22.7 C
New York

ਸਿੱਖਸ ਆਫ ਅਮਰੀਕਾ ਵੱਲੋਂ ਅੰਬੈਸਡਰ ਤਰਨਜੀਤ ਸਿੰਘ ਸੰਧੂ ਦੇ ਸਨਮਾਨ ’ਚ ਸ਼ਾਨਦਾਰ ਵਿਦਾਇਗੀ ਸਮਾਰੋਹ ਆਯੋਜਿਤ

Published:

Rate this post

ਮੈਰੀਲੈਂਡ/ਪੰਜਾਬ ਪੋਸਟ

ਅਮਰੀਕਾ ਵਿੱਚ ਭਾਰਤ ਦੇ ਅੰਬੈਸਡਰ ਤਰਨਜੀਤ ਸਿੰਘ ਸੰਧੂ ਦੀ ਸੇਵਾ ਮੁਕਤੀ ਮੌਕੇ ਸਿੱਖਸ ਆਫ ਅਮਰੀਕਾ ਵੱਲੋਂ ਸ. ਸੰਧੂ ਦੇ ਸਨਮਾਨ ਵਿੱਚ ਇੱਕ ਸ਼ਾਨਦਾਰ ਵਿਦਾਇਗੀ ਸਮਾਗਮ ਮੈਰੀਲੈਂਡ ਦੇ ਪ੍ਰਸਿੱਧ ਮਾਰਟਿਨ ਕਰਾਸਵਿੰਡਜ ਹਾਲ ਵਿੱਚ ਆਯੋਜਿਤ ਕੀਤਾ ਗਿਆ। ਸਿੱਖਸ ਆਫ ਅਮਰੀਕਾ ਦੀ ਅਗਵਾਈ ਵਿੱਚ ਸਰਦਾਰ ਸੰਧੂ ਦੇ ਮਾਣ ਵਿੱਚ ਹੋਈ ਇਕੱਤਰਤਾ ਅੰਬੈਸਡਰ ਸੰਧੂ ਵੱਲੋਂ ਅਮਰੀਕਾ ਵਿੱਚ ਵਸਦੇ ਭਾਰਤੀ ਅਮਰੀਕਨ ਸਮਾਜ ਅਤੇ ਵਿਸ਼ਵ ਪੱਧਰ ’ਤੇ ਵਿਚਰਦਿਆਂ ਆਪਣੇ ਕੰਮ ਪ੍ਰਤੀ ਸਮਰਪਿਤ ਭਾਵਨਾ ਨਾਲ ਕਮਾਏ ਡੂੰਘੇ ਸਨਮਾਨ ਅਤੇ ਪ੍ਰੇਰਨਾ ਦਾ ਸੂਚਕ ਹੋ ਨਿੱਬੜੀ।

ਅੰਬੈਸਡਰ ਸੰਧੂ ਦੇ ਮਾਣ ਵਿੱਚ ਰੱਖਿਆ ਇਹ ਵਿਦਾਇਗੀ ਸਮਾਗਮ ਸਿੱਖਸ ਆਫ ਅਮਰੀਕਾ ਵੱਲੋਂ ਭਾਰਤੀ ਅਮਰੀਕਨ ਭਾਈਚਾਰਿਆਂ ਵਿੱਚ ਏਕਤਾ ਅਤੇ ਮਜ਼ਬੂਤੀ ਦਾ ਮੁਜਾਹਰਾ ਕਰਨ ਵਾਲੀਆਂ ਕਈ ਭਾਰਤੀ ਸੰਸਥਾਵਾਂ ਦੇ ਸਾਂਝੇ ਉਪਰਾਲੇ ਨਾਲ ਵਿਉਂਤਿਆ ਗਿਆ ਸੀ। ਜਿਨ੍ਹਾਂ ਵਿੱਚ ਸਿੱਖਸ ਆਫ ਅਮੀਰਕਾ ਸਮੇਤ, ਯੂ. ਐੱਸ. ਇੰਡੀਆ ਸਿੱਖ ਅਲਾਇੰਸ. ਗਲੋਬਲ ਅਸਾਮੀਜ਼ ਇੰਟਰਪ੍ਰੀਨਿਓਰਸ਼ਿਪ ਫੋਰਮ, ਯੂ. ਐੱਸ. ਇੰਡੀਆ ਐੱਸ. ਐੱਮ. ਈ. ਕੌਂਸਲ ਇੰਕ., ਓਵਰਸੀਜ਼ ਫ੍ਰੈਂਡਜ ਆਫ ਬੀ. ਜੇ. ਪੀ. ਅਤੇ ਗਲੋਬਲ ਹਰਿਆਣਾ ਸਣੇ ਵੱਖ-ਵੱਖ ਗੁਰੂਘਰਾਂ ਦੇ ਪ੍ਰਤੀਨਿਧ ਵੀ ਸ਼ਾਮਲ ਸਨ। ਇਨ੍ਹਾਂ ਸੰਸਥਾਵਾਂ ਵੱਲੋਂ ਆਪਣੀ ਇਕਸੁਰ ਭਾਵਨਾ ਨਾਲ ਸੰਧੂ ਦੀ ਭਾਰਤ-ਅਮਰੀਕਾ ਸਬੰਧਾਂ ਨੂੰ ਨਵੇਂ ਮੁਕਾਮ ਤੱਕ ਲਿਜਾਣ ਅਤੇ ਭਾਰਤੀ ਸਿੱਖ ਭਾਈਚਾਰੇ ਦੀ ਹੋਂਦ ਨੂੰ ਹੋਰ ਤਕੜੀ ਕਰਨ ਲਈ ਪਾਏ ਯਾਦਗਾਰੀ ਯੋਗਦਾਨ ਨੂੰ ਯਾਦ ਕੀਤਾ ਗਿਆ।

ਇਸ ਸਮੁੱਚੇ ਸਮਾਗਮ ਦਾ ਸੰਚਾਲਨ ਅਮਰੀਕਾ ਦੇ ਸੀਨੀਅਰ ਪੱਤਰਕਾਰ ਅਤੇ ਵਾਈਟ ਹਾਊਸ ਦੇ ਪਹਿਲੇ ਦਸਤਾਰਧਾਰੀ ਰਿਪੋਰਟਰ ਸੁਖਪਾਲ ਸਿੰਘ ਧਨੋਆ ਵੱਲੋਂ ਕੀਤਾ ਗਿਆ। ਜਿਹਨਾਂ ਨੇ ਅੰਬੈਸਡਰ ਸੰਧੂ ਦੇ ਵਾਈਟ ਹਾਊਸ, ਵਿਦੇਸ਼, ਰੱਖਿਆ, ਟਰੇਡ ਅਤੇ ਯੂ. ਐੱਸ. ਕੈਪੀਟਲ ਵਿੱਚ ਅੰਬੈਸਡਰ ਤਰਨਜੀਤ ਸਿੰਘ ਸੰਧੂ ਦੇ ਨਿੱਘੇ ਅਤੇ ਨਿੱਜੀ ਸਬੰਧਾਂ ਕਾਰਨ ਅਮਰੀਕਾ ਅਤੇ ਭਾਰਤ ਦੇ ਸਬੰਧਾਂ ਵਿੱਚ ਆਈ ਉਸਾਰੂ ਤਬਦੀਲੀ ਨੂੰ ਨੇੜਿਓ ਵੇਖਿਆ ਅਤੇ ਕਵਰ ਵੀ ਕੀਤਾ ਹੈ।   

ਸਵਾਗਤੀ ਕਮੇਟੀ ਵਿੱਚ ਸ਼ਾਮਲ ਸ. ਬਲਜਿੰਦਰ ਸਿੰਘ ਸ਼ੰਮੀ, ਪ੍ਰੀਤ ਤੱਖਰ, ਡਾ. ਸੁਧੀਰ ਸਕਸੇਰੀਆ, ਕੀਰਤੀ ਸਵਾਮੀ ਅਤੇ ਇਲੀਸਾ ਪੁਲਵਰਤੀ ਨੇ ਇਸ ਵਿਦਾਇਗੀ ਸ਼ਾਮ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਨ੍ਹਾਂ ਸਾਰਿਆਂ ਨੇ ਸ. ਸੰਧੂ ਨੂੰ ਢੋਲ ਦੀ ਤਾਲ ਅਤੇ ਸਿੱਖ ਬੱਚਿਆਂ ਨਾਲ ਭੰਗੜੇ ਪਾਉਂਦੇ ਜੀ ਆਇਆਂ ਆਖਿਆ, ਜਿਸ ਨਾਲ ਸਾਰਾ ਮਾਹੌਲ ਹੀ ਸਾਡੇ ਅਮੀਰ ਸੱਭਿਆਚਾਰਕ ਅਤੇ ਵਿਰਾਸਤੀ ਰੰਗ ਨਾਲ ਭਰ ਗਿਆ। ਇਸ ਮੌਕੇ ਭਾਏਚਾਰੇ ਦੀਆਂ ਹੋਰ ਨਾਮਵਰ ਹਸਤੀਆਂ, ਵਾਈਟ ਹਾਊਸ ਵਿੱਚ ਬਾਈਡਨ ਪ੍ਰਸਾਸ਼ਨ ਦੀ ਸਿੱਧੀ ਪ੍ਰਤੀਨਿਧਤਾ ਕਰਨ ਵਾਲੇ ਡਾ. ਰਾਹੁਲ ਗੁਪਤਾ ਦੀ ਹਾਜ਼ਰੀ ਨੇ ਸਮਾਗਮ ਦੀ ਗੰਭੀਰਤਾ ਅਤੇ ਮਹੱਤਵ ਨੂੰ ਹੋਰ ਸ਼ਾਨਾਮੱਤਾ ਬਣਾ ਦਿੱਤਾ।

ਸ. ਜਸਦੀਪ ਸਿੰਘ ਜੱਸੀ ਨੇ ਆਪਣੇ ਸ਼ਾਨਦਾਰ ਸੰਬੋਧਨ ਵਿੱਚ ਇਸ ਵਿਦਾਇਗੀ ਸ਼ਾਮ ਦਾ ਸਾਰਾ ਸਾਰ ਤੱਤ ਸਾਹਮਣੇ ਰੱਖਦਿਆਂ ਇਸ ਸਮਾਗਮ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਿਰਫ ਵਿਦਾਇਗੀ ਸ਼ਾਮ ਨਹੀਂ ਸਗੋਂ ਇਹ ਭਾਰਤ ਅਤੇ ਅਮਰੀਕਾ ਵਿਚਕਾਰ ਗੂੜੇ ਸਬੰਧਾਂ ਦਾ ਜਸ਼ਨ ਹੈ। ਆਪਣੇ ਸਵਾਗਤੀ ਭਾਸ਼ਣ ਵਿੱਚ ਜੱਸੀ ਨੇ ਸ. ਸੰਧੂ ਵੱਲੋਂ ਇੰਡੋ-ਅਮੈਰਿਕਨ ਸਬੰਧਾਂ ਨੂੰ ਸਿਖਰਾਂ ’ਤੇ ਲਿਜਾਣ ਅਤੇ ਸਿੱਖ ਦਸਤਾਰ ਨੂੰ ਆਲਮੀ ਪੱਧਰ ਤੇ ਪ੍ਰਦਰਸ਼ਿਤ ਕਰਨ ਕਾਰਨ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।

ਉਨ੍ਹਾਂ ਅੱਗੇ ਕਿਹਾ ਕਿ ਸ. ਸੰਧੂ ਦਾ ਕਾਰਜਕਾਲ ਨਾ ਸਿਰਫ ਸਿੱਖਾਂ ਲਈ ਮਾਣ ਦਾ ਸਬੱਬ ਹੈ, ਸਗੋਂ ਇੰਡੋ-ਅਮੈਰੀਕਨ ਡਿਪਲੋਮੇਟਿਕ ਇਤਿਹਾਸ ਵਿੱਚ ਇੱਕ ਮੀਲ ਪੱਥਰ ਵੀ ਹੈ, ਜਿਸ ਨੇ ਕੂਟਨੀਤਕ ਪ੍ਰਵੀਨਤਾ ਅਤੇ ਸੱਭਿਆਚਾਰਕ ਤਾਲਮੇਲ ਵਧਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਸੰਧੂ ਦੋ ਮਹੱਤਵਪੂਰਨ ਦੇਸ਼ਾਂ ਵਿੱਚ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਉੱਚ ਕਦਰਾਂ ਕੀਮਤਾਂ ਨੂੰ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ। ਉਨ੍ਹਾਂ ਦਾ ਯੋਗਦਾਨ ਕੂਟਨੀਤਕ ਵਾਰਤਾਲਾਪ ਤੋਂ ਪਰਾਂ ਦਾ ਹੈ, ਜਿਸ ਨੇ ਹਮੇਸ਼ਾਂ ਅੰਤਰ-ਮਹਾਂਦੀਪੀ ਡੂੰਘੀ ਸਮਝ ਅਤੇ ਸਤਿਕਾਰ ਨੂੰ ਵਧਾਇਆ ਹੈ।

ਸਮਾਗਮ ਵਿੱਚ ਹਾਜ਼ਰੀਨ ਦੇ ਦਿਲਾਂ ਨੂੰ ਛੂਹ ਜਾਣ ਵਾਲੇ ਆਪਣੇ ਭਾਸ਼ਣ ਵਿੱਚ ਸ. ਸੰਧੂ ਨੇ ਆਪਣੇ ਕਾਰਜਕਾਲ ਦੌਰਾਨ ਭਾਰਤੀ ਭਾਈਚਾਰੇ ਇੰਡੋ-ਅਮੈਰਿਕਨ ਸਬੰਧਾਂ ਨੂੰ ਸਮਰਪਿਤ ਦੱਸਦਿਆਂ ਆਖਿਆ ਕਿ ਉਹ ਭਾਰਤੀ ਭਾਈਚਾਰੇ ਦੁਆਰਾ ਮਿਲੇ ਪਿਆਰ ਅਤੇ ਸਤਿਕਾਰ ਨੂੰ ਹਮੇਸ਼ਾਂ ਯਾਦ ਰੱਖਣਗੇ। ਇਹ ਯਾਦਾਂ ਮੇਰੇ ਦਿਲ ਵਿੱਚ ਸਦੀਵੀ ਮੁਕਾਮ ਬਣਾਈ ਰੱਖਣਗੀਆਂ। ਸੇਵਾ ਮੁਕਤੀ ਉਪਰੰਤ ਉਨ੍ਹਾਂ ਆਪਣੇ ਸਾਲਾਂਬੱਧੀ ਵਿਦੇਸ਼ ਸੇਵਾਵਾਂ ਦੌਰਾਨ ਵਿਸ਼ਾਲ ਅਨੁਭਵ ਅਤੇ ਸਬੰਧਾਂ ਨੂੰ ਪਵਿੱਤਰ ਨਗਰੀ ਸ੍ਰੀ ਅੰਮਿ੍ਰਤਸਰ ਸਾਹਿਬ ਅਤੇ ਪੰਜਾਬ ਦੀ ਤਰੱਕੀ ਲਈ ਵਰਤਣ ਦੀ ਖਾਹਿਸ਼ ਵੀ ਪ੍ਰਗਟਾਈ। ਉਪਰੰਤ ਉਨ੍ਹਾਂ ਸੱਭਿਆਚਾਰਕ ਅਤੇ ਰੂਹਾਨੀ ਜੜ੍ਹਾਂ ਦੀ ਮਹਾਨਤਾ ਨੂੰ ਵੀ ਚਿਤਵਦਿਆਂ ਉਨ੍ਹਾਂ ਪ੍ਰਵਾਸੀ ਸਮਾਜ ਨੂੰ ਸ੍ਰੀ ਅੰਮਿ੍ਰਤਸਰ ਸਾਹਿਬ ਜਾਣ ਅਤੇ ਹੋਰ ਪਵਿੱਤਰ ਥਾਵਾਂ ’ਤੇ ਜਾਣ ਦੀ ਗੁਜਾਰਿਸ਼ ਵੀ ਕੀਤੀ ਜੋ ਆਪਣੀ ਵਿਰਾਸਤ ਨਾਲ ਜੁੜਨ ਦਾ ਪ੍ਰਬਲ ਸਾਧਨ ਹੈ।

ਭਾਰਤੀ ਵਿਦੇਸ਼ ਨੀਤੀ ਦੇ ਗੂੜੇ ਹਸਤਾਖਰ ਸ. ਸੰਧੂ ਨੂੰ ਇੰਡੋ-ਅਮੈਰੀਕਨ ਸਬੰਧਾਂ ਅਤੇ ਭਾਰਤੀ ਭਾਈਚਾਰੇ ਲਈ ਦਿੱਤੀਆਂ ਸ਼ਾਨਦਾਰ ਸੇਵਾਵਾਂ ਬਦਲੇ ਦਿੱਤੇ ਸਨਮਾਨ ਨਾਲ ਇਹ ਵਿਦਾਇਗੀ ਸਮਾਰੋਹ ਆਪਣੀ ਸਿਖਰ ਨੂੰ ਪੁੱਜ ਗਿਆ। ਇਸ ਮੌਕੇ ਸਥਾਨਕ ਭਾਰਤੀ ਵਿਦਿਆਰਥੀਆਂ ਨੇ ਭੰਗੜਾ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਕਰਕੇ ਵਿਦਾਇਗੀ ਸਮਾਰੋਹ ਦੀ ਰੰਗਤ ਹੋਰ ਗੂੜ੍ਹੀ ਬਣਾ ਦਿੱਤੀ।

ਇਸ ਸਮਾਗਮ ਦੀ ਰੌਣਕ ਅਤੇ ਸ਼ਾਨ ਨੂੰ ਵਧਾਉਣ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਗੁਰਵਿੰਦਰ ਸੇਠੀ, ਮਨਿੰਦਰ ਸੇਠੀ, ਮਨਿੰਦਰ ਸੇਠੀ, ਇੰਦਰਜਤਿ ਸਿੰਘ ਗੁਜਰਾਲ, ਹਰਬੀਰ ਬਤਰਾ, ਪ੍ਰਭਜੋਤ ਬਤਰਾ, ਚਤਰ ਸਿੰਘ ਸੈਣੀ, ਰਾਜ ਸੈਣੀ, ਦਲਵੀਰ ਸਿੰਘ, ਰਤਨ ਸਿੰਘ, ਗੁਰਚਰਨ ਸਿੰਘ, ਕੁਲਵਿੰਦਰ ਫਲੋਰਾ, ਸਰਬਜੀਤ ਬਖਸ਼ੀ, ਜਸਵਿੰਦਰ ਸਿੰਘ ਜੋਨੀ ਅਤੇ ਵਿਕਾਸ ਢੱਲ ਗੁਰੂ ਗੋਬਿੰਦ ਸਿੰਘ ਕਲਚਰਲ ਸੁਸਾਇਟੀ ਲੌਂਗ ਆਈਲੈਂਡ ਨਿਊਯਾਰਕ, ਪ੍ਰੀਤ ਤੱਖਰ ਚੇਅਰਮੈਨ ਆਫ ਦੀ ਮੈਰੀਲੈਂਡ ਗਵਰਨਰਜ ਕਮਿਸ਼ਨ ਆਨ ਸਾਊਥ ਏਸ਼ੀਅਨ ਅਮੈਰਿਕਨ ਅਫੇਅਰ, ਡਾ. ਸੁਧੀਰ ਸਕਸੈਨਾ, ਡਾ. ਰਮਨ ਸੂਦ ਅਤੇ ਐੱਨ. ਸੀ. ਏ. ਆਈ. ਏ. ਪ੍ਰਧਾਨ ਕੀਰਤੀ ਸਵਾਮੀ ਨੇ ਅਮਰੀਕਾ ਵਿੱਚ ਵਸਦੇ ਵਿਲੱਖਣ ਭਾਰਤੀ ਭਾਈਚਾਰੇ ਬਾਬਤ ਚਰਚਾ ਕੀਤੀ।    

Read News Paper

Related articles

spot_img

Recent articles

spot_img