-11.5 C
New York

ਸ੍ਰੀ ਗੁਰੂ ਨਾਨਕ ਸਾਹਿਬ ਅਤੇ ਉਨਾਂ ਦੀਆਂ ਸਿੱਖਿਆਵਾਂ ਦੀ ਮੌਜੂਦਾ ਦੌਰ ਵਿੱਚ ਵਧੀ ਪ੍ਰਸੰਗਿਕਤਾ

Published:

Rate this post

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਉਨਾਂ ਦਾ ਸਰਬ-ਵਿਆਪਕਵਾਦ ਦਾ ਫਲਸਫਾ ਮੌਜੂਦਾ ਸਮੇਂ ਵਿੱਚ ਸਭ ਤੋਂ ਵੱਧ ਪ੍ਰਸੰਗਿਕ ਜਾਪਦਾ ਹੈ, ਜਦੋਂ ਮਨੁੱਖਤਾ ਗੰਭੀਰ ਸੰਕਟ ਅਤੇ ਟਕਰਾਅ ਦੇ ਦੌਰ ਵਿੱਚੋਂ ਲੰਘ ਰਹੀ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਭਾਰਤ-ਪਾਕਿਸਤਾਨ ਸਬੰਧਾਂ ਦੇ ਇਤਿਹਾਸ ਵਿੱਚ ਕੁੜੱਤਣ, ਦੁਸ਼ਮਣੀ ਅਤੇ ਦੋਵਾਂ ਪਾਸਿਆਂ ਦੇ ਬੇਮਿਸਾਲ ਉਕਸਾਵੇ ਦੇ ਦੌਰ ਵਿੱਚ ਇੱਕ ਅਹਿਮ ਮੋੜ ਸਾਬਤ ਹੋਇਆ ਸੀ। ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਅਤੇ ਬਾਬੇ ਨਾਨਕ ਦੇ ਫਲਸਫੇ ਦੇ ਪੈਰੋਕਾਰਾਂ ਨੂੰ ਨਾਰੋਵਾਲ ਜ਼ਿਲੇ ਦੇ ਕਰਤਾਰਪੁਰ ਵਿਖੇ ਧਾਰਮਿਕ ਅਸਥਾਨ ਤੱਕ ਵੀਜ਼ਾ ਮੁਕਤ ਪਹੁੰਚ ਕਰਨ ਦਾ ਫੈਸਲਾ, ਜੋ ਕਿ ਸਰਹੱਦ ਨੇੜੇ ਭਾਰਤੀ ਪੰਜਾਬ ਵਿੱਚ ਸਿੱਖਾਂ ਦੇ ਇੱਕ ਹੋਰ ਸਤਿਕਾਰਤ ਸਥਾਨ ਡੇਰਾ ਬਾਬਾ ਨਾਨਕ ਤੋਂ ਸਿਰਫ ਚਾਰ ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਹੈ, ਬਾਬੇ ਨਾਨਕ ਦੇ ਪਿਆਰ, ਭਾਈਚਾਰਕ ਸਾਂਝ, ਸਰਬ-ਸਾਂਝੀਵਾਲਤਾ ਦੇ ਮਹਾਨ ਉਪਦੇਸ਼ ਦਾ ਪ੍ਰਮਾਣ ਬਣਿਆ। ਇਸ ਫੈਸਲੇ ਨਾਲ ਭਾਰਤ ਦੇ ਸਿੱਖਾਂ ਦਾ ਸੱਤ ਦਹਾਕੇ ਪੁਰਾਣਾ ਸੁਪਨਾ, ਦੁਹਾਂ ਦੇਸ਼ਾਂ ਵਿੱਚ ਮੌਜੂਦ ਕਈ ਸ਼ੰਕਿਆਂ ਦੇ ਬਾਵਜੂਦ ਪੂਰਾ ਹੋਇਆ ਸੀ।

ਸਿੱਖ ਪੰਥ ਵੱਲੋਂ ਨਿੱਤਨੇਮ ਤਹਿਤ ਅਰਦਾਸ ਰਾਹੀਂ ਵੀ ਅਕਾਲ ਪੁਰਖ ਸਨਮੁਖ ਇਹ ਬੇਨਤੀ ਹੁੰਦੀ ਆਈ ਹੈ- ‘ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੱੁਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ’। ਹੁਣ ਇਹ ਦਰਸ਼ਨ ਦੀਦਾਰੇ ਦਾ ਰਾਹ ਖੁੱਲਿਆ ਹੈ ਜਿਹੜਾ ਦੋ ਦੇਸ਼ਾਂ ਵਿਚਾਲੇ ਦੁਵੱਲੇ ਸਹਿਯੋਗ ਅਤੇ ਲੋਕਾਂ ਦੇ ਸੰਵਾਦ ਦੀ ਮਜ਼ਬੂਤ ਨੀਂਹ ਵੀ ਰੱਖੇਗਾ। ਬਾਬੇ ਨਾਨਕ ਨੇ ਆਪ ਹਮੇਸ਼ਾਂ ਹੀ ਸਮਾਜਿਕ ਢਾਂਚੇ ਵਿਚਲੀ ਅਗਿਆਨਤਾ, ਸੰਪਰਦਾਇਕ ਰੀਤਾਂ, ਤਰਕਹੀਣ ਵੰਡਾਂ ਨੂੰ ਦੂਰ ਕਰਨ ਲਈ ਸੰਵਾਦ ਕੀਤਾ ਤਾਂ ਜੋ ਮਨੁੱਖਤਾ ਨੂੰ ਰੂੜੀਵਾਦੀ ਸੋਚ ਅਤੇ ਪੱਖਪਾਤੀ ਪਹੁੰਚ ਤੋਂ ਮੁਕਤ ਕਰ ਕੇ ਇਨਸਾਫ਼ ’ਤੇ ਆਧਾਰਿਤ ਅਤੇ ਅੰਨੇ ਕਰਮਕਾਂਡਾਂ ਅਤੇ ਰੂੜੀਵਾਦੀ ਪ੍ਰਥਾਵਾਂ ਦੇ ਹਨੇਰੇ ਤੋਂ ਮੁਕਤ ਇੱਕ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ। ਆਪਣੀਆਂ ਸਿੱਖਿਆਵਾਂ ਅਤੇ ਬਚਨਾਂ ਦੁਆਰਾ ਗੁਰੂ ਸਾਹਿਬ ਨੇ ਉਸ ਸਮੇਂ ਦੀ ਸਮਾਜਿਕ ਪ੍ਰਣਾਲੀ ਨੂੰ ਨੈਤਿਕ ਤੌਰ ’ਤੇ ਮਜ਼ਬੂਤ ਕੀਤਾ, ਜੋ ਉਸ ਸਮੇਂ ਨਵੀਂ ਨੀਵਾਣਾਂ ਨੂੰ ਛੂਹ ਰਹੀ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਨੂੰ ਇੱਕ ਨਿਆਂਪੂਰਨ ਸਮਾਜਿਕ ਵਿਵਸਥਾ ਦੀ ਸਥਾਪਨਾ ਦਾ ਮਾਰਗ ਵਿਖਾਉਂਦੀਆਂ ਹਨ, ਜਿਸ ਵਿੱਚ ਸਮਾਨਤਾ, ਆਜ਼ਾਦੀ, ਭਾਈਚਾਰਾ ਆਦਿ ਉਨਾਂ ਦੇ ਮੁੱਖ ਸਰੋਕਾਰ ਸਨ। ਗੁਰੂ ਸਾਹਿਬ ਆਪਣੇ ਸਮਿਆਂ ਦੀ ਸਮਾਜਿਕ ਵਿਵਸਥਾ ਤੋਂ ਚੰਗੀ ਤਰਾਂ ਜਾਣੰੂ ਸਨ, ਜੋ ਅਸਮਾਨਤਾ ਅਤੇ ਬੇਇਨਸਾਫ਼ੀ ’ਤੇ ਆਧਾਰਿਤ ਸੀ। ਉਨਾਂ ਨੇ ਉਸ ਸਮਾਜਿਕ ਵਿਵਸਥਾ ਦੀ ਨਾ ਸਿਰਫ਼ ਨਿੰਦਾ ਕੀਤੀ, ਸਗੋਂ ਉਸ ਨੂੰ ਚੁਣੌਤੀ ਵੀ ਦਿੱਤੀ, ਜਿਸ ਵਿੱਚ ਹਰ ਰੰਗ ਦੇ ਹਾਕਮ, ਆਮ ਸਮਾਜ ਅਤੇ ਉਸ ਦੇ ਹਾਸ਼ੀਏ ਦੇ ਆਸਪਾਸ ਵਸਦੇ ਤਬਕਿਆਂ ਦਾ ਸ਼ੋਸ਼ਣ ਕਰ ਰਹੇ ਸਨ। ਗੁਰੂ ਸਾਹਿਬ ਸ਼ੋਸ਼ਣ ਕਰਨ ਵਾਲਿਆਂ ਦੇ ਆਲੋਚਕ ਸਨ ਅਤੇ ਇਸ ਗੱਲ ਤੋਂ ਪੂਰੀ ਤਰਾਂ ਵਾਕਿਫ਼ ਸਨ ਕਿ ਹਾਕਮਾਂ ਦੁਆਰਾ ਗਰੀਬਾਂ ਦੇ ਸ਼ੋਸ਼ਣ ਦਾ ਢਾਂਚਾ ਕਿਵੇਂ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਦੇ ਰਾਹ ਵਿੱਚ ਰੁਕਾਵਟ ਵਾਂਗ ਆ ਰਿਹਾ ਹੈ। ਇਸ ਤਰਾਂ ਬਾਬੇ ਨਾਨਕ ਦੀ ਵਿਚਾਰਧਾਰਾ ਉਸ ਵੇਲੇ ਦੇ ਮੁਗ਼ਲ ਸ਼ਾਸਕ ਬਾਬਰ ਦੇ ਬੇਇਨਸਾਫ਼ੀ ਵਰਤਾਰਿਆਂ ਦੇ ਖ਼ਿਲਾਫ਼ ਗੂੰਜਦੀ ਸੀ। ਗੁਰੂ ਸਾਹਿਬ ਨੇ ਜਾਤੀ ਢਾਂਚੇ ਦੀ ਨਿਖੇਧੀ ਕੀਤੀ ਅਤੇ ਆਪਣੇ ਪੈਰੋਕਾਰਾਂ ਨੂੰ ਜਾਤ-ਪਾਤ ਦੇ ਵਖਰੇਵਿਆਂ ਤੋਂ ਉੱਪਰ ਉੱਠਣ ਦਾ ਰਾਹ ਵਿਖਾਇਆ। ਉਨਾਂ ਨੇ ਆਪ ਇੱਕ ਮਿਸਾਲੀ ਜੀਵਨ ਬਤੀਤ ਕੀਤਾ ਜਿਸ ਵਿੱਚ ਉਨਾਂ ਨੇ ਆਪਣੇ ਸਭ ਤੋਂ ਨਜ਼ਦੀਕੀ ਸਾਥੀ ਭਾਈ ਮਰਦਾਨਾ ਅਤੇ ਭਾਈ ਬਾਲਾ ਨੂੰ ਕਥਿਤ ਨੀਵੀਆਂ ਮੰਨੀਆਂ ਜਾਂਦੀਆ ਜਾਤਾਂ ਵਿੱਚੋਂ ਜੋੜਿਆ। ਇਸ ਤਰਾਂ ਗੁਰੂ ਸਾਹਿਬ ਨੇ ਕੁੱਲ ਦੁਨੀਆ ਨੂੰ ਦੱਸਿਆ ਕਿ ਉਨਾਂ ਦੀ ਨਜ਼ਰ ਵਿੱਚ ਜਾਤ-ਪਾਤ ਦਾ ਕੋਈ ਮਹੱਤਵ ਨਹੀਂ ਹੈ।

ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਵਿੱਚ ਔਰਤ ਦੀ ਮਰਿਆਦਾ ਦਾ ਵਿਸ਼ੇਸ਼ ਸਥਾਨ ਹੈ। ਉਨਾਂ ਨੇ ਨਾ ਸਿਰਫ਼ ਔਰਤ-ਮਰਦ ਦੀ ਬਰਾਬਰੀ ਦੀ ਗੱਲ ਕੀਤੀ, ਸਗੋਂ ਔਰਤ ਨੂੰ ‘ਸਿਰਜਣਹਾਰ’ ਵਜੋਂ ਵਿਸ਼ੇਸ਼ ਰੁਤਬਾ ਦਿੱਤਾ। ਓਸ ਸਮੇਂ ਸਮਾਜਿਕ ਹਾਲਾਤ ਅਜਿਹੇ ਸਨ ਕਿ ਔਰਤ ਨੂੰ ਸਮਾਜਿਕ ਬਣਤਰ ਅਤੇ ਮਰਦ ਦੀ ਜਾਇਦਾਦ ਪੱਖੋਂ ਬਹੁਤ ਨੀਵਾਂ ਮੰਨਿਆ ਜਾਂਦਾ ਸੀ। ਉਨਾਂ ਨੂੰ ਆਪਣੇ-ਆਪਣੇ ਘਰਾਂ ਦੀ ਚਾਰ ਦੀਵਾਰੀ ਵਿੱਚ ਹੀ ਸੀਮਤ ਰੱਖਣ ਲਈ ਨੌਕਰ ਸਮਝਿਆ ਜਾਂਦਾ ਸੀ। ਉਨਾਂ ਨੂੰ ਵੱਖ-ਵੱਖ ਪੱਧਰਾਂ ’ਤੇ ਵਿਤਕਰੇ ਅਤੇ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਅਤੇ ਉਹ ਬਹੁਤ ਹੀ ਅਣਗੌਲੇ ਜੀਵਨ ਬਤੀਤ ਕਰ ਰਹੀਆਂ ਸਨ। ਇਨਾਂ ਹਾਲਾਤ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਦੀ ਬਰਾਬਰਤਾ ਦਾ ਉਪਦੇਸ਼ ਦੇ ਕੇ ਇੱਕ ਬਹੁਤ ਹੀ ਕ੍ਰਾਂਤੀਕਾਰੀ ਵਿਚਾਰ ਦਿੱਤਾ।

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ

ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥

ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥

ਗੁਰੂ ਸਾਹਿਬ ਫਰਮਾਉਂਦੇ ਅਤੇ ਸਮਝਾਉਂਦੇ ਹਨ ਕਿ ਔਰਤ ਤੋਂ ਹੀ ਮਰਦ ਪੈਦਾ ਹੁੰਦਾ ਹੈ, ਔਰਤ ਦੇ ਅੰਦਰ ਹੀ ਮਰਦ ਦਾ ਜਨਮ ਹੁੰਦਾ ਹੈ, ਇਸਤਰੀ ਨਾਲ ਹੀ ਉਸ ਦੀ ਕੁੜਮਾਈ ਅਤੇ ਵਿਆਹ ਹੁੰਦਾ ਹੈ। ਔਰਤ ਹੀ ਉਸ ਦੀ ਸਾਥੀ ਬਣ ਜਾਂਦੀ ਹੈ ਅਤੇ ਇਸਤਰੀ ਰਾਹੀਂ ਹੀ ਆਉਣ ਵਾਲੀਆਂ ਪੀੜੀਆਂ ਆਉਂਦੀਆਂ ਹਨ।

ਗੁਰੂ ਸਾਹਿਬ ਦੀ ਡੂੰਘੀ ਦਾਰਸ਼ਨਿਕ ਸੂਝ ਦੀ ਵਿਲੱਖਣਤਾ ਨੇ ‘ਧਰਮ ਨਿਰਪੱਖਤਾ’ ਸ਼ਬਦ ਦੀ ਨੂੰ ਜਨਮ ਅਤੇ ਅਸਲ ਭਾਵ ਵੀ ਦਿੱਤਾ। ਉਹ ਪਹਿਲੇ ਰਹਿਬਰ ਸਨ ਜਿਨਾਂ ਨੇ ‘ਨਾ ਕੋ ਹਿੰਦੂ, ਨਾ ਮੁਸਲਮਾਨ’ ਦੇ ਆਦਰਸ਼ ਨੂੰ ਬਿਆਨ ਕੀਤਾ ਅਤੇ ਦੱਸਿਆ ਕਿ ਸਾਰੇ ਓਸ ਸਰਬ ਸ਼ਕਤੀਮਾਨ ਅਕਾਲ ਪੁਰਖ ਦੀ ਹੀ ਰਚਨਾ ਹਨ। ਗੁਰੂ ਸਾਹਿਬ ਨੇ ਇਹ ਗੱਲ ਵੀ ਰੂਪਮਾਨ ਕੀਤੀ ਕਿ ਸਮੁੱਚਾ ਬ੍ਰਹਿਮੰਡ ਬ੍ਰਹਮ ਪ੍ਰਕਾਸ਼ ਨਾਲ ਭਰਿਆ ਹੋਇਆ ਹੈ ਅਤੇ ਇਸ ਤਰਾਂ ਮਨੁੱਖਤਾ ਦੀ ਸਕਾਰਾਤਮਕ ਸੰਭਾਵਨਾ ਨੂੰ ਅੱਗੇ ਵਧਾਉਂਦਾ ਹੈ। ਇੱਕ ਮਿਸਾਲੀ ਜੀਵਨ ਦੀ ਅਗਵਾਈ ਕਰਦਿਆਂ, ਗੁਰੂ ਨਾਨਕ ਦੇਵ ਜੀ ਨੇ ਲੋਕਾਂ ਵਿੱਚ ਮਤਭੇਦ ਨੂੰ ਖਤਮ ਕਰਨ ਲਈ ਜੀਵਨ ਦਾ ਇੱਕ ਨਵਾਂ ਦਿ੍ਰਸ਼ਟੀਕੋਣ ਪੇਸ਼ ਕੀਤਾ। ਉਨਾਂ ਦੀ ਵਿਚਾਰਧਾਰਾ ਏਨੀ ਸਰਲ, ਦਇਆਵਾਨ ਅਤੇ ਵਿਹਾਰਕ ਸੀ ਕਿ ਓਸ ਸਮੇਂ ਦੇ ਨਿਰਾਸ਼ ਲੋਕਾਂ ਨੇ ਉਨਾਂ ਵਿੱਚ ਇੱਕ ਅਜਿਹਾ ਰਹਿਬਰ ਵੇਖਿਆ ਜਿਸ ਨੇ ਉਨਾਂ ਦੇ ਜੀਵਨ ਨੂੰ ਇੱਕ ਨਵਾਂ ਮਕਸਦ ਦਿੱਤਾ।

ਬਾਬੇ ਨਾਨਕ ਦੇ ਫਲਸਫੇ ਨੇ ਸ਼ੁਰੂ ਤੋਂ ਹੀ ਲੋੜਵੰਦਾਂ ਲਈ ਮੁਫਤ ਭੋਜਨ (ਲੰਗਰ), ਰਿਹਾਇਸ਼ ਅਤੇ ਸੁਰੱਖਿਆ ਦੀ ਸਹਿਕਾਰੀ ਵਿਵਸਥਾ ਲਈ ਇੱਕ ਅੰਦਰੂਨੀ ਪ੍ਰਣਾਲੀ ਤਿਆਰ ਕੀਤੀ। ਕਰਤਾਰਪੁਰ (ਪਾਕਿਸਤਾਨ) ਵਿਖੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਆਪਣੇ ਪੈਰੋਕਾਰਾਂ ਵਿੱਚੋਂ ਆਪਣਾ ਉੱਤਰਾਧਿਕਾਰੀ ਚੁਣਿਆ ਅਤੇ ਇਸ ਸਮੇਂ ਤੱਕ ਉਨਾਂ ਇੱਕ ਨਵੇਂ ਸਮਾਜਿਕ ਸਮੂਹ ਦਾ ਅਧਾਰ ਰੱਖ ਦਿੱਤਾ ਸੀ, ਜਿਸ ਸਦਕਾ ਮਨੁੱਖ ਦੇ ਸਮਾਜਿਕ ਅਤੇ ਧਾਰਮਿਕ ਜੀਵਨ ਦੀ ਅਗਵਾਈ ਕੀਤੀ ਜਾ ਸਕੇ। ਗੁਰੂ ਸਾਹਿਬ ਨੇ ਤਿੰਨ ਸਿਧਾਂਤਾਂ ਜਿਵੇਂ ਕਿ ਸੰਗਤ, ਪੰਗਤ ਅਤੇ ਲੰਗਰ ’ਤੇ ਅਧਾਰਿਤ ਇੱਕ ਸਮਾਨਤਾਵਾਦੀ ਅਤੇ ਮਿਸਾਲੀ ਸਮਾਜ ਦਾ ਨਿਰਮਾਣ ਕੀਤਾ, ਜਿਸ ਵਿੱਚ ਮਨੁੱਖ ਦੀ ਜਾਤੀ ਅਤੇ ਸਮਾਜਿਕ ਵਖਰੇਵਿਆਂ ਦੀ ਥਾਂ ਭਾਈਚਾਰਾ ਅਤੇ ਸਾਂਝੀਵਾਲਤਾ ਨੂੰ ਉਤਸ਼ਾਹ ਮਿਲਿਆ।

ਕਿਰਤ ਨੂੰ ਮਹੱਤਤਾ ਅਤੇ ਸਨਮਾਨ ਦੇਣਾ ਉਨਾਂ ਦੇ ਫਲਸਫੇ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ‘ਜੋ ਆਪਣੀ ਮਿਹਨਤ ਦੇ ਫਲ ਨਾਲ ਜਿਉਂਦੇ ਹਨ ਅਤੇ ਇਸ ਦਾ ਫਲ ਦੂਜਿਆਂ ਨਾਲ ਸਾਂਝਾ ਕਰਦੇ ਹਨ, ਉਨਾਂ ਦੇ ਜੀਵਨ ਨੂੰ ਅਸਲ ਪ੍ਰਾਪਤੀ ਹੁੰਦੀ ਹੈ’। ਉਸ ਸਮੇਂ ਦੇ ਪ੍ਰਚਲਿਤ ਜਾਤੀਵਾਦ ਅਤੇ ਸਮਾਜਿਕ ਭੇਦਭਾਵ ਅਤੇ ਛੂਤ-ਛਾਤ ਵਰਗੇ ਗਲਤ ਵਰਤਾਰਿਆਂ ਨੂੰ ਇਸ ਵਿਚਾਰਧਾਰਾ ਨੇ ਚੋਟ ਮਾਰੀ। ਇਸ ਵਿਚਾਰਧਾਰਾ ਨੇ ਸਖ਼ਤ ਮਿਹਨਤ ਦੁਆਰਾ ਪ੍ਰਾਪਤ ਕੀਤੀ ਸਵੈ-ਨਿਰਭਰਤਾ ’ਤੇ ਜ਼ੋਰ ਦਿੱਤਾ, ਜੋ ਉਨਾਂ ਦੀ ਪਛਾਣ ਅਤੇ ਸਵੈ-ਮਾਣ ਦਾ ਸਰੋਤ ਬਣੀ। ਗੁਰੂ ਸਾਹਿਬ ਵੱਲੋਂ ਇੱਕ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਪ੍ਰਮੁੱਖਤਾ ਨਾਲ ਗੱਲ ਕੀਤੀ ਗਈ ਸੀ, ਜਿੱਥੇ ਸਮਾਜਿਕ ਤੌਰ ਉੱਤੇ ਹੱਕਾਂ ਤੋਂ ਵਾਂਝੇ ਵਰਗ, ਦੱਬੇ-ਕੁਚਲੇ ਅਤੇ ਔਰਤਾਂ ਆਪਣੀ ਹੋਂਦ ਦਾ ਇੱਕ ਨਵਾਂ ਅਰਥ ਅਨੁਭਵ ਕਰ ਸਕਣ।

ਇਸ ਸੰਦਰਭ ਵਿੱਚ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਸਮਕਾਲੀ ਸਮੇਂ ਵਿੱਚ ਵੀ ਬਹੁਤ ਸਾਰਥਕ ਹੈ। ਵਾਤਾਵਰਨ ਬਾਰੇ ਉਨਾਂ ਦਾ ਦਿ੍ਰਸ਼ਟੀਕੋਣ ਭਾਵ ‘ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ’ ਮਨੁੱਖੀ ਹੋਂਦ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੀਆਂ ਚੁਣੌਤੀਆਂ ਪ੍ਰਤੀ ਉਨਾਂ ਦੀ ਦਿ੍ਰਸ਼ਟੀ ਦਾ ਪ੍ਰਮਾਣ ਹੈ। ਉਨਾਂ ਨੇ ਆਪਣੀ ਵਿਰਾਸਤ ਸਮੁੱਚੀ ਮਨੁੱਖਤਾ ਦੀ ਝੋਲੀ ਪਾਈ, ਪਰ ਬਦਕਿਸਮਤੀ ਇਹ ਰਹੀ ਕਿ ਬਾਬੇ ਨਾਨਕ ਦੇ ਵਾਰਸ ਹੋਣ ਦਾ ਦਾਅਵਾ ਕਰਨ ਵਾਲੇ ਉਨਾਂ ਦੇ ਪੈਰੋਕਾਰਾਂ ਵੱਲੋਂ ਇਸ ਦਾਤ ਦਾ ਪੂਰਾ ਅਦਬ ਅਤੇ ਪਾਲਣ ਨਹੀਂ ਕੀਤਾ ਗਿਆ।

ਹਾਲ ਹੀ ਵਿੱਚ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਮੇਂ ਸਿੱਖ ਭਾਈਚਾਰੇ ਦੇ ਵੱਖ-ਵੱਖ ਸਮੂਹਾਂ ਨਾਲ ਜੁੜਦੇ ਵਿਵਾਦਾਂ ਤੋਂ ਪਤਾ ਲੱਗਦਾ ਹੈ ਕਿ ਸਮਾਜ ਹੁਣ ਵੀ ਭਾਈਚਾਰਕ, ਜਾਤ-ਰਹਿਤ, ਸਮਾਨਤਾਵਾਦੀ, ਈਮਾਨਦਾਰ ਆਦਿ ਦੇ ਆਪਣੇ ਆਦਰਸ਼ਾਂ ਦੀ ਪਾਲਣ ਕਰਨ ਤੋਂ ਦੂਰ ਹੀ ਨਜ਼ਰ ਆਉਂਦਾ ਹੈ।

-ਜਗਰੂਪ ਸਿੰਘ ਸੇਖੋਂ

Read News Paper

Related articles

spot_img

Recent articles

spot_img