- ਸਿੱਖ ਪੁਲਿਸ ਕਰਮੀਆਂ ਦੀ ਬਹਾਦਰੀ ਲਈ ਸੰਸਥਾ ਵੱਲੋਂ ਗੋਲਡ ਮੈਡਲਾਂ ਨਾਲ ਕੀਤਾ ਜਾਵੇਗਾ ਸਨਮਾਨ
ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਮਗਰੋਂ ਲੱਗੀ ਤਨਖਾਹ ਨੂੰ ਸਵੀਕਾਰ ਕਰਕੇ, ਇੱਕ ਨਿਮਾਣੇ ਸਿੱਖ ਵਜੋਂ ਸੇਵਾ ਨਿਭਾਅ ਰਹੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਸੀ. ਐੱਮ. ਸੁਖਬੀਰ ਸਿੰਘ ਬਾਦਲ ਉੱਪਰ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ਅੰਦਰ ਇੱਕ ਸਿੱਖ ਵੱਲੋਂ ਹੀ ਜਾਨਲੇਵਾ ਹਮਲੇ ਦੀ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਮੀਡੀਏ ਨਾਲ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਇੱਕ ਖਾੜਕੂ ਨਾਰਾਇਣ ਸਿੰਘ ਚੌੜਾ ਵੱਲੋਂ ਸਿੱਖ ਸਿਧਾਂਤਾਂ ਦੀ ਕੀਤੀ ਗਈ ਘੋਰ ਉਲੰਘਣਾ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਘੰਟਾ ਘਰ ਵਿਖੇ ਡਿਊਟੀ ਦੇ ਰਹੇ ਸੁਖਬੀਰ ਸਿੰਘ ਬਾਦਲ ਉੱਪਰ ਹਮਲੇ ਨੂੰ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਾਰ ਦਿੰਦਿਆਂ ਅਮਰੀਕਾ ਦੇ ਵੱਖਵਾਦੀ ਸਿੱਖ ਗੁਰਪਤਵੰਤ ਸਿੰਘ ਪੰਨੂੰ ਸਣੇ ਹੋਰ ਅਜਿਹੇ ਵੱਖਵਾਦੀ ਸੰਗਠਨਾਂ ਨੂੰ ਵੀ ਸਵਾਲ ਪੁੱਛਿਆ ਹੈ ਕਿ ‘‘ਕੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਇੱਕ ਸਿੱਖ ਵੱਲੋਂ ਹੀ ਅਜਿਹੀ ਵਾਰਦਾਤ ਨੂੰ ਅੰਜਾਮ ਦੇਣਾ ਸਿੱਖੀ ਸਿਧਾਂਤਾਂ ਦੀ ਉਲੰਘਣਾ ਨਹੀਂ?’’
ਉਨ੍ਹਾਂ ਸਵੀਕਾਰ ਕੀਤਾ ਕਿ ‘‘ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਅਤੇ ਇਸ ਸੰਸਥਾ ਦੇ ਕੀਤੇ ਫੈਸਲੇ ਬਾਰੇ ਇੱਕ ਸਿੱਖ ਵੱਲੋਂ ਇਹ ਹਿੰਸਕ ਵਿਰੋਧ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਚੁਣੌਤੀ ਹੈ, ਜਿਸਨੂੰ ਸਿੱਖ ਸੰਗਤਾਂ ਵਲੋਂ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਹਿੰਸਾ ਫੈਲਾਉਣ ਵਾਲੇ ਅਜਿਹੇ ਅਨਸਰ ਸਿੱਖ ਪ੍ਰੰਪਰਾਵਾਂ ਦੇ ਵਿਰੁੱਧ ਅਜਿਹੀਆਂ ਕਾਰਵਾਈਆਂ ਕਿਸ ਦੇ ਇਸ਼ਾਰੇ ਤੇ ਕਰ ਰਹੇ ਹਨ।’’ ਇਸਦੀ ਕੇਂਦਰ ਸਰਕਾਰ ਵਲੋਂ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ‘‘ਕੁਝ ਤਾਕਤਾਂ ਪੰਜਾਬ ਨੂੰ ਮੁੜ ਉਸ ਪੁਰਾਣੇ ਕਾਲੇ ਦੌਰ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਤਾਕਤਾਂ ਦੇ ਮਨਸੂਬਿਆਂ ਨੂੰ ਫੇਲ੍ਹ ਕਰਨ ਲਈ ਕੇਂਦਰ ਸਰਕਾਰ ਨੂੰ ਪੰਜਾਬ ਲਈ ਵੱਡਾ ਆਰਥਿਕ ਪੈਕੇਜ ਦੇਣਾ ਚਾਹੀਦਾ ਹੈ। ’’
ਜਾਨ ਤੇ ਖੇਡਣ ਵਾਲੇ ਸਿੱਖ ਪੁਲਿਸ ਕਰਮੀਆਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ
ਸੁਖਬੀਰ ਸਿੰਘ ਬਾਦਲ ਉੱਪਰ ਹਮਲੇ ਨੂੰ ਇੱਕ ਬਾਜ ਦੀ ਫੁਰਤੀ ਨਾਲ ਅਸਫਲ ਕਰਨ ਵਾਲੇ ਏ ਐੱਸ ਆਈ ਜਸਬੀਰ ਸਿੰਘ, ਹੀਰਾ ਸਿੰਘ ਅਤੇ ਹੋਰ ਇਸ ਹਮਲੇ ਵਿੱਚ ਬਹਾਦਰੀ ਵਿਖਾਉਣ ਵਾਲੇ ਪੁਲਿਸ ਕਰਮੀਆਂ ਨੂੰ ਉਨ੍ਹਾਂ ਸਿੱਖ ਹੀਰੋ ਦਾ ਖਿਤਾਬ ਦਿੰਦਿਆਂ ਕਿਹਾ ਕਿ ‘ਸਿੱਖਸ ਆਫ ਅਮਰੀਕਾ’ ਦੀ ਟੀਮ ਵੱਲੋਂ ਪੰਜਾਬ ਜਾ ਕੇ ਇਨ੍ਹਾਂ ਸਿੱਖਾਂ ਨੂੰ ਵਿਸ਼ੇਸ਼ ਤੌਰ ਤੇ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਉਨ੍ਹਾਂ ਆਸ ਪ੍ਰਗਟ ਕੀਤੀ ਹੈ ਕਿ ਅਕਾਲੀ ਦਲ ਵਿੱਚ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਇਹ ਸੰਕਟ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਖਤਮ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖਾਂ ਵਿੱਚ ਆਪਸੀ ਏਕਤਾ ਹੀ ਸਿੱਖ ਕੌਮ ਨੂੰ ਇਸ ਵੇਲੇ ਦੁਨੀਆਂ ਭਰ ਵਿੱਚ ਮਿਲ ਰਹੇ ਸਤਿਕਾਰ ਵਿੱਚ ਹੋਰ ਵੱਡਾ ਵਾਧਾ ਕਰ ਸਕਦੀ ਹੈ।