ਬੇਗੋਵਾਲ/ਪੰਜਾਬ ਪੋਸਟ
ਦੁਨੀਆਂ ਭਰ ਵਿੱਚ ਸਿੱਖ ਕੌਮ ਦੇ ‘ਸਰਬੱਤ ਦੇ ਭਲੇ’ ਦੇ ਸੰਕਲਪ ਨੂੰ ਰੂਪਮਾਨ ਕਰਦੇ ਹੋਏ ਸਮਾਜ ਸੇਵਾ ਦੇ ਕਾਰਜਾਂ ਨੂੰ ਸਮਰਪਿਤ ਅਮਰੀਕਾ ਦੀ ਸਿੱਖ ਸੰਸਥਾ ‘ਸਿਖ਼ਸ ਆਫ ਅਮੈਰੀਕਾ’ ਵੱਲੋਂ ਇਸੇ ਲੜੀ ਤਹਿਤ ਬੀਤੇ ਦਿਨੀ ਪੰਜਾਬ ਵਿੱਚ ਵਿੱਦਿਆ ਦੇ ਖੇਤਰ ਨਾਲ ਸੰਬੰਧਿਤ ਅਤੇ ਪੇਂਡੂ ਸਕੂਲੀ ਵਿਦਿਆਰਥੀਆਂ ਲਈ ਇੱਕ ਅਹਿਮ ਸੇਵਾ ਨਿਭਾਈ ਗਈ। ਇਸ ਕਾਰਜ ਤਹਿਤ ‘ਸਿਖ਼ਸ ਆਫ ਅਮੈਰੀਕਾ’ ਦੀ ਟੀਮ ਵੱਲੋਂ ਜ਼ਿਲਾ ਕਪੂਰਥਲਾ ਦੇ ਬੇਗੋਵਾਲ ਵਿਖੇ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਉਚੇਚੇ ਤੌਰ ‘ਤੇ ਪਹੁੰਚ ਕੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਕੂਲੀ ਬੂਟ, ਵਰਦੀ ਅਤੇ ਸਟੇਸ਼ਨਰੀ ਦੀ ਸਮੱਗਰੀ ਮੁਹੱਈਆ ਕਰਵਾਈ ਗਈ।ਇਸ ਸੇਵਾ ਕਾਰਜ ਤਹਿਤ 155 ਵਿਦਿਆਰਥਣਾਂ ਨੂੰ ਇਹ ਜ਼ਰੂਰੀ ਵਸਤਾਂ ਪ੍ਰਦਾਨ ਕੀਤੀਆਂ ਗਈਆਂ ਜਦਕਿ ਇਸ ਮੌਕੇ 310 ਕਾਪੀਆਂ ਅਤੇ ਸਟੇਸ਼ਨਰੀ ਦਾ ਸਮਾਨ ਪ੍ਰਦਾਨ ਕੀਤਾ ਗਿਆ। ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਬੇਗੋਵਾਲ ਦੇ ਮੁਖੀ ਸ਼ਿਵਦੇਵ ਸਿੰਘ ਮੁਲਤਾਨੀ ਅਤੇ ਸਮੂਹ ਸਟਾਫ ਦੀ ਮੌਜੂਦਗੀ ਵਿੱਚ ‘ਸਿਖ਼ਸ ਆਫ ਅਮੈਰੀਕਾ’ ਦੀ ਟੀਮ ਵੱਲੋਂ ਇਹ ਸ਼ਲਾਘਾਯੋਗ ਇਹ ਕਾਰਜ ਕੀਤਾ ਗਿਆ। ‘ਸਿਖ਼ਸ ਆਫ ਅਮੈਰੀਕਾ’ ਦੀ ਭਾਰਤ ਇਕਾਈ ਨੇ ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ, ਪ੍ਰਧਾਨ ਕਮਲਜੀਤ ਸਿੰਘ ਸੋਨੀ, ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਅਤੇ ਇੰਡੀਆ ਕੋਆਰਡੀਨੇਟਰ ਵਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਸੇਵਾ ਕਾਰਜ ਕੀਤਾ ਅਤੇ ਇਹ ਗੱਲ ਵੀ ਕਹੀ ਕਿ ਬੱਚਿਆਂ ਨਾਲ ਹੀ ਦੇਸ਼ ਦਾ ਭਵਿੱਖ ਹੁੰਦਾ ਹੈ ਅਤੇ ਇਸੇ ਚੀਜ਼ ਦੀ ਅਹਿਮੀਅਤ ਨੂੰ ਵੇਖਦੇ ਹੋਏ ਇਸ ਸਹੂਲਤਾਂ ਪ੍ਰਦਾਨ ਕਰਨੀਆਂ ਉਹ ਆਪਣਾ ਫਰਜ਼ ਸਮਝਦੇ ਹਨ। ਇਸ ਮੌਕੇ ਸਕੂਲ ਦੇ ਸਮੁੱਚੇ ਸਟਾਫ ਵੱਲੋਂ ‘ਸਿਖ਼ਸ ਆਫ ਅਮੈਰੀਕਾ’ ਦੀ ਟੀਮ ਦਾ ਭਰਪੂਰ ਧੰਨਵਾਦ ਕੀਤਾ ਗਿਆ ਅਤੇ ਇਸ ਉਪਰਾਲੇ ਦੀ ਸਭਨਾਂ ਵੱਲੋਂ ਸ਼ਲਾਘਾ ਕੀਤੀ ਗਈ ਜਿਸ ਰਾਹੀਂ ਬੱਚਿਆਂ ਦੇ ਚਿਹਰੇ ਉੱਪਰ ਖੁਸ਼ੀ ਸਪਸ਼ਟ ਨਜ਼ਰ ਆਈ। ਅਮਰੀਕਾ ਤੋਂ ਵਿਸ਼ੇਸ਼ ਸੰਦੇਸ਼ ਵਿੱਚ ‘ਸਿਖ਼ਸ ਆਫ ਅਮੈਰੀਕਾ’ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਨੇ ਅੱਗੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਸਾਹਿਬਾਨ ਵੱਲੋਂ ਵਿਖਾਏ ਮਾਰਗ ਮੁਤਾਬਕ ਇਸੇ ਤਰਾਂ ਸੇਵਾਵਾਂ ਜਾਰੀ ਰੱਖਣ ਦੀ ਗੱਲ ਆਖੀ।