂੰ ਗੁਰਗੱਦੀ ਦਾ ਵਾਰਸ ਐਲਾਨ ਦਿੱਤਾ ਗਿਆ ਪਰ ਉਨਾਂ ਦੀ ਆਤਮਿਕ ਅਵਸਥਾ ਬਹੁਤ ਉੱਚੀ ਸੀ ਕਿਉਂਕਿ ਸਮੂਹ ਗੁਰੂ ਸਾਹਿਬਾਨ ਵਾਂਗ ਉਨਾਂ ਅੰਦਰ ਵੀ ਜੋਤ ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੀ ਸੀ। ਜਦੋਂ ਗੁਰੂ ਹਰਿ ਰਾਇ ਸਾਹਿਬ ਜੀ ਨੇ ਬਾਬਾ ਰਾਮ ਰਾਇ ਨੂੰ ਸਿੱਖੀ ਵਿਚੋਂ ਖਾਰਜ ਕਰ ਦਿੱਤਾ ਤਾਂ ਰਾਮਰਾਇ ਦੇਹਰਾਦੂਨ ਚਲਾ ਗਿਆ, ਜਿੱਥੇ ਔਰੰਗਜ਼ੇਬ ਨੇ ਉਸ ਨੂੰ ਜਗੀਰ ਬਖਸ਼ ਦਿੱਤੀ। ਦੇਹਰਾਦੂਨ ਦੀਆਂ ਖੁੱਲੀਆਂ ਆਬਾਦੀਆਂ ਵਿਚ ਰਾਮ ਰਾਇ ਨੇ ਆਪਣਾ ਡੇਰਾ ਬਣਾ ਲਿਆ ਪ੍ਰੰਤੂ ਮਨ ਦੇ ਵਿਚ ਇਸ ਗੱਲ ਪ੍ਰਤੀ ਰੋਸ ਸੀ ਕਿ ਗੁਰਗੱਦੀ ਉਨਾਂ ਨੂੰ ਕਿਉਂ ਨਹੀਂ ਦਿੱਤੀ ਗਈ। ਇਸ ਲਈ ਉਨਾਂ ਨੇ ਆਪਣੇ ਭਰਾ ਦੇ ਵਿਰੁੱਧ ਔਰੰਗਜ਼ੇਬ ਕੋਲ ਸ਼ਿਕਾਇਤ ਵੀ ਕੀਤੀ।
ਦੂਜੇ ਬੰਨੇ, ਮੁਗਲ ਸ਼ਾਸਕ ਔਰੰਗਜ਼ੇਬ ਗੁਰੂ ਸਾਹਿਬ ਜੀ ਦੀ ਲਗਾਤਾਰ ਵਧਦੀ ਜਾ ਰਹੀ ਲੋਕਪਿ੍ਰਅਤਾ ਤੋਂ ਕਾਫ਼ੀ ਚਿੰਤਿਤ ਸੀ ਇਸ ਲਈ ਉਸ ਨੇ ਸ੍ਰੀ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਵਾ ਭੇਜਿਆ। ਵੈਸੇ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਸੀ ਕਿ ਗੁਰੂ ਜੀ ਉਨਾਂ ਦੇ ਬੁਲਾਵੇ ’ਤੇ ਨਹੀਂ ਆਉਣਗੇ ਇਸ ਲਈ ਔਰੰਗਜ਼ੇਬ ਨੇ ਅੰਬੇਰ ਦੇ ਰਾਜਾ ਜੈ ਸਿੰਘ ਨੂੰ ਇਹ ਕੰਮ ਸੌਂਪਿਆ ਕਿ ਉਹ ਗੁਰੂ ਹਰਿਕਿ੍ਰਸ਼ਨ ਸਾਹਿਬ ਨੂੰ ਕਿਸੇ ਤਰਾਂ ਦਿੱਲੀ ਵਿਖੇ ਜ਼ਰੂਰ ਲੈ ਕੇ ਆਉਣ। ਰਾਜਾ ਜੈ ਸਿੰਘ ਵੱਲੋਂ ਵਾਰ ਵਾਰ ਆ ਰਹੀਆਂ ਬੇਨਤੀਆਂ ਅਤੇ ਦਿੱਲੀ ਦੀ ਸੰਗਤ ਦੇ ਸਤਿਕਾਰ ਨੂੰ ਵੇਖਦਿਆਂ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਨੇ ਦਿੱਲੀ ਜਾਣ ਦਾ ਫ਼ੈਸਲਾ ਕਰ ਲਿਆ। ਗੁਰੂ ਸਾਹਿਬ ਰੋਪੜ, ਬਨੂੜ, ਪੰਜੋਖਰਾ ਸਾਹਿਬ (ਅੰਬਾਲਾ) ਆਦਿ ਥਾਵਾਂ ਨੂੰ ਹੁੰਦੇ ਹੋਏ ਦਿੱਲੀ ਵੱਲ ਰਵਾਨਾ ਹੋਏ ਸਨ। ਜਿਸ ਵੇਲੇ ਸ੍ਰੀ ਗੁਰੂ ਹਰਿਕਿ੍ਰਸ਼ਨ ਸਾਹਿਬ ਅੰਬਾਲਾ ਦੇ ਨੇੜੇ ਪੰਜੋਖਰਾ ਸਾਹਿਬ ਪਿੰਡ ਵਿਚ ਪਹੁੰਚੇ ਤਾਂ ਉਥੇ ਪੇਸ਼ਾਵਰ, ਕਾਬੁਲ ਅਤੇ ਕਸ਼ਮੀਰ ਤੋਂ ਵੱਡੀ ਗਿਣਤੀ ਵਿਚ ਸੰਗਤ ਅੱਗਿਓਂ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਵਿਚ ਆਈ ਹੋਈ ਸੀ। ਸੰਗਤ ਨੇ ਗੁਰੂ ਜੀ ਨੂੰ ਇੱਕ ਰਾਤ ਓਥੇ ਹੀ ਰੁਕਣ ਲਈ ਬੇਨਤੀ ਕੀਤੀ ਤਾਂ ਇਹ ਬੇਨਤੀ ਗੁਰੂ ਸਾਹਿਬ ਦੀ ਤਰਫੋਂ ਸਵੀਕਾਰ ਹੋ ਗਈ। ਗੁਰੂ ਸਾਹਿਬ ਜੀ ਦਾ ਸ਼ਾਹੀ ਸਤਿਕਾਰ ਅਤੇ ਮਹਿਮਾ ਵੇਖ ਕੇ ਪੰਜੋਖਰੇ ਦਾ ਹੀ ਇਕ ਨਿਵਾਸੀ ਪੰਡਤ ਲਾਲ ਚੰਦ ਮਨ ਹੀ ਮਨ ਵਿਚ ਬਹੁਤ ਕ੍ਰੋਧਿਤ ਹੋਇਆ। ਉਹ ਈਰਖਾ ਦੀ ਅੱਗ ਵਿਚ ਸੜਨ ਲੱਗਾ ਅਤੇ ਇਸੇ ਅੱਗ ਵਿੱਚ ਉਸ ਨੇ ਸਾਜ਼ਿਸ਼ ਘੜੀ।
ਇਸੇ ਵਿਅਕਤੀ ਨੇ ਜਦੋਂ ਆਲੇ ਦੁਆਲੇ ਦੇ ਲੋਕਾਂ ਤੋਂ ਗੁਰੂ ਸਾਹਿਬ ਦੇ ਨਾਂਅ ਬਾਰੇ ਜਾਣਿਆ ਤਾਂ ਪੰਡਤ ਲਾਲ ਚੰਦ ਗੁੱਸੇ ਵਿਚ ਅੱਗ ਬਬੂਲਾ ਹੋਇਆ ਗੁਰੂ ਸਾਹਿਬ ਦੇ ਨਾਂਅ ਉੱਤੇ ਇਤਰਾਜ਼ ਪ੍ਰਗਟਾਉਣ ਲੱਗਿਆ ਕਿ ‘ਹਰਿਕਿ੍ਰਸ਼ਨ’ ਕਿਵੇਂ ਰੱਖਿਆ ਗਿਆ। ਉਹ ਗੁਰੂ ਸਾਹਿਬ ਜੀ ਦੇ ਕੋਲ ਆ ਗਿਆ। ਗੁਰੂ ਸਾਹਿਬ ਜੀ ਉਸ ਦੇ ਮਨ ਦੀ ਗੱਲ ਬੁੱਝ ਗਏ ਅਤੇ ਉਸਦਾ ਨਾਂਅ ਲੈ ਕੇ ਬੁਲਾਇਆ ਅਤੇ ਸਤਿਕਾਰ ਸਹਿਤ ਕਿਹਾ ਕਿ ‘ਆਓ ਲਾਲ ਚੰਦ ਜੀ ਬੈਠੋ’। ਉਸ ਨੇ ਗੁਰੂ ਜੀ ਅੱਗੇ ਸ਼ੰਕਾ ਪ੍ਰਗਟ ਕੀਤੀ ਕਿ ਕੀ ਉਹ ਗੀਤਾ ਦੇ ਅਰਥ ਕਰਕੇ ਸੁਣਾ ਸਕਦੇ ਹਨ। ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਨੇ ਕਿਹਾ ਕਿ ਆਪਣੇ ਪਿੰਡ ਵਿਚੋਂ ਕਿਸੇ ਵੀ ਵਿਅਕਤੀ ਨੂੰ ਲੈ ਆਓ, ਉਸ ਦੇ ਕੋਲੋਂ ਹੀ ਗੀਤਾ ਦੇ ਅਰਥ ਕਰਵਾ ਦਿਆਂਗੇ। ਉਸ ਪਿੰਡ ਵਿਚ ਛੱਜੂ ਨਾਂਅ ਦਾ ਇੱਕ ਗੂੰਗਾ ਵਿਅਕਤੀ ਰਹਿੰਦਾ ਸੀ । ਲਾਲ ਚੰਦ ਛੱਜੂ ਜੀ ਨੂੰ ਗੁਰੂ ਜੀ ਦੇ ਅੱਗੇ ਲੈ ਆਏ। ਉਸ ਨੂੰ ਪਤਾ ਸੀ ਕਿ ਇਹ ਨਾ ਬੋਲ ਸਕਦਾ ਹੈ ਅਤੇ ਨਾ ਇਸ ਨੂੰ ਸੁਣਦਾ ਹੈ ਪਰ ਫਿਰ ਵੀ ਉਹ ਛੱਜੂ ਨੂੰ ਗੁਰੂ ਜੀ ਦੇ ਕੋਲ ਲੈ ਆਏ ਤਾਂ ਜੋ ਗੁਰੂ ਸਾਹਿਬ ਜੀ ਦੀ ਪਰਖ ਕਰ ਸਕੇ। ਗੁਰੂ ਸਾਹਿਬ ਨੇ ਛੱਜੂ ਨੂੰ ਇਸ਼ਨਾਨ ਕਰਵਾ ਕੇ ਸਵੱਛ ਬਸਤਰ ਪਹਿਨਾ ਕੇ ਉਸ ਨੂੰ ਆਪਣੇ ਕੋਲ ਬਿਠਾ ਲਿਆ। ਫਿਰ ਆਪਣੇ ਹੱਥ ਵਿਚ ਫੜੀ ਹੋਈ ਛੜੀ ਛੱਜੂ ਦੇ ਸਿਰ ’ਤੇ ਰੱਖ ਦਿੱਤੀ ਅਤੇ ਲਾਲ ਚੰਦ ਨੂੰ ਗੀਤਾ ਦਾ ਕੋਈ ਸ਼ਲੋਕ ਬੋਲਣ ਲਈ ਕਿਹਾ। ਜਦੋਂ ਪੰਡਤ ਲਾਲ ਚੰਦ ਨੇ ਸ਼ਲੋਕ ਉਚਾਰਨ ਕੀਤਾ ਤਾਂ ਉਸ ਨੇ ਸਲੋਕ ਹੀ ਗਲਤ ਪੜ ਦਿੱਤਾ। ਛੱਜੂ ਨੇ ਕਿਹਾ ਪੰਡਤ ਜੀ ਤੁਸੀਂ ਤਾਂ ਸਲੋਕ ਹੀ ਗ਼ਲਤ ਪੜ ਰਹੇ ਹੋ, ਅਸਲੀ ਸ਼ਲੋਕ ਇਹ ਹੈ ਅਤੇ ਇਸ ਦਾ ਅਰਥ ਇਹ ਹੈ। ਜਦੋਂ ਦੋ ਤਿੰਨ ਵਾਰ ਅਜਿਹਾ ਹੀ ਵਾਪਰਿਆ ਤਾਂ ਪੰਡਤ ਲਾਲ ਚੰਦ ਦਾ ਹੰਕਾਰ ਚਕਨਾਚੂਰ ਹੋ ਗਿਆ ਅਤੇ ਉਹ ਗੁਰੂ ਜੀ ਦੇ ਚਰਨਾਂ ’ਤੇ ਢਹਿ ਪਿਆ ਅਤੇ ਗੁਰੂ ਸਾਹਿਬ ਦਾ ਸੇਵਕ ਹੋ ਨਿੱਬੜਿਆ।
ਇਸ ਉਪਰੰਤ ਪੰਡਤ ਲਾਲ ਚੰਦ ਵਾਂਗ ਬੇਅੰਤ ਸੰਗਤਾਂ ਨੂੰ ਤਾਰਦੇ ਹੋਏ ਸ੍ਰੀ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਦਿੱਲੀ ਲਈ ਰਵਾਨਾ ਹੋ ਗਏ। ਦਿੱਲੀ ਜਾ ਕੇ ਉਨਾਂ ਨੇ ਰਾਜਾ ਜੈ ਸਿੰਘ ਦੇ ਮਹਿਲ ਵਿਚ ਠਹਿਰਨਾ ਸਵੀਕਾਰ ਕੀਤਾ। ਔਰੰਗਜ਼ੇਬ ਨੇ ਕਈ ਸੁਨੇਹੇ ਭੇਜੇ ਪਰ ਗੁਰੂ ਜੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਔਰੰਗਜ਼ੇਬ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਦੇ ਦਰਸ਼ਨਾਂ ਲਈ ਰਾਜਾ ਜੈ ਸਿੰਘ ਦੇ ਮਹੱਲ ਦੇ ਬਾਹਰ ਕਾਫੀ ਚਿਰ ਖਲੋਤਾ ਰਿਹਾ ਸੀ। ਇਸੇ ਦੌਰਾਨ ਦਿੱਲੀ ਵਿਖੇ ਚੇਚਕ ਅਤੇ ਹੈਜ਼ੇ ਦੀ ਬਿਮਾਰੀ ਫੈਲ ਗਈ। ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਣੇ ਸਰੋਵਰ ਵਾਲੀ ਥਾਂ ’ਤੇ ਦੁਖੀਆਂ ਬੀਮਾਰਾਂ ਨੂੰ ਉਥੇ ਇਸ਼ਨਾਨ ਕਰਨ ਲਈ ਕਿਹਾ ਅਤੇ ਇਸੇ ਦੇ ਸਿੱਟੇ ਵਜੋਂ ਜੋ ਵੀ ਉਥੇ ਇਸ਼ਨਾਨ ਕਰਦਾ, ਉਹ ਠੀਕ ਹੋ ਜਾਂਦਾ। ਇਸੇ ਤਰਾਂ ਗੁਰੂ ਸਾਹਿਬ ਦਿੱਲੀ ਵਿਖੇ ਦੁਖੀਆਂ ਅਤੇ ਲਾਚਾਰਾਂ ਦੀ ਹੱਥੀਂ ਸੇਵਾ ਕਰਦੇ ਰਹੇ ਅਤੇ ਲੱਖਾਂ ਹੀ ਲੋਕਾਂ ਨੂੰ ਤੰਦਰੁਸਤ ਕੀਤਾ। ਬਾਅਦ ਵਿਚ ਗੁਰੂ ਸਾਹਿਬ ਨੂੰ ਵੀ ਚੇਚਕ ਦੀ ਬਿਮਾਰੀ ਹੋ ਗਈ ਪਰ ਫਿਰ ਵੀ ਗੁਰੂ ਸਾਹਿਬ ਮਹਿਲ ਦੇ ਉੱਤੇ ਇੱਕ ਛੱਜੇ ਵਿਚ ਬੈਠ ਜਾਂਦੇ ਜਿੱਥੋਂ ਸਵੇਰੇ ਸੰਗਤਾਂ ਉਨਾਂ ਦੇ ਦਰਸ਼ਨ ਕਰਦੀਆਂ ਅਤੇ ਨਿਰੋਗ ਹੋ ਕੇ ਜਾਂਦੀਆਂ। ਅਖ਼ੀਰ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ 16 ਅਪ੍ਰੈਲ 1664 ਈਸਵੀ ਨੂੰ ਮਹਿਜ਼ 8 ਸਾਲ ਦੀ ਸੰਸਾਰਕ ਉਮਰੇ ਜੋਤੀ ਜੋਤ ਸਮਾ ਗਏ।
ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਦੇ ਪਵਿੱਤਰ ਸਰੀਰ ਦਾ ਸਸਕਾਰ ਉਸ ਥਾਂ ’ਤੇ ਕੀਤਾ ਗਿਆ ਜਿੱਥੇ ਗੁਰਦੁਆਰਾ ਬਾਲਾ ਜੀ ਸਾਹਿਬ ਸਥਿਤ ਹੈ। ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਦੀਆਂ ਪਵਿੱਤਰ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਲਿਆਂਦੀਆਂ ਗਈਆਂ ਜੋ ਕਿ ਹੁਣ ਵੀ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸੁਸ਼ੋਭਿਤ ਹਨ। ਦਸਵੇਂ ਪਾਤਸ਼ਾਹ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਫੁਰਮਾਇਆ ਹੈ,
‘ਸ੍ਰੀ ਹਰਿਕਿ੍ਰਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ॥’
ਸਿੱਖਾਂ ਦੀ ਨਿੱਤ ਦੀ ਅਰਦਾਸ ’ਚ ਸ੍ਰੀ ਗੁਰੂ ਹਰਿਕਿ੍ਰਸ਼ਨ ਜੀ ਪ੍ਰਤੀ ‘ਧਿਆਈਐ’ ਅਤੇ ‘ਡਿਠੇ ਸਭਿ ਦੁਖਿ ਜਾਇ’ ਉਨਾਂ ਦੀ ਅਪਾਰ ਮਹਿਮਾ ਨੂੰ ਬਿਆਨਦੇ ਹਨ ਅਤੇ ਮਨ ਵਿੱਚ ਇਹ ਭਰੋਸਾ ਬਣਦਾ ਹੈ ਇ ਗੁਰੂ ਸਾਹਿਬ ਨੂੰ ਧਿਆਉਣ ਸਦਕਾ ਨਿਸ਼ਚੇ ਹੀ ਸਭ ਦੁੱਖ ਦੂਰ ਹੋ ਜਾਣਗੇ ਅਤੇ ਅਜਿਹਾ ਹੋਣ ਸਦਕਾ ਸੁੱਖ, ਸਹਿਜ ਅਤੇ ਅਨੰਦ ਦੀ ਪ੍ਰਾਪਤੀ ਹੋਵੇਗੀ ਅਤੇ ਹਰ ਦਿਨ ਹਰੇਕ ਸਿੱਖ ਅਤੇ ਉਸ ਦੀ ਅਰਦਾਸ ਇਸ ਗੱਲ ਦੀ ਪ੍ਰਤੱਖ ਮਿਸਾਲ ਬਣਦੇ ਹਨ।