ਪੰਜਾਬ ਪੋਸਟ/ਬਿਓਰੋ
ਅਮਰੀਕਾ ਦੇ ਸੂਬੇ ਵਾਸ਼ਿੰਗਟਨ ਵਿੱਚ ਕੈਂਟ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਇੱਕ ਸਿੱਖ ਅਮਰੀਕਨ ਸਤਵਿੰਦਰ ਕੌਰ ਨੂੰ ਵੱਡੀ ਜਿੰਮੇਵਾਰੀ ਦੇਂਦਿਆਂ ਦੋ ਸਾਲਾਂ ਦੇ ਕਾਰਜਕਾਲ ਲਈ ਆਪਣਾ ਪ੍ਰਧਾਨ ਚੁਣ ਲਿਆ ਹੈ। ਸਥਾਨਕ ਨਿਊਜ ਆਊਟਲੈਟ ਕੈਂਟ ਰਿਪੋਰਟਰ ਮੁਤਾਬਿਕ ਆਪਣੀ ਨਵੀਂ ਭੂਮਿਕਾ ਵਿੱਚ ਸਤਵਿੰਦਰ ਕੌਰ ਬਿਲ ਬੌਇਸ ਦੀ ਥਾਂ ਲਵੇਗੀ, ਜਿਨ੍ਹਾਂ ਨੇ ਉਸ ਨੂੰ ਇਸ ਅਹਿਮ ਅਹੁਦੇ ਲਈ ਨਾਮਜ਼ਦ ਕੀਤਾ ਹੈ। ਬੌਇਸ ਨੇ 6 ਫਰਵਰੀ ਦੀ ਮੀਟਿੰਗ ਵਿੱਚ ਕੌਰ ਦੀ ਚੋਣ ਤੋਂ ਬਾਅਦ ਕਿਹਾ, “ਤੁਹਾਡੇ ਕੋਲ ਕੁਝ ਛੋਟੀਆਂ ਜ਼ਿੰਮੇਵਾਰੀਆਂ ਹਨ। ਪਰ ਮੈਨੂੰ ਯਕੀਨ ਹੈ ਕਿ ਤੁਸੀਂ ਨਵੀਂ ਜਿੰਮੇਵਾਰੀ ਉੱਪਰ ਵਧੀਆ ਕੰਮ ਕਰੋਗੇ ਅਤੇ ਅਸੀਂ ਇੱਥੇ ਤੁਹਾਡਾ ਸਮਰਥਨ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਮੌਜੂਦ ਹਾਂ ਕਿ ਤੁਸੀਂ ਬਹੁਤ ਸਫਲ ਬਣੋ।’’
ਆਪਣੇ ਸਹਿਯੋਗੀ ਬੌਇਸ ਨੂੰ ਸਲਾਹ ਦੇਣ ਲਈ ਧੰਨਵਾਦ ਕਰਦੇ ਹੋਏ ਕੌਰ ਨੇ ਕਿਹਾ: “ਮੈਂ ਜਾਣਦੀ ਹਾਂ ਕਿ ਸਾਡਾ ਸਾਰਿਆਂ ਦਾ ਟੀਚਾ ਕਮਿਊਨਿਟੀ ਦੀ ਸੇਵਾ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕੈਂਟ ਸਾਡੇ ਸਾਰਿਆਂ ਲਈ ਇੱਕ ਬਿਹਤਰ ਜਗ੍ਹਾ ਹੈ।’’
ਸਿੱਖ ਅਤੇ ਪੰਜਾਬੀ ਭਾਈਚਾਰੇ ਦੀ ਵੱਡੀ ਗਿਣਤੀ ਵਾਲੇ ਕੈਂਟ ਸਿਟੀ ਕੌਂਸਲ ਦੀ ਵੈੱਬਸਾਈਟ ਅਨੁਸਾਰ, ਸਤਵਿੰਦਰ ਕੌਰ ਕੌਂਸਲ ਵਿੱਚ ਆਪਣੀ ਭੂਮਿਕਾ ਨੂੰ ਇੱਕ ਵਧੀਆ ਸਿੱਖਣ ਦੇ ਮੌਕੇ ਅਤੇ ਸਿਟੀ ਦੀਆਂ ਸਮੱਸਿਆਵਾਂ ਵੱਲ ਨਵੇਂ ਸਿਰੇ ਤੋਂ ਨਜ਼ਰ ਮਾਰਨ ਦੇ ਮੌਕੇ ਵਜੋਂ ਦੇਖਦੀ ਹੈ। ਕੌਰ ਦੇ ਹਵਾਲੇ ਨਾਲ ਵੈੱਬਸਾਈਟ ’ਤੇ ਕਿਹਾ ਗਿਆ ਹੈ, “ਮੈਂ ਨਵੇਂ ਦਿ੍ਰਸ਼ਟੀਕੋਣ ਲਿਆਉਣਾ ਚਾਹੁੰਦੀ ਹਾਂ, ਜਿਨ੍ਹਾਂ ’ਤੇ ਸ਼ਾਇਦ ਪਹਿਲਾਂ ਵਿਚਾਰ ਨਹੀਂ ਕੀਤਾ ਗਿਆ ਹੋਵੇਗਾ।’’
ਮੇਅਰ ਦੇ ਦਫਤਰ ਵਿੱਚ ਇੱਕ ਇੰਟਰਨ ਵਜੋਂ ਕੰਮ ਕਰਨ ਤੋਂ ਬਾਅਦ, ਕੌਰ ਮਹਿਸੂਸ ਕਰਦੀ ਹੈ ਕਿ ਉਸਨੂੰ ਸਥਾਨਕ ਮੁੱਦਿਆਂ ਅਤੇ ਸਰੋਕਾਰਾਂ ਦੀ ਚੰਗੀ ਸਮਝ ਹੈ। ਉਨ੍ਹਾਂ ਕਿਹਾ, “ਕੈਂਟ ਨੂੰ ਅਕਸਰ ਨਜ਼ਰਅੰਦਾਜ ਕੀਤਾ ਜਾਂਦਾ ਹੈ, ਪਰ ਕੈਂਟ ਬਾਰੇ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਲੋਕ ਨਹੀਂ ਜਾਣਦੇ, ਅਤੇ ਸਾਡੇ ਕੋਲ ਦੱਸਣ ਲਈ ਬਹੁਤ ਸਾਰੀਆਂ ਕਹਾਣੀਆਂ ਹਨ।’’
ਕੈਂਟ ਏਰੀਏ ਦੇ ਵੋਟਰਾਂ ਨੇ ਪਹਿਲੀ ਵਾਰ 2017 ਵਿੱਚ ਕੌਰ ਨੇ ਇਹ ਚੋਣ ਜਿੱਤੀ ਸੀ ਅਤੇ 2021 ਵਿੱਚ ਉਨ੍ਹਾਂ ਨੂੰ 4 ਸਾਲ ਦੇ ਕਾਰਜਕਾਲ ਲਈ ਦੁਬਾਰਾ ਨਿਰਵਿਰੋਧ ਚੁਣ ਲਿਆ ਗਿਆ ਸੀ।