-11.5 C
New York

ਸੇਵਾ, ਦਇਆ ਅਤੇ ਕੋਮਲਤਾ ਦੀ ਮੂਰਤ- ਸ੍ਰੀ ਗੁਰੂ ਹਰਿਰਾਇ ਸਾਹਿਬ ਜੀ

Published:

Rate this post

ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਸਮੁੱਚੀ ਲੋਕਾਈ ਨੂੰ ਪ੍ਰਮਾਤਮਾ ਦੇ ਨਾਮ ਨਾਲ ਅਤੇ ਗੁਰਬਾਣੀ ਨਾਲ ਜੋੜਨ ਦਾ ਜਿੱਥੇ ਅਹਿਮ ਉਪਰਾਲਾ ਆਰੰਭਿਆ ਉਥੇ ਸਮਾਜਿਕ ਕਲਿਆਣ ਲਈ ਵੀ ਬਹੁਤ ਸਾਰੇ ਕਾਰਜ ਆਰੰਭ ਕੀਤੇ ਜਿਸ ਤਹਿਤ ਲੰਗਰ, ਬਸਤਰ, ਰੋਗੀਆਂ ਦੀ ਇਲਾਜ ਪ੍ਰਕਿਰਿਆ ਕਰਦਿਆ ਫੋਕਟ ਕਰਮ-ਕਾਡਾਂ, ਵਹਿਮਾਂ- ਭਰਮਾਂ ਅਡੰਬਰਾਂ ਵਿੱਚੋ ਕੱਢ ਕੇ ਅਕਾਲ ਪੁਰਖ ਨਾਲ ਜੋੜਿਆ। ਸੱਤਵੇਂ ਪਾਤਸ਼ਾਹ ਜੀ ਨੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਰੋਗੀ ਸਰੀਰਾਂ ਦੇ ਰੋਗ ਮਿਟਾਉਣ ਲਈ ਦਵਾਈਖਾਨਾ ਖੋਲਿਆ, ਜਿਸ ਵਿੱਚ ਬੜੀਆਂ ਕੀਮਤੀ ਅਤੇ ਦੁਰਲੱਭ ਦੁਵਾਈਆਂ ਸ਼ੁਰੂ ਕਰਕੇ ਰੋਗੀਆਂ ਰੋਗ ਦੂਰ ਕੀਤੇ। ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਮਹਾਨ ਅਦੁੱਤੀ ਗੁਣ ਦਇਆ, ਸਹਿਜ, ਸ਼ਾਤੀ, ਪਰਉਪਕਾਰ ਓਸ ਸਮੇਂ ਦੇ ਸਮਾਜ ਨੂੰ ਕਈ ਪਹਿਲੂਆਂ ਤੋਂ ਬਿਹਤਰ ਜੀਵਨ ਬਤੀਤ ਕਰਨ ਲਈ ਸਹਾਈ ਹੋਏ ਅਤੇ ਅੱਜ ਵੀ ਸਦੀਆਂ ਬਾਅਦ ਓਸੇ ਤਰਾਂ ਸਹਾਈ ਹੁੰਦੇ ਹੁੰਦੇ ਹਨ।

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ 16 ਜਨਵਰੀ, 1630 ਈ. ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਜੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਬਚਪਨ ਤੋਂ ਹੀ ਸੰਤ-ਸੁਭਾਅ ਅਤੇ ਪਰਮੇਸ਼ਰ ਦੀ ਭਜਨ ਬੰਦਗੀ ਵਿਚ ਲੱਗੇ ਰਹਿਣ ਵਾਲੀ ਰੂਹ ਸਨ। ਉਹ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਅਤੇ ਸਦਾ ਉਨਾਂ ਦੀ ਹਜ਼ੂਰੀ ਵਿੱਚ ਹੀ ਰਹਿੰਦੇ ਸਨ। ਗੁਰੂ ਹਰਿਰਾਇ ਸਾਹਿਬ ਜੀ ਬਹੁਤ ਕੋਮਲ ਅਤੇ ਸ਼ਾਂਤ ਸੁਭਾਅ ਦੇ ਮਾਲਕ ਸਨ। ਗੁਰੂ ਸਾਹਿਬ ਜੀ ਦੇ ਹਿਰਦੇ ਦੀ ਕੋਮਲਤਾ ਦੀ ਮਿਸਾਲ ਉਨਾਂ ਦੇ ਬਚਪਨ ਸਮੇਂ ’ਚ ਵਾਪਰੀ ਇੱਕ ਘਟਨਾ ਤੋਂ ਬਖੂਬੀ ਮਿਲ ਜਾਂਦੀ ਹੈ। ਇੱਕ ਦਿਨ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਵੇਰ ਸਮੇਂ ਬਾਗ ਵਿੱਚ ਟਹਿਲਣ ਵਾਸਤੇ ਗਏ ਸਨ, ਥੋੜੀ ਦੇਰ ਬਾਅਦ ਉਨਾਂ ਦੇ ਪਿੱਛੇ ਪਿੱਛੇ ਗੁਰੂ ਹਰਿਰਾਇ ਸਾਹਿਬ ਜੀ ਵੀ ਆਪਣੇ ਦਾਦਾ ਜੀ ਨੂੰ ਮਿਲਣ ਵਾਸਤੇ ਪਹੁੰਚੇ। ਉਨਾਂ ਨੇ ਖੁੱਲੇ ਆਕਾਰ ਦਾ ਚੋਲਾ ਪਹਿਨਿਆ ਹੋਇਆ ਸੀ, ਤੁਰੇ ਜਾਂਦਿਆਂ ਚੋਲੇ ਨਾਲ ਅਟਕ ਜਾਣ ਕਰਕੇ ਕੁਝ ਫੁੱਲ ਟੁੱਟ ਕੇ ਜ਼ਮੀਨ ਉੱਪਰ ਡਿੱਗ ਗਏ। ਟੁੱਟੇ ਫੁੱਲਾਂ ਨੂੰ ਦੇਖ ਕੇ ਗੁਰੂ ਸਾਹਿਬ ਦੇ ਕੋਮਲ ਹਿਰਦੇ ਨੂੰ ਬਹੁਤ ਠੇਸ ਪਹੁੰਚੀ। ਇੰਨੇ ਚਿਰ ’ਚ ਗੁਰੂ ਹਰਗੋਬਿੰਦ ਸਾਹਿਬ ਜੀ ਉਨਾਂ ਕੋਲ ਆਏ, ਜਿਨਾਂ ਨੇ ਉਨਾਂ ਤੋਂ ਉਨਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਨਾਂ ਨੇ ਗੁਰੂ ਜੀ ਨੂੰ ਦੱਸਿਆ, ‘ਸੱਚੇ ਪਾਤਸ਼ਾਹ ਜੀ, ਮੇਰੇ ਖੁੱਲੇ ਜਾਮੇ ਨਾਲ ਅੜ ਕੇ ਇਹ ਫੁੱਲ ਹੇਠਾਂ ਡਿੱਗ ਪਏ ਹਨ’। ਇਸ ’ਤੇ ਛੇਵੇਂ ਪਾਤਸ਼ਾਹ ਨੇ ਰੂਹਾਨੀ ਜਵਾਬ ਦਿੰਦਿਆਂ ਕਿਹਾ ਕਿ ‘ਜੇ ਜਾਮਾ ਵੱਡਾ ਪਹਿਨੀਏ ਤਾਂ ਸੰਭਲ ਕੇ ਤੁਰਨਾ ਚਾਹੀਦਾ ਹੈ’। ਗੁਰੂ ਸਾਹਿਬ ਦਾ ਉਪਦੇਸ਼ ਬੜਾ ਸਪੱਸ਼ਟ ਸੀ ਕਿ ਜੇ ਜ਼ਿੰਮੇਵਾਰੀ ਵੱਡੀ ਚੁੱਕ ਲਈਏ ਤਾਂ ਤਾਕਤ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਇਹ ਤਾਕਤ ਨਿਆਸਰਿਆਂ ਦਾ ਆਸਰਾ ਬਣਨੀ ਚਾਹੀਦੀ ਹੈ। ਗੁਰੂ ਹਰਿਰਾਇ ਜੀ ਨੇ ਆਪਣੇ ਦਾਦਾ ਗੁਰੂ ਦੇ ਉਪਦੇਸ਼ ਨੂੰ ਪੱਲੇ ਬੰਨ ਲਿਆ ਅਤੇ ਸਾਰੀ ਉਮਰ ਉਨਾਂ ਨੇ ਇਸ ਉਪਦੇਸ਼ ਦੀ ਕਮਾਈ ਕੀਤੀ ਅਤੇ ਤਾਣ ਹੁੰਦਿਆਂ ਹੋਇਆਂ ਵੀ ਆਪ ਨਿਤਾਣੇ ਬਣੇ ਰਹੇ ਅਤੇ ਹਲੀਮੀ ਦਾ ਮਹਾਨ ਉਪਦੇਸ਼ ਉਨਾਂ ਸੰਗਤ ਨੂੰ ਵੀ ਬਖਸ਼ਿਆ।

ਜਦੋਂ ਛੇਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦਾ ਵਕਤ ਆਇਆ ਤਾਂ ਉਨਾਂ ਨੇ ਗੁਰੂ ਹਰਿਰਾਇ ਸਾਹਿਬ ਦੀ ਹਰ ਪੱਖੋਂ ਕਾਬਲੀਅਤ ਜਾਣ ਕੇ, ਭਾਈ ਦਰਗਾਹ ਮੱਲ ਜੀ ਕੋਲੋਂ ਰਸਮ ਅਦਾ ਕਰਵਾ ਕੇ 3 ਮਾਰਚ 1644 ਗੁਰਗੱਦੀ ਦੀ ਪਾਤਸ਼ਾਹੀ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਸੌਂਪ ਦਿੱਤੀ। ਆਪ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ ਧਰਮ ਪ੍ਰਚਾਰ ਦੀ ਲਹਿਰ ਜਾਰੀ ਰੱਖਦਿਆਂ ਕਿਰਤ ਕਰਨਾ, ਵੰਡ ਕੇ ਛਕਣਾ, ਸਿਮਰਨ ਅਤੇ ਸੇਵਾ ਕਰਨ ਲਈ ਸਿੱਖਾਂ ਨੂੰ ਉਤਸ਼ਾਹਿਤ ਕੀਤਾ। ਉਨਾਂ ਦੇ ਸਭ ਤੋਂ ਅਹਿਮ ਕਾਰਜਾਂ ਵਿੱਚੋਂ ਇੱਕ ਸੀ ਉਨਾਂ ਵੱਲੋਂ ਕੀਰਤਪੁਰ ਸਾਹਿਬ ਵਿਖੇ ਇੱਕ ਬਹੁਤ ਵੱਡਾ ਦਵਾਖ਼ਾਨਾ ਖੋਲਣਾ, ਜਿਸ ਵਿਚ ਚੰਗੇ ਵੈਦ ਸ਼ਾਮਲ ਸਨ ਅਤੇ ਹਰ ਕਿਸਮ ਦੀਆਂ ਦਵਾਈਆਂ ਮੌਜੂਦ ਸਨ। ਜਿਥੇ ਵੱਖ ਵੱਖ ਡੇਰਿਆਂ ਅਤੇ ਪ੍ਰਚਾਰ-ਅਸਥਾਨਾਂ ਉੱਪਰ ਜਿੱਥੇ ਪਹਿਲਾਂ ਲੰਗਰ ਮਿਲਦਾ ਸੀ, ਗੁਰੂ ਸਾਹਿਬ ਨੇ ਉਨਾਂ ਨੂੰ ਮੁਫ਼ਤ ਇਲਾਜ ਦਾ ਪ੍ਰਬੰਧ ਕੀਤਾ। ਇਸ ਤਰਾਂ ਕੀਰਤਪੁਰ ਦਾ ਦਵਾਖ਼ਾਨਾ ਪ੍ਰਸਿੱਧ ਹੋ ਗਿਆ।

ਇਸ ਸਮੇਂ ਦੇਸ਼ ਵਿੱਚ ਮੁਗਲ ਸ਼ਾਸਕਾਂ ਅਤੇ ਉਨਾਂ ਦੀ ਆਪਸੀ ਜੱਦੋ ਜਹਿਦ ਵੀ ਚੱਲ ਰਹੀ ਸੀ। ਬਾਦਸ਼ਾਹ ਸ਼ਾਹ ਜਹਾਨ ਨੂੰ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋਹ ਨਾਲ ਬਹੁਤ ਪਿਆਰ ਸੀ ਜਦਕਿ ਉਸ ਦੇ ਛੋਟੇ ਪੁੱਤਰ ਔਰੰਗਜ਼ੇਬ ਲਈ ਇਹ ਸਹਾਰਨਾ ਮੁਸ਼ਕਲ ਸੀ। ਉਸ ਨੇ ਦਾਰਾ ਸ਼ਿਕੋਹ ਨੂੰ ਖ਼ਤਮ ਕਰਨ ਲਈ, ਇੱਕ ਦਿਨ ਉਸ ਦੇ ਲਾਂਗਰੀ ਪਾਸੋਂ ਉਸ ਦੇ ਖਾਣੇ ਵਿਚ ਇੱਕ ਸ਼ੇਰ ਦੀ ਮੁੱਛ ਦੇ ਵਾਲ ਪੁਆ ਦਿੱਤੇ, ਜਿਸ ਨਾਲ ਦਾਰਾ ਸ਼ਿਕੋਹ ਦਾ ਪੇਟ ਖ਼ਰਾਬ ਹੋ ਗਿਆ। ਸ਼ਾਹੀ ਹਕੀਮਾਂ ਨੇ ਉਸ ਦਾ ਬਹੁਤ ਇਲਾਜ ਕੀਤਾ ਪਰ ਉਹ ਠੀਕ ਨਾ ਹੋਇਆ। ਹਕੀਮਾਂ ਨੇ ਸ਼ਾਹ ਜਹਾਨ ਨੂੰ ਕੀਰਤਪੁਰ ਦੇ ਦਵਾਖ਼ਾਨੇ ਤੋਂ ਦਵਾ ਮੰਗਵਾਉਣ ਦੀ ਸਲਾਹ ਦਿੱਤੀ। ਸ਼ਾਹ ਜਹਾਨ ਨੇ ਕਿਹਾ, ‘ਜਿਨਾਂ ਦੇ ਖ਼ਿਲਾਫ਼ ਮੈਂ ਫ਼ੌਜਾਂ ਭੇਜਦਾ ਰਿਹਾ ਹਾਂ, ਉਨਾਂ ਪਾਸੋਂ ਦਵਾ ਕਿਵੇਂ ਮੰਗਾਂ’? ਪੀਰ ਹਸਨ ਅਲੀ ਨੇ ਕਿਹਾ, ‘ਗੁਰੂ ਨਾਨਕ ਦੇ ਘਰ ਦਾ ਕਿਸੇ ਨਾਲ ਕੋਈ ਵੈਰ ਨਹੀਂ। ਉਹ ਸਦਾ ਦੂਜੇ ਦਾ ਭਲਾ ਕਰਦੇ ਹਨ। ਤੁਸੀਂ ਦਾਰਾ ਸ਼ਿਕੋਹ ਦੀ ਜਾਨ ਬਚਾਉਣ ਲਈ ਉਨਾਂ ਪਾਸੋਂ ਦਵਾ ਮੰਗਵਾ ਲਵੋ’। ਸ਼ਾਹ ਜਹਾਨ ਨੇ ਗੁਰੂ ਜੀ ਦੇ ਨਾਂਅ ਚਿੱਠੀ ਲਿਖ ਕੇ, ਆਪਣੇ ਖ਼ਾਸ ਆਦਮੀ ਰਾਹੀਂ ਕੀਰਤਪੁਰ ਭੇਜੀ। ਗੁਰੂ ਸਾਹਿਬ ਨੇ ਚਿੱਠੀ ਮਿਲਣ ਉੱਪਰ ਲੋੜੀਂਦੀ ਦਵਾਈ ਸ਼ਾਹ ਜਹਾਨ ਨੂੰ ਭੇਜ ਦਿੱਤੀ ਜਿਸ ਨੂੰ ਲੈਣ ਨਾਲ ਦਾਰਾ ਸ਼ਿਕੋਹ ਦੇ ਪੇਟ ਦਾ ਰੋਗ ਦੂਰ ਹੋ ਗਿਆ। ਇਤਿਹਾਸਕ ਹਵਾਲੇ ਕਹਿੰਦੇ ਹਨ ਕਿ ਇਸ ਉਪਰੰਤ ਦਾਰਾ ਸ਼ਿਕੋਹ ਗੁਰੂ ਸਾਹਿਬ ਦਾ ਧੰਨਵਾਦ ਕਰਨ ਲਈ ਕੀਮਤੀ ਭੇਟਾਵਾਂ ਲੈ ਕੇ ਆਪ ਚੱਲ ਕੇ ਕੀਰਤਪੁਰ ਹਾਜ਼ਰ ਹੋਇਆ ਸੀ।

ਇਸ ਦੌਰਾਨ ਆਪ ਜੀ ਨੇ ਧਰਮ ਪ੍ਰਚਾਰ ਦੇ ਕੰਮ ਨੂੰ ਢਿੱਲਾ ਨਹੀਂ ਪੈਣ ਦਿੱਤਾ। ਕਈ ਨਵੇਂ ਪ੍ਰਚਾਰਕ ਦੂਰ-ਦੁਰਾਡੇ ਖੇਤਰਾਂ ਵਿੱਚ ਭੇਜੇ ਗਏ। ਕੁੱਲ ਮਿਲਾ ਕੇ, ਸ੍ਰੀ ਗੁਰੂ ਹਰਿਰਾਇ ਸਾਹਿਬ ਦਾ 17 ਵਰਿਆਂ ਦਾ ਗੁਰਤਾ ਕਾਲ ਸਮਾਜ ਨੂੰ ਇਕਜੁੱਟ ਕਰਨ ਵਾਲਾ ਸੀ। ਇਸ ਦੌਰਾਨ ਮੁਗ਼ਲਾਂ ਨਾਲ ਕੋਈ ਸਿੱਧਾ ਸੰਘਰਸ਼ ਨਹੀਂ ਹੋਇਆ। ਗੁਰੂ ਸਾਹਿਬ ਨੇ ਜਿੱਥੇ ਗੁਰਸਿੱਖੀ ਦੇ ਸਿਧਾਂਤ ਦਿ੍ਰੜ ਕਰਵਾਏ ਉੱਥੇ ਸੰਗਤਾਂ ਦੀਆਂ ਸ਼ੰਕਾਵਾਂ ਵੀ ਦੂਰ ਕੀਤੀਆਂ। ਗੁਰਸਿੱਖੀ ਦੇ ਪ੍ਰਚਾਰ ਲਈ ਚੱਲੀ ਆ ਰਹੀ ਮੰਜੀਆਂ ਅਤੇ ਮਸੰਦ ਦੀ ਪ੍ਰਣਾਲੀ ’ਚ ਆ ਚੁੱਕੀਆਂ ਖ਼ਾਮੀਆਂ ਦੂਰ ਕਰਨ ਲਈ ਆਪ ਨੇ ਸਿੱਖੀ ਦੇ ਨਵੇਂ ਕੇਂਦਰ ਬਣਾਏ, ਜਿਨਾਂ ਨੂੰ ‘ਬਖ਼ਸ਼ਿਸ਼’ ਕਿਹਾ ਗਿਆ। ਸਿਦਕੀ ਸਿੱਖਾਂ ਭਾਈ ਸੁਥਰਾ ਸ਼ਾਹ, ਭਾਈ ਸੰਗਤੀਆ ਜੀ, ਭਾਈ ਭਗਤਾ ਗੀਰ ਆਦਿਕ ਨੂੰ ਇਨਾਂ ਕੇਂਦਰਾਂ ਦਾ ਮੁਖੀ ਬਣਾਇਆ ਗਿਆ ਸੀ ਜਿਨਾਂ ਨੇ ਤਨਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾਈ ਅਤੇ ਗੁਰੂ ਸਾਹਿਬ ਦੇ ਆਦੇਸ਼ ਨੂੰ ਬਖੂਬੀ ਸਤਿਕਾਰ ਦਿੱਤਾ।

ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਤਾ ਕਾਲ ਵਿਚ ਕੀਰਤਪੁਰ ਸਾਹਿਬ ਦਾ ਖੇਤਰ ਧਾਰਮਕ, ਸਮਾਜਕ, ਸੱਭਿਆਚਾਰਕ ਕਦਰਾਂ ਕੀਮਤਾਂ ਦਾ ਕੇਂਦਰ ਬਣ ਗਿਆ ਸੀ। ਸਿੱਖਾਂ ਅੰਦਰ ਸ੍ਰੇਸ਼ਟ ਭਾਵਨਾਵਾਂ ਦਿ੍ਰੜ ਕਰਣ ਲਈ ਗੁਰੂ ਸਾਹਿਬ ਆਪ ਰੁਚੀ ਲੈਂਦੇ ਸਨ ਅਤੇ ਹਰ ਤਰਾਂ ਦੀ ਸਿੱਖਿਆ ਦਾ ਪ੍ਰਬੰਧ ਕਰਦੇ ਸਨ। ਸੰਗਤਾਂ ਦੂਰੋਂ-ਦੂਰੋਂ ਗੁਰੂ ਸਾਹਿਬ ਦੇ ਦਰਸ਼ਨ ਲਈ ਆਉਂਦੀਆਂ ਅਤੇ ਆਤਮਕ ਆਨੰਦ ਪ੍ਰਾਪਤ ਕਰਦੀਆਂ। ਗੁਰੂ ਹਰਿਰਾਇ ਜੀ ਨੇ ਭਗਤੀ ਅਤੇ ਸਿਮਰਨ ਦੇ ਨਾਲ ਲੰਗਰ ਲਗਾਉਣ ਲਈ ਖ਼ਾਸ ਪ੍ਰੇਰਣਾ ਕੀਤੀ। ਆਪ ਜੀ ਕਿਹਾ ਕਰਦੇ ਸਨ ਕਿ ਕੋਈ ਵੀ ਲੋੜਵੰਦ ਕਿਸੇ ਵੀ ਗੁਰਸਿੱਖ ਦੇ ਦਰ ਤੋਂ ਨਿਰਾਸ਼ ਨਹੀਂ ਪਰਤਣਾ ਚਾਹੀਦਾ। ਹਰ ਗੁਰਸਿੱਖ ਦਾ ਫਰਜ਼ ਹੈ ਕਿ ਲੋੜਵੰਦ ਨੂੰ ਲੰਗਰ ਛਕਾਉਣ ਦੇ ਨਾਲ ਉਸ ਦੀਆਂ ਹੋਰ ਜ਼ਰੂਰਤਾਂ ਵੀ ਪੂਰੀਆਂ ਕਰਨ ਦਾ ਯਤਨ ਕਰੇ। ਗੁਰੂ ਸਾਹਿਬ ਦੀ ਪ੍ਰੇਰਨਾ ਨਾਲ ਭਾਈ ਫੇਰੂ ਜੀ ਨੇ ਮੁਲਤਾਨਲਾਹੌਰ ਰੋਡ ’ਤੇ ਡੇਰਾ ਬਣਾਇਆ ਅਤੇ ਅਤੁੱਟ ਲੰਗਰ ਲਾਇਆ, ਜੋ ਦਿਨ ਰਾਤ ਚੱਲਦਾ ਸੀ।

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਵੱਲੋਂ ਕੁਦਰਤ ਅਤੇ ਵਾਤਾਵਰਨ ਦੇ ਨਾਲ ਜੁੜਨ ਦੇ ਦਿੱਤੇ ਸੰਦੇਸ਼ ਦੇ ਮੱਦੇਨਜ਼ਰ ਆਪ ਜੀ ਦੇ ਗੁਰਗੱਦੀ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਸਬੰਧਤ ਸੰਸਥਾਵਾਂ ਵਿੱਚ ਬੂਟੇ ਲਗਾ ਕਿ ਇਸ ਇਤਹਾਸਕ ਦਿਹਾੜੇ ਨੂੰ ਵਾਤਾਵਰਨ ਦਿਵਸ ਦੇ ਤੌਰ ‘ਤੇ ਮਨਾਏ ਜਾਣ ਦਾ ਐਲਾਨ ਇਸੇ ਤਹਿਤ ਹੋਇਆ ਸੀ। ਹਰੇਕ ਵਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਪੰਜਾਬ, ਹਰਿਆਣਾ, ਚੰਡੀਗੜ ਵਿੱਚ ਹਰੇਕ ਗੁਰਦੁਆਰਾ ਸਾਹਿਬ ਵਿਖੇ ਵੱਲੋਂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਬਚਨ ਮੁਤਾਬਕ ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਹਜ਼ਾਰਾਂ ਬੂਟੇ ਲਾਏ ਜਾਂਦੇ ਹਨ।

ਆਪਣੀ ਸੇਵਾ ਨਿਭਾਉਣ ਉਪਰੰਤ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਸੰਨ 1661 ਈ: ਵਿੱਚ ਆਪਣੇ ਛੋਟੇ ਸਪੁੱਤਰ ਸ੍ਰੀ ਹਰਿਕਿ੍ਰਸ਼ਨ ਜੀ ਨੂੰ ਗੁਰਗੱਦੀ ਸੌਂਪਦੇ ਹੋਏ ਉਨਾਂ ਨੂੰ ਅੱਠਵੇਂ ਗੁਰੂ ਵਜੋਂ ਪ੍ਰਗਟ ਕੀਤਾ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਅਖ਼ਰੀਲਾ ਸਮਾਂ ਕੀਰਤਪੁਰ ਸਾਹਿਬ ’ਚ ਹੀ ਬੀਤਿਆ ਅਤੇ 1661 ਵਿੱਚ ਉਹ ਜੋਤੀ ਜੋਤ ਸਮਾ ਗਏ। ਉਨਾਂ ਦਾ ਸਸਕਾਰ ਸਤਲੁਜ ਦਰਿਆ ਦੇ ਕੰਢੇ ਪਾਤਾਲਪੁਰੀ ਵਿਖੇ ਕੀਤਾ ਗਿਆ। ਗੁਰੂ ਹਰਿਰਾਇ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਆਰੰਭੇ ਕਾਰਜ ਨੂੰ ਮਜ਼ਬੂਤ ਆਧਾਰ ਬਖ਼ਸ਼ਿਆ, ਜਿਸ ’ਤੇ ਅੱਗੇ ਚੱਲ ਕੇ ਦਸਮ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਾਜਨਾ ਦਾ ਵਿਸ਼ਵ ਵਿਆਪੀ ਮਹਿਲ ਉਸਾਰਿਆ। ਗੁਰੂ ਹਰਿਰਾਇ ਜੀ ਦੀ ਪ੍ਰੇਰਨਾ ਨਾਲ ਤਿਆਰ ਹੋਏ ਦਿ੍ਰੜ ਮਨ ਅਤੇ ਸਬਲ ਤਨ ਧਾਰੀ ਗੁਰਸਿੱਖ ਦਸਮੇਸ਼ ਪਿਤਾ ਦੀ ਅੰਮਿ੍ਰਤ ਦੀ ਦਾਤ ਛਕ ਕੇ ਸਿੰਘ ਬਣੇ ਅਤੇ ਨਿਵੇਕਲਾ ਇਤਿਹਾਸ ਰਚਿਆ ਗਿਆ। ਪ੍ਰੇਮ-ਪੂਰਨ ਦਿ੍ਰਸ਼ਟੀ, ਕੁਦਰਤ ਨਾਲ ਨਿੱਘੀ ਸਾਂਝ, ਪ੍ਰਭੂ ਨਾਲ ਇਕਰਸਤਾ ਅਤੇ ਮੁੱਢਲੇ ਜੀਵਨ ਅਸੂਲਾਂ ’ਤੇ ਅਡੋਲਤਾ ਦਾ ਸੁਮੇਲ ਵਰਗੇ ਮਹਾਨ ਪਹਿਲੂ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਸੰਸਾਰਕ ਜੀਵਨ ਨੂੰ ਸਮੁੱਚੀ ਮਨੁੱਖਤਾ ਲਈ ਪ੍ਰੇਰਣਾਦਾਈ ਬਣਾਉਂਦੇ ਹਨ।

Read News Paper

Related articles

spot_img

Recent articles

spot_img