ਮਾਨਸਾ/ਪੰਜਾਬ ਪੋਸਟ
ਮਾਨਸਾ ਦੀ ਅਦਾਲਤ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸੀ.ਆਈ.ਏ. ਦੀ ਹਿਰਾਸਤ ’ਚੋਂ ਗੈਂਗਸਟਰ ਮੁਲਜ਼ਮ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਵਿਚ ਅਦਾਲਤ ਕੋਲ ਅਪਣੇ ਬਿਆਨ ਦਰਜ ਕਰਨ ਲਈ ਪੇਸ਼ ਨਾ ਹੋਣ ਕਾਰਨ ਇਕ ਸੇਵਾਮੁਕਤ ਪੁਲਿਸ ਮੁਲਾਜ਼ਮ ਸਮੇਤ ਦੋ ਸਰਕਾਰੀ ਗਵਾਹਾਂ ਵਿਰੁਧ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਮੂਸੇਵਾਲਾ ਕਤਲ ਕਾਂਡ ਦਾ ਇਕ ਮੁਲਜ਼ਮ ਦੀਪਕ ਟੀਨੂੰ 1 ਅਕਤੂਬਰ, 2022 ਨੂੰ ਸੀਆਈਏ ਸਟਾਫ਼ ਮਾਨਸਾ ਦੀ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ ਸੀ। ਪੰਜਾਬ ਪੁਲਿਸ ਨੇ ਸੀਆਈਏ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਬਰਖਾਸਤ ਕਰ ਦਿਤਾ ਸੀ ਅਤੇ ਕਤਲ ਕੇਸ ਦੀ ਜਾਂਚ ਕਰ ਰਹੀ ਐਸਆਈਟੀ (ਸਿਟ) ਦਾ ਵੀ ਮੈਂਬਰ ਸੀ। ਦੀਪਕ ਟੀਨੂੰ ਨੂੰ ਦਿੱਲੀ ਪੁਲਿਸ ਨੇ 19 ਅਕਤੂਬਰ ਨੂੰ ਰਾਜਸਥਾਨ ਦੇ ਅਜਮੇਰ ਤੋਂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਗਵਾਹਾਂ ਨੂੰ ਜ਼ਮਾਨਤੀ ਵਾਰੰਟਾਂ ਰਾਹੀਂ 5,000 ਦੀ ਰਕਮ ਸਣੇ 12 ਦਸੰਬਰ ਨੂੰ ਅਗਲੀ ਤਰੀਕ ਲਈ ਇਕ-ਇਕ ਜ਼ਮਾਨਤ ਦੇ ਨਾਲ ਤਲਬ ਕੀਤਾ ਜਾਵੇਗਾ।